ਅਕਾਲੀ ਲੀਡਰਸ਼ਿਪ ਸੰਕਟ 'ਚ , ਅਕਾਲ ਤਖਤ ਸਾਹਿਬ ਤੋਂ ਫੈਸਲਾ ਕੀ ਹੋਵੇ ?

ਅਕਾਲੀ ਲੀਡਰਸ਼ਿਪ ਸੰਕਟ 'ਚ , ਅਕਾਲ ਤਖਤ ਸਾਹਿਬ ਤੋਂ ਫੈਸਲਾ ਕੀ ਹੋਵੇ ?

ਮਸਲਾ ਅਕਾਲ ਤਖਤ ਸਾਹਿਬ ਉਪਰ ਪੇਸ਼ ਹੋਣ ਦਾ ਨਹੀਂ ਅਕਾਲੀ ਦਲ ਨੂੰ ਬਚਾਉਣ ਦਾ ਹੈ...

ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੰਕਟ ਵਿੱਚ ਹੈ, ਕਿਉਂਕਿ ਅਜੋਕੀ ਲੀਡਰਸ਼ਿਪ ਵਿਚ ਸੰਵਾਦ ਹੁਣ ਸੰਭਵ ਨਹੀਂ ਰਿਹਾ। ਸਿਖ ਪੰਥ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਚੁੱਕਾ ਹੈ,  ਉਸਨੂੰ ਹੁਣ ਅਜੋਕੀ ਲੀਡਰਸ਼ਿਪ ਵਿਚੋਂ ਆਪਣੇ ਪੁਰਖਿਆਂ ਵਰਗਾ ਅਕਸ ਨਹੀਂ ਦਿਖਾਈ ਦੇ ਰਿਹਾ ,ਜਿਸਨੇ ਇਤਿਹਾਸ ਸਿਰਜਿਆ ਸੀ ਮਨੁੱਖਤਾ ਦੇ ਕਲਿਆਣ ਲਈ ਰਾਜ ਸਿਰਜਿਆ ਸੀ। 

ਪੰਥਕ ਹਲਕਿਆਂ ਵਿਚ ਸੁਪਨਾ ਪੰਥਕ  ਏਕਤਾ ਤੇ ਯੋਗ ਲੀਡਰਸ਼ਿਪ ਦਾ ਹੈ ਜੋ ਅਜੋਕੀ ਅਕਾਲੀ ਲੀਡਰਸ਼ਿਪ ਦਾ ਨੈਰਟਿਵ ਨਹੀਂ ਹੈ। ਵੰਡੀਆਂ ਹੋਈਆਂ ਕੌਮਾਂ ,ਲੀਡਰਸ਼ਿਪ - ਕਦੇ ਇਤਿਹਾਸ ਨਹੀਂ ਸਿਰਜ ਸਕਦੀ।

