ਪਹਿਲੀ ਵਾਰ ਉੱਪ ਰਾਸ਼ਟਰਪਤੀ ’ਤੇ ਅਵਿਸ਼ਵਾਸ

ਪਹਿਲੀ ਵਾਰ ਉੱਪ ਰਾਸ਼ਟਰਪਤੀ ’ਤੇ ਅਵਿਸ਼ਵਾਸ

ਸੰਸਦ ਦਾ ਸਰਦ ਰੁੱਤ ਇਜਲਾਸ ਚੱਲ ਰਿਹਾ ਹੈ। ਹੁਣ ਤੱਕ ਸਰਕਾਰ ਤੇ ਵਿਰੋਧੀ ਧਿਰ ਦੇ ਵਿੱਚ ਸੁਰ ਬਹੁਤੀ ਮਿਲਦੀ ਨਹੀਂ ਜਾਪਦੀ ਸਗੋਂ ਤਿੱਖੀ ਜਾਪਦੀ ਹੈ।

ਭਾਵੇਂ ਕਿ ਕੋਸ਼ਿਸ਼ ਸੈਸ਼ਨ ਤੋਂ ਪਹਿਲਾਂ ਵੀ ਇਹ ਸੀ ਕਿ ਤਿਆਰੀ ਇਸ ਤਰੀਕੇ ਨਾਲ ਕੀਤੀ ਜਾਵੇ ਕਿ ਵਿਰੋਧੀ ਧਿਰ ਨੂੰ ਕੁਸਕਣ ਨਾ ਦਿੱਤਾ ਜਾਵੇ। ਵਿਰੋਧੀ ਧਿਰ ਨੇ ਅਡਾਨੀ ਮੈਟਰ ਉੱਤੇ ਡੀਬੇਟ ਦੀ ਮੰਗ ਕੀਤੀ ਸੀ ਪਰ ਉਸ ਮੰਗ ਨੂੰ ਅੱਖੋਂ ਝਰੋਖੇ ਕਰ ਦਿੱਤਾ ਗਿਆ ਪਰ ਲੰਘੇ ਦਿਨੀਂ ਰਾਜਸਥਾਨ ਦੇ ਇੱਕ ਈਵੈਂਟ ਵਿੱਚ ਨਰਿੰਦਰ ਮੋਦੀ ਤੇ ਅਡਾਨੀ ਨੂੰ ਇਕੱਠਿਆਂ ਵੇਖਿਆ ਗਿਆ। ਕਾਂਗਰਸ ਭਾਵ ਵਿਰੋਧੀ ਪਾਰਟੀ ਦਾ ਦੋਸ਼ ਹੈ ਕਿ ਜਗਦੀਪ ਧਨਖੜ ਹਾਊਸ ਨੂੰ ਭਾਰਤੀ ਜਨਤਾ ਪਾਰਟੀ ਦੇ ਤਰੀਕੇ ਦੇ ਨਾਲ ਚਲਾ ਰਹੇ ਹਨ। ਵਿਰੋਧੀ ਧਿਰ ਦੇ ਕੋਲ 70 ਸਾਂਸਦਾਂ ਦੇ ਇਸ ਮਸਲੇ ਦੇ ਵਿੱਚ ਸਹਿਮਤੀ ਦੇ ਦਸਤਖ਼ਤ ਹਨ ਪਰ ਜੇ ਸਭ ਨੂੰ ਇਕੱਠਾ ਕਰਨ ਤਾਂ 103 ਸਾਂਸਦਾਂ ਦੇ ਦਸਤਖ਼ਤ ਹੋ ਜਾਣ ਤਾਂ ਵੀ ਮਹਾਂਦੋਸ਼ ਦਾ ਮਤਾ ਨਹੀਂ ਲਿਆ ਸਕਦੇ ਸਨ ਪਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਭਾਰਤੀ ਜਨਤਾ ਪਾਰਟੀ ਨੂੰ ਕਿ ਉਹਨਾਂ ਦੇ ਤਰੀਕੇ ਦੇ ਨਾਲ ਹਾਊਸ ਨਹੀਂ ਚੱਲੇਗਾ। ਇਹ ਪਹਿਲੀ ਵਾਰ ਹੈ ਕਿ ਰਾਜਸਭਾ ਦੇ ਕਿਸੇ ਚੇਅਰਮੈਨ ਦੇ ਖ਼ਿਲਾਫ਼ ਮਹਾਂਦੋਸ਼ ਦਾ ਮਤਾ ਪਾਸ ਕਰਨ ਦੀ ਕਵਾਇਦ ਹੋਵੇ। ਜਿਥੋਂ ਤੱਕ ਜਗਦੀਪ ਧਨਖੜ ਦੀ ਗੱਲ ਹੈ ਤਾਂ ਬੜੇ ਵੱਲ ਫੇਰ ਦੇ ਨਾਲ ਇਸ ਅਹੁੱਦੇ ਤੱਕ ਪਹੁੰਚੇ ਹਨ। ਰਾਜਸਥਾਨ ਦੇ ਵਿੱਚ ਝੁੰਝਨੂ ਨਾਮ ਦਾ ਇੱਕ ਪੁਰਾਣਾ ਸ਼ਹਿਰ ਹੈ। ਸ਼ਹਿਰ ਦਾ ਨਾਮ ਅਸੀਂ ਤਾਂ ਲੈ ਰਹੇ ਹਾਂ ਜਦੋਂ 1951 ਦੇ ਵਿੱਚ ਪਹਿਲੀ ਵਾਰ ਭਾਰਤ ਦੀਆਂ ਚੋਣਾਂ ਹੋਣ ਵਾਲੀਆਂ ਸਨ ਤਾਂ ਉਸ ਸਮੇਂ ਇੱਕ ਜਾਟ ਪਰਿਵਾਰ ਦੇ ਵਿੱਚ ਜਗਦੀਪ ਧਨਖੜ ਨੇ ਜਨਮ ਲਿਆ ਸੀ। ਜੋ ਅੱਜ ਕੱਲ੍ਹ ਰਾਜ ਸਭਾ ਦੇ ਵਿੱਚ ਸੁਰਖ਼ੀਆਂ ਬਟੋਰ ਰਹੇ ਹਨ। ਪੇਸ਼ੇ ਦੇ ਤੌਰ ’ਤੇ ਇਹ ਵਕੀਲ ਰਹੇ ਤੇ ਉਹ ਵੀ ਸੰਵਿਧਾਨਿਕ ਮਾਮਲਿਆ ਦੇ ਰਹੇ। ਬਾਰ ਕੌਂਸਲ ਦੇ ਵਿੱਚ ਲੰਬੇ ਸਮੇਂ ਤੱਕ ਵਕਾਲਤ ਕਰਨ ਤੋਂ ਬਾਅਦ ਇਹ ਵੀ. ਪੀ. ਸਿੰਘ ਦੇ ਜਨਤਾ ਦਲ ਨਾਲ ਜੁੜੇ। 1989 ਦੇ ਵਿੱਚ ਚੋਣ ਜਿੱਤੇ, ਝੁੰਝਨੂ ਵਿੱਚ ਸਾਂਸਦ ਬਣੇ ਤੇ ਅੱਜ ਤੱਕ ਅਲੱਗ ਅਲੱਗ ਝਾਂਜਰ ਦੇ ਘੁੰਗਰੂ ਬਣੇ ਰਹੇ ਨੇ। ਵੀ. ਪੀ. ਸਰਕਾਰ ਡਿੱਗੀ ਤੇ ਚੰਦਰ ਸ਼ੇਖਰ ਸਰਕਾਰ ਬਣੀ ਸਿੱਧੇ ਸੰਸਦਕਾਰਜ ਮੰਤਰੀ ਬਣ ਗਏ। 1993 ਦੇ ਵਿੱਚ ਕਾਂਗਰਸ ਦੀ ਟਿਕਟ ’ਤੇ ਕਿਸ਼ਨਗੜ੍ਹ ਤੋਂ ਵਿਧਾਇਕੀ ਜਿੱਤੀ, ਪਰ ਕਾਂਗਰਸ ਹਾਰੀ। 1998 ਤੱਕ ਉਹਨਾਂ ਦੀ ਝਣਕਾਰ ਕਾਂਗਰਸ ਵਿਚੋਂ ਖ਼ਤਮ ਹੋ ਗਈ। 