1947 ਦੀ ਦੇਸ ਵੰਡ,ਪੰਜਾਬ ਦਾ ਦਰਦ

1947 ਦੀ ਦੇਸ ਵੰਡ,ਪੰਜਾਬ ਦਾ ਦਰਦ

ਦੇਸ ਵੰਡ ਨਾਲ ਸਬੰਧਿਤ ਸਚੀਆਂ ਦਾਸਤਾਨਾਂ

ਜਥੇਦਾਰ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ 47 ਵੰਡ ਦੇ ਦੰਗਿਆਂ ਦੌਰਾਨ ਮਾਰੇ ਪੰਜਾਬੀਆਂ ਦੀ ਅਰਦਾਸ ਹੋਵੇ

ਜਦੋਂ ਮੈਂ ਪੰਜ ਸਾਲ ਦਾ ਸੀ ਤਾਂ ਮੇਰਾ ਦਾਦਾ ਬਾਬਾ ਹਰਨਾਮ ਸਿੰਘ ਜੀ ਮੈਨੂੰ ਆਪਣੇ ਕੰਧਾੜੇ ਚੁਕ ਕੇ ਗੁਰਦੁਆਰੇ ਲੈ ਜਾਂਦੇ। ਉਹ ਪਹਿਲਾਂ ਨਿਸ਼ਾਨ ਸਾਹਿਬ ਅਗੇ ਮਥਾ ਟੇਕਦੇ ,ਫਿਰ ਸਲੂਟ ਕਰਦੇ।ਮੈਂ ਬਾਬਾ ਜੀ ਤੋਂ ਪੁਛਦਾ ਤੁਸੀਂ ਨਿਸ਼ਾਨ ਸਾਹਿਬ ਅਗੇ ਮੱਥਾ ਕਿਉਂ ਟੇਕਦੇ ਹੋ ਸਲੂਟ ਕਿਉਂ ਕਰਦੇ ਹੋ।

ਉਹ ਕਹਿਣ ਲਗੇ ਕਿ ਅਸੀਂ ਆਪਣੇ ਗੁਰੂ ਦੇ ਨਿਸ਼ਾਨ ਅਗੇ ਝੁਕਦੇ ਹਾਂ ਤਾਂ ਜੋ ਸਾਡੇ ਪੰਥ ਦਾ ਸਿਰ ਹਮੇਸ਼ਾ ਇਸ ਨਾਲ ਉਚਾ ਰਹਿ ਸਕੇ। ਸਾਡੇ ਅੰਦਰ ਸਰਬਤ ਦੇ ਭਲੇ ਦੀ ਰੀਤ ਜਿਉਂਦੀ ਰਹੇ ਜੋ ਸਾਡੇ ਸਤਿਗੁਰੂ ਨੇ ਬਖਸ਼ੀ ਹੈ।

ਇਹ ਸ਼ਬਦ ਮੈਨੂੰ ਹੁਣ ਤਕ ਚੇਤੇ ਹਨ।ਮੈਂ ਬਾਕੀਆਂ ਬਚਿਆਂ ਵਾਂਗ ਜਿਦ ਕਰਦਾ ਉਹ ਮੈਨੂੰ ਪੰਦਰਾ ਅਗਸਤ ਵਾਂਗ ਅਜਾਦੀ ਦੀ ਪਰੇਡ ਉਪਰ ਲੈ ਜਾਂਦੇ।ਪਰ ਉਥੇ ਉਹਨਾਂ ਦੀਆਂ ਅਖਾਂ ਨਮ ਹੋ ਜਾਦੀਆਂ।

ਜਦੋਂ ਮੈਂ ਉਹਨਾਂ ਵਲ ਦੇਖਦਾ ਤਾਂ ਉਹਨਾਂ ਨਾਲ ਚੰਬੜ ਜਾਂਦਾ।ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਬਾਬੇ ਦੀਆਂ ਅਖਾਂ ਵਿਚ ਹੰਝੂ ਕਿਉਂ ਨੇ?