ਸਿਖ ਪੰਥ ਦੇ ਸਾਹਮਣੇ ਆਉਣ ਵਾਲੇ ਸਭ ਤੋਂ ਔਖੇ ਸੰਕਟ ਭਰਪੂਰ ਮਸਲੇ  ਤਾਨਾਸ਼ਾਹੀ ਤਰੀਕਿਆਂ ਨਾਲ ਕੰਮ ਕਰਨ ਵਾਲੀ ਕੁਲੀਨ ਵਰਗ, ਦੀ ਲੀਡਰਸ਼ਿਪ ਹਲ ਨਹੀਂ ਕਰ ਸਕਦੀ ,ਜਿਸਦਾ ਨਿਸ਼ਾਨਾ ਸਿਰਫ ਸਤਾ ਹੈ ਜਾਂ ਆਪਣੇ ਪਰਿਵਾਰ ਨੂੰ ਸਿਆਸਤ ਵਿਚ ਚਮਕਾਉਣਾ ਹੈ। ਨਿਜੀ-ਹਿੱਤ ਨੂੰ ਆਧਾਰ ਬਣਾਉਣਾ ਹੈ। ਸਿਖ ਲੀਡਰਸ਼ਿਪ ਦਾ ਉਦੇਸ਼ ਇਕੱਠੇ ਹੋ ਕੇ, ਇਕ-ਦੂਜੇ ਨੂੰ ਸੁਣ ਕੇ ਅਤੇ ਵਿਚਾਰ ਕਰਨਾ, ਉਨ੍ਹਾਂ ਦੇ ਅਸਹਿਮਤੀ ਦੀ ਪੜਚੋਲ ਕਰਨਾ, ਇਕੱਠੇ ਕੰਮ ਕਰਨਾ, ਸਹਿਮਤੀ 'ਤੇ ਪਹੁੰਚਣਾ, ਜਮਹੂਰੀ ਢੰਗ ਨਾਲ ਸਾਂਝੇ ਫੈਸਲੇ ਨੂੰ ਲਾਗੂ ਕਰਨ ਦਾ ਉਦੇਸ਼ ਹੋਣਾ ਚਾਹੀਦਾ ਹੈ।  ਸਮੁੱਚੇ ਪੰਥਕ ਹਿੱਤ ਵਿਚ ਮਿਲ ਕੇ ਕੰਮ ਕਰਨ ਦੇ ਨਾਲ ਹੀ ਆਪਸੀ ਮਤਭੇਦਾਂ ਨੂੰ ਦੂਰ ਕਰਨ ਦੀ ਲੋੜ ਹੈ।ਜਦੋਂ ਲੀਡਰਸ਼ਿਪ ਵਿਅਕਤੀਗਤ ਤੌਰ 'ਤੇ ਜਾਂ ਇਕਪਾਸੜ ਤੌਰ 'ਤੇ ਅਤੇ ਆਪਣੇ ਖੁਦ ਦੇ ਨਿਵੇਕਲੇ ਸਵੈ-ਹਿੱਤ ਵਿੱਚ ਕੰਮ ਕਰੇਗੀ ਤਾਂ ਆਪਸੀ ਵਿਰੋਧਤਾ ਹੋਣੀ ਲਾਜ਼ਮੀ ਹੈ।ਵਿਰੋਧਤਾ ਹੋਵੇਗੀ ਤਾਂ ਫੁਟ ਪਵੇਗੀ।ਖਿੰਡਾਅ ਆਵੇਗਾ।ਮਿਸ਼ਨ ਸਫਲ ਨਹੀਂ ਹੋਵੇਗਾ।

ਸਾਨੂੰ ਸੰਚਾਰ ਤੇ ਸੰਵਾਦ ਦੀ ਲੋੜ ਹੈ ਕਿਉਂਕਿ ਇਸ ਤੋਂ ਬਿਨਾਂ ਅਸੀਂ ਇਕ ਦੂਜੇ ਤੋਂ ਵੱਖ ਹੋ ਜਾਂਦੇ ਹਾਂ, ਸਾਡੇ ਮਤਭੇਦ ਅਸਹਿ ਹੋ ਜਾਂਦੇ ਹਨ,  ਸਾਡਾ ਇਕ ਦੂਸਰੇ ਉਪਰ ਵਿਸ਼ਵਾਸ ਨਹੀਂ  ਬਣ ਸਕਦਾ। ਸਾਨੂੰ ਮਿਸ਼ਨ ਲਈ ਏਕਤਾ ਤੇ ਸੰਵਾਦ ਦੀ ਲੋੜ ਹੈ ।ਸਾਨੂੰ ਯਾਦ ਰਖਣ ਦੀ ਲੋੜ ਹੈ ਅਕਾਲੀ ਦਲ ਸਾਡਾ ਪਰਿਵਾਰ  ਹੈ।ਪਰਿਵਾਰ ਤੋੜਿਆ ਨਹੀਂ ਜਾ ਸਕਦਾ।

