ਪੰਜਾਬ ਵਿਚ ਟਰੈਕਟਰ ਮੁਕਾਬਲੇ ਨੌਜਵਾਨਾਂ ਦੀ ਜਾਨ ਲੇਵਾ ਕਾਰਣ ਸਿਧ ਹੋਏ

ਪੰਜਾਬ ਵਿਚ ਟਰੈਕਟਰ ਮੁਕਾਬਲੇ  ਨੌਜਵਾਨਾਂ ਦੀ ਜਾਨ ਲੇਵਾ ਕਾਰਣ ਸਿਧ ਹੋਏ

ਰਿਪੋਰਟ ਅਨੁਸਾਰ ਹਰ ਸਾਲ ਟਰੈਕਟਰਾਂ ਨਾਲ ਹੁੰਦੀਆਂ ਨੇ130 ਮੌਤਾਂ 

ਪਿਛਲੇ ਸਮੇਂ ਦੌਰਾਨ ਜਿਵੇਂ ਪੰਜਾਬ ਵਿੱਚ ਟਰੈਕਟਰ ਸਟੰਟਾਂ ਦਾ ਟਰੈਂਡ ਵਧਿਆ ਹੈ, ਉਵੇਂ ਹੀ ਕਈ ਸਟੰਟ ਕਰਨ ਵਾਲਿਆਂ ਵੱਲੋਂ ਆਪਣੇ ਯੂਟਊਬ ਚੈਨਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਇਸ ਬਾਰੇ ਵੀਡੀਓ ਅਤੇ ਉਨ੍ਹਾਂ ਦੇ ਦਰਸ਼ਕ ਵੀ ਵਧ ਰਹੇ ਹਨ।ਇਹ ਟਰੈਂਡ ਪਿਛਲੇ 6 ਤੋਂ 7 ਸਾਲਾਂ ਤੋਂ ਸ਼ੁਰੂ ਹੋਇਆ ਹੈ।ਇਹ ਸਟੰਟ ਬਹੁਤੀ ਵਾਰ ਕਬੱਡੀ ਕੱਪਾਂ ਜਾਂ ਪੇਂਡੂ ਮੇਲਿਆਂ ਤੋਂ ਬਾਅਦ ਕਰਵਾਏ ਜਾਂਦੇ ਸਨ।

ਉਨ੍ਹਾਂ ਦੱਸਿਆ ਕਿ ਹਰੇਕ ਸਟੰਟਮੈਨ 15 ਮਿੰਟ ਸਟੰਟ ਦਿਖਾਉਣ ਲਈ 15 ਹਜ਼ਾਰ ਤੋਂ 60 ਹਜ਼ਾਰ ਤੱਕ ਰੁਪਏ ਲੈਂਦਾ ਹੈ।ਹਾਲਾਂਕਿ ਸਰਕਾਰ ਨੇ ਟਰੈਕਟਰ ਸਟੰਟ ਉਪਰ ਪਾਬੰਦੀ ਵੀ ਲਗਾਈ ਹੋਈ ਹੈ।

ਵੱਖ-ਵੱਖ ਥਾਵਾਂ 'ਤੇ ਟਰੈਕਟਰ ਸਟੰਟ ਕਰਦਿਆਂ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ੌਫਨਾਕ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ।ਅਨੇਕਾਂ ਨੌਜਵਾਨ ਟਰੈਕਟਰਾਂ ਦੇ ਤਵੀਆਂ ਅਤੇ ਟੋਚਨ ਮੁਕਾਬਲਿਆਂ ਤੋਂ ਇਲਾਵਾ ਅਗਲੇ ਚੱਕੇ ਉਤਾਂਹ ਚੁਕਾ ਕੇ ਵੱਖ-ਵੱਖ ਤਰ੍ਹਾਂ ਦੇ ਸਟੰਟ ਕਰਕੇ ਫੋਕੀ ਸ਼ੋਹਰਤ ਖੱਟਣ ਲਈ ਬੇਸ਼ਕੀਮਤੀ ਜਾਨਾਂ ਤੋਂ ਹੱਥ ਧੋ ਬੈਠਦੇ ਨੇ।

