ਗਿੱਧਾ ਮਨ-ਪ੍ਰਚਾਵੇ ਅਤੇ ਸਮਾਜਿਕ ਭਾਈਚਾਰਕ ਸਾਂਝ ਦਾ ਸਾਧਨ
ਸਭਿਆਚਾਰ
ਗਿੱਧਾ ਸਦਾ ਹੀ ਪੰਜਾਬ ਦੇ ਪੇਂਡੂ ਜਨ-ਜੀਵਨ ਦੇ ਵੱਖ ਵੱਖ ਮੌਕਿਆਂ ਨਾਲ ਸਬੰਧਿਤ ਰਿਹਾ ਹੈ। ਅਜਿਹੇ ਹਰ ਮੌਕੇ ਉੱਪਰ ਅਨੇਕਾਂ ਰਸਮਾਂ ਨਿਭਾਈਆਂ ਜਾਂਦੀਆਂ ਹਨ ਅਤੇ ਮੌਕੇ ਨਾਲ ਸਬੰਧਿਤ ਸਮਾਜਿਕ ਵਰਗ ਦੀਆਂ ਔਰਤਾਂ ਵੱਲੋਂ ਮਿਲ ਕੇ ਗਿੱਧਾ ਪਾਉਣਾ ਵੀ ਇਨ੍ਹਾਂ ਮੌਕਿਆਂ ਦੇ ਜਸ਼ਨ ਦਾ ਹਿੱਸਾ ਬਣਦਾ ਹੈ। ਇਹ ਖਾਸ ਮੌਕੇ ਹਨ- ਵਿਆਹ, ਮੁੰਡੇ ਦੀ ਛਟੀ, ਮੰਗਣਾ ਆਦਿ। ਇਸ ਤੋਂ ਇਲਾਵਾ ਤੀਆਂ ਅਤੇ ਲੋਹੜੀ ਵਰਗੇ ਤਿਉਹਾਰਾਂ ਨਾਲ ਵੀ ਇਹ ਰਸਮ ਜੁੜੀ ਹੋਈ ਹੈ।
ਗਿੱਧੇ ਦਾ ਸਥਾਨ ਵਧੇਰੇ ਕਰਕੇ ਘਰ ਦਾ ਵਿਹੜਾ ਹੀ ਹੁੰਦਾ ਹੈ ਪਰ ਤੀਆਂ ਮੌਕੇ ਇਹ ਸਥਾਨ ਪਿੰਡੋਂ ਬਾਹਰ ਖੁੱਲ੍ਹੀ ਜਗ੍ਹਾ ਹੁੰਦੀ ਹੈ। ਘਰਾਂ ਦੇ ਵਿਹੜਿਆਂ ਦਾ ਗਿੱਧਾ ਦੇਰ ਸ਼ਾਮ ਨੂੰ ਸ਼ੁਰੂ ਹੋ ਕੇ ਅੱਧੀ ਰਾਤ ਤੱਕ ਚੱਲਦਾ ਹੈ। ਤੀਆਂ ਦਾ ਗਿੱਧਾ ਆਮ ਕਰਕੇ ਦਿਨ ਢਲੇ ਸ਼ੁਰੂ ਹੋ ਕੇ ਸ਼ਾਮ ਨੂੰ ਹਨੇਰਾ ਹੋਣ ਤੱਕ ਚੱਲਦਾ ਹੈ। ਔਰਤਾਂ ਅਤੇ ਲੜਕੀਆਂ ਘਰਾਂ ਦੇ ਵਿਹੜਿਆਂ ਵਿਚ ਇਕੱਠੀਆਂ ਹੋ ਜਾਂਦੀਆਂ ਹਨ। ਵਿਆਹ ਮੌਕੇ ਸਬੰਧਿਤ ਪਰਿਵਾਰ ਵੱਲੋਂ ਆਂਢ-ਗੁਆਂਢ ਅਤੇ ਸਕੇ-ਸਬੰਧੀਆਂ ਨੂੰ ਵਿਸ਼ੇਸ਼ ਤੌਰ ’ਤੇ ਗਿੱਧੇ ਦਾ ਸੱਦਾ ਭੇਜਿਆ ਜਾਂਦਾ ਹੈ। ਗਿੱਧਾ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਖਾਸ ਧਾਰਮਿਕ ਰਸਮ ਨਹੀਂ ਕੀਤੀ ਜਾਂਦੀ। ਬਸ, ਗਿੱਧੇ ਦਾ ਮਾਹੌਲ ਬਣਦਿਆਂ ਹੀ ਇਕੱਠੀਆਂ ਹੋਈਆਂ ਸੁਆਣੀਆਂ ਵਿਚੋਂ ਕੋਈ ਸਵਾਗਤੀ ਲਹਿਜੇ ਵਿਚ ਦੂਸਰੀਆਂ ਨੂੰ ਮੁਖਾਤਬ ਹੁੰਦੀ ਹੋਈ ਸੱਦਾ ਦਿੰਦੀ ਹੈ ਕਿ ਚੱਲੋ ਹੁਣ ਗਿੱਧਾ ਪਾ ਲਈਏ! ਇਸ਼ਾਰਾ ਮਿਲਦਿਆਂ ਹੀ ਤਿਆਰੀ ਵਿਚ ਆਈਆਂ ਸੁਆਣੀਆਂ ਕੁਝ ਥਾਂ ਵਿਹਲੀ ਕਰਕੇ ਗੋਲ ਜਿਹਾ ਦਾਇਰਾ ਬਣਾ ਲੈਂਦੀਆਂ ਹਨ। ਸਭ ਤੋਂ ਪਹਿਲਾਂ ਇਕ ਔਰਤ ਦਾਇਰੇ ਅੰਦਰ ਖਾਲੀ ਜਗ੍ਹਾ ਵਿਚ ਆ ਕੇ ਬੋਲੀ ਪਾਉਂਦੀ ਹੈ। ਇਹ ਬੋਲੀ ਉੱਚੀ ਹੇਕ ਵਿਚ ਛੋਟੇ ਆਕਾਰ ਦੀ, ਦੋ ਜਾਂ ਤਿੰਨ ਸਤਰਾਂ ਵਿਚ ਹੁੰਦੀ ਹੈ ਅਤੇ ਨਾਲ ਹੀ ਇਹ ਔਰਤ ਹੱਥਾਂ ਨਾਲ ਤਾੜੀ ਮਾਰਨ ਦਾ ਐਕਸ਼ਨ ਵੀ ਕਰਦੀ ਹੈ ਜਿਸ ਨੂੰ ਬੋਲੀ ਚੁੱਕਣਾ ਕਿਹਾ ਜਾਂਦਾ ਹੈ।
ਐਨ ਇਸ ਸਮੇਂ ਇਕ ਹੋਰ ਔਰਤ ਉਸ ਦਾ ਸਾਥ ਦੇਣ ਲਈ ਅੱਗੇ ਆ ਜਾਂਦੀ ਹੈ ਅਤੇ ਇਹ ਦੋਵੇਂ ਔਰਤਾਂ ਆਹਮੋ-ਸਾਹਮਣੇ ਵਾਲੀ ਪੁਜ਼ੀਸ਼ਨ ਵਿਚ ਆ ਕੇ ਘੁੰਮਣ-ਘੇਰੀ ਜਿਹੀ ਬਣਾਉਂਦੀਆਂ, ਤਾਲ ਵਿਚ ਤਾੜੀ ਮਾਰਦੀਆਂ ਸਰੀਰਕ ਮੁਦਰਾਵਾਂ ਦਿਖਾਉਂਦੀਆਂ ਹਨ ਅਤੇ ਨਾਲ ਹੀ ਬੋਲੀ ਦੀ ਅਖ਼ੀਰਲੀ ਸਤਰ ਦਾ ਦੁਹਰਾਉ ਵੀ ਜਾਰੀ ਰੱਖਦੀਆਂ ਹਨ। ਇਸ ਮੌਕੇ ਤੱਕ ਹੋਰ ਔਰਤਾਂ ਦੇ ਸ਼ਾਮਲ ਹੋਣ ਨਾਲ ਘੇਰਾ ਹੋਰ ਵਿਸ਼ਾਲ ਹੋ ਜਾਂਦਾ ਹੈ ਅਤੇ ਖੜ੍ਹੀਆਂ ਔਰਤਾਂ ਵਿਚੋਂ ਬਹੁਤੀਆਂ ਬੋਲੀ ਦੇ ਦੁਹਰਾਉ ਅਤੇ ਤਾੜੀ ਮਾਰਨ ਵਿਚ ਸ਼ਾਮਲ ਹੋ ਜਾਂਦੀਆਂ ਹਨ। ਹੇਠ ਲਿਖੀ ਬੋਲੀ ਪਾਉਣ ਨਾਲ ਗਿੱਧਾ ਸ਼ੁਰੂ ਹੁੰਦਾ ਹੈ:
