ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ਼ ਮੋਰਚੇ ਵਿਰੁੱਧ ਹੋਏ ਭਾਈ ਰਾਜੋਆਣਾ
ਕਿਹਾ ਸੀ ਕਿ ਉਨ੍ਹਾਂ ਦਾ ਕੌਮੀ ਇਨਸਾਫ਼ ਮੋਰਚੇ ਨਾਲ ਕੋਈ ਲੈਣਾ-ਦੇਣਾ ਨਹੀਂ
*ਰਾਜੋਆਣਾ ਦੇ ਸਾਡੀ ਹਿਮਾਇਤ ਨਾ ਕਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ-ਚਾਹਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਪਟਿਆਲਾ : ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿਚ ਪਟਿਆਲਾ ਦੀ ਸੈਂਟਰਲ ਜੇਲ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਗਏ ਕੌਮੀ ਇਨਸਾਫ ਮੋਰਚੇ ਵਿਰੁਧ ਬਿਆਨ ਦਿੱਤਾ ਸੀ। ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਕੌਮੀ ਇਨਸਾਫ਼ ਮੋਰਚੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮੋਰਚੇ ਵਿਚ ਬਹੁਤੇ ਕਾਂਗਰਸੀ ਤੁਰੇ ਫ਼ਿਰਦੇ ਹਨ ਅਤੇ ਸਾਡਾ ਬਾਪੂ ਇਕ ਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਉਨ੍ਹਾਂ ਕਿਹਾ ਕਿ ਮੋਰਚਾ ਲਾਉਣ ਵਾਲੇ ਸਪੱਸ਼ਟ ਕਰਨ ਕਿ ਉਹ ਕਿਸ ਪਾਰਟੀ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਰਾਜੋਆਣਾ ਨੇ ਕਿਹਾ ਕਿ ਮੋਰਚੇ ਨੂੰ ਉਨ੍ਹਾਂ ਦੇ ਅਕਾਲੀ ਹੋਣ ’ਤੇ ਇਤਰਾਜ਼ ਹੈ ਪਰ ਉਹ ਅਕਾਲੀ ਹਨ ਅਤੇ ਅਕਾਲੀ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਮੋਰਚੇ ਵਿਚ ਕਾਂਗਰਸ ਵਲੋਂ ਕੀਤੇ ਗਏ ਤਸ਼ੱਦਦਾਂ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ।
ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਮੇਰੇ ਬਾਰੇ ਘਟੀਆ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਜੋ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾਂ ਆਖਿਆ ਕਿ ਅਮਰ ਸਿੰਘ ਚਾਹਲ ਏਜੰਸੀਆਂ ਦਾ ਬੰਦਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਭਾਰੀ ਪੁਲਸ ਸੁਰੱਖਿਆ ਹੇਠ ਪਟਿਆਲਾ ਕੇਂਦਰੀ ਜੇਲ੍ਹ ਤੋਂ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਉਨ੍ਹਾਂ ਦੇ ਦੰਦਾਂ ਦਾ ਇਲਾਜ ਚੱਲ ਰਿਹਾ ਹੈ।