2003 ਵਿੱਚ ਹਵਾ ਦੀ ਰਮਜ਼ ਪਛਾਣੀ ਤੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। 14 ਸਾਲ ਦੇ ਵਿੱਚ ਇਹ ਉਹਨਾਂ ਦਾ ਚੌਥਾ ਦਲ ਸੀ। ਭਾਜਪਾ ਵਿੱਚ ਆ ਕੇ 17-18 ਸਾਲ ਪਾਰਟੀ ਦੇ ਲੀਗਲ ਸੈੱਲ ਦੇ ਮਾਮੂਲੀ ਕੰਮ ਕਰਦੇ ਰਹੇ ਤੇ ਇੱਕ ਦਿਨ ਉਹਨਾਂ ਦੇ ਭਾਗ ਖੁੱਲ ਗਏ। ਇਸ ਬਗਲੇ ਭਗਤ ਨੂੰ ਝਾੜ ਪੂੰਝ ਕੇ ਸਿੱਧਾ ਰਾਜ ਭਵਨ ਦੇ ਵਿੱਚ ਬੈਠਾ ਦਿੱਤਾ। ਪੱਛਮੀ ਬੰਗਾਲ ਦੇ ਰਾਜਪਾਲ ਦੇ ਰੂਪ ਵਿੱਚ ਇਹਨਾਂ ਦੀ ਛਣਕਾਰ ਕਾਫ਼ੀ ਰਹੀ। ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਰਾਜਪਾਲ ਇੱਕ ਨਾਮਾਤਰ ਮੁਖੀ ਮੰਨਿਆ ਜਾਂਦਾ ਹੈ ਪਰ 2019 ਤੋਂ ਬਾਅਦ ਅਲੱਗ ਦੌਰ ਹੋ ਗਿਆ। ਮੁੱਖ ਕੰਮ ਇਹ ਰਹਿ ਗਿਆ ਕਿ ਬਹੁਤ ਸਾਰੇ ਮੁੱਦਿਆਂ ਨੂੰ ਲਟਕਾਈ ਰੱਖਣਾ, ਮੁੱਖ ਮੰਤਰੀ ਦੇ ਨਾਲ ਵਾਦ ਵਿਵਾਦ ਕਰਨੇ ਆਦਿ ਇਹੋ ਜਿਹੇ ਕਈ ਬਿੰਦੂਆਂ ’ਤੇ ਧਨਖੜ ਸਾਹਿਬ ਨੇ ਹਾਈ ਸਕੋਰ ਹਾਸਲ ਕੀਤਾ। ਸੁਣਨ ਵਿੱਚ ਇਹ ਵੀ ਆਇਆ ਹੈ ਕਿ ਰੋਜ ਰੋਜ ਟਵੀਟ ਕਰਨ ਤੋਂ ਤੰਗ ਆ ਕੇ ਮਮਤਾ ਬੈਨਰਜੀ ਨੇ ਆਪਣੇ ਟਵਿੱਟਰ ਤੋਂ ਇਸ ਨੂੰ ਬਲਾਕ ਵੀ ਕਰ ਦਿੱਤਾ ਸੀ। 

​​​​​​ਉੱਪ ਰਾਸ਼ਟਰਪਤੀ ਦਾ ਅਹੁਦਾ ਉਂਝ ਤਾਂ ਇੱਕ ਸਟੀਪਣੀ ਦੀ ਤਰ੍ਹਾਂ ਪਿੱਛੇ ਬੈਠੇ ਰਹਿਣ ਦੇ ਲਈ ਬਣਾਇਆ ਗਿਆ ਹੈ ਪਰ ਉੱਪ ਰਾਸ਼ਟਰਪਤੀ ਨੂੰ ਰੁਝੇਂਵੇਂ ਵਿੱਚ ਰੱਖਣ ਦੇ ਲਈ ਇਹ ਪ੍ਰਬੰਧ ਕੀਤਾ ਗਿਆ ਹੈ ਕਿ ਇਹ ਰਾਜ ਸਭਾ ਦੇ ਸਭਾਪਤੀ ਵੀ ਹੁੰਦੇ ਨੇ ਪਰ ਧਨਖੜ ਦਿਨ ਰਾਤ ਸਦਨ ਵਿੱਚ ਬੈਠਦੇ ਨੇ, ਉਹਨਾਂ ’ਤੇ ਮਖੌਲ ਵੀ ਬਣਦੇ ਨੇ। ਕਦੇ ਕਦੇ ਉਹ ਟਰੋÇਲੰਗ ਤੋਂ ਦੁਖੀ ਵੀ ਹੁੰਦੇ ਹਨ। ਕਦੇ ਮਿਮਕਰੀ ਭਾਵ ਨਕਲ ਤੋਂ ਪ੍ਰੇਸ਼ਾਨ ਹੁੰਦੇ ਨੇ। ਇਸ ਤੋਂ ਇਲਾਵਾ ਸਮਾਂ ਬਚੇ ਤਾਂ ਉਹ ਸੰਸਦ ਸਸਪੈਂਡ ਵੀ ਕਰਦੇ ਨੇ, ਤੇ ਦੂਜੇ ਦਿਨ ਖੁਦ ਹੀ ਸੰਸਦੀ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਵੀ ਐਲਾਨ ਕਰ ਦਿੰਦੇ ਨੇ। ਚਕਵੇਂ ਚੁੱਲ੍ਹੇ ਦੀ ਤਰ੍ਹਾਂ ਕਦੇ ਰਾਜੀਵ ਗਾਂਧੀ ਦੇ ਖ਼ਿਲਾਫ਼ ਖੜੇ, ਵੀ. ਪੀ.ਸਿੰਘ ਦੇ ਨਾਲ ਰਹੇ, ਫਿਰ ਉਹਨਾਂ ਦੇ ਖ਼ਿਲਾਫ਼ ਤੇ ਚੰਦਰ ਸ਼ੇਖ਼ਰ ਦੇ ਨਾਲ, ਫਿਰ ਉਸ ਦੇ ਖ਼ਿਲਾਫ਼ ਤੇ ਕਾਂਗਰਸ ਦੇ ਨਾਲ, ਫਿਰ ਉਸ ਦੇ ਖ਼ਿਲਾਫ਼ ਤੇ ਭਾਜਪਾ ਦੇ ਨਾਲ ਅੱਜ ਖੜੇ ਨੇ ਸਾਬਕਾ ਸਾਂਸਦ ਧਨਖੜ। ਵੈਸੇ ਅੱਜ ਕੱਲ੍ਹ ਓਮ ਬਿਰਲਾ ਨੂੰ ਪਛਾੜਦੇ ਨਜ਼ਰ ਆ ਰਹੇ ਨੇ ਧਨਖੜ ਸਾਹਿਬ। 

 ਜਗਦੀਪ ਧਨਖੜ ਦੇ ਸਿਆਸੀ ਸਫ਼ਰ ਤੋਂ ਬਾਅਦ ਗੱਲ ਕਰੀਏ ਤਾਂ ਵਿਰੋਧੀ ਧਿਰ ਲਗਾਤਾਰ ਦੋਸ਼ ਲਗਾ ਰਹੀ ਹੈ ਕਿ ਇਹਨਾਂ ਦਾ ਰਾਜ ਸਭਾ ਦੇ ਚੇਅਰਮੈਨ ਵਜੋਂ ਵਿਵਹਾਰ ਪੱਖਪਾਤੀ ਰਿਹਾ ਹੈ। ਇੰਡੀਆ ਗਠਜੋੜ ਦੀਆਂ ਪਾਰਟੀਆਂ ਨੇ ਕਿਹਾ ਕਿ ਸਾਨੂੰ ਇੱਕ ਤਕਲੀਫ਼ਦੇਹ ਫੈਸਲਾ ਕਰਨਾ ਪਿਆ ਪਰ ਲੋਕਰਾਜ ਦੇ ਹਿੱਤਾਂ ਦੇ ਲਈ, ਰਾਖੀ ਕਰਨ ਦੇ ਲਈ ਕਦਮ ਪੁੱਟਣਾ ਜ਼ਰੂਰੀ ਸੀ। ਭਾਵੇਂ ਕਿ ਕਿਰਨ ਰਿਜਜੂ, ਜੋ ਕਿ ਭਾਜਪਾ ਨੇਤਾ ਤੇ ਸੰਸਦੀ ਮਾਮਲਿਆਂ ਦੇ ਮੰਤਰੀ ਨੇ, ਕਿਹਾ ਕਿ ਅਜਿਹਾ ਮਤਾ ਲਿਆ ਕੇ ਵਿਰੋਧੀ ਧਿਰ ਅਹੁਦੇ ਦੀ ਮਰਿਆਦਾ ਨੂੰ ਠੇਸ ਪਹੁੰਚਾ ਰਹੀ ਹੈ। ਭਾਜਪਾ ਦੇ ਰਾਜਸਭਾ ਮੈਂਬਰ ਨੇ ਇਥੋਂ ਤਕ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵਿਰੋਧੀ ਧਿਰ ਨੂੰ ਸੰਵਿਧਾਨਿਕ ਅਮਲ ਦੀ ਸਮਝ ਹੀ ਨਹੀਂ ਹੈ। ਅਸਲ ਵਿੱਚ ਸੰਸਦ ਦੇਸ਼ ਦੇ ਲੋਕਾਂ ਦੇ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਇੱਕ ਵੱਡਾ ਪਲੇਟਫ਼ਾਰਮ ਹੈ, ਪਰ ਸਾਡੇ ਨੇਤਾ ਲੋਕਾਂ ਨੇ ਲੜਾਈ ਝਗੜੇ ਤੇ ਖੁੰਦਕ ਬਾਜੀ ਦਾ ਮੰਚ ਉਲੀਕ ਲਿਆ ਹੈ। ਇੱਕ ਦੂਜੇ ਦੇ ਉੱਤੇ ਦੂਸ਼ਣਬਾਜੀ ਕਰਕੇ ਤੇ ਬਣਦੇ ਤਨਖ਼ਾਹਾਂ ਭੱਤੇ ਵਸੂਲ ਕਰ ਲੈਂਦੇ ਨੇ। ਲੋਕਾਂ ਦੇ ਮਸਲੇ ਵੀ ਖੜੇ ਰਹਿੰਦੇ ਨੇ ਤੇ ਜਨਤਾ ਦਾ ਪੈਸਾ ਵੀ ਬਰਬਾਦ ਹੁੰਦਾ ਹੈ। ਚਾਹੀਦਾ ਤਾਂ ਇਹ ਹੈ ਕਿ ਦੋਵੇਂ ਧਿਰਾਂ ਇੱਕ ਦੂਜੇ ਦੀ ਮਰਿਆਦਾ ਤੇ ਮਾਣ ਦਾ ਖ਼ਿਆਲ ਰੱਖਣ ਪਰ ਦੋਵਾਂ ਧਿਰਾਂ ਵਿਚਾਲੇ ਇਹ ਖ਼ਲਾਅ ਸਾਡੇ ਲੋਕਰਾਜ ਦੇ ਲਈ ਕੋਈ ਚੰਗਾ ਸੁਨੇਹਾ ਨਹੀਂ ਹੈ। ਅਜਿਹੇ ਮਾਹੌਲ ਨੂੰ ਵੇਖ ਕੇ ਦੁਸ਼ਿਅੰਤ ਕੁਮਾਰ ਦੀਆਂ ਲਾਈਨਾਂ ਯਾਦ ਆਉਂਦੀਆਂ ਨੇ ‘‘ਜਿਸ ਤਰ੍ਹਾਂ ਚਾਹੋ ਵਜਾਓ ਓਸ ਸਭਾ ਮੇਂ , ਯੇ ਨਹੀਂ ਹੈ ਆਦਮੀ ਯੇ ਝੁਣਝੁਣੇ ਹੈਂ।’’

 

ਸੰਪਾਦਕੀ