ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ 'ਸਿਆਸੀ ਆਗੂਆਂ ਦੀ ਮੰਡੀ' ਦਾ ਮਾਮਲਾ ਉੱਠਿਆ
ਚੰਡੀਗੜ੍ਹ: ਪੰਜਾਬ ਵਿੱਚ ਲੋਕ ਸਭਾ ਚੋਣਾ ਦਾ ਜ਼ੋਰ ਸਿਖਰ 'ਤੇ ਹੈ ਅਤੇ ਅਜਿਹੇ ਮੌਕਿਆਂ 'ਤੇ ਸਿਆਸਤ ਵਿੱਚ ਆਗੂਆਂ ਦੀ ਮੰਡੀ ਵੀ ਲੱਗਦੀ ਹੈ, ਜਿਸ ਗੱਲ 'ਤੇ ਕੋਈ ਦੋ ਰਾਵਾਂ ਨਹੀਂ। ਪਰ ਇਸ ਬਦਨਾਮ ਮੰਡੀ ਵਿੱਚ ਖੜ੍ਹਾ ਹਰ ਸਿਆਸੀ ਆਗੂ ਦੂਜੇ ਆਗੂ ਨੂੰ ਇਸ ਦਾ ਮਾਲ ਦਸਦਿਆਂ ਖੁਦ ਨੂੰ ਇਸ ਤੋਂ ਸੁਰਖਰੂ ਕਰਦਾ ਹੈ। ਅਜਿਹਾ ਹੀ ਕੁੱਝ ਦੇਖਣ ਨੂੰ ਮਿਲ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਿਆਸਤ ਵਿੱਚ।
ਇੱਕ ਵਾਰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਅੱਜ ਆਪਣਾ ਅਧਾਰ ਬਚਾਉਣ ਦੀ ਲੜਾਈ ਲੜ ਰਹੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦੋਸ਼ ਲਾਇਆ ਹੈ ਕਿ ਸੂਬੇ ਦੀ ਸੱਤਾਧਾਰੀ ਧਿਰ ਵਲੋਂ ਸੰਸਦੀ ਚੋਣਾਂ ਦੌਰਾਨ ‘ਆਪ’ ਦੇ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖਤ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਉਹ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਾਉਣਗੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਆਪ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਬਾਰੇ ਬਿਆਨ ਦਿੱਤਾ ਸੀ ਕਿ ਉਹ 10 ਕਰੋੜ ਰੁਪਏ ਅਤੇ ਚੇਅਰਮੈਨੀ ਦੇ ਲਾਲਚ ਵਿੱਚ ਕਾਂਗਰਸ 'ਚ ਸ਼ਾਮਿਲ ਹੋਏ ਹਨ।
ਇਸ ਬਿਆਨ ਦੇ ਜਵਾਬ ਵਿੱਚ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਆਪਣਾ ਪੰਜਾਬ ਪਾਰਟੀ ਬਣਾਉਣ ਵਾਲੇ ਸੁੱਚਾ ਸਿੰਘ ਛੋਟੇਪੁਰ ਨੇ ਬਿਆਨ ਦਿੱਤਾ ਸੀ ਕਿ ਭਗਵੰਤ ਮਾਨ ਹਰ ਉਸ ਆਗੂ ਦੀ ਕੀਮਤ ਤੈਅ ਕਰ ਦਿੰਦੇ ਹਨ ਜਿਹੜਾ ਵੀ ਆਪ ਨੂੰ ਛੱਡ ਕੇ ਜਾਂਦਾ ਹੈ ਪਰ ਉਹ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਹਨ ਕਿ ਪੰਜਾਬ ਵਿੱਚੋਂ ਆਪ ਨੂੰ ਖਤਮ ਕਰਨ ਲਈ ਉਹਨਾਂ ਨੂੰ ਕਿੰਨੀ ਕੀਮਤ ਮਿਲੀ ਹੈ।
ਮਾਨਸ਼ਾਹੀਆ ਵੱਲੋਂ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਦੇਣ ਦਾ ਫ਼ੈਸਲਾ
ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਨੋਟਿਸ ਭਗਵੰਤ ਮਾਨ ਵੱਲੋਂ ਮਾਨਸ਼ਾਹੀਆ ਦੇ ਕਾਂਗਰਸ ਵਿੱਚ ਸ਼ਾਮਲ ਸਮੇਂ ਪੈਸਿਆਂ ਦਾ ਲੈਣ-ਦੇਣ ਹੋਣ ਬਾਰੇ ਕੀਤੇ ਦਾਅਵੇ ਦੇ ਵਿਰੋਧ ’ਚ ਦਿੱਤਾ ਜਾ ਰਿਹਾ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨਸ਼ਾਹੀਆ ਨੇ ਕਿਹਾ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਹਨ, ਜਿਸ ਕਰਕੇ ਉਨ੍ਹਾਂ ਨੂੰ ਅਜਿਹੇ ਬੇਤੁਕੇ ਬਿਆਨ ਦੇਣ ਤੋਂ ਪਹਿਲਾਂ ਸੋਚ-ਵਿਚਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਰਾਜਸੀ ਪਾਰਟੀਆਂ ਦੇ ਆਗੂ ਸਿਆਸੀ ਬਿਆਨ ਅਕਸਰ ਇਕ-ਦੂਜੇ ਦੇ ਖ਼ਿਲਾਫ਼ ਦਿੰਦੇ ਰਹਿੰਦੇ ਹਨ, ਪਰ ਪੈਸਿਆਂ ਦੇ ਲੈਣ-ਦੇਣ ਬਾਰੇ ਦੋਸ਼ ਲਾਉਣੇ ਕਾਨੂੰਨੀ ਅਪਰਾਧ ਵੀ ਹੈ ਅਤੇ ਸਿਆਸੀ ਤੌਰ ’ਤੇ ਅਸੂਲਾਂ ਖ਼ਿਲਾਫ਼ ਵੀ ਹੈ। ਉਨ੍ਹਾਂ ਭਗਵੰਤ ਮਾਨ ਉੱਪਰ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁੱਖ ਮੰਤਰੀ ਬਣਨ ਦਾ ਸੁਫ਼ਨਾ ਦੇਖੀ ਬੈਠੇ ਭਗਵੰਤ ਮਾਨ ਅਸਲ ਵਿੱਚ ਇਸ ਪਾਰਟੀ ਦੀ ਪ੍ਰਧਾਨਗੀ ਦੇ ਵੀ ਕਾਬਿਲ ਨਹੀਂ ਹਨ, ਕਿਉਂਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਹੀ ਪਾਰਟੀ ਪਹਿਲਾਂ ਦੋ ਹਿੱਸਿਆਂ ਵਿੱਚ ਵੰਡ ਗਈ ਹੈ।
ਭਗਵੰਤ ਮਾਨ ਵੱਲੋਂ ਲਗਾਏ ਦੋਸ਼ਾਂ ਬਾਰੇ ਮਾਨਸ਼ਾਹੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਉਹ ਖ਼ੁਦ ਕੁਝ ਕਹਿਣ ਉਨ੍ਹਾਂ ਦੀ ਹੀ ਪਾਰਟੀ ਦੇ ਤਿੰਨ ਵਿਧਾਇਕ ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ ਅਤੇ ਅਮਰਜੀਤ ਸਿੰਘ ਸੰਦੋਹਾ ਇਸ ਖ਼ਬਰ ਦਾ ਖੰਡਨ ਕਰ ਚੁੱਕੇ ਹਨ। ਮਾਨਸ਼ਾਹੀਆ ਨੇ ਕਿਹਾ ਕਿ ਉਹ ਇਲਜ਼ਾਮਤਰਾਸ਼ੀ ਦੀ ਰਾਜਨੀਤੀ ਕਰਨ ਦੇ ਹੱਕ ਵਿੱਚ ਨਹੀਂ ਹਨ ਅਤੇ ਉਹ ਭਵਿੱਖ ਵਿੱਚ ਉਨ੍ਹਾਂ ਤੋਂ ਵੀ ਇਹੋ ਉਮੀਦ ਕਰਦੇ ਹਨ।
ਉਨ੍ਹਾਂ ਕਿਹਾ ਕਿ ਮਾਨ ਪਾਰਟੀ ਵਿੱਚ ਸਿਰਫ਼ ‘ਤੇ ਸਿਰਫ਼ ਆਪਣੀ ਹੀ ਚੌਧਰ ਨੂੰ ਮਹੱਤਵ ਦਿੰਦੇ ਹਨ, ਜਿਸ ਲੜੀ ਤਹਿਤ ਸਾਰੇ ਹੀ ਚੰਗੇ ਬੁੱਧੀਜੀਵੀ ਬੰਦੇ ਸਾਜਿਸ਼ ਅਨੁਸਾਰ ਪਾਰਟੀ ਤੋਂ ਲਾਂਭੇ ਕਰ ਦਿੱਤੇ ਗਏ ਹਨ ਅਤੇ ਅੱਜ ਸਥਿਤੀ ਇਹ ਹੈ ਕਿ ਲੋਕਾਂ ਦਾ ਮਾਨ ਤੋਂ ਵਿਸ਼ਵਾਸ ਹੀ ਉੱਠ ਗਿਆ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)