ਇਨਸਾਫ ਦੀ ਉਡੀਕ 'ਚ ਬੈਠੇ ਮੌੜ ਧਮਾਕੇ ਦੇ ਪੀੜਤ ਪਰਿਵਾਰਾਂ ਵਲੋਂ ਡੇਰਾ ਸਿਰਸਾ ਮੁਖੀ ਦੇ ਕੁੜਮ ਕਾਂਗਰਸੀ ਖਿਲਾਫ ਪ੍ਰਦਰਸ਼ਨ
ਮੌੜ ਮੰਡੀ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌੜ ਮੰਡੀ ਵਿਖੇ ਕਾਂਗਰਸੀ ਆਗੂ ਹਰਮਿੰਦਰ ਜੱਸੀ ਦੀ ਚੌਣ ਰੈਲੀ ਦੌਰਾਨ ਹੋਏ ਬੰਬ ਧਮਾਕੇ ਵਿਚ ਮਾਰੇ ਗਏ ਮਾਸੂਮ ਬੱਚਿਆਂ ਦੇ ਮਾਪਿਆਂ ਨੂੰ ਅੱਜ ਤਕ ਆਪਣੇ ਪਿਆਰਿਆਂ ਦੀ ਮੌਤ ਦਾ ਇਨਸਾਫ ਨਹੀਂ ਮਿਲਿਆ। ਇਨਸਾਫ ਦੀ ਉਡੀਕ ਵਿਚ ਬੈਠੇ ਇਹਨਾਂ ਪੀੜਤ ਮਾਪਿਆਂ ਦਾ ਗੁੱਸਾ ਕਲ੍ਹ ਕਾਂਗਰਸੀ ਆਗੂ ਹਰਮਿੰਦਰ ਜੱਸੀ ਖਿਲਾਫ ਨਿਕਲਿਆ ਜਦੋਂ ਉਹ ਸਥਾਨਕ ਅਨਾਜ ਮੰਡੀ ਵਿਚ ਰੈਲੀ ਕਰ ਰਿਹਾ ਸੀ। ਇਸ ਦੌਰਾਨ ਜੱਸੀ ਜਿੱਥੇ ਪਿਛਲੇ ਸਮੇਂ ਦੌਰਾਨ ਵੱਡੇ ਵਿਕਾਸ ਕਾਰਜ ਕਰਵਾਉਣ ਦਾ ਦਾਅਵਾ ਕਰਦੇ ਰਹੇ ਉੱਥੇ ਦੂਜੇ ਪਾਸੇ 31 ਜਨਵਰੀ 2016 ਨੂੰ ਬੰਬ ਧਮਾਕੇ ਦੌਰਾਨ ਮਾਰੇ ਗਏ ਮਾਸੂਮ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਲਈ ਇਨਸਾਫ ਤੇ ਬੰਬ ਕਾਂਡ ਵਿੱਚ ਜ਼ਖਮੀ ਹੋਏ ਪਿੰਡ ਮੌੜ ਕਲਾਂ ਦੇ ਜਸਕਰਨ ਸਿੰਘ ਲਈ ਸਹਾਇਤਾ ਦੀ ਮੰਗਦੇ ਰਹੇ।
ਕੱਲ੍ਹ ਜਿਵੇਂ ਹੀ ਬੰਬ ਕਾਂਡ ਪੀੜਤ ਮਾਪੇ ਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਘਟਨਾ ਸਥਾਨ ਨੇੜੇ ਇਕੱਤਰ ਹੋਣੇ ਸ਼ੁਰੂ ਹੋਏ ਤਾਂ ਸਮੁੱਚੇ ਇਕੱਠ ਨੂੰ ਪੁਲੀਸ ਨੇ ਰੋਕ ਲਿਆ। ਪੁਲੀਸ ਟੀਮ ਦੀ ਅਗਵਾਈ ਐਸਪੀ (ਡੀ) ਬਲਰਾਜ ਸਿੰਘ ਅਤੇ ਡੀਐੈਸਪੀ ਜਗਦੀਸ਼ ਸਿੰਘ ਬਿਸ਼ਨੋਈ ਨੇ ਕੀਤੀ। ਇਸ ਮੌਕੇ ਪਿੰਡ ਮੌੜ ਕਲਾਂ ਵਾਸੀ ਧਮਾਕੇ ਵਿੱਚ ਜ਼ਖ਼ਮੀ ਹੋਏ ਜਸਕਰਨ ਸਿੰਘ ਨੂੰ ਮੰਜੇ ’ਤੇ ਪਾ ਕੇ ਬੰਬ ਕਾਂਡ ਪੀੜਤਾਂ ਨਾਲ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਇਸ ਦੌਰਾਨ ਪੀੜਤ ਮਾਪਿਆਂ ਵੱਲੋਂ ਪੰਜਾਬ ਸਰਕਾਰ ਤੇ ਹਰਮੰਦਰ ਜੱਸੀ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਕਿਰਨ ਹਸਪਤਾਲ ਤੋਂ ਅੱਗੇ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਕਰ ਦਿੱਤੀ।
ਵਿਰੋਧ ਪ੍ਰਦਰਸ਼ਨ ਕਰਦੇ ਹੋਏ ਪੀੜਤ
ਇਸ ਮੌਕੇ ਗੁਰਪ੍ਰੀਤ ਸਿੰਘ ਕੋਟਲੀ, ਅਮਨਦੀਪ ਸਿੰਘ, ਪਾਲਾ ਸਿੰਘ ਮਾਨ, ਗਿਆਨ ਚੰਦ ਨੇ ਕਿਹਾ ਕਿ ਦੋ ਸਾਲ ਪਹਿਲਾਂ ਕਾਂਗਰਸੀ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੀ ਚੋਣ ਰੈਲੀ ਮੌਕੇ ਹੋਏ ਬੰਬ ਧਮਾਕੇ ਨੇ ਪੀੜਤ ਮਾਪਿਆਂ ਨੂੰ ਉਮਰ ਭਰ ਦੇ ਨਾ ਭੁੱਲਣਯੋਗ ਜ਼ਖਮ ਦਿੱਤੇ ਹਨ ਪਰ ਕਾਂਗਰਸ ਦੇ ਹਲਕਾ ਇੰਚਾਰਜ ਜੱਸੀ ਨੇ ਪੀੜਤਾਂ ਦੇ ਜ਼ਖਮਾਂ ਦਾ ਦਰਦ ਘੱਟ ਕਰਨ ਦੀ ਥਾਂ ਚੋਣ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਬੰਬ ਕਾਂਡ ਜ਼ਖਮੀ ਜਸਕਰਨ ਸਿੰਘ ਆਪਣੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਲੰਘਾ ਰਿਹਾ ਹੈ ਪਰ ਇਨ੍ਹਾਂ ਆਗੂਆਂ ਨੇ ਉਸ ਦੀ ਕਦੇ ਬਾਤ ਨਹੀਂ ਪੁੱਛੀ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕਾਂਗਰਸੀ ਆਗੂ ਨੂੰ ਵੋਟਾਂ ਮੰਗਣ ਲਈ ਆਪਣੇ ਪਿੰਡ ਵਿੱਚ ਦਾਖਲ ਨਹੀਂ ਹੋਣ ਦੇਣਗੇ।
ਪ੍ਰਦਰਸ਼ਨਕਾਰੀਆਂ ਨੇ ਜਿਉਂ ਹੀ ਮੰਡੀ ਦੇ ਸਿਵਲ ਹਸਪਤਾਲ ਬਜ਼ਾਰ ਵੱਲ ਵਧਣਾ ਸ਼ੁਰੂ ਕੀਤਾ ਤਾਂ ਪੁਲੀਸ ਅਧਿਕਾਰੀਆਂ ਨਾਲ ਬੰਬ ਕਾਂਡ ਪੀੜਤ ਤੇ ਪਿੰਡ ਵਾਸੀਆਂ ਦੀ ਝੜਪ ਹੋ ਗਈ। ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਪੁਲੀਸ ਨੇ ਸਿਵਲ ਹਸਪਤਾਲ ਕੋਲ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ। ਇਸ ਮੌਕੇ ਪ੍ਰਸ਼ਾਸਨ ਵੱਲੋਂ ਪੁੱਜੇ ਤਹਿਸੀਲਦਾਰ ਨੇ ਪੀੜਤਾਂ ਦੀ ਆਵਾਜ਼ ਡਿਪਟੀ ਕਮਿਸ਼ਨਰ ਤੱਕ ਪਹੁਚਾਉਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਬੰਬ ਕਾਂਡ ਪੀੜਤਾਂ ਨੇ ਪ੍ਰਦਰਸ਼ਨ ਅਗਲੇ ਸੰਘਰਸ਼ ਤੱਕ ਮੁਲਤਵੀ ਕਰ ਦਿੱਤਾ। ਇਸ ਮੌਕੇ ਵੱਡੀ ਗਿਣਤੀ ’ਚ ਕਾਂਗਰਸ ਪਾਰਟੀ ਦੇ ਇੱਕ ਧੜੇ ਦੇ ਅਹੁਦੇਦਾਰ ਤੇ ਆਗੂ ਵੀ ਹਾਜ਼ਰ ਸਨ।
ਜਾਂਚ ਡੇਰਾ ਸਿਰਸਾ ਵੱਲ ਘੁੰਮਣ ਤੋਂ ਬਾਅਦ ਕੀਤੀ ਠੱਪ
ਗੌਰਤਲਬ ਹੈ ਕਿ ਮੌੜ ਮੰਡੀ ਧਮਾਕੇ ਦੇ ਮਾਮਲੇ ਵਿਚ ਪਹਿਲਾਂ ਭਾਰਤੀ ਮੀਡੀਆ ਅਤੇ ਪੁਲਿਸ ਨੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਪਰ ਬਾਅਦ ਵਿਚ ਜਦੋਂ ਇਸ ਧਮਾਕੇ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜਾ ਜੁੜੀਆਂ ਅਤੇ ਡੇਰਾ ਸਿਰਸਾ ਵਿਚ ਇਸ ਧਮਾਕੇ ਦੀ ਸਾਜਿਸ਼ ਰਚਣ ਦੇ ਸਬੂਤ ਸਾਹਮਣੇ ਆਉਣ ਲੱਗੇ ਤਾਂ ਇਸ ਧਮਾਕੇ ਦੀ ਜਾਂਚ ਨੂੰ ਠੱਪ ਕਰ ਦਿੱਤਾ ਗਿਆ।
ਦੱਸਣ ਯੋਗ ਹੈ ਕਿ ਕਾਂਗਰਸੀ ਆਗੂ ਹਰਮਿੰਦਰ ਜੱਸੀ ਦੀ ਧੀ ਹੁਸਨਪ੍ਰੀਤ ਇੰਸਾਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਪੁੱਤਰ ਜਸਮੀਤ ਇੰਸਾਂ ਨਾਲ ਵਿਆਹੀ ਹੋਈ ਹੈ ਅਤੇ ਹਰਮਿੰਦਰ ਜੱਸੀ ਬਲਾਤਕਾਰ ਦੇ ਦੋਸ਼ਾਂ ਵਿਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਆਪਣਾ ਗੁਰੂ ਮੰਨਦਾ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)