ਮੁਸ਼ਕਲ ਇਹ ਨਹੀਂ ਹੈ ਕਿ ਸਿਆਸੀ ਮੁੱਦਿਆਂ 'ਤੇ ਗੱਲਬਾਤ ਕੀਤੀ ਜਾਵੇ ਜਾਂ ਨਾ , ਪਰ ਅਜਿਹਾ ਕਿਵੇਂ ਕਰਨਾ ਹੈ, ਖਾਸ ਤੌਰ 'ਤੇ ਜਿੱਥੇ ਮੁੱਦੇ ਗੁੰਝਲਦਾਰ ਅਤੇ ਵਿਵਾਦਪੂਰਨ ਹਨ।ਅਤੇ ਜਿੱਥੇ ਅਕਾਲੀ ਲੀਡਰਸ਼ਿਪ ਦੀ ਹਰੇਕ ਧਿਰ   ਪੰਥਕ ਦਰਦ,ਅਕਾਲੀ ਸੰਕਟ ਤੇ ਨੁਕਸਾਨ ਦੀ ਜ਼ਿੰਮੇਵਾਰ ਹੋਵੇ। 

ਫਿਰ ਮਾਨਤਾ, ਸਵੀਕ੍ਰਿਤੀ ਅਤੇ ਸੁਧਾਰ ਕਿਵੇਂ ਸ਼ੁਰੂ ਹੋਵੇ ਜਦੋਂ ਦੋਵੇਂ ਧਿਰਾਂ ਮਹਿਸੂਸ ਕਰਨ ਕਿ ਉਨ੍ਹਾਂ ਦੀ ਪੰਥ ਵਿਚ ਸੁਣਵਾਈ ਨਹੀਂ ਹੈ ਤੇ  ਵਿਸ਼ਵਾਸ ਪੈਦਾ ਨਹੀਂ ਹੋ ਰਿਹਾ ? ਇਥੇ ਸੰਚਾਰ ਕਰਨ ਦੀ ਅਤਿਅੰਤ ਲੋੜ ਹੈ ਕਿ ਪੰਥਕ ਮਸਲੇ ,ਅਕਾਲੀ ਸੰਕਟ ਦਾ ਹੱਲ ਕੀ ਹੋਵੇ? ਚੰਗੀ ਗਲ ਹੈ ਕਿ ਦੋਵੇਂ ਧਿਰਾਂ ਅਕਾਲੀ ਦਲ ਦੀ ਮਜਬੂਤੀ ਲਈ ਪੰਜ ਮੈਂਬਰੀ ਯੋਗ ਲੀਡਰਸ਼ਿਪ ਭਾਲਣ ਤੇ ਆਪ ਬਿਨਾਂ ਅਹੁਦਿਆਂ ਤੋਂ ਅਕਾਲੀ ਦਲ ਨੂੰ ਮਜਬੂਤ ਕਰਨ।ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਬਾਰੇ ਦੋਵੇਂ ਧਿਰਾਂ ਨੂੰ ਅਪੀਲ ਕਰਨ ਕਿ ਉਹ ਆਪਸ ਵਿਚ ਮਿਲ ਬੈਠਕੇ ਪੰਜ ਪੰਥ ਪ੍ਰਵਾਨਿਤ ਸਿਖ ਸਖਸ਼ੀਅਤਾਂ ਲਭਣ ਤੇ ਅਕਾਲੀ ਦਲ ਦੀ ਮਜਬੂਤੀ ਲਈ ਖਰੜਾ ਪੇਸ਼ ਕਰਨ ਤਾਂ ਜੋ ਅਕਾਲ ਤਖਤ ਪੰਥਕ ਨੁਮਾਇੰਦਿਆਂ ਦਾ ਇਕੱਠ ਬੁਲਾਕੇ ਯੋਗ ਨਤੀਜੇ ਉਪਰ ਪਹੁੰਚ ਸਕੇ ਤੇ ਅਕਾਲੀ ਦਲ ਦੀ ਹੋਂਦ ਨੂੰ ਬਚਾਅ ਸਕੇ।