 ਸਰਕਾਰੀ ਰਿਪੋਰਟਾਂ ਅਨੁਸਾਰ 1992 ਤੋਂ 2001 ਦਰਮਿਆਨ 2165 ਮੌਤਾਂ ਟਰੈਕਟਰਾਂ ਨਾਲ ਸੰਬੰਧਿਤ ਦੁਰਘਟਨਾਵਾਂ ਦੌਰਾਨ ਹੋਈਆਂ ਸਨ। ਸਰਕਾਰੀ ਅੰਕੜਿਆਂ ਮੁਤਾਬਿਕ ਮੌਜੂਦਾ ਸਮੇਂ ਵਿਚ ਟਰੈਕਟਰ ਦੀਆਂ ਆਮ ਦੁਰਘਟਨਾਵਾਂ ਦੀ ਦਰ ਸਾਲਾਨਾ 60 ਮੌਤਾਂ ਅਤੇ ਗਤੀਸ਼ੀਲ ਭਾਗ ਸਾਫ਼ਟ, ਪੁਲੀ, ਬੈਲਟ ਚੇਨ, ਗੀਅਰ ਆਦਿ ਨਾਲ ਉਲਝਣ ਵਿਚ ਸਾਲਾਨਾ 10 ਮੌਤਾਂ ਹੋਣ ਦੀ ਜਾਣਕਾਰੀ ਦਰਜ ਹੈ। 

  ਕੌਮੀ ਖੇਤੀ ਟਰੈਕਟਰ ਸੁਰੱਖਿਆ ਏਜੰਸੀ ਦੀ ਰਿਪੋਰਟ ਅਨੁਸਾਰ ਹਰ ਸਾਲ ਟਰੈਕਟਰਾਂ ਨਾਲ 130 ਮੌਤਾਂ ਹੁੰਦੀਆਂ ਹਨ, ਜੋ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਤੋਂ ਅੱਧੀਆਂ ਹਨ।  

ਕੁਝ ਜਾਨਲੇਵਾ ਘਟਨਾਵਾਂ

*ਅਜੇ ਕੁਝ ਦਿਨ ਪਹਿਲਾਂ ਦੀ ਇਕ ਘਟਨਾ ਫਗਵਾੜਾ ਤਹਿਸੀਲ ਦੇ ਪਿੰਡ ਡੁਮੇਲੀ ਵਿਖੇ ਵਾਪਰੀ ਜਿਥੇ ਪੁਲਿਸ ਵਲੋਂ ਮਨਜ਼ੂਰੀ ਨਾ ਦੇਣ ਦੇ ਬਾਵਜੂਦ ਵੀ ਵਟਸਐਪ ਮੈਸੇਜ ਦੇ ਕੇ ਅਤੇ ਗੁਪਤ ਜਾਣਕਾਰੀ ਪਹੁੰਚਾ ਕੇ ਟਰੈਕਟਰ ਸਟੰਟ ਬਾਜ਼ੀ ਦੇ ਮੁਕਾਬਲੇ ਕਰਵਾਏ ਗਏ, ਜਿਸ 'ਚ ਪਹਿਲੇ ਦੂਜੇ ਅਤੇ ਤੀਜੇ ਨੰਬਰ 'ਤੇ ਰਹਿਣ ਵਾਲਿਆਂ ਲਈ 41, 31 ਅਤੇ 11 ਹਜ਼ਾਰ ਦੀ ਇਨਾਮੀ ਰਾਸ਼ੀ ਰੱਖੀ ਗਈ ਸੀ। ਇਸ ਦੌਰਾਨ ਇਕ ਸਟੰਟਬਾਜ਼ਤੋਂ ਟਰੈਕਟਰ ਕੰਟਰੋਲ ਨਾ ਹੋਇਆ ਤੇ ਦਰਸ਼ਕਾਂ ਤੇ ਚੜ੍ਹ ਗਿਆ, ਜਿਸ 'ਚ ਛੇ ਤੋਂ ਸੱਤ ਦਰਸ਼ਕ ਸਮੇਤ ਖ਼ੁਦ ਟਰੈਕਟਰ ਚਾਲਕ ਵੀ ਗੰਭੀਰ ਜ਼ਖਮੀ ਹੋ ਗਏ, ਜੋ ਕਿ ਵੱਖ-ਵੱਖ ਹਸਪਤਾਲਾਂ 'ਚ ਜ਼ੇਰੇ ਇਲਾਜ ਹਨ। ਪੁਲਿਸ ਵਲੋਂ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਟੰਟ ਮੁਕਾਬਲਿਆਂ ਦੇ ਪ੍ਰਬੰਧਕ ਅਤੇ ਹਿੱਸਾ ਲੈਣ ਵਾਲਿਆਂ ਨੂੰ ਸਮੇਤ ਟਰੈਕਟਰਾਂ ਦੇ ਕਾਬੂ ਕਰ ਗਿਆ ਅਤੇ ਭੱਜਣ ਵਾਲੇ ਸੰਬੰਧਿਤ ਕੁਝ ਲੋਕਾਂ 'ਤੇ ਐੱਫ਼.ਆਈ.ਆਰ. ਦਰਜ ਕੀਤੀ ਗਈ।ਪੁਲਿਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਨੇ ਦੱਸਿਆ ਇਹ ਟਰੈਕਟਰ ਦੀਆਂ ਦੌੜਾਂ ਗੈਰ-ਕਾਨੂੰਨੀ ਕਰਵਾਈਆਂ ਜਾ ਰਹੀਆਂ ਸੀ |ਪੁਲਿਸ ਨੇ ਮੌਕੇ ‘ਤੇ 3 ਟਰੈਕਟਰ ਨੂੰ ਕਾਬੂ ਕੀਤੇ ਅਤੇ ਨਾਲ 4 ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ । 

