ਭਾਰਤੀ ਜੇਲ੍ਹ ਵਿਚ ਬੰਦ ਜੱਗੀ ਜੋਹਲ ਦੇ ਪਰਿਵਾਰ ਵੱਲੋਂ ਬਰਤਾਨੀਆ ਦੇ ਵਿਦੇਸ਼ ਸਕੱਤਰ ਨਾਲ ਕੀਤੀ ਜਾਵੇਗੀ ਮੁਲਾਕਾਤ
ਲੰਡਨ: ਭਾਰਤ ਵਿੱਚ ਗ੍ਰਿਫਤਾਰ ਕੀਤੇ ਗਏ ਸਕੋਟਲੈਂਡ ਦੇ ਜੰਮਪਲ ਸਿੱਖ ਨੌਜਵਾਨ ਜਗਤਾਰ ਸਿੰਘ ਜੱਗੀ ਜੋਹਲ ਦੇ ਪਰਿਵਾਰ ਵੱਲੋਂ ਜੱਗੀ ਜੋਹਲ ਦੀ ਰਿਹਾਈ ਸਬੰਧੀ ਗੱਲਬਾਤ ਕਰਨ ਲਈ ਅਗਲੇ ਮਹੀਨੇ ਬਰਤਾਨੀਆ ਦੇ ਵਿਦੇਸ਼ ਸਕੱਤਰ ਜੇਰੇਮੀ ਹੰਟ ਨਾਲ ਮੁਲਾਕਾਤ ਕੀਤੀ ਜਾਵੇਗੀ।
ਜੱਗੀ ਜੋਹਲ ਨੂੰ ਹਿੰਦੁਤਵ ਜਥੇਬੰਦੀਆਂ ਨਾਲ ਸਬੰਧਿਤ ਕੁੱਝ ਆਗੂਆਂ ਦੇ ਕਤਲ ਮਾਮਲਿਆਂ ਵਿੱਚ ਨਵੰਬਰ 2017 'ਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਹ ਗ੍ਰਿਫਤਾਰੀ ਉਸ ਸਮੇਂ ਹੋਈ ਸੀ ਜਦੋਂ ਜਗਤਾਰ ਸਿੰਘ ਜੱਗੀ ਜੋਹਲ ਅਨੰਦ ਕਾਰਜ (ਵਿਆਹ) ਕਰਾਉਣ ਲਈ ਪੰਜਾਬ ਆਇਆ ਹੋਇਆ ਸੀ।
ਜਗਤਾਰ ਸਿੰਘ ਜੱਗੀ ਜੋਹਲ ਉਸ ਸਮੇਂ ਤੋਂ ਹੀ ਭਾਰਤੀ ਜੇਲ੍ਹ ਵਿਚ ਨਜ਼ਰਬੰਦ ਹੈ ਅਤੇ ਉਸ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲੇ ਦਰਜ ਕੀਤੇ ਗਏ ਹਨ ਜਿਹਨਾਂ ਦੀ ਜਾਂਚ ਭਾਰਤੀ ਦੀ ਕੌਮੀ ਜਾਂਚ ਅਜੈਂਸੀ ਕਰ ਰਹੀ ਹੈ।
ਜਗਤਾਰ ਸਿੰਘ ਜੱਗੀ ਜੋਹਲ ਵੱਲੋਂ ਉਸ ਨਾਲ ਹਿਰਾਸਤ ਵਿਚ ਅਣਮਨੁੱਖੀ ਤਸ਼ੱਦਦ ਕਰਨ ਦਾ ਦੋਸ਼ ਵੀ ਲਾਇਆ ਗਿਆ ਹੈ। ਜੱਗੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਉਸਨੂੰ ਭਾਰਤੀ ਜੇਲ੍ਹ ਵਿਚ ਬੰਦ ਕੀਤਿਆਂ 500 ਤੋਂ ਵੱਧ ਦਿਨਾਂ ਦਾ ਸਮਾਂ ਹੋ ਗਿਆ ਹੈ ਜਿਸ ਦੌਰਾਨ ਬਿਨ੍ਹਾਂ ਕੋਈ ਦੋਸ਼ ਸਾਬਿਤ ਹੋਇਆਂ ਉਸ 'ਤੇ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ।
