ਸ੍ਰੀ ਦਰਬਾਰ ਸਾਹਿਬ ਵਿਖੇ ਇਕ ਬੀਬੀ ਵੱਲੋਂ ਯੋਗਾ ਕਰਕੇ ਸਿੱਖ ਭਾਵਨਾਵਾ ਨੂੰ ਠੇਸ ਪਹੁੰਚਾਉਣ ਦੇ ਅਮਲ ਸਿੱਖ ਵਿਰੋਧੀ ਹਕੂਮਤੀ ਸਾਜਿਸ : ਮਾਨ

ਸ੍ਰੀ ਦਰਬਾਰ ਸਾਹਿਬ ਵਿਖੇ ਇਕ ਬੀਬੀ ਵੱਲੋਂ ਯੋਗਾ ਕਰਕੇ ਸਿੱਖ ਭਾਵਨਾਵਾ ਨੂੰ ਠੇਸ ਪਹੁੰਚਾਉਣ ਦੇ ਅਮਲ ਸਿੱਖ ਵਿਰੋਧੀ ਹਕੂਮਤੀ ਸਾਜਿਸ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 24 ਜੂਨ (ਮਨਪ੍ਰੀਤ ਸਿੰਘ ਖਾਲਸਾ):-“21 ਜੂਨ ਨੂੰ ਹਿੰਦੂਤਵ ਹੁਕਮਰਾਨ ਆਪਣੇ ਧਰਮ ਅਨੁਸਾਰ ਯੋਗਾ ਦਿਹਾੜਾ ਮਨਾਉਦੇ ਹਨ । ਲੇਕਿਨ ਉਸੇ ਦਿਨ 21 ਜੂਨ ਨੂੰ ਸਿੱਖ ਕੌਮ ਆਪਣੀਆ ਸਿੱਖੀ ਮਹਾਨ ਰਵਾਇਤਾ ਨੂੰ ਪ੍ਰਫੁੱਲਿਤ ਕਰਨ ਹਿੱਤ ਗੱਤਕਾ ਦਿਹਾੜਾ ਮਨਾਉਦੇ ਹਨ । ਦੋਵੇ ਧਰਮਾਂ ਦੀਆਂ ਆਪੋ ਆਪਣੀਆ ਰਵਾਇਤਾ, ਰਹੁਰੀਤੀਆ ਅਤੇ ਨਿਯਮ ਹਨ । ਜਦੋ ਸਿੱਖ ਕੌਮ ਕਿਸੇ ਦੂਸਰੇ ਧਰਮ ਵਿਚ ਕਿਸੇ ਤਰ੍ਹਾਂ ਦੀ ਦਖਲ ਨਹੀ ਦਿੰਦੀ ਤਾਂ 21 ਜੂਨ ਦੇ ਗੱਤਕੇ ਦਿਹਾੜੇ ਵਾਲੇ ਦਿਨ ਇਕ ਬੀਬੀ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਜੋ ਯੋਗਾ ਕਰਨ ਦੀ ਬਜਰ ਗੁਸਤਾਖੀ ਕਰਕੇ ਸਿੱਖ ਭਾਵਨਾਵਾ, ਮਰਿਯਾਦਾਵਾ ਨੂੰ ਠੇਸ ਪਹੁੰਚਾਈ ਹੈ, ਇਹ ਕੋਈ ਆਮ ਘਟਨਾ ਨਹੀ ਬਲਕਿ ਹਿੰਦੂਤਵ ਹੁਕਮਰਾਨਾਂ ਤੇ ਮੁਤੱਸਵੀਆਂ ਦੀ ਇਕ ਡੂੰਘੀ ਸਿੱਖ ਵਿਰੌਧੀ ਸਾਜਿਸ ਦਾ ਹਿੱਸਾ ਹੈ । ਅਜਿਹੀ ਗੁਸਤਾਖੀ ਕਰਨ ਵਾਲੇ ਕਿਸੇ ਵੀ ਇਨਸਾਨ ਨੂੰ ਸਿੱਖ ਕੌਮ ਕਤਈ ਮੁਆਫ਼ ਨਹੀ ਕਰਦੀ ਅਤੇ ਨਾ ਹੀ ਕਰਾਂਗੇ । ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਉਸ ਦੋਸ਼ੀ ਬੀਬੀ ਵਿਰੁੱਧ ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਦਰਜ ਕਰਵਾਈ ਹੈ, ਉਹ ਕੌਮ ਪੱਖੀ ਉੱਦਮ ਹੈ, ਪਰ ਜੋ ਪ੍ਰਕਰਮਾ ਵਿਚ ਸੇਵਾਦਾਰਾਂ ਤੇ ਡਿਊਟੀ ਤੇ ਤਾਇਨਾਤ ਟਾਸਕ ਫੋਰਸ ਵੱਲੋ ਇਸ ਸਮੇ ਅਣਗਹਿਲੀ ਹੋਈ ਹੈ, ਉਸ ਉਤੇ ਵੀ ਐਸ.ਜੀ.ਪੀ.ਸੀ ਨੂੰ ਕਾਰਵਾਈ ਕਰਦੇ ਹੋਏ ਅੱਗੋ ਲਈ ਅਜਿਹੀਆ ਕਾਰਵਾਈਆ ਨਾ ਹੋ ਸਕਣ ਪੂਰੀ ਚੌਕਸੀ ਰੱਖਣ ਦੀ ਸਖਤ ਜਰੂਰਤ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਦਰਬਾਰ ਸਾਹਿਬ ਵਿਖੇ ਇਕ ਸਾਜਿਸਕਾਰ ਬੀਬੀ ਵੱਲੋ 21 ਜੂਨ ਦੇ ਗੱਤਕੇ ਦਿਹਾੜੇ ਦੇ ਦਿਨ ਪ੍ਰਕਰਮਾ ਵਿਚ ਯੋਗਾ ਕਰਕੇ ਸਿੱਖ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਦੀ ਹੋਈ ਕਾਰਵਾਈ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਮੁਤੱਸਵੀ ਹੁਕਮਰਾਨਾਂ ਦੀਆਂ ਅਜਿਹੀਆ ਸਿੱਖ ਵਿਰੌਧੀ ਸਾਜਿਸਾਂ ਦਾ ਐਸ.ਜੀ.ਪੀ.ਸੀ ਵੱਲੋ ਮਜਬੂਤੀ ਨਾਲ ਜੁਆਬ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਮੁਤੱਸਵੀ ਲੋਕ ਤੇ ਹੁਕਮਰਾਨ ਅਜਿਹੀਆ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਕਰਕੇ ਅਸਲੀਅਤ ਵਿਚ ਇਹ ਦੇਖਣਾ ਤੇ ਪਰਖਣਾ ਚਾਹੁੰਦੇ ਹਨ ਕਿ ਸਿੱਖ ਕੌਮ ਵਿਚ ਆਪਣੇ ਮਹਾਨ ਇਤਿਹਾਸ ਤੇ ਗੁਰੂ ਸਾਹਿਬਾਨ ਜੀ ਦੀਆਂ ਸਿਖਿਆਵਾ ਤੇ ਆਦੇਸ਼ਾਂ ਦਾ ਤੱਤ ਬਚਿਆ ਹੈ ਜਾਂ ਨਹੀ। ਲੇਕਿਨ ਅਜਿਹੇ ਅਮਲ ਕਰਦੇ ਹੋਏ ਇਸਦੇ ਨਿਕਲਣ ਵਾਲੇ ਸਮਾਜਿਕ ਭਿਆਨਕ ਨਤੀਜਿਆ ਤੋ ਇਹ ਹੁਕਮਰਾਨ ਬੇਖਬਰ ਹੋ ਜਾਂਦਾ ਹੈ । ਜਿਸ ਉਤੇ ਇਹ ਹੁਕਮਰਾਨ ਬਿਲਕੁਲ ਕਾਬੂ ਨਹੀ ਪਾ ਸਕਣਗੇ । ਉਨ੍ਹਾਂ ਕਿਹਾ ਕਿ ਜੇਕਰ ਕੋਈ ਸਿੱਖ ਅਯੁੱਧਿਆ ਦੇ ਰਾਮ ਮੰਦਰ ਵਿਚ ਜਾ ਕੇ ਗੱਤਕਾ ਖੇਡੇ ਤੇ ਹਿੰਦੂ ਮਰਿਯਾਦਾਵਾ ਦਾ ਘਾਣ ਕਰੇ, ਕੀ ਇਹ ਹਿੰਦੂਤਵ ਮੁਤੱਸਵੀ ਲੋਕ ਉਸ ਨੂੰ ਸਹਿਣ ਕਰਨਗੇ ? ਇਸ ਲਈ ਹੁਕਮਰਾਨਾਂ ਨੂੰ ਤੇ ਮੁਤੱਸਵੀਆ ਨੂੰ ਅਜਿਹੀ ਕੋਈ ਗੁਸਤਾਖੀ ਕਤਈ ਨਹੀ ਕਰਨੀ ਚਾਹੀਦੀ ਜਿਸ ਨਾਲ ਜੰਗਜੂ ਖਿਆਲਾਂ ਅਤੇ ਆਪਣੀ ਅਣਖ ਗੈਰਤ ਉਤੇ ਮਰ ਮਿਟਣ ਵਾਲੀ ਕੌਮ ਨੂੰ ਉਹ ਜਾਣਬੁੱਝ ਕੇ ਅਜਿਹੀ ਚੁਣੋਤੀ ਦੇਣ ਅਤੇ ਮਾਹੌਲ ਨੂੰ ਵਿਸਫੋਟਕ ਬਣਾਉਣ । ਜੇਕਰ ਉਨ੍ਹਾਂ ਨੇ ਇਹ ਯੋਗਾ ਵਗੈਰਾਂ ਕਰਨਾ ਹੈ ਉਹ ਪਹਾੜਾ ਤੇ ਮੰਦਰਾਂ ਵਿਚ ਜਾਂ ਆਪਣੇ ਜੰਗਲਾਂ ਵਿਚ ਜਾ ਕੇ ਅਜਿਹੀ ਪ੍ਰਕਿਰਿਆ ਕਰ ਸਕਦੇ ਹਨ। ਪਰ ਸਿੱਖ ਕੌਮ ਦੀਆਂ ਭਾਵਨਾਵਾ ਨਾਲ ਕਿਸੇ ਵੀ ਵੱਡੀ ਤੋ ਵੱਡੀ ਤਾਕਤ ਜਾਂ ਮੁਤੱਸਵੀਆ ਨੂੰ ਖਿਲਵਾੜ ਕਰਨ ਦੀ ਇਜਾਜਤ ਅਸੀ ਕਦਾਚਿਤ ਨਹੀ ਦੇਵਾਂਗੇ ।