ਇਥੇ ਇਹ ਵੀ ਯਾਦ ਕਰਾ ਦੇਣਾ ਲਾਜ਼ਮੀ ਹੈ ਕਿ ਅਕਾਲੀ ਦਲ ਦੀ ਸੁਤੰਤਰ ਹੋਂਦ ਬਹੁਤ ਜ਼ਰੂਰੀ ਹੈ।ਅਕਾਲੀ ਦਲ ਦੇ ਸੰਵਿਧਾਨ ਵਿਚ ਲਿਖਿਆ ਹੈ ਕਿ ਸ਼ੋ੍ਮਣੀ ਅਕਾਲੀ ਦਲ ਖਾਲਸਾ ਪੰਥ ਦੀ ਰਾਜਨੀਤਿਕ ਤਰਜਮਾਨੀ ਕਰਨ ਵਾਲੀ ਇਕੋਂ ਇਕ ਸੰਸਥਾ ਹੈ।” ਸ਼ੋ੍ਮਣੀ ਅਕਾਲੀ ਦਲ ਦੀ ਪਝੱਤਰਵੀਂ ਵਰ੍ਹੇ ਗੰਡ ਮਨਾਉਣ ਮੌਕੇ ਫਰਵਰੀ 1996 ਵਿਚ ਹੋਈ ਮੋਗਾ ਕਾਨਫਰੰਸ ਤੱਕ ਪਾਰਟੀ ਦੀ ਇਹੀ ਪਛਾਣ ਰਹੀ, ਜੋ ਇਸ ਤੋਂ ਬਾਅਦ ਪੰਥਕ ਤੋਂ ਪੰਜਾਬੀ ਪਛਾਣ ਵੱਲ ਮੁੜ ਗਈ। ਇਥੋਂ ਹੀ ਅਕਾਲੀ ਦਲ ਦਾ ਰਾਜਨੀਤਕ ਤੇ ਸਿਧਾਂਤਕ ਸੰਕਟ ਪੈਦਾ ਹੋਇਆ।

ਦਸੰਬਰ 1998 ਦੇ ਆਖਰੀ ਹਫਤੇ ਫਤਿਹਗੜ੍ਹ ਸਾਹਿਬ ਵਿਚ ਬੋਲਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਇਹ ਦਾਅਵਾ ਕੀਤਾ ਸੀ ਕਿ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ੋ੍ਮਣੀ ਅਕਾਲੀ ਦਲ ਦਾ ਹੀ ਇਕ ਹਿੱਸਾ ਹੈ।ਉਨ੍ਹਾਂ ਦਾ ਇਹ ਬਿਆਨ ਇਤਿਹਾਸਕ ਅਤੇ ਸਿਧਾਂਤਕ ਪੱਖੋਂ ਗੁਮਰਾਹਕੁੰਨ ਸੀ।ਇਸ ਤੋਂ ਸਾਫ ਜਾਹਿਰ ਹੈ ਕਿ ਉਸ ਸਮੇਂ ਸ਼ੋ੍ਮਣੀ ਅਕਾਲੀ ਦਲ ਉੱਪਰ ਬਾਦਲ ਪਰਿਵਾਰ ਦਾ ਪੂਰਨ ਕੰਟਰੋਲ ਹੋ ਗਿਆ ਸੀ ਅਤੇ ਉਹ ਸ਼ੋ੍ਮਣੀ  ਕਮੇਟੀ ਅਤੇ ਅਕਾਲ ਤਖਤ ਉੱਪਰ ਕੰਟਰੋਲ ਕਰ ਰਿਹਾ ਸੀ।ਸ਼ੋ੍ਮਣੀ ਅਕਾਲੀ ਦਲ ਗੁਰਦੁਆਰਾ ਸੁਧਾਰ ਅੰਦੋਲਨ ਦੀ ਉਪਜ ਸੀ ਅਤੇ ਇਸ ਦੀ ਸਥਾਪਨਾ ੧੯੨੦ ਵਿਚ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਰ ਨੂੰ ਦੇਖਣ ਲਈ ਹੋਈ ਸੀ।ਸਮੇਂ ਦੇ ਨਾਲ-ਨਾਲ ਇਸ ਨੇ ਸਰਗਰਮ ਰਾਜਨੀਤੀ ਵਿਚ ਕਦਮ ਰੱਖਿਆ।

