ਅਮਰੀਕਾ ਦੀਆਂ ਖੂਫੀਆਂ ਜਾਣਕਾਰੀਆਂ ਜਨਤਕ ਕਰਨ ਵਾਲੇ ਜੂਲੀਅਨ ਅਸਾਂਜੇ ਬਾਰੇ ਜਾਣੋ
ਲੰਡਨ: ਦੁਨੀਆ ਦੀ ਰਾਜਨੀਤੀ ਦੀਆਂ ਖੂਫੀਆ ਖਬਰਾਂ ਨੂੰ ਜਨਤਕ ਕਰਨ ਵਾਲੇ ਨਾਮੀਂ ਪੱਤਰਕਾਰ ਅਤੇ ਵਿਕੀਲੀਕਸ ਨਾਮੀਂ ਵੈਬਸਾਈਟ ਦੇ ਮਾਲਕ ਜੂਲੀਅਨ ਅਸਾਂਜੇ ਨੂੰ ਬੀਤੇ ਵੀਰਵਾਰ ਲੰਡਨ ਵਿਚ ਗ੍ਰਿਫਤਾਰ ਕਰ ਲਿਆ ਗਿਆ। ਜੂਲੀਅਨ ਅਸਾਂਜੇ ਲੰਡਨ ਸਥਿਤ ਇਕੁਆਡੋਰ ਦੇਸ਼ ਦੀ ਅੰਬੈਸੀ ਵਿਚ ਪਿਛਲੇ ਸੱਤ ਸਾਲਾਂ ਤੋਂ ਰਾਜਸੀ ਸ਼ਰਨ ਲੈ ਕੇ ਰਹਿ ਰਿਹਾ ਸੀ। ਜੁਲੀਅਨ ਅਸਾਂਜੇ ਨੇ ਅਮਰੀਕਾ ਦੀਆਂ ਕਈ ਗੁਪਤ ਜਾਣਕਾਰੀਆਂ ਨੂੰ ਆਪਣੀ ਵੈਬਸਾਈਟ ਰਾਹੀਂ ਜਨਤਕ ਕੀਤਾ ਸੀ ਜਿਸ ਮਗਰੋਂ ਅਮਰੀਕਾ ਅਸਾਂਜੇ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਸੀ।
ਕੌਣ ਹੈ ਜੂਲੀਅਨ ਅਸਾਂਜੇ?
ਅਸਾਂਜੇ 47 ਸਾਲਾ ਅਸਟ੍ਰੇਲੀਆਈ ਹੈ ਜਿਸ ਨੇ ਵਿਕੀਲੀਕਸ ਨਾਮੀਂ ਇੱਕ ਵੈਬਸਾਈਟ ਸ਼ੁਰੂ ਕੀਤੀ ਸੀ। ਇਸ ਵੈਬਸਾਈਟ 'ਤੇ ਵੱਖ-ਵੱਖ ਸਰੋਤਾਂ ਤੋਂ ਇਕੱਠੇ ਕੀਤੇ ਗੁਪਤ ਦਸਤਾਵੇਜਾਂ ਨੂੰ ਛਾਪਿਆ ਜਾਂਦਾ ਸੀ।
ਅਸਾਂਜੇ ਦਾ ਨਾਂ ਪੂਰੀ ਦੁਨੀਆ ਵਿਚ 2010 'ਚ ਇਕਦਮ ਉਦੋਂ ਛਾ ਗਿਆ ਜਦੋਂ ਵਿਕੀਲੀਕਸ ਵੈਬਸਾਈਟ 'ਤੇ ਅਮਰੀਕੀ ਫੌਜ ਦੇ ਸਾਬਕਾ ਫੌਜੀ ਚੈਲਸੀ ਮੈਨਿੰਗ ਵੱਲੋਂ 'ਲੀਕ' ਕੀਤੇ ਦਸਤਾਵੇਜ ਛਾਪੇ ਗਏ।
ਨਵੰਬਰ 2010 ਵਿੱਚ ਵਿੱਕੀਲੀਕਸ ਨੇ ਗੁਪਤ ਦਸਤਾਵੇਜਾਂ ਦੀ ਇਕ ਲੜੀ ਛਾਪੀ ਜਿਸ ਨੂੰ 'ਕੇਬਲਗੇਟ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਲੜੀ ਵਿਚ ਢਾਈ ਲੱਖ (2, 50,000) ਤੋਂ ਵੱਧ ਅਮਰੀਕੀ ਕੂਟਨੀਤਕ ਤਾਰਾਂ (ਸਰਕਾਰੀ ਗੱਲਬਾਤ) ਛਾਪੀਆਂ ਗਈਆਂ। ਇਹ ਸਾਰੀ ਗੁਪਤ ਜਾਣਕਾਰੀ ਦਸੰਬਰ 1996 ਤੋਂ ਫਰਵਰੀ 2010 ਦਰਮਿਆਨ ਦੀ ਸੀ ਜਿਸ ਵਿਚ ਦੁਨੀਆ ਦੇ ਕਈ ਵੱਡੇ ਆਗੂਆਂ ਅਤੇ ਉੱਚ ਪੱਧਰ ਦੇ ਅਫਸਰਾਂ ਦੀਆਂ ਗੱਲਾਂ ਸ਼ਾਮਿਲ ਸਨ।