ਬੋਲੀ ਪਾਵਾਂ, ਸ਼ਗਨ ਮਨਾਵਾਂ
ਸ਼ਗਨਾਂ ਦੇ ਦਿਨ ਆਏ ਸ਼ਾਮ ਜੀ,
ਕਿੱਥੇ ਕੁ ਡੇਰੇ ਲਾਏ, ਸ਼ਾਮ ਜੀ।
ਜਾਂ
ਹਰਿਆ ਹਰਿਆ ਹਰਿਆ,
ਨੀ ਵਿਹੜਾ ਸ਼ਗਨਾਂ ਨਾਲ ਭਰਿਆ
ਜਾਂ
ਧਾਈਏ ਧਾਈਏ ਧਾਈਏ,
ਰੱਬ ਦਾ ਨਾਂ ਲੈ ਕੇ
ਪੈਰ ਗਿੱਧੇ ਵਿਚ ਪਾਈਏ।
ਇਸ ਪਿੱਛੋਂ ਕੁਝ ਹੋਰ ਔਰਤਾਂ ਗਿੱਧੇ ਵਿਚ ਸ਼ਾਮਲ ਹੋ ਕੇ ਇਸ ਨੂੰ ਵਿਸ਼ਾਲ ਰੂਪ ਦੇ ਦਿੰਦੀਆਂ ਹਨ ਅਤੇ ਨਾਲ ਹੀ ਕੋਈ ਹੋਰ ਔਰਤ ਘੇਰੇ ਵਿਚ ਆ ਕੇ ਦੂਸਰੀ ਬੋਲੀ ਸ਼ੁਰੂ ਕਰ ਦਿੰਦੀ ਹੈ। ਬੋਲੀ ਪਾਉਣ ਮੌਕੇ ਉਹ ਵੀ ਇਕੱਲੀ ਹੀ ਹੁੰਦੀ ਹੈ ਪਰ ਅਖੀਰਲੀ ਸਤਰ ਦੇ ਦੁਹਰਾਉ ਕਰਨ ਵੇਲੇ ਤੱਕ ਉਸ ਨਾਲ ਇਕ ਹੋਰ ਔਰਤ ਆ ਜੁੜਦੀ ਹੈ। ਦੋਵੇਂ ਪਹਿਲੇ ਜੁੱਟ ਵਾਂਗ ਤਾੜੀ ਅਤੇ ਅੱਡੀ ਦੇ ਤਾਲ ਨਾਲ ਬੋਲੀ ਦੀ ਅਖੀਰਲੀ ਸਤਰ ਦਾ ਦੁਹਰਾਉਣ ਕਰਦੀਆਂ ਹੋਈਆਂ ਸਾਦਾ ਜਿਹਾ ਨਾਚ ਦਿਖਾਉਂਦੀਆਂ ਹਨ। ਬਾਕੀ ਔਰਤਾਂ ਨਾਲ-ਨਾਲ ਗਾਉਣ ਅਤੇ ਤਾੜੀ ਮਾਰਨ ਵਿਚ ਸ਼ਾਮਲ ਹੁੰਦੀਆਂ ਹਨ। ਤਾੜੀ ਦੂਰ-ਦੂਰ ਤੱਕ ਸੁਣਦੀ ਹੈ; ਨੇੜੇ-ਤੇੜੇ ਸਭ ਪਤਾ ਲੱਗ ਜਾਂਦਾ ਹੈ ਕਿ ਖੁਸ਼ੀ ਦਾ ਕੋਈ ਪ੍ਰੋਗਰਾਮ ਚੱਲ ਰਿਹਾ ਹੈ:
ਖੱਟ ਕੇ ਲਿਆਂਦੀ ਕਾਂ ਟੂਟੀ,
ਅਸਾਂ ਵੀਰ ਵਿਆਹਿਆ,
ਰੱਬ ਨੇ ਲਾਈ ਬੂਟੀ।
ਜਾਂ
ਬੱਲੇ ਬੱਲੇ,
ਬਈ ਵੀਰ ਘਰ ਪੁੱਤ ਜੰਮਿਆ,
ਚੰਨ ਚੜ੍ਹਿਆ ਬਾਪ ਦੇ ਵਿਹੜੇ।