ਇਕ ਵਾਰ ਬਾਬਾ ਜੀ ਦਸਣ ਲਗੇ ਕਿ ਸੰਤਾਲੀ ਵੰਡ ਵਿਚ ਤੇਰਾ ਪੜਦਾਦਾ ਤੇ ਛੋਟਾ ਤਾਇਆ ਹਿੰਦੂ -ਸਿਖਾਂ ਦੇ ਕਾਫਲੇ ਬਚਾਉਂਦਾ ਧਾੜਵੀਆਂ ਨਾਲ ਲੜਦਾ ਮਾਰਿਆ ਗਿਆ।

ਉਹ ਕਹਿੰਦੇ ਹਨ, "ਅਸੀਂ ਸਭ ਕੁਝ ਛੱਡ ਕੇ ਆ ਗਏ, ਬਸ ਆਪਣੀ ਜਾਨ ਬਚਾਈ ਅਤੇ ਆ ਗਏ। ਸਾਡੀਆਂ ਜਮੀਨਾਂ ਗਵਾਚ ਗਈਆਂ,ਲਹਿੰਦੇ ਪੰਜਾਬ ਦੇ ਮੁਕਾਬਲੇ ਚੜ੍ਹਦੇ ਪੰਜਾਬ ਵਿਚ ਸਾਨੂੰ ਘੱਟ ਜ਼ਮੀਨ ਮਿਲੀ ਤੇ ਜਿਸ ਵਿੱਚੋਂ ਖੇਤੀ ਹੇਠਲਾ ਰਕਬਾ ਵੀ ਤੁਲਨਾ ਵਿੱਚ ਘੱਟ ਹੀ ਸੀ।ਸਾਡਾ ਆਦਰ ਸਤਿਕਾਰ ਜੋ ਲੋਕ ਕਰਦੇ ਸਨ ਉਹ ਗਵਾਚਿਆ ,ਸਾਡਾ ਲਾਹੌਰ ਗਵਾਚਿਆ ਜਿਥੇ ਅਸੀਂ ਰਾਜ ਕੀਤਾ ਜੋ ਸਾਡੀ ਰਾਜਧਾਨੀ ਸੀ।ਸਾਡਾ ਨਨਕਾਣਾ ,ਸਾਡਾ ਕਰਤਾਰਪੁਰ ਗਵਾਚਿਆ ਜਿਥੋਂ ਸਾਨੂੰ ਕਿਰਤ ਕਰਨ ,ਨਾਮ ਜਪਣ ,ਵੰਡ ਛੱਕਣ ਦਾ ਫਲਸਫਾ ਮਿਲਿਆ।ਸਾਡੇ ਰਿਸ਼ਤੇ ਕਤਲ ਹੋਏ,ਬਚੀਆਂ ਗੁੰਮ ਹੋਈਆਂ।ਔਰਤਾਂ ਦੀ ਬੇਪਤੀ ਕੀਤੀ ਗਈ। ਬਲਾਤਕਾਰ ਕੀਤੇ ਗਏ ਤੇ ਇੱਥੇ ਹੀ ਬੱਸ ਨਹੀਂ ਦੂਜੇ ਧਰਮ ਦੀਆਂ ਔਰਤਾਂ ਦੇ ਸਰੀਰਕ ਅੰਗਾਂ ਨੂੰ ਵੱਢ ਸੂਰਮਗਤੀ ਦਰਸਾਉਣ ਦਾ ਘਿਣਾਉਣਾ ਕੰਮ ਵੀ ਸ਼ੁਰੂ ਹੋ ਗਿਆ।ਦੁਨੀਆ ਦੇ ਇਤਿਹਾਸ ਵਿੱਚ 1947 ਵਿੱਚ ਸਭ ਤੋਂ ਵੱਡਾ ਪਲਾਇਨ ਵਾਪਰਿਆ।ਉਹਨਾਂ ਦੀਆਂ ਅੱਖਾਂ ਵਿਚੋਂ ਹੰਝੂ ਕਿਰਨ ਲਗੇ।

