ਪੰਜਾਬ ਵਿਚ ਐਂਮਰਜੈਂਸੀ ਦੇ ਵਿਰੋਧ ਕਾਰਣ ਤੜਫੀ ਕੰਗਨਾ ਰਣੌਤ

ਅਖੇ ਮੈਂ ਸਿੱਖ ਧਰਮ ਦਾ ਸਤਿਕਾਰ ਕਰਦੀ ਹਾਂ ਪਰ ਮੇਰਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ....
ਪੰਜਾਬ ਦੇ ਸਿਨੇਮਾਘਰਾਂ ਵਿਚ ਅਦਾਕਾਰਾ-ਨਿਰਦੇਸ਼ਕ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਸਿੱਖ ਜਥੇਬੰਦੀਆਂ ਦੇ ਵਿਰੋਧ ਕਾਰਨ ਲੱਗ ਨਹੀਂ ਸਕੀ। ਸੁਰੱਖਿਆ ਦੇ ਮੱਦੇਨਜ਼ਰ ਸਿਨੇਮਾਘਰਾਂ ਅੱਗੇ ਪੁਲੀਸ ਤਾਇਨਾਤ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਵਿਚ ‘ਐਮਰਜੈਂਸੀ’ ਫ਼ਿਲਮ ਦਾ ਵਿਰੋਧ ਕੀਤਾ ਗਿਆ, ਜਦੋਂ ਕਿ ਜ਼ੀਰਕਪੁਰ ਵਿਚ ਕਿਸਾਨ ਆਗੂਆਂ ਨੇ ਰੋਸ ਪ੍ਰਗਟਾਇਆ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਫ਼ਿਲਮ ’ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ ਗਈ ਸੀ।ਧਾਮੀ ਦਾ ਕਹਿਣਾ ਸੀ ਕਿ ਇਸ ਫ਼ਿਲਮ ਨੂੰ ਸੂਬੇ ਦੇ ਸਿਨੇਮਾ ਘਰਾਂ ਵਿਚ ਦਿਖਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਕਿਉਂਕਿ ਇਸ ਫ਼ਿਲਮ ਰਾਹੀਂ ਸਿੱਖਾਂ ਨੂੰ ਬਦਨਾਮ ਕਰਨ ਅਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।
ਯਾਦ ਰਹੇ ਕਿ ਭਾਜਪਾ ਨੂੰ ਛੱਡ ਦੂਜੀਆਂ ਸਾਰੀਆਂ ਸਿਆਸੀ ਪਾਰਟੀਆਂ ਵਲੋਂਵੀ ਇਸ ਫ਼ਿਲਮ ਨੂੰ ਰਿਲੀਜ਼ ਕਰਨ ਅਤੇ ਸਿਨੇਮਾ ਘਰਾਂ ਵਿਚ ਦਿਖਾਉਣ ਦਾ ਵਿਰੋਧ ਕੀਤਾ ਜਾ ਰਿਹਾ ਸੀ।
