ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ, ਪੰਜਾਬੀਆਂ ਲਈ ਆਸ ਦੀ ਕਿਰਨ ਜਾਂ ਫਿਰ ਹਨ੍ਹੇਰਾ
ਅੰਮ੍ਰਿਤਸਰ ਟਾਈਮਜ਼ ਬਿਉਰੋ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਇੰਚਾਰਜ ਹਰੀਸ਼ ਰਾਵਤ ਨਵੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਥਾਪਨਾ ਦੌਰਾਨ ਇੱਕ ਮੰਚ ਸਾਂਝਾ ਕੀਤਾ।ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਅਤੇ ਚਾਰੇ ਕਾਰਜਕਾਰੀ ਪ੍ਰਧਾਨਾਂ ਨੂੰ ਮੁਬਾਰਕਬਾਦ ਦਿੱਤੀ । ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਨਾ ਤਾਂ ਬਾਦਲ ਦਿਸਣਗੇ ਅਤੇ ਨਾ ਹੀ ਮਜੀਠੀਆ ਨਜ਼ਰ ਆਉਣਗੇ ਕਿਉਂਕਿ ਹੁਣ ਮੈਂ ਤੇ ਨਵਜੋਤ ਸਿੰਘ ਸਿੱਧੂ ਹੀ ਪੰਜਾਬ ਦੀ ਵਾਗਡੋਰ ਸੰਭਾਲਣਗੇ ।ਕੈਪਟਨ ਅਮਰਿੰਦਰ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪਿਤਾ ਹੀ ਉਨ੍ਹਾਂ ਨੂੰ ਸਿਆਸਤ ਵਿੱਚ ਲੈ ਕੇ ਆਏ ਸਨ । ਇਸ ਲਈ ਹੁਣ ਅਸੀਂ ਪੰਜਾਬ ਵਿੱਚ ਹੀ ਨਹੀਂ ਦੇਸ਼ ਦੀ ਸਿਆਸਤ ਵਿੱਚ ਵੀ ਇਕੱਠੇ ਚੱਲਾਂਗੇ । ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਦੀ ਕੁਰਸੀ ਨੂੰ ਸੰਭਾਲਦੇ ਹੋਏ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਚੱਲ ਰਹੀ ਕਿਸਾਨੀ ਸੰਘਰਸ਼ ਤੇ ਬੋਲਦਿਆਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਪਵਿੱਤਰ ਹੈ, ਕਿਉਂ ਕਿ ਉਹ ਕੇਵਲ ਤੇ ਕੇਵਲ ਆਪਣੇ ਲਈ ਨਹੀਂ ਲੜ ਰਹੇ ਸਗੋਂ ਉਹ ਹਰ ਇਕ ਇਨਸਾਨ ਦੇ ਲਈ ਲੜ ਰਹੇ ਨੇ ਜੋ ਆਪਣਾ ਢਿੱਡ ਭਰਨ ਦੇ ਲਈ ਰੋਟੀ ਖਾਂਦੇ ਹਨ । ਇਸ ਅੰਦੋਲਨ ਤੋਂ ਸਾਨੂੰ ਸਭ ਨੂੰ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਤਿੰਨ ਲੱਖ ਕਰੋੜ ਦਾ ਕਰਜ਼ਾ ਸਰਕਾਰ ਉੱਤੇ ਨਹੀਂ ਇਹ ਪੂਰੇ ਪੰਜਾਬ ਉੱਤੇ ਹੈ ।ਕਿਸਾਨੀ ਪੱਖੀ ਗੱਲ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮਿਲਣ ਦਾ ਸੱਦਾ ਦਿੱਤਾ ਹੈ ।ਨਵਜੋਤ ਸਿੰਘ ਸਿੱਧੂ ਨੇ ਖੁਦ ਇਸ ਗੱਲ ਨੂੰ ਬਿਆਨ ਕੀਤਾ ਹੈ ਕਿ ਉਹ ਕਿਸਾਨਾਂ ਨੂੰ ਮਿਲਣਾ ਚਾਹੁੰਦੇ ਹਨ । ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮਸਲਿਆਂ ਉੱਤੇ ਗੱਲ ਕਰਦੇ ਕਿਹਾ ਕਿ ਮਸਲਾ ਕੇਵਲ ਅਹੁਦਿਆਂ ਦਾ ਨਹੀਂ, ਕੀ ਅਹੁਦਾ ਮਿਲ ਗਿਆ ਤਾਂ ਕੰਮ ਖਤਮ ਸਗੋਂ ਇਸ ਨਾਲ ਇਕ ਨਵੀਂ ਹੋਰ ਜ਼ਿੰਮੇਵਾਰੀ ਪੈ ਜਾਂਦੀ ਹੈ । ਇਸ ਤੋਂ ਅੱਗੇ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਪੰਜਾਬ ਵਿਚ ਜੋ ਇਸ ਸਮੇਂ ਸਭ ਤੋਂ ਵੱਡੇ ਮਸਲੇ ਹਨ ਉਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ , ਕਿਸਾਨਾਂ ਦਾ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਮਸਲਾ, ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਦੇਣ ਦਾ ਮਸਲਾ ਅਤੇ ਸੱਚ ਨੂੰ ਇਨਸਾਫ ਦੇਣ ਦਾ ਮਸਲਾ ਜਿਸ ਨੂੰ ਕਾਂਗਰਸ ਪਾਰਟੀ ਹੱਲ ਕਰੇਗੀ ।
ਨਵਜੋਤ ਸਿੰਘ ਸਿੱਧੂ ਆਪਣੀ ਤਾਜਪੋਸ਼ੀ ਸਮਾਗਮ ਤੋਂ ਬਾਅਦ ਮੋਗਾ ਨੇੜੇ ਪਿੰਡ ਲੁਹਾਰਾ ਕੋਲ ਵਾਪਰੇ ਭਿਆਨਕ ਹਾਦਸੇ ਵਾਲੀ ਥਾਂ ਉੱਤੇ ਜਾਣਗੇ । ਦੱਸਣਯੋਗ ਹੈ ਕਿ ਜ਼ੀਰਾ ਕੋਲ ਪਿੰਡ ਮਲਸੀਆਂ ਵਿਖੇ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਆ ਰਹੇ ਲੋਕਾਂ ਨਾਲ ਸੜਕ ਹਾਦਸਾ ਵਾਪਰਿਆ ਜਿਸ ਵਿਚ 3 ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ ਜਦ ਕਿ 37 ਦੇ ਕਰੀਬ ਜ਼ਖ਼ਮੀ ਹਾਲਤ ਵਿੱਚ ਜ਼ੇਰੇ ਇਲਾਜ ਲਈ ਹਨ। ਦੱਸਣਯੋਗ ਹੈ ਕਿ ਪੰਜਾਬ ਦੀ ਰਾਜ ਨੈਤਿਕ ਸਿਆਸਤ ਵਿੱਚ ਨਵਜੋਤ ਸਿੰਘ ਸਿੱਧੂ ਇਕ ਭੂਚਾਲ ਦੀ ਤਰ੍ਹਾਂ ਆਏ ਹਨ ਪਰ ਇਹ ਸਮਾਂ ਹੀ ਤੈਅ ਕਰੇਗਾ ਕਿ ਇਹ ਭੂਚਾਲ ਦੂਜੀਆਂ ਪਾਰਟੀਆਂ ਨੂੰ ਤਹਿਸ ਨਹਿਸ ਕਰੇਗਾ ਜਾਂ ਫਿਰ ਜੁਮਲਿਆਂ ਦੀ ਬਰਸਾਤ ਹੀ ਕਰੇਗਾ । ਕਹਿਣ ਤੋਂ ਭਾਵ ਇਸ ਸਮੇਂ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ ਉਹ ਬਹੁਤ ਹੀ ਨਾਜ਼ੁਕ ਹਨ ਕਿਉਂਕਿ ਇਕ ਪਾਸੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤੇ ਦੂਜੇ ਪਾਸੇ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਲਗਾਤਾਰ ਪੈਂਦੀ ਨਜ਼ਰ ਆ ਰਹੀ ਹੈ । ਜੇਕਰ ਇਸ ਸਮੇਂ ਸਿਆਸਤੀ ਢਾਂਚੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਰਾਜ ਵਿਚ ਰਾਜਨੈਤਿਕ ਸਿਆਸਤ ਆਪਣੇ ਚਰਨ ਸੀਮਾ ਉੱਤੇ ਹੈ । ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਹਨ ਪਰ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਕੋਈ ਵੀ ਸਮੇਂ ਸੀਮਾ ਨਿਸ਼ਚਿਤ ਨਹੀਂ ਕੀਤੀ ਜਾਂਦੀ । ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਲੋਕ ਕੇਵਲ ਇੰਤਜ਼ਾਰ ਹੀ ਕਰਦੇ ਹਨ । ਸੋ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਦਾ ਇਹ ਨਵਾਂ ਚਿਹਰਾ ਲੋਕਾਂ ਦੀਆਂ ਉਮੀਦਾਂ ਤਕ ਕਿੱਥੋਂ ਤਕ ਖਰਾ ਉਤਰੇਗਾ ।
Comments (0)