ਇਸ ਪਿੱਛੋਂ ਔਰਤਾਂ ਵਾਰੀ ਵਾਰੀ ਗਿੱਧੇ ਵਿਚ ਆਪੋ-ਆਪਣਾ ਹਿੱਸਾ ਪਾਉਣ ਲਈ ਅੱਗੇ ਆਉਂਦੀਆਂ ਰਹਿੰਦੀਆਂ ਹਨ ਅਤੇ ਮਾਹੌਲ ਪੂਰੀ ਤਰ੍ਹਾਂ ਭਖ ਜਾਂਦਾ ਹੈ। ਇਸ ਦੌਰਾਨ ਗਿੱਧੇ ਦਾ ਕਲਾਤਮਕ ਪਹਿਲੂ ਭਾਰੂ ਹੋ ਜਾਂਦਾ ਹੈ। ਗਿੱਧੇ ਵਿਚ ਔਰਤਾਂ ਤੋਂ ਇਲਾਵਾ ਮਰਦ ਵੀ ਦਰਸ਼ਕ ਦੇ ਰੂਪ ਵਿਚ ਸ਼ਾਮਲ ਹੋ ਜਾਂਦੇ ਹਨ। ਗਿੱਧੇ ਵਿਚ ਹਰ ਉਮਰ ਦੀਆਂ ਔਰਤਾਂ ਇਕੋ ਜਿਹੇ ਜੋਸ਼ ਅਤੇ ਭਾਵਨਾਵਾਂ ਨਾਲ ਸ਼ਾਮਲ ਹੁੰਦੀਆਂ ਹਨ। ਸ਼ੁਰੂ ਸ਼ੁਰੂ ਵਿਚ ਦੋ-ਚਾਰ ਬੋਲੀਆਂ ਪਿਛੋਂ ਬੋਲੀਆਂ ਦਾ ਹੜ੍ਹ ਆ ਜਾਂਦਾ ਹੈ:
ਹਰਾ ਹਰਾ ਸਾਗ ਚਲਾਈ ਦਾ ਵੇ,
ਲਾਵਾਂ ਲਈਆਂ ਤੇ ਲੈਣ ਕਿਉਂ ਨਹੀਂ ਆਈਦਾ ਵੇ।
ਗਿੱਧਾ ਜਦੋਂ ਜ਼ੋਬਨ ’ਤੇ ਪਹੁੰਚ ਜਾਂਦਾ ਹੈ ਤਾਂ ਇਸ ਵਿਚ ਕੁਝ ਤਮਾਸ਼ਾ ਐਕਸ਼ਨ ਵੀ ਸ਼ਾਮਲ ਹੋ ਜਾਂਦੇ ਹਨ। ਤਮਾਸ਼ੇ ਦੀਆਂ ਤਿੰਨ ਵੰਨਗੀਆਂ ਹੁੰਦੀਆਂ ਹਨ। ਪਹਿਲੀ ਵੰਨਗੀ ਦੇ ਬੋਲ ਲਗਭਗ ਬੋਲੀਆਂ ਵਰਗੇ ਹੁੰਦੇ ਹਨ। ਪਹਿਲਾਂ ਇਕ ਜਾਂ ਦੋ ਸਤਰਾਂ ਬੋਲੀਆਂ ਜਾਂਦੀਆਂ ਹਨ ਅਤੇ ਫਿਰ ਪਿੱਛੇ ਪਿੱਛੇ ਔਰਤਾਂ ਦਾ ਇਕੱਠ ਬੋਲਦਾ ਹੈ। ਇਉਂ ਅੱਗੜ-ਪਿੱਛੜ ਬੋਲਣ ਦਾ ਸਿਲਸਿਲਾ ਕਾਫੀ ਦੇਰ ਤੱਕ ਚੱਲਦਾ ਰਹਿੰਦਾ ਹੈ। ਇਸ ਦੌਰਾਨ ਔਰਤਾਂ ਦੀਆਂ ਸਰੀਰਕ ਮੁਦਰਾਵਾਂ ਵੀ ਬੋਲਾਂ ਦੇ ਨਾਲ ਨਾਲ ਹੀ ਸ਼ੁਰੂ ਹੋ ਜਾਂਦੀਆਂ ਹਨ।
