ਗੋਬਿੰਦ ਗੁਰੂ...

ਗੋਬਿੰਦ ਗੁਰੂ...

ਭਾਰਤ ਦੇ ਉੱਤਰ ਪੱਛਮ ਵਿਚ
ਉੱਚੀਆਂ ਸਿਖਰਾਂ ਦੇ ਵਿਚ ਘਿਰੀ
ਇਕ ਟੁਕੜੀ ਪਾਵਨ ਧਰਤੀ ਦੀ
ਜਿੱਥੇ ਕਿਰਨਾਂ ਸੂਰਜ ਦੀਆਂ
ਸੱਤ ਸਿੰਙ ਪਹਾੜੀ ਸਿਖਰਾਂ ਦੇ
ਹਰ ਸ਼ਾਮ ਸਵੇਰੇ ਰੰਗਦੀਆਂ
ਜਿੱਥੇ ਪਰਕਿਰਤੀ ਸ਼ਾਂਤ-ਪਈ
ਉੱਤੇ ਲੈ ਚਾਦਰ ਬਰਫ਼ਾਂ ਦੀ
ਜਿੱਥੇ ਚਸ਼ਮੇ ਚੁੱਪ ਦੇ ਵਹਿੰਦੇ
ਤੇ ਹੇਮ ਕੁੰਡ ਜਿਸ ਨੂੰ ਕਹਿੰਦੇ
ਛੱਡ ਐਸੇ ਸ਼ਾਂਤ ਚੁਗਿਰਦੇ ਨੂੰ
ਰਣ-ਤੱਤੇ ਦੇ ਵਿਚ ਕੌਣ ਆਇਆ ?
ਗੋਬਿੰਦ ਗੁਰੂ ! ਗੋਬਿੰਦ ਗੁਰੂ !!

ਸੱਜੇ ਹੱਥ ਨੇਜ਼ਾ ਲੋਹੇ ਦਾ
ਜੋ ਚਿੰਨ੍ਹ ਵੱਜਰ ਤੇ ਰੋਹੇ ਦਾ
ਖੱਬੇ ਹੱਥ ਚਿੱਟਾ ਬਾਜ ਫੜੀ
ਜੋ ਹੈ ਪ੍ਰਤੀਕ ਬ੍ਰਿਹਸਪਤਿ ਦਾ
ਤੇ ਰਿਸ਼ੀਆਂ ਨੇ ਜਿਸ ਨੂੰ ਲਿਖਿਆ
ਵਿਚ ਰਿਗਵੇਦ ਦੇ 'ਗਾਯਤਰੀ' ।
ਪਹਿਨੀ ਨੀਲੇ ਰੰਗ ਦੇ ਬਸਤਰ
ਜਿਸ ਰੰਗ 'ਤੇ ਹੋਰ ਨਾ ਰੰਗ ਚੜ੍ਹੇ
ਜਗਮਗ ਕਰਦੇ ਸ਼ਸਤਰ ਅਸਤਰ
ਜੋ ਹਨ ਪ੍ਰਤੀਕ ਅਮਰਤਾ ਦੇ
ਮੋਢੇ ਬ੍ਰਹਿਮੰਡੀ ਧਨੁਸ਼ ਧਰੀ
ਭੱਥੇ ਕਿਰਨਾਂ ਦੇ ਬਾਣ ਭਰੀ
ਦਸਤਾਰ ਤੇ ਤੋੜਾ ਗਿਟੀਆਂ ਦਾ
ਤਨ ਤਾਰਿਆਂ ਦੀ ਸੰਜੋਅ ਜੜੀ
ਗਗਨਾਂ ਦੇ ਨੀਲੇ ਘੋੜੇ 'ਤੇ
ਪਾ ਚੰਨ ਦੀ ਕਾਠੀ ਕੌਣ ਆਇਆ ?
ਗੋਬਿੰਦ ਗੁਰੂ ! ਗੋਬਿੰਦ ਗੁਰੂ !!

ਜੇ ਪਿਤਾ ਹਿੰਦ ਦੀ ਚਾਦਰ ਸੀ
ਤਾਂ ਹਿੰਦ ਦੀ ਜਿੰਦ ਗੋਬਿੰਦ ਗੁਰੂ
ਮਿੱਤਰ ਗਣ ਲਈ ਬਿੰਦ ਅੰਮ੍ਰਿਤ ਦੀ
ਸ਼ਤਰੂ ਗਣ ਲਈ ਮਿਰਗਿੰਦ ਗੁਰੂ
ਰਣ ਤੱਤੇ ਦੇ ਵਿਚ ਵੱਜਰ ਨਿਰਾ
ਵਿਚ ਕੋਮਲਤਾ ਅਰਵਿੰਦ ਗੁਰੂ ।
ਦੂਤਾਂ ਲਈ ਸੂਈ ਦਾ ਨੱਕਾ
ਤੇ ਸੰਤਾਂ ਦੇ ਲਈ ਸਿੰਧ ਗੁਰੂ ।
ਸੰਤਾਂ ਮਾਨੋ ਦੂਤਾ ਡਾਨੋ
ਦਾ ਨਾਹਰਾ ਲਾ ਕੇ ਕੌਣ ਆਇਆ ?
ਗੋਬਿੰਦ ਗੁਰੂ ! ਗੋਬਿੰਦ ਗੁਰੂ !!

 

ਪ੍ਰੋਫੈਸਰ ਮੋਹਣ ਸਿੰਘ