ਇਹ ਦਸਤਾਵੇਜ ਪ੍ਰਕਾਸ਼ਿਤ ਹੋਣ ਮਗਰੋਂ ਦੁਨੀਆ ਵਿੱਚ ਇਕ ਰਾਜਨੀਤਕ ਹਿੱਲਜੁੱਲ ਹੋਣੀ ਲਾਜ਼ਮੀ ਸੀ ਅਤੇ ਅਮਰੀਕਾ ਦੇ ਸੁਰੱਖਿਆ ਢਾਂਚੇ 'ਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਵੀ ਖੜ੍ਹਾ ਹੋਇਆ ਸੀ। ਇਸ ਮਗਰੋਂ ਅਮਰੀਕੀ ਸਰਕਾਰ ਨੇ ਇਸ ਖੂਫੀਆ ਜਾਣਕਾਰੀ ਦੇ ਬਾਹਰ ਨਿੱਕਲਣ ਸਬੰਧੀ ਅਪਰਾਧਿਕ ਜਾਂਚ ਸ਼ੁਰੂ ਕਰਵਾਈ। ਚੈਲਸੀ ਮੈਨਿੰਗ ਦਾ ਜੁਲਾਈ 2013 ਵਿੱਚ ਕੋਰਟ ਮਾਰਸ਼ਲ ਕੀਤਾ ਗਿਆ ਜਿਸ ਵਿਚ ਉਸਨੂੰ ਜਾਸੂਸੀ ਕਾਨੂੰਨ ਅਤੇ ਹੋਰ ਕਈ ਧਾਰਾਵਾਂ ਅਧੀਨ ਦੋਸ਼ੀ ਪਾਇਆ ਗਿਆ।
ਜੂਲੀਅਨ ਅਸਾਂਜੇ ਇਕੁਆਡੋਰ ਦੀ ਅੰਬੈਸੀ ਦਾ ਕਿਉਂ ਬਣਿਆ ਸ਼ਰਨਾਰਥੀ?
ਜੂਲੀਅਨ ਅਸਾਂਜੇ ਖਿਲਾਫ ਅਗਸਤ 2010 ਵਿੱਚ ਗ੍ਰਿਫਤਾਰੀ ਵਰੰਟ ਜਾਰੀ ਕੀਤੇ ਗਏ। ਇਹ ਗ੍ਰਿਫਤਾਰੀ ਵਰੰਟ ਸਵੀਡਨ ਵਿੱਚ ਜਿਣਸੀ ਸੋਸ਼ਣ ਦੇ ਦੋ ਵੱਖਰੇ ਮਾਮਲਿਆਂ ਨਾਲ ਸਬੰਧਿਤ ਸਨ। ਸਵੀਡਨ ਪੁਲਿਸ ਨੇ ਸਟੋਕਹੋਲਮ (ਸਵੀਡਨ) ਵਿਖੇ ਅਸਾਂਜੇ ਤੋਂ ਪੁੱਛਗਿੱਛ ਕੀਤੀ ਜਿਸ ਵਿਚ ਉਸਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ।
ਇਸ ਉਪਰੰਤ ਬਰਤਾਨੀਆ ਪਰਤਣ ਮਗਰੋਂ ਅਸਾਂਜੇ ਨੂੰ ਫਿਕਰ ਸੀ ਕਿ ਉਸਨੂੰ ਸਵੀਡਨ ਜਾਂ ਅਮਰੀਕਾ ਹਵਾਲੇ ਕੀਤਾ ਜਾ ਸਕਦਾ ਹੈ ਜਿੱਥੇ ਉਸਨੂੰ ਲਗਦਾ ਸੀ ਕਿ ਉਸ ਖਿਲਾਫ ਅਮਰੀਕੀ ਦਸਤਾਵੇਜਾਂ ਨੂੰ ਵਿਕੀਲੀਕਸ 'ਤੇ ਪ੍ਰਕਾਸ਼ਿਤ ਕਰਨ ਦੇ ਮਾਮਲੇ ਵਿਚ ਮੁਕੱਦਮਾ ਚਲਾਇਆ ਜਾਵੇਗਾ।
ਕਾਨੂੰਨੀ ਲੜਾਈ ਮਗਰੋਂ ਬਰਤਾਨੀਆ ਅਦਾਲਤ ਨੇ ਫੈਂਸਲਾ ਸੁਣਾਇਆ ਕਿ ਅਸਾਂਜੇ ਨੂੰ ਸਵੀਡਨ ਹਵਾਲੇ ਕੀਤਾ ਜਾਵੇ। ਅਗਸਤ 2012 ਵਿੱਚ ਅਸਾਂਜੇ ਲੰਡਨ ਸਥਿਤ ਇਕੁਆਡੋਰ ਦੇਸ਼ ਦੀ ਅੰਬੈਸੀ ਵਿਚ ਦਾਖਲ ਹੋਇਆ ਜਿੱਥੇ ਉਹ ਬੀਤੇ ਦਿਨੀਂ ਹੋਈ ਗ੍ਰਿਫਤਾਰੀ ਤੱਕ ਰਾਜਸੀ ਸ਼ਰਨਾਰਥੀ ਵਜੋਂ ਸੱਤ ਸਾਲ ਬੰਦ ਰਿਹਾ।
ਇਸ ਦੌਰਾਨ ਮਈ 2017 ਵਿੱਚ ਸਵੀਡਨ ਸਰਕਾਰ ਨੇ ਅਸਾਂਜੇ ਖਿਲਾਫ ਜਾਂਚ ਨੂੰ ਬੰਦ ਕਰ ਦਿੱਤਾ। ਪਰ ਬਰਤਾਨਵੀ ਪੁਲਿਸ ਕੋਲ ਅਸਾਂਜੇ ਦੀ ਗ੍ਰਿਫਤਾਰੀ ਦੇ ਵਰੰਟ ਸਨ। ਜਨਵਰੀ 2018 ਵਿੱਚ ਅਸਾਂਜੇ ਦੇ ਵਕੀਲਾਂ ਵੱਲੋਂ ਇਹ ਵਰੰਟ ਰੱਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਸਿਰੇ ਨਾ ਚੜ੍ਹ ਸਕੀ।
ਸੱਤ ਸਾਲਾਂ ਦੀ ਸ਼ਰਣ ਮਗਰੋਂ ਹੁਣ ਕਿਉਂ ਹੋਈ ਗ੍ਰਿਫਤਾਰੀ?
ਵੀਰਵਾਰ ਨੂੰ ਜੂਲੀਅਨ ਅਸਾਂਜੇ ਨੂੰ ਇਕੁਆਡੋਰ ਦੀ ਐਂਬੇਸੀ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ। ਕਿਹਾ ਜਾ ਰਿਹਾ ਹੈ ਕਿ ਇਕੁਆਡੋਰ ਅਤੇ ਬਰਤਾਨੀਆ ਸਰਕਾਰ ਦਰਮਿਆਨ ਗੱਲਬਾਤ ਮਗਰੋਂ ਇਕੁਆਡੋਰ ਸਰਕਾਰ ਨੇ ਅਸਾਂਜੇ ਤੋਂ ਰਾਜਸੀ ਸ਼ਰਣ ਵਾਪਿਸ ਲੈਣ ਦਾ ਫੈਂਸਲਾ ਕੀਤਾ।
2017 ਵਿਚ ਇਕੁਆਡੋਰ ਦੀ ਨਵੀਂ ਸਰਕਾਰ ਬਣਨ ਮਗਰੋਂ ਅਸਾਂਜੇ ਅਤੇ ਇਕੁਆਡੋਰ ਪ੍ਰਸ਼ਾਸਨ ਦਰਮਿਆਨ ਸਭ ਠੀਕ ਨਹੀਂ ਚੱਲ ਰਿਹਾ ਸੀ ਅਤੇ ਇਸ ਗੱਲ ਦੀਆਂ ਕਨਸੋਆਂ ਲਾਈਆਂ ਜਾ ਰਹੀਆਂ ਸਨ ਕਿ ਇਕੁਆਡੋਰ ਸਰਕਾਰ ਅਸਾਂਜੇ ਦੀ ਰਾਜਸੀ ਸ਼ਰਣ ਨੂੰ ਖਤਮ ਕਰ ਸਕਦੀ ਹੈ।
ਅਮਰੀਕਾ ਦੀ ਮੰਗ 'ਤੇ ਹੋਈ ਅਸਾਂਜੇ ਦੀ ਗ੍ਰਿਫਤਾਰੀ
ਜੂਲੀਅਨ ਅਸਾਂਜੇ ਨੂੰ ਗ੍ਰਿਫਤਾਰ ਕਰਨ ਮਗਰੋਂ ਸਕੋਟਲੈਂਡ ਯਾਰਡ ਨੇ ਸਾਫ ਕੀਤਾ ਕਿ ਅਸਾਂਜੇ ਨੂੰ ਅਮਰੀਕੀ ਸਰਕਾਰ ਦੀ ਮੰਗ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕਾ ਨੇ ਅਸਾਂਜੇ ਦੀ ਹਵਾਲਗੀ ਦੀ ਮੰਗ ਕੀਤੀ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)