ਬਾਦਲ ਦਲ ਵੱਲੋਂ ਕੌਮ ਪ੍ਰਤੀ ਕੀਤੀਆ ਬਜਰ ਗੁਸਤਾਖੀਆਂ ਅਤੇ ਗੈਰ-ਜਿੰਮੇਵਰਾਨਾਂ ਅਮਲਾਂ ਦੀ ਬਦੌਲਤ ਹੀ ਪਾਰਟੀ ਹੋਈ ਦੋਫਾੜ : ਮਾਨ

ਬਾਦਲ ਦਲ ਵੱਲੋਂ ਕੌਮ ਪ੍ਰਤੀ ਕੀਤੀਆ ਬਜਰ ਗੁਸਤਾਖੀਆਂ ਅਤੇ ਗੈਰ-ਜਿੰਮੇਵਰਾਨਾਂ ਅਮਲਾਂ ਦੀ ਬਦੌਲਤ ਹੀ ਪਾਰਟੀ ਹੋਈ ਦੋਫਾੜ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 26 ਜੂਨ ( ਮਨਪ੍ਰੀਤ ਸਿੰਘ ਖਾਲਸਾ):- “ਅਕਾਲੀ ਦਲ ਬਾਦਲ ਪਾਰਟੀ ਜੋ ਅੱਜ ਦੋ ਗਰੁੱਪਾਂ ਵਿਚ ਵੰਡੀ ਗਈ ਹੈ, ਉਸ ਪਿੱਛੇ ਪ੍ਰਤੱਖ ਕਾਰਨ ਇਹ ਹਨ ਕਿ ਇਨ੍ਹਾਂ ਨੇ ਮੁਤੱਸਵੀ ਹਿੰਦੂਤਵ ਬੀਜੇਪੀ ਪਾਰਟੀ ਦਾ ਗੁਲਾਮ ਬਣਕੇ 1996 ਵਿਚ ਮੋਗਾ ਵਿਖੇ ਅਕਾਲੀ ਦਲ ਦੀ 75ਵੀ ਵਰ੍ਹੇਗੰਢ ਮਨਾਉਦੇ ਹੋਏ ਕੀਤੇ ਗਏ ਮੋਗਾ ਇਕੱਠ ਵਿਚ ਪਾਰਟੀ ਦੀ ਪੰਥਕ ਅਤੇ ਪੰਜਾਬ ਪ੍ਰਤੀ ਦਿੱਖ ਨੂੰ ਖਤਮ ਕਰਕੇ, ਆਪਣੇ ਭਾਈਵਾਲ ਮੁਤੱਸਵੀ ਜਮਾਤ ਬੀਜੇਪੀ ਨੂੰ ਖੁਸ ਕਰਨ ਲਈ ਪੰਜਾਬੀ ਪਾਰਟੀ ਦੇ ਤੌਰ ਤੇ ਨਵੀ ਪੰਥ ਵਿਰੋਧੀ ਪਹਿਚਾਣ ਦੇ ਦਿੱਤੀ । ਉਸ ਉਪਰੰਤ ਇਹ ਅਕਾਲੀ ਦਲ ਬਾਦਲ ਆਪਣੀ ਪੰਥਕ ਸਿਧਾਤਾਂ, ਸੋਚ ਤੋ ਦਿਨ-ਬ-ਦਿਨ ਨਿਘਾਰ ਵੱਲ ਜਾਂਦਾ ਰਿਹਾ ਅਤੇ ਅੱਜ ਪੰਜਾਬੀਆਂ ਤੇ ਖਾਲਸਾ ਪੰਥ ਦੇ ਮਨਾਂ ਤੇ ਆਤਮਾਵਾ ਵਿਚ ਬਿਲਕੁਲ ਮਨਫੀ ਹੋ ਕੇ ਰਹਿ ਗਿਆ ਹੈ ਅਤੇ ਸਿਆਸੀ ਖੇਤਰ ਵਿਚ ਹਾਸੀਏ ਤੇ ਪਹੁੰਚ ਚੁੱਕਾ ਹੈ । ਉਪਰੰਤ ਬੀਜੇਪੀ ਦੀ ਫਿਰਕੂ ਸੋਚ ਨੂੰ ਪੂਰਨ ਕਰਦੇ ਹੋਏ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੇ ਨਿਰੰਤਰ ਅਜਿਹੀਆ ਅਨੇਕਾ ਗੁਸਤਾਖੀਆ ਕੀਤੀਆ ਜਿਸ ਨਾਲ ਇਹ ਪਾਰਟੀ ਸਿੱਖ ਕੌਮ ਤੇ ਪੰਜਾਬੀਆਂ ਦੀ ਨੁਮਾਇੰਦਗੀ ਕਰਨ ਦੀ ਬਜਾਇ ਇਕ ਬਾਦਲ ਪਰਿਵਾਰ ਵਿਚ ਸੀਮਤ ਹੋ ਕੇ ਰਹਿ ਗਈ । ਹਰ ਤਰ੍ਹਾਂ ਦੇ ਪੰਥਕ, ਪੰਜਾਬ ਪ੍ਰਤੀ ਗੰਭੀਰ ਮੁੱਦਿਆ ਤੋ ਮੂੰਹ ਮੋੜਨ ਦੀ ਬਦੌਲਤ ਇਹ ਸਿਆਸੀ ਜਮਾਤ ਦਾ ਸਤਿਕਾਰ ਮਾਣ ਮਨਫੀ ਹੋ ਕੇ ਰਹਿ ਗਿਆ । ਇਹੀ ਵਜਹ ਹੈ ਕਿ ਅੱਜ ਇਸ ਪੰਜਾਬ ਦੀ ਸਿਆਸੀ ਜਮਾਤ ਦੋਫਾੜ ਹੋ ਕੇ ਸਾਹਮਣੇ ਆਈ ਹੈ । ਜਦੋ ਤੱਕ ਇਸ ਵਿਚ ਵਿਚਰਣ ਵਾਲੇ ਆਗੂ ਖਾਲਸਾ ਪੰਥ ਦੀ ਅਗਵਾਈ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਨੀਤੀਆ ਅਤੇ ਸੋਚ ਉਤੇ ਪਹਿਰਾ ਦੇਣ ਦੇ ਅਮਲ ਨਹੀ ਕਰਦੇ, ਉਸ ਸਮੇ ਤੱਕ ਇਹ ਜਮਾਤ ਅਤੇ ਇਸ ਜਮਾਤ ਵਿਚਲੀ ਪੰਜਾਬੀਆਂ ਅਤੇ ਸਿੱਖ ਕੌਮ ਵੱਲੋ ਦੁਰਕਾਰੀ ਗਈ ਲੀਡਰਸਿਪ ਆਪਣੇ ਆਪ ਨੂੰ ਕਦਾਚਿੱਤ ਪੰਜਾਬੀਆਂ ਤੇ ਸਿੱਖ ਕੌਮ ਵਿਚ ਜੀਵਤ ਨਹੀ ਰੱਖ ਸਕੇਗੀ ਅਤੇ ਨਾ ਹੀ ਆਪਣੇ ਖਤਮ ਹੋ ਚੁੱਕੇ ਵਿਸਵਾਸ ਨੂੰ ਫਿਰ ਤੋ ਪ੍ਰਾਪਤ ਕਰ ਸਕੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਕਾਲੀ ਦਲ ਬਾਦਲ ਦੀ ਸਿਆਸੀ ਜਮਾਤ ਦੇ ਦੋਫਾੜ ਹੋਣ ਉਤੇ ਨਿਰੰਤਰ ਲੰਮੇ ਸਮੇ ਤੋ ਪੰਥਕ ਸੋਚ ਅਤੇ ਮੁੱਦਿਆ ਨੂੰ ਪਿੱਠ ਦੇਣ, ਇਸਨੂੰ ਪੰਜਾਬੀ ਪਾਰਟੀ ਬਣਾਉਣ ਅਤੇ ਮੁਤੱਸਵੀ ਫਿਰਕੂ ਬੀਜੇਪੀ ਤੇ ਆਰ.ਐਸ.