ਸੂਚਨਾ ਅਨੁਸਾਰ ਰਾਜ ਦੇ ਖ਼ੁਫ਼ੀਆ ਤੰਤਰ ਵਲੋਂ ਇਸ ਫ਼ਿਲਮ ਨੂੰ ਦਿਖਾਉਣ ਦੀ ਸੂਰਤ ਵਿਚ ਅਮਨ-ਕਾਨੂੰਨ ਦੀ ਸਥਿਤੀ ਲਈ ਖ਼ਤਰਾ ਪੈਦਾ ਹੋਣ ਸੰਬੰਧੀ ਦਿੱਤੀਆਂ ਰਿਪੋਰਟਾਂ ਕਾਰਨ ਰਾਜ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਫ਼ਿਲਮ ਨੂੰ ਨਾ ਵਿਖਾਉਣ ਲਈ ਕਿਹਾ ਗਿਆ ਸੀ, ਜਦੋਂਕਿ ਰਾਜ ਸਰਕਾਰ ਬਾਅਦ ਵਿਚ ਆਪਣੇ ਤੌਰ 'ਤੇ ਵੀ ਬਕਾਇਦਾ ਹੁਕਮ ਜਾਰੀ ਕਰ ਸਕਦੀ ਸੀ ਪਰ ਸਰਕਾਰ ਇਸ ਤੋਂ ਪਹਿਲਾਂ ਫ਼ਿਲਮ ਸੰਬੰਧੀ ਸਮੁੱਚੀ ਜਾਣਕਾਰੀ ਲੈਣ ਅਤੇ ਇਸ ਦੀ ਘੋਖ ਵੀ ਕਰਨਾ ਚਾਹੁੰਦੀ ਹੈ ਅਤੇ ਇਸ ਸੰਬੰਧੀ ਬਕਾਇਦਾ ਕਾਨੂੰਨੀ ਰਾਏ ਵੀ ਪ੍ਰਾਪਤ ਕੀਤੀ ਜਾਵੇਗੀ ।
ਅੰਮ੍ਰਿਤਸਰ ਵਿਚ ਪੀਵੀਆਰ ਨੇ ਸਿੱਖ ਧਿਰਾਂ ਦੇ ਵਿਰੋਧ ਕਰਕੇ ਫ਼ਿਲਮ ਦੇ ਸ਼ੋਅ ਕੈਂਸਲ ਕਰ ਦਿੱਤੇ ਜਦੋਂ ਕਿ ਬਠਿੰਡਾ ਵਿਚ ਇੱਕ ਸਿਨੇਮਾਘਰ ਨੇ ਦਰਸ਼ਕਾਂ ਨੂੰ ਪੈਸੇ ਮੋੜ ਦਿੱਤੇ। ਮੁਹਾਲੀ, ਪਟਿਆਲਾ ਅਤੇ ਜਲੰਧਰ ਵਿਚ ਵੀ ਫ਼ਿਲਮ ਦਾ ਕੋਈ ਸ਼ੋਅ ਨਹੀਂ ਚੱਲਿਆ। ਚੰਡੀਗੜ੍ਹ ਵਿਚ ਵੀ ਫ਼ਿਲਮ ਦੇਖਣ ਲਈ ਬਹੁਤੇ ਦਰਸ਼ਕ ਨਹੀਂ ਸਨ।
ਇਥੇ ਜ਼ਿਕਰਯੋਗ ਹੈ ਕਿ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਨੇ ਸਿੱਖ ਜਥੇਬੰਦੀਆਂ ਦੇ ਇਤਰਾਜ਼ ਕੀਤੇ ਜਾਣ ’ਤੇ ਫ਼ਿਲਮ ‘ਐਮਰਜੈਂਸੀ’ ’ਚੋਂ ਕਾਫ਼ੀ ਸੀਨ ਹਟਾ ਦਿੱਤੇ ਸਨ।
ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਚੇਤੇ ਰਹੇ ਕਿ ਜਦੋਂ ਦਿੱਲੀ ਵਿਚ ਕਿਸਾਨ ਅੰਦੋਲਨ ਚੱਲਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਕੰਗਨਾ ਰਣੌਤ ਕਿਸਾਨਾਂ ਨੂੰ ਕਈ ਤਰ੍ਹਾਂ ਦੇ ਨਫਰਤੀ ਤੇ ਜ਼ਹਿਰੀਲੇ ਲਕਬ ਦੇ ਚੁੱਕੀ ਹੈ ਜਿਸ ਕਰਕੇ ਕਿਸਾਨ ਵੀ ਉਨ੍ਹਾਂ ਦੀ ਫ਼ਿਲਮ ਖ਼ਿਲਾਫ਼ ਮੈਦਾਨ ਵਿਚ ਨਿਤਰੇ ਹਨ।