ਵਕੀਲ ਅਮਰ ਸਿੰਘ ਚਾਹਲ ਨੇ ਬਲਵੰਤ ਸਿੰਘ ਰਾਜੋਆਣਾ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ,"ਰਾਜੋਆਣਾ ਦੇ ਸਾਡੀ ਹਿਮਾਇਤ ਨਾ ਕਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ।ਮੇਰੇ ਖ਼ਿਲਾਫ਼ ਉਨ੍ਹਾਂ ਜੋ ਕਿਹਾ ਉਹ ਬਿਲਕੁਲ ਝੂਠ ਹੈ। ਮੈਨੂੰ ਏਜੰਸੀਆਂ ਨਾਲ ਸਬੰਧਿਤ ਹੋਣਾ ਦੱਸਣਾ ਬਿਲਕੁਲ ਗ਼ਲਤ ਹੈ।ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਮੇਰੇ ਵਲੋਂ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਦਾ ਉਸ ਸਮੇਂ ਵਿਰੋਧ ਕਰਨਾ ਹੋ ਸਕਦਾ ਹੈ ਜਦੋਂ ਉਹ ਬਾਦਲ ਦਲ ਵਲੋਂ ਚੋਣਾਂ ਲੜ ਰਹੀ ਸੀ।ਚਾਹਲ ਨੇ ਕਿਹਾ ਕਿ ਰਾਜੋਆਣਾ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ। ਇਸ ਨਾਲ ਜ਼ੇਲ੍ਹਾਂ ਵਿੱਚ ਬੰਦ ਹੋਰ ਮੁਲਜ਼ਮਾਂ ਦੀ ਮੁਸ਼ਕਲ ਵਧੇਗੀ।ਉਨ੍ਹਾਂ ਰਾਜੋਆਣਾ ਦੇ ਅਜਿਹੇ ਬਿਆਨ ਪਿੱਛੇ ਸਿਆਸੀ ਕਾਰਨ ਹੋਣ ਦਾ ਖ਼ਦਸ਼ਾ ਵੀ ਜ਼ਾਹਰ ਕੀਤਾ ਹੈ।
ਕੌਮੀ ਇਨਸਾਫ਼ ਮੋਰਚੇ ਦਾ ਪ੍ਰਤੀਕਰਮ
ਕੌਮੀ ਇਨਸਾਫ਼ ਮੋਰਚੇ ਦੇ ਪ੍ਰਬੰਧਕ ਬਲਵਿੰਦਰ ਸਿੰਘ ਨੇ ਕਿਹਾ, ''ਅਸੀਂ ਕੇਵਲ ਇੰਨਾ ਕਹਿਣਾ ਚਾਹਾਂਗੇ ਕਿ ਰਾਜੋਆਣਾ ਉੱਨੇ ਹੀ ਸਤਿਕਾਰਯੋਗ ਹਨ, ਜਿੰਨੇ ਭਾਈ ਜਗਤਾਰ ਸਿੰਘ ਹਵਾਰਾ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਨਮਾਨ ਉਨ੍ਹਾਂ ਵਲੋਂ ਕੀਤੇ ਕਾਰਜਾਂ ਕਰਕੇ ਹੈ।ਬਲਵਿੰਦਰ ਸਿੰਘ ਨੇ ਅੱਗੇ ਕਿਹਾ, ''ਅਕਾਲੀ ਹੋਣ ਉੱਤੇ ਕਿਸੇ ਨੂੰ ਇਤਰਾਜ਼ ਨਹੀਂ ਸਾਨੂੰ ਇਤਰਾਜ਼ ਬਾਦਲਕੇ ਹੋਣ ਉੱਤੇ ਹਨ। ਜਿਨ੍ਹਾਂ ਰਾਜੋਆਣਾ ਦੀ ਭੈਣ ਨੂੰ ਚੋਣਾਂ ਵਿਚ ਖੜੀ ਕਰਕੇ ਹਰਾਇਆ।''ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਬਾਹਰ ਆ ਗਏ ਤਾਂ ਫੈਸਲਾ ਕਰ ਲੈਣ ਕਿ ਉਨ੍ਹਾਂ ਬਾਬਰ ਕਿਆਂ ਨਾਲ ਖੜ੍ਹਨਾ ਹੈ ਜਾਂ ਬਾਬੇ ਕਿਆਂ ਨਾਲ।
ਸਾਨੂੰ ਬੰਦੀ ਸਿੰਘਾਂ ਦੀ ਕੋਈ ਸੂਚੀ ਐੱਸ. ਜੀ. ਪੀ. ਸੀ. ਤੋਂ ਨਹੀਂ ਮਿਲੀ - ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵਿਚਾਲੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਬਿਆਨ ਕਾਰਨ ਪੰਜਾਬ ਦੀ ਸਿਆਸਤ ਭੱਖ ਗਈ ਹੈ। ਬੀਤੇ ਦਿਨ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਜਲੰਧਰ ਵਿਖੇ ਕਿਹਾ ਕਿ ਸਾਨੂੰ ਬੰਦੀ ਸਿੰਘਾਂ ਦੀ ਕੋਈ ਸੂਚੀ ਸ੍ਰੋਮਣੀ ਕਮੇਟੀ. ਤੋਂ ਨਹੀਂ ਮਿਲੀ। ਕੇਂਦਰ ਦੇ ਕੋਲ ਸਿਰਫ਼ 9 ਨਾਮਾਂ ਦੀ ਲਿਸਟ ਹੈ, ਜਿਸ ਵਿੱਚੋਂ 6 ਨੂੰ ਰਿਹਾਅ ਕਰ ਦਿੱਤਾ ਗਿਆ ਸੀ ਅਤੇ ਇਕ ਦੀ ਸਜ਼ਾ ਘੱਟ ਕਰਨ ਦੀ ਪਟੀਸ਼ਨ ਦਾਇਰ ਕੀਤੀ ਗਈ ਹੈ ਜਦਕਿ ਇਕ ਦਾ ਕੇਸ ਦਿੱਲੀ ਅਤੇ ਇਕ ਹੋਰ ਦਾ ਕੇਸ ਕਰਨਾਟਕ 'ਵਿਚ ਚੱਲ ਰਿਹਾ ਹੈ।
Comments (0)