ਇਹ ਸਾਡੀ ਦਾਸਤਾਨ ਹੈ।ਮੈਂ ਸਮਝਦਾ ਹਾਂ ਕਿ ਅਕਾਲ ਤਖਤ ਸਾਹਿਬ ਵਿਖੇ ਸੰਤਾਲੀ ਦੀ ਕਟ ਵਢ ਵਿਚ ਮਰੇ ਪੰਜਾਬੀਆਂ ਦੀ ਅਰਦਾਸ ਜਥੇਦਾਰ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਹੋਣੀ ਚਾਹੀਦੀ ਹੈ। ਇਹ ਸ਼ਲਾਘਾਯੋਗ ਇਤਿਹਾਸਕ ਉਦਮ ਹੋਵੇਗਾ।

ਇਹ ਵੰਡ ਨਹੀਂ ਹੋਣੀ ਚਾਹੀਦੀ ਸੀ।ਸਿਆਸਤ ਦਾਨਾਂ ਦਾ ਕੋਈ ਧਰਮ ਨਹੀਂ ਹੁੰਦਾ ਧਰਮ ਦੇ ਨਾਮ ਉਪਰ ਲੜਾਈਆਂ ਫਿਰਕਾਪ੍ਰਸਤੀ ਇਹਨਾਂ ਦੀ ਦੇਣ ਹੈ ਜਿਸਨੇ ਭਾਰਤ ਵੰਡਿਆ ਸਾਡਾ ਪੰਜਾਬ ਵੰਡਿਆ।

ਮੇਰੇ ਪੁਰਖਿਆਂ ਦਾ ਦਰਦ ਮੇਰਾ ਦਰਦ ਹੈ।

ਪੰਜ ਦਰਿਆਵਾਂ ਦੀ ਧਰਤੀ ਪੰਜਾਬ ਸਾਰਿਆਂ ਭਾਈਚਾਰਿਆਂ ਵਿਚੋਂ ਰਾਸ਼ਟਰੀ ਪੱਧਰ ਦਾ ਕੋਈ ਨੇਤਾ ਨਾ ਪੈਦਾ ਕਰ ਸਕੀ ਅਤੇ ਇਹ ਇਤਿਹਾਸ ਦੇ ਅਤਿ-ਨਾਜ਼ੁਕ ਮੌੜ ਤੇ ਇਸ ਲਈ ਤਬਾਹੀ ਦਾ ਸਬੱਬ ਬਣਿਆ।ਪੰਜਾਬ ਦਾ ਦੁਖਾਂਤ ਇਸੇ ਘਾਟ ਵਿਚੋਂ ਉਪਜਿਆ।

ਪੰਜਾਬ ਦੀ ਲੀਡਰਸ਼ਿਪ ਪੰਜਾਬ ਵਿਚ ਹੀ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਨਾਲ ਹੀ ਸੰਤੁਸ਼ਟ ਸੀ।ਸਿੱਖ ਲੀਡਰਸ਼ਿਪ ਵੀ ਇਸ ਰਵਾਇਤੀ ਕਮਜ਼ੋਰੀ ਦਾ ਸ਼ਿਕਾਰ ਸੀ।ਇਸ ਤੋਂ ਇਲਾਵਾ ਸਿੱਖ ਲੀਡਰਸ਼ਿਪ ਦੇ ਸਾਹਮਣੇ ਤੇਜ ਤਰਾਰ ਯੋਗ ਲੁੰਬੜ ਵਰਗੀ ਚਲਾਕ ਲੀਡਰਸ਼ਿਪ ਜਿਵੇਂ ਨਹਿਰੂ, ਗਾਂਧੀ ਅਤੇ ਜਿਨਾਹ ਆਦਿ ਸਨ ਜਿਸ ਨੇ ਸਿਖ ਲੀਡਰਸ਼ਿਪ ਨੂੰ ਸਵੈ-ਰੱਖਿਆਤਮਕ ਸਥਿਤੀ ਵਿਚ ਪਾ ਦਿੱਤਾ।