ਜ਼ਿਕਰਯੋਗ ਹੈ ਕਿ ਇਹ ਫ਼ਿਲਮ ਜੋ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਦੇਸ਼ ਵਿਚ ਲਗਾਈ ਗਈ ਐਮਰਜੈਂਸੀ ਦੇ ਮੁੱਦੇ 'ਤੇ ਬਣਾਈ ਗਈ ਹੈ ।ਐਂਮਰਜੈਂਸੀ’ ਕੁੱਲ 146 ਮਿੰਟ ਦੀ ਸੀ।ਫ਼ਿਲਮ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਵੀ ਜ਼ਿਕਰ ਆਉਂਦਾ ਹੈ, ਜੋ ਕਿ ਐਮਰਜੈਂਸੀ ਮੌਕੇ ਰਾਜ ਦੇ ਸਿਆਸੀ ਪਰਦੇ 'ਤੇ ਹੀ ਨਹੀਂ ਸਨ ਅਤੇ ਉਨ੍ਹਾਂ ਦਾ ਉਭਾਰ ਵੀ ਕਾਫ਼ੀ ਸਮੇਂ ਬਾਅਦ ਹੋਇਆ ਸੀ ।ਇਸ ਵਿਚ ਕਰੀਬ ਪੰਜ ਮਿੰਟ ਦਾ ਸੀਨ ਪੰਜਾਬ ’ਤੇ ਫੋਕਸ ਹੈ ਜਿਸ ਵਿਚ ਸੰਤ ਭਿੰਡਰਾਂਵਾਲੇ ਨੂੰ ਫ਼ਿਰੋਜ਼ਪੁਰ ਜੇਲ੍ਹ ’ਚੋਂ ਬਾਹਰ ਆਉਣ ਅਤੇ ਇੱਕ ਥਾਂ ਸੰਜੇ ਗਾਂਧੀ ਨਾਲ ਬੈਠਾ ਦਿਖਾਇਆ ਗਿਆ ਹੈ। ਪੰਜਾਬ ਸੰਤਾਪ ਦੇ ਦੌਰ ਦਾ ਵੀ ਇੱਕ ਸੀਨ ਹੈ।ਸਿੱਖ ਚਿੰਤਕਾਂ ਮੁਤਾਬਕ ਇਸ ਫਿਲਮ ਵਿਚ ਇਤਿਹਾਸਕ ਤਥਾਂ ਨਾਲ ਖਿਲਵਾੜ ਕੀਤਾ ਗਿਆ ਹੈ ਤੇ ਸਿੱਖ ਪੰਥ ਵਿਰੁਧ ਨਫਰਤ ਫੈਲਾਈ ਗਈ ਹੈ।ਸਿੱਖ ਜਥੇਬੰਦੀਆਂ ਅਤੇ ਦੇਸ਼ ਦੀਆਂ ਕੁਝ ਪਾਰਟੀਆਂ ਵਲੋਂ ਹੋਏ ਤਿੱਖੇ ਵਿਰੋਧ ਕਾਰਨ ਇਸ ਫ਼ਿਲਮ ਨੂੰ ਸੈਂਸਰ ਬੋਰਡ ਵਲੋਂ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਅਤੇ ਸੰਤ ਭਿੰਡਰਾਂਵਾਲਿਆਂ ਸਮੇਤ ਫ਼ਿਲਮ ਵਿਚਲੇ ਕੁਝ ਹੋਰ ਦਿ੍ਸ਼ ਕੱਟੇ ਵੀ ਗਏ ਸਨ । ਇਸ ਦੇ ਬਾਵਜੂਦ ਸਿੱਖਾਂ ਵਲੋਂ ਵਿਰੋਧ ਜਾਰੀ ਹੈ। ਕਾਂਗਰਸ ਪਾਰਟੀ ਵਲੋਂ ਵੀ ਇਸ ਫ਼ਿਲਮ ਦਾ ਵਿਰੋਧ ਕਰਦਿਆਂ ਇਸ ਨੂੰ ਭਾਜਪਾ ਦੀ ਸਿਆਸੀ ਸਾਜ਼ਿਸ਼ ਦਾ ਹਿੱਸਾ ਦੱਸਿਆ ਗਿਆ, ਕਿਉਂਕਿ ਫ਼ਿਲਮ ਦੀ ਨਿਰਮਾਤਾ ਕੰਗਨਾ ਰਣੌਤ ਭਾਜਪਾ ਵਲੋਂ ਲੋਕ ਸਭਾ ਮੈਂਬਰ ਵੀ ਹੈ ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਫ਼ਿਲਮ ’ਤੇ ਰੋਕ ਲਗਾਏ ਜਾਣ ਦੀ ਮੰਗ ਕਰਦਿਆਂ ਕਿਹਾ ਸੀ ਕਿ ਫ਼ਿਲਮ ਵਿਚ ਪੰਜਾਬ ਅਤੇ ਸਿੱਖਾਂ ਦੀ ਬਦਨਾਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਕਿਸਾਨਾਂ ਅਤੇ ਸਿੱਖਾਂ ਦੀ ਆਲੋਚਕ ਹੈ ਜਿਸ ਕਰਕੇ ਫ਼ਿਲਮ ’ਤੇ ਪੰਜਾਬ ਸਰਕਾਰ ਪਾਬੰਦੀ ਲਗਾਵੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਿ ਸੈਂਸਰ ਬੋਰਡ ਅਤੇ ਸਰਕਾਰਾਂ ਨੂੰ ਵਿਵਾਦਤ ਫ਼ਿਲਮਾਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿਉਂਕਿ ਇਹ ਦੇਸ਼ ਵਿਚ ਭਾਈਚਾਰਕ ਸਾਂਝ ਨੂੰ ਸੱਟ ਮਾਰਦੀਆਂ ਹਨ।
ਕੰਗਨਾ ਪੰਜਾਬ ਵਿਚ ਵਿਰੋਧ ਕਾਰਣ ਔਖੀ
ਅਦਾਕਾਰਾ ਕੰਗਨਾ ਰਣੌਤ ਨੇ ਪੰਜਾਬ ਵਿਚ ਫ਼ਿਲਮ ਨਾ ਲੱਗਣ ’ਤੇ ਕਿਹਾ ਹੈ ਕਿ ਸੂਬੇ ਦੇ ਕਈ ਸ਼ਹਿਰਾਂ ਤੋਂ ਰਿਪੋਰਟਾਂ ਆ ਰਹੀਆਂ ਹਨ ਕਿ ਕੁਝ ਲੋਕ ‘ਐਮਰਜੈਂਸੀ’ ਫ਼ਿਲਮ ਨੂੰ ਲੱਗਣ ਨਹੀਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਲਾ ਅਤੇ ਕਲਾਕਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ‘ਐਕਸ’ ’ਤੇ ਲਿਖਿਆ, ‘ਮੈਂ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦੀ ਹਾਂ ਅਤੇ ਚੰਡੀਗੜ੍ਹ ਵਿਚ ਪੜ੍ਹਨ ਤੇ ਉਸ ਮਗਰੋਂ ਵੀ ਸਿੱਖ ਧਰਮ ਨੂੰ ਨੇੜਿਓਂ ਦੇਖਿਆ ਹੈ ਅਤੇ ਇਸ ਦੀ ਪਾਲਣਾ ਕੀਤੀ ਹੈ।’ ਉਨ੍ਹਾਂ ਕਿਹਾ ਕਿ ਇਹ ਮੇਰੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੈ ਅਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਕਿਸਾਨ ਅੰਦੋਲਨ ਦੌਰਾਨ ਕੰਗਨਾ ਦੀਆਂ ਕੁਝ ਘਾਤਕ ਟਿਪਣੀਆਂ