ਐਸ. ਵਰਗੀ ਜਮਾਤ ਦੇ ਗੁਲਾਮ ਬਣਕੇ ਵਿਚਰਣ ਨੂੰ ਇਸ ਹੋਈ ਦੋਫਾੜ ਲਈ ਜਿੰਮੇਵਾਰ ਠਹਿਰਾਉਦੇ ਹੋਏ, ਬਿਨ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕੌਮੀ ਪਾਲਸੀ ਨੂੰ ਪ੍ਰਵਾਨ ਕਰਨ ਤੋ ਆਪਣੇ ਲੋਕਾਂ ਵਿਚ ਫਿਰ ਤੋ ਜੀਵਤ ਹੋਣ ਲਈ ਹੋਰ ਕੋਈ ਰਾਹ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜਾਬ ਵਿਚ ਬੇਅਦਬੀਆ ਹੋਈਆ ਅਤੇ ਸਿੱਖ ਕੌਮ ਤੇ ਸਿੱਖ ਲੀਡਰਸਿਪ ਨੇ ਬਰਗਾੜੀ ਬਹਿਬਲ ਕਲਾਂ ਵਿਖੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸ਼ਾਂਤਮਈ ਧਰਨੇ ਦਿੱਤੇ ਤਾਂ ਬਾਦਲ ਦਲ ਦੀ ਉਸ ਸਮੇ ਪੰਜਾਬ ਸਰਕਾਰ ਦੇ ਡੀਜੀਪੀ ਸੁਮੇਧ ਸੈਣੀ ਅਤੇ ਪੁਲਿਸ ਵੱਲੋ ਸ਼ਾਂਤਮਈ ਧਰਨੇ ਉਤੇ ਗੋਲੀ ਚਲਾਕੇ ਦੋ ਸਿੱਖਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਨੂੰ ਸ਼ਹੀਦ ਕਰਨ, ਕੋਟਕਪੂਰਾ, ਬੁਰਜ ਜਵਾਹਰ ਸਿੰਘ ਵਿਖੇ ਹੋਏ ਉਪੱਦਰਾਂ ਲਈ ਸਿੱਖ ਕੌਮ ਨੂੰ ਕੋਈ ਇਨਸਾਫ਼ ਨਾ ਦੇਣ ਦੀ ਬਦੌਲਤ ਉਸ ਸਮੇ ਹੀ ਇਹ ਬਾਦਲ ਦਲ ਪੰਜਾਬੀਆਂ ਤੇ ਸਿੱਖ ਕੌਮ ਦੇ ਮਨਾਂ ਵਿਚ ਤੇਜ਼ੀ ਨਾਲ ਮਨਫੀ ਹੋਣਾ ਸੁਰੂ ਹੋ ਗਿਆ ਸੀ । ਫਿਰ ਸਾਜਸੀ ਢੰਗ ਨਾਲ ਇਨ੍ਹਾਂ ਅਧੀਨ ਚੱਲ ਰਹੇ ਪ੍ਰਬੰਧ ਵਾਲੀ ਐਸ.ਜੀ.ਪੀ.ਸੀ ਦੇ ਅਧਿਕਾਰੀਆ ਦੀ ਮਿਲੀਭੁਗਤ ਰਾਹੀ 328 ਪਾਵਨ ਸਰੂਪ ਲਾਪਤਾ ਹੋਣੇ, ਸਿਰਸੇਵਾਲੇ ਸੌਦਾ ਸਾਧ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੀ ਗੁਸਤਾਖੀ ਕੀਤੀ, ਉਸ ਨੂੰ ਕੌਮੀ ਲੀਹਾਂ ਅਤੇ ਰਵਾਇਤਾ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਸਜ਼ਾ ਦੇਣ ਦੀ ਬਜਾਇ ਉਸਨੂੰ ਮੁਆਫ ਕਰਵਾਉਣ ਦੀ ਬਜਰ ਗੁਸਤਾਖੀ, ਭਾਈ ਗੁਰਦੇਵ ਸਿੰਘ ਕਾਊਕੇ ਦੀ ਸ਼ਹਾਦਤ ਦੀ ਪੜਚੋਲ ਕਰਨ ਵਾਲੀ ਤਿਵਾੜੀ ਰਿਪੋਰਟ ਅਨੁਸਾਰ ਅਮਲ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ, ਬਲਿਊ ਸਟਾਰ ਦੇ ਫ਼ੌਜੀ ਹਮਲੇ ਲਈ ਮਰਹੂਮ ਇੰਦਰਾ ਗਾਂਧੀ ਨੂੰ ਸਹਿਮਤੀ ਦੇਣ, ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਨ ਵਾਲੀ ਕਾਤਲ ਪੁਲਿਸ ਅਫਸਰਸਾਹੀ ਨੂੰ ਬਾਦਲ ਪਰਿਵਾਰ ਵੱਲੋ ਤਰੱਕੀਆ ਦੇਣ, ਆਪਣੀਆ ਪੰਜਾਬ ਦੀਆਂ ਹਕੂਮਤਾਂ ਸਮੇ ਸਜਾਵਾਂ ਪੂਰੀਆ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਕੋਈ ਵੀ ਸੰਜੀਦਗੀ ਭਰਿਆ ਅਮਲ ਨਾ ਕਰਨ, ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਮੁਤੱਸਵੀ ਹੁਕਮਰਾਨਾਂ ਨਾਲ ਰਲਕੇ 14 ਸਾਲਾਂ ਤੋ ਨਾ ਹੋਣ ਦੇਣ, ਪੰਜਾਬ ਦੇ ਕੀਮਤੀ ਪਾਣੀਆਂ ਨੂੰ ਆਪਣੇ ਨਿੱਜੀ ਹਿੱਤਾ ਲਈ ਦੂਸਰੇ ਸੂਬਿਆਂ ਅਤੇ ਸੈਟਰ ਨੂੰ ਦੇਣ, ਇਥੋ ਦੀ ਪੈਦਾ ਹੋਣ ਵਾਲੀ ਬਿਜਲੀ ਦੂਸਰੇ ਸੂਬਿਆਂ ਨੂੰ ਦੇਣ, ਪੰਜਾਬੀ ਬੋਲੀ ਨਾਲ ਨਿਰੰਤਰ ਇਨ੍ਹਾਂ ਵੱਲੋ ਬੇਇਨਸਾਫ਼ੀ ਕਰਦੇ ਰਹਿਣ, ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਵਿਚ ਸਾਮਿਲ ਕਰਨ ਲਈ ਕੋਈ ਸੁਹਿਰਦ ਯਤਨ ਨਾ ਕਰਨ ਅਤੇ ਸੈਟਰ ਦੀਆਂ ਹਕੂਮਤਾਂ ਦੇ ਜ਼ਬਰ ਜੁਲਮਾਂ ਅੱਗੇ ਹਰ ਵਾਰੀ ਗੋਡੇ ਟੇਕ ਕੇ ਪੰਜਾਬ ਸੂਬੇ ਤੇ ਪੰਜਾਬੀਆਂ ਦੀ ਲੁਟਾਈ ਕਰਵਾਉਣ ਦੇ ਅਤਿ ਗੰਭੀਰ ਕਾਰਨ ਹਨ ।