ਅਕਾਲੀ ਦਲ ਹਮੇਸ਼ਾ ਹੀ ਸਿੱਖ ਰਾਜਨੀਤਿਕ ਪ੍ਰਵਚਨ ,ਖਾਲਸਾ ਪੰਥ ਦੇ ਬੋਲਬਾਲੇ ਦਾ ਅਟੁੱਟ ਅੰਗ ਰਿਹਾ ਹੈ।1954 ਵਿਚ ਜਦੋਂ ਕਾਂਗਰਸ ਪਾਰਟੀ ਅਕਾਲੀ ਦਲ ਦੁਆਰਾ ਦੋਇਮ ਰੋਲ ਅਦਾ ਕਰਨਾ ਚਾਹ ਰਹੀ ਸੀ, ਉਦੋਂ ਵੀ ਅਕਾਲੀ ਲੀਡਰਸ਼ਿਪ ਨੇ ਆਪਣੀਆਂ ਸ਼ਰਤਾਂ ਤੇ ਰਾਜਨੀਤੀ ਕੀਤੀ।ਮੁਲਕ ਦੀ ਵੰਡ ਸਮੇਂ ਹੋਈਆਂ ਬਹਿਸਾਂ ਵਿਚ ਅਕਾਲੀ ਦਲ ਦੇ ਲੀਡਰਾਂ ਨੇ ਸਿੱਖ ਪੰਥ ਦੀ ਪ੍ਰਤੀਨਿਧਤਾ ਕੀਤੀ।ਸ਼ੋ੍ਮਣੀ ਅਕਾਲੀ ਦਲ ਅਤੇ ਸਿੱਖ ਪੰਥ ਨੂੰ ਬੀਤੇ ਵਿਚ ਵਡੇ ਸੰਕਟਾਂ ਤੇ ਚੈਲਿੰਜਾਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਉਨ੍ਹਾਂ ਨੇ ਸਿਖ ਪੰਥ ਦੇ ਭਰੋਸੇ ਤੇ ਵਿਸ਼ਵਾਸ ਸਦਕਾ ਇਹਨਾਂ ਦਾ ਸਾਹਮਣਾ ਕੀਤਾ ਅਤੇ ਸਰ ਕੀਤਾ।ਪਰ ਮੌਜੂਦਾ ਸਥਿਤੀ ਤੇ ਸਿਖ ਪੰਥ ਦੇ ਅਵਿਸ਼ਵਾਸ ਨੇ ਅਕਾਲੀ ਦਲ ਅਤੇ ਇਸ ਦੀ ਲੀਡਰਸ਼ਿਪ ਦੇ ਭਵਿੱਖ ਉੱਪਰ ਸੁਆਲ ਖੜਾ ਕਰ ਦਿੱਤਾ ਹੈ।ਅਕਾਲੀ ਲੀਡਰਸ਼ਿਪ ਹੀ ਇਸ ਸੰਕਟ ਲਈ ਜ਼ਿੰਮੇਵਾਰ ਹੈ।