ਸਾਲ 2020 ਵਿੱਚ ਦੇਸ਼ ਭਰ ਦੇ ਕਿਸਾਨਾ ਵੱਲੋਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸਾਲ ਭਰ ਚੱਲੇ ਅੰਦੋਲਨ ਦੌਰਾਨ ਵੀ ਕੰਗਨਾ ਆਪਣੇ ਬਿਆਨਾਂ ਕਰਕੇ ਵਿਵਾਦਾਂ ਵਿੱਚ ਰਹੀ ਸੀ।
*ਸਤੰਬਰ 2020 ਵਿੱਚ ਉਨ੍ਹਾਂ ਨੇ ਮੁਜ਼ਾਹਰਾਕਾਰੀ ਕਿਸਾਨਾਂ ਬਾਰੇ ਇੱਕ ਟਵੀਟ ਵਿੱਚ ਲਿਖਿਆ ਸੀ, “ਉਹ ਲੋਕ ਜੋ ਸੀਏਏ ਬਾਰੇ ਗ਼ਲਤ ਜਾਣਕਾਰੀ ਅਤੇ ਅਫ਼ਵਾਹਾਂ ਫੈਲਾਅ ਰਹੇ ਸਨ, ਜਿਨ੍ਹਾਂ ਕਾਰਨ ਦੰਗੇ ਹੋਏ, ਉਹੀ ਲੋਕ ਹੁਣ ਕਿਸਾਨ ਬਿੱਲ ਬਾਰੇ ਗ਼ਲਤ ਜਾਣਕਾਰੀ ਫੈਲਾਅ ਰਹੇ ਹਨ।ਖੇਤੀ ਬਿੱਲ ਬਾਰੇ ਅਫਵਾਹਾਂ ਫ਼ੈਲਾਉਣ ਵਾਲੇ ਦੇਸ਼ ਵਿੱਚ ਦਹਿਸ਼ਤ ਪੈਦਾ ਕਰ ਰਹੇ ਹਨ, ਉਹ 'ਅੱਤਵਾਦੀ' ਹ਼ਨ।"
*ਮਾਰਚ 2023 ਵਿੱਚ ਕੰਗਨਾ ਵਲੋਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ ਗਿਆ ਸੀ।ਕੰਗਨਾ ਨੇ ਕਿਹਾ ਸੀ ਕਿ ਕਈ ਪੰਜਾਬ ਸੈਲੇਬਰਿਟੀਜ਼ ਨੂੰ 'ਖ਼ਾਲਿਸਤਾਨ ਵਾਇਰਸ ਵਾਲੀ ਬਿਮਾਰੀ ਹੈ' ਤੇ ਭਾਰਤ ਸਰਕਾਰ ਵਲੋਂ ਉਨ੍ਹਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਸੀ।
ਇੱਕ ਹੋਰ ਪੋਸਟ ਵਿਚ ਕੰਗਨਾ ਨੇ ਲਿਖਿਆ, ‘ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੇ ਸਾਰੇ ਯਾਦ ਰੱਖਣ, ਪੁਲਿਸ ਆ ਚੁੱਕੀ ਹੈ, ਇਹ ਉਹ ਸਮਾਂ ਨਹੀਂ ਹੈ, ਜਦੋਂ ਕੋਈ ਕੁਝ ਵੀ ਕਰਦਾ ਸੀ, ਦੇਸ਼ ਨਾਲ ਗੱਦਾਰੀ ਜਾਂ ਟੁਕੜੇ-ਟੁਕੜੇ ਕਰਨ ਦੀ ਕੋਸ਼ਿਸ਼ ਹੁਣ ਮਹਿੰਗੀ ਪਵੇਗੀ।ਭਾਰਤ ਦੇ ਨਕਸ਼ੇ ਤੋਂ ਸਿਰ ਕੱਟਣ ਦੇ ਗੰਭੀਰ ਨਤੀਜੇ ਹੋਣਗੇ।”
Comments (0)