ਸਭ ਤੋਂ ਮਹੱਤਵਪੂਰਨ ਸਿੱਖਾਂ ਦੀ ਪ੍ਰਮੁੱਖ ਪਾਰਟੀ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਲਗਾਤਾਰ ਬਦਲ ਰਹੀ ਰਾਜਨੀਤਿਕ ਸਥਿਤੀ ਨੂੰ ਸਮਝਣ ,ਹਲ ਭਾਲਣ ਅਤੇ ਹੁੰਗਾਰਾ ਦੇਣ ਦੀ ਲਚਕਤਾ ਅਤੇ ਯੋਗਤਾ ਦੀ ਘਾਟ ਸੀ।ਉਨ੍ਹਾਂ ਨੇ ਦੂਜੇ ਭਾਈਚਾਰਿਆਂ ਨਾਲ ਸੰਵਾਦ ਵਿਚੋਂ ਨਿਕਲਣ ਵਾਲੇ ਸੰਭਾਵੀ ਬਦਲ ਨੂੰ ਅਖੋਂ ਪਰੋਖੇ ਕਰ ਦਿੱਤਾ।

ਰਾਜਨੀਤੀ ਵਿਚ ਸੰਵਾਦੀ ਤਰਕ ,ਰਾਜਸੀ ਸੂਝ ਬੂਝ ਉਸ ਸਮੇਂ ਦੀ ਲੋੜ ਸੀ, ਪਰ ਉਸ ਸਮੇਂ ਦੀ ਅਕਾਲੀ ਲੀਡਰਸ਼ਿਪ ਬ੍ਰਿਟਿਸ਼ ਸਲਾਹ ਤੇ ਕਾਂਗਰਸੀਆਂ ਆਗੂਆਂ ਦੇ ਲਾਰਿਆਂ ਉੱਤੇ ਜਿਆਦਾ ਨਿਰਭਰ ਰਹੀ, ਪਰ ਵਿਵਹਾਰਕ ਰੂਪ ਵਿਚ ਗਲਤ ਤੇ ਸਿਖ ਬਰਬਾਦੀ ਦੇ ਫੈਸਲੇ ਲਏ। ਅਜਿਹੀ ਲੀਡਰਸ਼ਿਪ ਵਿਚੋਂ ਹੀ ਬਾਦਲਕੇ ਨਿਕਲੇ।

ਅਜੇ ਤਕ ਅਸੀਂ ਆਪਣੀ ਲੀਡਰਸ਼ਿਪ ਦਾ ਵਿਸ਼ਲੇਸ਼ਣ ਨਹੀਂ ਕਰ ਸਕੇ ਜਥੇਬੰਦ ਕਿਵੇਂ ਹੋਈਏ ਲੀਡਰ ਦੀ ਚੋਣ ਕਿਵੇਂ ਕਰੀਏ ,ਸਮੂਹ ਪੰਜਾਬੀਆਂ ਦੀ ਅਗਵਾਈ ਕਿਵੇਂ ਕਰੀਏ।ਮੇਰੀ ਵਾਹਿਗੁਰੂ ਅਗੇ ਅਰਦਾਸ ਹੈ ਸਰਹਦਾਂ ਖਤਮ ਹੋਣ ਦਰਬਾਰ ਸਾਹਿਬ ਕਰਤਾਰਪੁਰ ਆਪਸ ਵਿਚ ਆ ਮਿਲਣ ,ਸਰਬਤ ਦੇ ਭਲੇ ਦੀ ਅਰਦਾਸ ਲਗਾਤਾਰ ਜਾਰੀ ਰਹੇ।

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ।

 

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ

9815700916