ਜਗਤਾਰ ਸਿੰਘ ਜੱਗੀ ਜੋਹਲ ਭਾਰਤ ਵਿੱਚ ਸਿੱਖਾਂ 'ਤੇ ਹੋਏ ਜ਼ੁਲਮਾਂ ਅਤੇ ਕਤਲੇਆਮਾਂ ਨੂੰ ਦੁਨੀਆ ਸਾਹਮਣੇ ਰੱਖਣ ਦਾ ਕਾਰਜ ਕਰ ਰਿਹਾ ਸੀ। ਇਸ ਲਈ ਉਸਨੇ ਦਸਤਾਵੇਜਾਂ ਦੇ ਅਧਾਰ 'ਤੇ ਜਾਣਕਾਰੀ ਇਕੱਤਰ ਕਰਕੇ ਵੈਬਸਾਈਟ 'ਤੇ ਸਾਂਝੀ ਕੀਤੀ ਸੀ, ਜਿਸ ਨਾਲ ਭਾਰਤੀ ਰਾਜ ਵੱਲੋਂ ਸਿੱਖਾਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਅਤੇ ਧੱਕੇਸ਼ਾਹੀਆਂ ਦਾ ਸੱਚ ਦੁਨੀਆਂ ਨੂੰ ਪਤਾ ਲੱਗ ਰਿਹਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਸਨੇ ਸਿਰਫ ਇਹ ਕੰਮ ਕੀਤਾ ਜੋ ਕਿ ਕਿਸੇ ਵੀ ਕਾਨੂੰਨ ਮੁਤਾਬਿਕ ਜ਼ੁਰਮ ਨਹੀਂ ਹੈ ਪਰ ਭਾਰਤ ਸਰਕਾਰ ਉਸਦੀ ਅਵਾਜ਼ ਬੰਦ ਕਰਨ ਲਈ ਉਸਨੂੰ ਹੋਰ ਝੂਠੇ ਕੇਸਾਂ ਵਿੱਚ ਫਸਾ ਰਹੀ ਹੈ।
ਜਗਤਾਰ ਸਿੰਘ ਜੱਗੀ ਜੋਹਲ ਦੇ ਪਰਿਵਾਰ ਦੀ ਬਰਤਾਨੀਆ ਦੇ ਵਿਦੇਸ਼ ਸਕੱਤਰ ਨਾਲ ਮੁਲਾਕਾਤ ਦਾ ਪ੍ਰਬੰਧ ਜੱਗੀ ਜੋਹਲ ਦੇ ਖੇਤਰ ਦੇ ਐਮ ਪੀ ਡੋਚੇਟਰੀ ਹਿਊਗਸ ਵੱਲੋਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਖਿੱਤੇ ਦੇ ਵਸਨੀਕ ਜਗਤਾਰ ਸਿੰਘ ਜੱਗੀ ਜੋਹਲ ਦੀ ਡਾਕਟਰੀ ਜਾਂਚ ਦੀ ਵੀ ਪ੍ਰਵਾਨਗੀ ਨਹੀਂ ਦਿੱਤੀ ਗਈ ਜਿਸ ਨਾਲ ਕੇ ਪੁਲਿਸ ਤਸ਼ੱਦਦ ਦਾ ਸੱਚ ਸਾਬਿਤ ਹੋ ਸਕਦਾ।
ਦੱਸਣਯੋਗ ਹੈ ਕਿ ਜਗਤਾਰ ਸਿੰਘ ਜੱਗੀ ਜੋਹਲ ਦੀ ਗ੍ਰਿਫਤਾਰੀ ਮੌਕੇ ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਨੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਸਨ ਤੇ ਜੱਗੀ ਜੋਹਲ ਦੀ ਰਿਹਾਈ ਦੀ ਮੰਗ ਕੀਤੀ ਸੀ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)