ਮਨਜਿੰਦਰ ਸਿੰਘ ਸਿਰਸਾ ਤੇ ਲੱਗ ਰਹੇ ਦੋਸ਼ਾਂ ਦੀ ਦਿੱਲੀ ਕਮੇਟੀ ਵਲੋਂ ਜਾਂਚ ਦੀ ਮੰਗ ਕਿਉਂ ਨਹੀਂ.?: ਰਣਜੀਤ ਕੌਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 18 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਯੂਨਿਟ ਦੇ ਇਸਤਰੀ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਨੇ ਮਨਜਿੰਦਰ ਸਿੰਘ ਸਿਰਸਾ ਤੇ ਲੱਗ ਰਹੇ ਦੋਸ਼ਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਜਦੋ ਕਿਸੇ ਤੇ ਗੁਰੂਘਰ ਨੂੰ ਵਰਤਦਿਆਂ ਫੰਡਾ ਦੀ ਵੱਡੀ ਪੱਧਰ ਤੇ ਹੇਰਾਫੇਰੀ ਹੋਈ ਹੋਵੇ ਓਹ ਪੰਥ ਸਹਿਣ ਨਹੀਂ ਕਰ ਸਕਦਾ ਹੈ । ਉਨ੍ਹਾਂ ਨੇ ਕਿਹਾ ਕਿ ਕਮੇਟੀ ਦਾ ਫਰਜ਼ ਬਣਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਤੇ ਲੱਗ ਰਹੇ ਦੋਸ਼ਾਂ ਕਾਰਣ ਕਮੇਟੀ ਦੀ ਬਦਨਾਮੀ ਹੋ ਰਹੀ ਹੈ ਜਿਸ ਲਈ ਤੁਰੰਤ ਹਰਮੀਤ ਸਿੰਘ ਕਾਲਕਾ ਜੋ ਕਿ ਓਸ ਸਮੇਂ ਜਨਰਲ ਸਕੱਤਰ ਸਨ ਅਸਤੀਫ਼ਾ ਦੇ ਕੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਸਹਿਯੋਗ ਕਰਨ । ਦਿੱਲੀ ਕਮੇਟੀ ਵਲੋਂ ਕੀਤੀ ਗਈ ਕਾਨਫਰੰਸ ਦੌਰਾਨ ਬਾਰ ਬਾਰ ਕਿਹਾ ਜਾਣਾ ਕਿ ਕਮੇਟੀ ਨੂੰ ਮਿਲ ਰਿਹਾ ਇਕ-ਇਕ ਰੁਪਿਆ ਤੇ ਪੈਸਾ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਪ੍ਰਾਪਤ ਤੇ ਖਰਚ ਹੁੰਦਾ ਹੈ, ਤੇ ਨਾਲ ਹੀ ਇਕ ਇਕ ਪੈਸੇ ਦਾ ਹਿਸਾਬ ਰੱਖਿਆ ਗਿਆ ਹੈ। ਉਨ੍ਹਾਂ ਕਮੇਟੀ ਔਹਦੇਦਾਰਾਂ ਨੂੰ ਪੁੱਛਿਆ ਕਿ ਤੁਸੀਂ ਕਹਿੰਦੇ ਹੋ ਸਾਰਾ ਹਿਸਾਬ ਰਖਿਆ ਹੋਇਆ ਹੈ ਤਾਂ ਫੇਰ ਤੁਸੀਂ ਅਤੇ ਤੂਹਾਡੇ ਅਕਾਉੰਟੈਂਟ ਓਹ ਸਾਰਾ ਹਿਸਾਬ ਸੰਗਤ ਸਾਹਮਣੇ ਕਿਉਂ ਨਹੀਂ ਰੱਖਦੇ ਜਦਕਿ ਅਸੀਂ ਕਈ ਵਾਰ ਤੂਹਾਡੇ ਕੋਲੋਂ ਇਸ ਦੀ ਮੰਗ ਕਰ ਚੁੱਕੇ ਹਾਂ । ਉਨ੍ਹਾਂ ਨੇ ਮਨਜੀਤ ਸਿੰਘ ਜੀਕੇ ਵਲੋਂ ਮਾਮਲੇ ਦੀ ਤਹਿਕੀਕਾਤ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਏ ਜਾਣ ਦੀ ਮੰਗ ਨੂੰ ਆਪਣਾ ਸਮਰਥਨ ਦੇਂਦਿਆਂ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ । ਉਨ੍ਹਾਂ ਨੇ ਕਿਹਾ ਜਦੋ ਤੋਂ ਇਹ ਲੋਕ ਕਮੇਟੀ ਤੇ ਕਾਬਿਜ ਹੋਏ ਹਨ ਕੌਈ ਨਾ ਕੌਈ ਭਾਣਾ ਵਰਤਦਾ ਰਹਿੰਦਾ ਹੈ ਤੇ ਸੰਸਾਰ ਪੱਧਰ ਤੇ ਦਿੱਲੀ ਕਮੇਟੀ ਦਾ ਨਾਮ ਬਦਨਾਮ ਹੁੰਦਾ ਹੈ ਜਿਸਦਾ ਸੰਗਤਾਂ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ । ਉਨ੍ਹਾਂ ਨੇ ਕਮੇਟੀ ਕੋਲੋਂ ਮੰਗ ਕੀਤੀ ਕਿ ਕੌਮ ਨੂੰ ਦਸਿਆ ਜਾਏ ਕਿ ਮਨਜਿੰਦਰ ਸਿੰਘ ਸਿਰਸਾ ਦੇ ਕਾਰਜਕਾਲ ਤੋਂ ਲੈ ਕੇ ਹੁਣ ਤਕ ਕਮੇਟੀ ਦੇ ਕਿਤਨੇ ਬੈੰਕ ਖਾਤੇ ਖੋਲ੍ਹੇ ਅਤੇ ਬੰਦ ਕੀਤੇ ਗਏ ਹਨ ਤੇ ਨਾਲ ਹੀ ਪਿਛਲਾ ਸਾਰਾ ਹਿਸਾਬ ਸੰਗਤਾਂ ਸਾਹਮਣੇ ਰਖਿਆ ਜਾਏ ।
Comments (0)