ਅਕਾਲੀ ਦਲ ਇਸ ਸਮੇਂ ਆਪਣੀ ਵਾਜੂਦ ਦੇ ਸੰਕਟ ਨਾਲ ਜੂਝ ਰਿਹਾ ਹੈ ,ਕਿਉਂਕਿ ਬਰਗਾੜੀ ਕੇਸ ਅਤੇ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਤੋਂ ਬਾਅਦ ਅਤੇ ਪਾਰਟੀ ਉੱਪਰ ਬਾਦਲ ਪਰਿਵਾਰ ਦੇ ਪੂਰਨ ਕੰਟਰੋਲ ਕਰਕੇ ਸਿੱਖ ਪੰਥ  ਬਾਦਲ ਅਕਾਲੀ ਲੀਡਰਸ਼ਿਪ ਦਾ ਵਿਰੋਧੀ ਹੋ ਗਿਆ ਹੈ।ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਵਿਧਾਨਸਭਾ ਵਿਚ ਮਹਿਜ਼ ਤਿੰਨ ਸੀਟਾਂ ਮਿਲਣਾ,ਲੋਕ ਸਭਾ ਵਿਚ ਇਕ ਸੀਟ ਮਿਲਣਾ ਪਾਰਟੀ ਦੇ ਵਾਜੂਦ ਦੇ ਗਹਿਰੇ ਸੰਕਟ ਨੂੰ ਦਿਖਾਉਂਦਾ ਹੈ।ਅਕਾਲੀ ਦਲ ਨੂੰ ਨਵੇਂ ਸਿਰੇ ਤੋਂ ਸੋਚਣ ਅਤੇ ਸ਼ੁਰੂਆਤ ਕਰਨ ਦੀ ਲੋੜ ਹੈ।

ਉਤਮ ਸੰਚਾਰ, ਪੰਥਕ ਮੁਦਿਆਂ ਆਪਸੀ ਏਕਤਾ ਉਪਰ ਸਹਿਮਤੀ ਬਣਾਉਣਾ ਅਤਿਅੰਤ ਜਰੂਰੀ ਹੈ।ਕਿਸੇ ਖਾਸ ਸਖਸ਼ੀਅਤ ਦਾ ਸੰਗਠਨ  ਉਪਰ ਹਾਵੀ ਹੋਣ ਦਾ ਅਰਥ ਅਕਾਲੀ ਦਲ ਨੂੰ ਬਰਬਾਦੀ ਦੇ ਰਾਹੇ ਪਾਉਣਾ ਹੈ। ਸੰਵਾਦ ਦੋ ਧੜਿਆਂ ਵਿਚਕਾਰ ਸਿਰਫ਼ ਇੱਕ ਸਧਾਰਨ ਗੱਲਬਾਤ ਨਹੀਂ ਹੈ, ਸਗੋਂ ਨਵੇਂ, ਰਚਨਾਤਮਕ, ਸੰਪੂਰਨ ਵਿਚਾਰਾਂ ਨੂੰ ਸਾਹਮਣੇ ਲਿਆਉਣ ਦਾ ਮੁੱਖ ਤਰੀਕਾ ਹੈ ਜਿਸ ਉਪਰ ਸਿਖ ਪੰਥ ਦੀ ਸਹਿਮਤੀ ਹੋ ਸਕੇ।ਇਸਲਈ ਇਹ ਨਾ ਸਿਰਫ਼ ਪੰਥਕ ਸਮੱਸਿਆ ਤੇ ਅਕਾਲੀ ਸੰਕਟ ਦੇ ਹੱਲ ਵਿੱਚ ਉਪਯੋਗੀ ਹੈ, ਸਗੋਂ ਸਿਖ ਰਾਜਨੀਤਿਕ ਸਿਧਾਂਤਕਾਰੀ ਅਤੇ ਮਨੁੱਖੀ ਬੁੱਧੀ ਦੇ ਇੱਕ ਨਵੇਂ ਅਤੇ ਉੱਚੇ ਰੂਪ ਦਾ ਗੁਰਮਤਿ ਆਧਾਰ ਵੀ ਹੈ।

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੇ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥

 

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ

9815700916