ਮੁਕਤਸਰ ਦੀ ਧਰਤੀ ਤੇ ਖਾਲਸਾਈ ਜਾਹੋ ਜਲਾਲ ਨਾਲ ਨਜ਼ਰ ਪੈਂਦੀਆਂ ਦਸਤਾਰਾਂ ਦੇ ਲਾਮਿਸਾਲ ਇਕੱਠ ਨੇ ਸਾਬਤ ਕੀਤਾ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ: ਸਰਨਾ 

ਮੁਕਤਸਰ ਦੀ ਧਰਤੀ ਤੇ ਖਾਲਸਾਈ ਜਾਹੋ ਜਲਾਲ ਨਾਲ ਨਜ਼ਰ ਪੈਂਦੀਆਂ ਦਸਤਾਰਾਂ ਦੇ ਲਾਮਿਸਾਲ ਇਕੱਠ ਨੇ ਸਾਬਤ ਕੀਤਾ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ: ਸਰਨਾ 

ਇਕੱਠ ਨੇ ਇਹ ਵੀ ਸਾਬਤ ਕੀਤਾ ਪੰਥ ਤੇ ਪੰਜਾਬ ਦੀ ਪਾਰਟੀ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 14 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਸ਼ਹੀਦਾਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਇਕੱਠ ਹੋਇਆ ਹੈ । ਉਹ ਆਪਣੇ ਆਪ ਵਿੱਚ ਬੇਮਿਸਾਲ ਸੀ । ਇਸ ਇਕੱਠ ਵਿੱਚ ਜਿਸ ਤਰ੍ਹਾਂ ਦਾ ਖਾਲਸਾਈ ਜਾਹੋ ਜਲਾਲ ਨਜ਼ਰ ਆਇਆ, ਜਿਸ ਤਰ੍ਹਾਂ ਸਾਰੇ ਪਾਸੇ ਦਸਤਾਰਾਂ ਨਜ਼ਰ ਆ ਰਹੀਆਂ ਸਨ ਉਸਤੋਂ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਸਾਰੀ ਦੁਨੀਆਂ ਦੇ ਸਿੱਖ ਹੀ ਇਕੱਠੇ ਹੋ ਗਏ ਹੋਣ । ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਇਸ ਲਾਮਿਸਾਲ ਇਕੱਠ ਨੇ ਇਹ ਵੀ ਸਾਬਤ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ ।
ਜਿੰਨੀ ਸੰਗਤ ਇਸ ਮੌਕੇ ਪਹੁੰਚੀ , ਉਸ ਹਾਜ਼ਰੀ ਨੂੰ ਦੇਖਦਿਆਂ ਇਕੱਠ ਦੇ ਪੱਖ ਤੋਂ ਇਹ ਅਕਾਲੀ ਦਲ ਦਾ ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਇਕੱਠ ਸੀ । ਇਸ ਇਕੱਠ ਦਾ ਆਪਣੇ ਆਪ ਵਿੱਚ ਵੱਡਾ ਮਹੱਤਵ ਹੈ ਕਿਉਂਕਿ ਸਭ ਦੀਆਂ ਨਜ਼ਰਾਂ ਇਸ ਇਕੱਠ ਤੇ ਲੱਗੀਆਂ ਹੋਈ ਸਨ । ਜਦੋਂ ਇਸ ਸਮੇਂ ਅਕਾਲੀ ਦਲ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਜਾ ਰਿਹਾ ਸੀ । ਅਜਿਹੇ ਵਿੱਚ ਇਸ ਇਕੱਠ ਨੇ ਸਾਬਤ ਕੀਤਾ ਹੈ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਜਿਸ ਕਦਰ ਪੂਰੀ ਨਿਮਰਤਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਸਿਰ ਝੁਕਾਕੇ ਮੰਨਿਆ ਤੇ ਸਿਰ੍ਹੇ ਚੜਾਇਆ । ਉਸਨੇ ਲੋਕਾਂ ਦੇ ਦਿਲਾਂ ਅੰਦਰ ਅਕਾਲੀ ਦਲ ਪ੍ਰਤੀ ਮੁੜਨ ਲਈ ਪ੍ਰੇਰਿਤ ਕੀਤਾ ਹੈ । 
ਅੱਜ ਦੇ ਇਸ ਇਕੱਠ ਨੇ ਇਹ ਵੀ ਸਾਬਤ ਕੀਤਾ ਹੈ ਕਿ ਪੰਥ ਤੇ ਪੰਜਾਬ ਦੀ ਪਾਰਟੀ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ ਤੇ ਨਾਲ ਹੀ ਇਸ ਇਕੱਠ ਨੇ ਵਿਰੋਧੀਆਂ ਦੀ ਬੋਲਤੀ ਵੀ ਬੰਦ ਕੀਤੀ ਹੈ । ਅੱਜ ਦੇ ਇਕੱਠ ਨੇ ਇਹ ਦੱਸਿਆ ਹੈ ਕਿ ਜੋ ਵੀ ਸ਼੍ਰੋਮਣੀ ਅਕਾਲੀ ਦਲ ‘ਚ ਆ ਕੇ ਪੰਥ ਦੀ ਗੱਲ ਕਰੇਗਾ, ਮਨੁੱਖਤਾ ਦੀ ਗੱਲ ਕਰੇਗਾ, ਸਿੱਖੀ ਦੀ ਗੱਲ ਕਰੇਗਾ ਉਸਦੇ ਲਈ ਦਰਵਾਜ਼ੇ ਸਦਾ ਖੁੱਲ੍ਹੇ ਹਨ । ਪਰ ਜੋ ਆਪਣੀ ਨਿੱਜੀ ਈਰਖਾ ਰੱਖ ਕੇ ਚੱਲ ਰਹੇ ਹਨ ।    ਉਹ ਭਾਵੇਂ ਆਪਣੇ ਆਪ ਨੂੰ ਸੁਧਾਰਵਾਦੀ ਅਖਵਾਉਣ ਵਾਲੇ ਹਨ ਜਾਂ ਕੁਝ ਹੋਰ ਆਪਣੇ ਆਪ ਨੂੰ ਅਕਾਲੀ ਦੱਸਣ ਵਾਲੇ ਹਨ।     ਉਹ ਆਪਣੀ ਈਰਖਾ ਕਾਰਨ ਹੀ ਬਾਹਰ ਬੈਠੇ ਹਨ ਜੇਕਰ ਉਹ ਸੇਵਾ ਦੀ ਭਾਵਨਾ ਦੇ ਨਾਲ ਆਉਣ ਤਾਂ ਉਹਨਾਂ ਦਾ ਵੀ ਸਵਾਗਤ ਹੈ । ਇਹ ਇਕੱਠ ਇੱਕ ਮੀਲ ਪੱਥਰ ਹੈ ਤੇ ਇਸਦੇ ਲਈ ਜਿੱਥੇ ਸਮੁੱਚਾ ਖਾਲਸਾ ਪੰਥ ਤੇ ਸ਼੍ਰੋਮਣੀ ਅਕਾਲੀ ਦਲ ਵਧਾਈ ਦਾ ਪਾਤਰ ਹੈ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦਿਨ ਰਾਤ ਕੀਤੀ ਮਿਹਨਤ ਨੇ ਰੰਗ ਲਿਆਂਦਾ ਹੈ ਤੇ ਸਿੱਖਾਂ ਦੀ ਨੁਮਾਇੰਦਾ ਰਾਜਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਹੋਇਆ ਹੈ। ਸਮੁੱਚੀ ਪਾਰਟੀ ਵਧਾਈ ਦੀ ਹੱਕਦਾਰ ਹੈ । ਆਉਣ ਵਾਲਾ ਸਮਾਂ ਦੱਸ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਤੋਂ ਉਭਰਕੇ ਆ ਰਿਹਾ ਹੈ ।