ਇਹ ਗਿੱਧੇ ਦਾ ਸਿਖਰ ਹੁੰਦਾ ਹੈ। ਇਸ ਸਮੇਂ ਤਮਾਸ਼ੇ ਦੀ ਦੂਸਰੀ ਵੰਨਗੀ ਸ਼ੁਰੂ ਹੁੰਦੀ ਹੈ। ਇਸ ਵੰਨਗੀ ਵਿਚ ਝਾਕੀਆਂ ਵੀ ਪੇਸ਼ ਕੀਤੀਆਂ ਜਾਂਦੀਆਂ ਹਨ, ਕੁਝ ਵਾਰਤਾਲਾਪ ਵੀ ਸ਼ਾਮਲ ਕਰ ਲਏ ਜਾਂਦੇ ਹਨ। ਇੱਥੇ ਆ ਕੇ ਨਾਚ ਦਾ ਅੰਸ਼ ਕਾਫੀ ਘਟ ਜਾਂਦਾ ਹੈ ਅਤੇ ਨਾਟਕੀ ਅੰਸ਼ ਭਾਰੂ ਹੋ ਜਾਂਦਾ ਹੈ। ਇਸ ਨੂੰ ਸਵਾਂਗ ਵੀ ਆਖਿਆ ਜਾਂਦਾ ਹੈ ਜੋ ਹਾਸੇ-ਠੱਠੇ ਨਾਲ ਭਰਪੂਰ ਹੁੰਦਾ ਹੈ। ਤੀਸਰੀ ਵੰਨਗੀ ਵਿਚ ਨਾਚ ਦਾ ਅੰਸ਼ ਤਾਂ ਲੱਗਭਗ ਖਤਮ ਹੋ ਜਾਂਦਾ ਹੈ ਅਤੇ ਨਾਟਕੀ ਪੇਸ਼ਕਾਰੀ ਵਿਚ ਕੁਝ ਅਸ਼ਲੀਲਤਾ ਵੀ ਆ ਜਾਂਦੀ ਹੈ। ਇਸ ਵਿਚ ਹਾਸਾ-ਠੱਠਾ ਵੀ ਨੀਵੀਂ ਪੱਧਰ ਦਾ ਹੋ ਜਾਂਦਾ ਹੈ।
ਇੱਥੇ ਆ ਕੇ ਗਿੱਧਾ ਸਮਾਪਤੀ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ, ਔਰਤਾਂ ਹੌਲੀ ਹੌਲੀ ਆਪੋ-ਆਪਣੇ ਘਰ ਪਰਤਣ ਲੱਗਦੀਆਂ ਹਨ ਅਤੇ ਅਖੀਰਲੇ ਸਮੂਹ ਵਿਚੋਂ ਕੋਈ ਇਕ ਔਰਤ ਇਹ ਆਖ ਦਿੰਦੀ ਹੈ ਕਿ ਚਲੋ ਬੱਸ ਕਰੋ, ਹੁਣ ਘਰੀਂ ਜਾ ਕੇ ਸੌਂਈਏ, ਸਵੇਰੇ ਉੱਠ ਕੇ ਕੰਮ ਵੀ ਕਰਨੇ। ਹੌਲੀ ਹੌਲੀ ਗਿੱਧੇ ਦਾ ਪਿੜ ਖਾਲੀ ਹੋ ਜਾਂਦਾ ਹੈ। ਘਰ ਵਾਲੇ ਗਿੱਧੇ ਵਿਚ ਸ਼ਾਮਲ ਸਭ ਔਰਤਾਂ ਨੂੰ ਵਿੱਤ ਮੁਤਾਬਕ ਭਾਜੀ/ਮਠਿਆਈ ਦਿੰਦੇ ਹਨ। ਇਉਂ ਜੀਵਨ ਦੇ ਮਹੱਤਵਪੂਰਨ ਮੌਕਿਆਂ ਨਾਲ ਸਬੰਧਿਤ ਸਮਾਜਿਕ ਰਸਮ ਨਾਲ ਸ਼ੁਰੂ ਹੋਇਆ ਗਿੱਧਾ ਮਨ-ਪ੍ਰਚਾਵੇ ਅਤੇ ਸਮਾਜਿਕ ਭਾਈਚਾਰਕ ਸਾਂਝ ਦਾ ਸਾਧਨ ਹੋ ਨਿਬੜਦਾ ਹੈ।
ਸੁਖਮੰਦਰ ਸਿੰਘ ਤੂਰ
Comments (0)