*26 ਫਰਵਰੀ 2024 ਨੂੰ ਹਰਿਆਣਾ ਦੇ ਗੂਹਲਾ ਚੀਕਾ ਵਿਖੇ ਸਟੰਟ ਕਰਦਾ ਨੌਜਵਾਨ ਸੀਟ ਅਤੇ ਸਟੇਅਰਿੰਗ ਦਰਮਿਆਨ ਐਸਾ ਫਸਿਆ ਕਿ ਦਮ ਘੁੱਟਣ ਨਾਲ ਉਸ ਦੀ ਪਲਾਂ 'ਚ ਹੀ ਮੌਤ ਹੋ ਗਈ।

* 9 ਜਨਵਰੀ 2023 ਨੂੰ ਆਇਸ਼ਰ ਟਰੈੱਕਟਰ ਨਾਲ ਮੇਰਠ ਵਿਖੇ ਡੈਮੋ ਦੇਣ ਗਏ ਇਕ 30-32 ਸਾਲ ਦੇ ਨੌਜਵਾਨ ਵਲੋਂ ਸਟੰਟ ਕਰਕੇ ਵਿਖਾਉਣ ਸਮੇਂ ਟਰੈਕਟਰ ਪਲਟ ਗਿਆ, ਜਿਸ ਨਾਲ ਉਸ ਦੀ ਜਾਨ ਚਲੀ ਗਈ।

* 30 ਅਕਤੂਬਰ 2023 ਨੂੰ ਟਰੈਕਟਰ ਦੇ ਅਗਲੇ ਚੱਕੇ ਚੁਕਾ ਕੇ ਡਰਾਈਵਰ ਨੌਜਵਾਨ ਹੇਠਾਂ ਉੱਤਰ ਆਇਆ ਅਤੇ ਜਦੋਂ ਟਰੈਕਟਰ ਨੂੰ ਕੰਟਰੋਲ ਕਰਨ ਲੱਗਾ ਤਾਂ ਪਿਛਲੇ ਟਾਇਰ ਥੱਲੇ ਆ ਕੇ ਦਮ ਤੋੜ ਗਿਆ।

 ਪੰਜਾਬ ਦੇ ਕੁਝ ਨੌਜਵਾਨ ਜਾਨਲੇਵਾ ਸਟੰਟ ਕਰਕੇ ਆਪਣੀਆਂ ਜਾਨਾਂ ਗਵਾ ਰਹੇ ਹਨ। ਅਜਿਹੇ ਨੌਜਵਾਨਾਂ ਦੇ ਮਾਪਿਆਂ ਨੂੰ ਚਾਹੀਦਾ ਹੈ ਕੀ ਉਹ ਆਪਣੇ ਬੱਚਿਆਂ ਨੂੰ ਹਰ ਤਰ੍ਹਾਂ ਨਾਲ ਇਨ੍ਹਾਂ ਮਾਰੂ ਤੇ ਖ਼ਤਰਨਾਕ ਕਾਰਨਾਮਿਆਂ ਵਿਚ ਹਿੱਸਾ ਲੈਣ ਤੋਂ ਵਰਜਣ ।ਸਮਾਜਿਕ ਵਿਗਿਆਨ ਦੇ ਪ੍ਰੋਫ਼ੈਸਰ ਰਹੇ ਮਨਜੀਤ ਸਿੰਘ ਦੱਸਦੇ ਹਨ ਕਿ ਟਰੈਕਟਰ ਸਟੰਟ ਦੌਰਾਨ ਹੁੰਦੇ ਹਾਦਸਿਆਂ ਬਾਰੇ ਕਿਸੇ ਦੀ ਜ਼ਿੰਮੇਵਾਰੀ ਲਗਾਈ ਜਾਣੀ ਜ਼ਰੂਰੀ ਹੈ।ਉਹ ਦੱਸਦੇ ਹਨ ਕਿ ਇਸ ਦਾ ਰੁਝਾਨ ਵਧਣ ਨਾਲ ਪਿੱਛੇ ਕਾਰਨ “ਪੰਜਾਬੀਆਂ ਵਿੱਚ ਹੀਰੋਇਜ਼ਮ ਦੀ ਭੁੱਖ” ਅਤੇ ਜੋਖ਼ਮ ਭਰੇ ਕੰਮਾਂ ਵਿੱਚ ਦਿਲਚਸਪੀ ਰੱਖਣੀ ਵੀ ਹੈ।