ਇਟਲੀ ਦੀ ਜੰਮਪਲ  ਪੱਤਰਕਾਰ ਓਰਿਆਨਾ ਫਲਾਚੀ ਜਿਸ ਦੀ ਰਿਪੋਟਿੰਗ ਤੋਂ ਸੱਤਾ ਕੰਬਦੀ ਸੀ

ਇਟਲੀ ਦੀ ਜੰਮਪਲ  ਪੱਤਰਕਾਰ ਓਰਿਆਨਾ ਫਲਾਚੀ ਜਿਸ ਦੀ ਰਿਪੋਟਿੰਗ ਤੋਂ ਸੱਤਾ ਕੰਬਦੀ ਸੀ

ਕਦੇ ਮੀਡੀਏ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਸੀ ਪਰ ਹੁਣ ਇਹਦਾ ਇਹ ਰੁਤਬਾ ਖ਼ਤਮ ਹੋ ਗਿਆ ਹੈ। ਫਿਰ ਵੀ ਜਿਨ੍ਹਾਂ ਨੇ ਮੀਡੀਏ ਨੂੰ ਸਿਖਰ ’ਤੇ ਪਹੁੰਚਾਇਆ ਤੇ ਇਹਦੇ ਲੱਜਪਾਲ ਬਣੇ, ਉਨ੍ਹਾਂ ਵਿਚ ਓਰਿਆਨਾ ਫਲਾਚੀ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹਾਂ।

ਉਹ ਜਾਂਬਾਜ਼ ਪੱਤਰਕਾਰ ਸੀ ਜਿਸ ਕੋਲੋਂ ਸੱਤਾ ’ਤੇ ਬੈਠੇ ਨੇਤਾ ਕੰਬਦੇ ਸਨ।ਉਹਦਾ ਹਮੇਸ਼ਾ ਇਹ ਕਹਿਣਾ ਸੀ ਕਿ ਮੇਰੇ ਲਈ ਪੱਤਰਕਾਰ ਹੋਣ ਦਾ ਮਤਲਬ ਹੈ, ਕਿਸੇ ਦਾ ਵੀ ਹੁਕਮ ਨਾ ਮੰਨਣਾ। ਹੁਕਮ ਨਾ ਮੰਨਣ ਦਾ ਅਰਥ ਹੈ ਵਿਰੋਧੀ ਧਿਰ ਵਿਚ ਹੋਣਾ। ਵਿਰੋਧੀ ਧਿਰ ਵਿਚ ਹੋਣ ਦਾ ਮਤਲਬ ਹੈ ਤੁਹਾਨੂੰ ਸੱਚ ਬੋਲਣ ਅਤੇ ਉਹਦੇ ’ਤੇ ਪਹਿਰਾ ਦੇਣ ਲਈ ਤਿਆਰ ਰਹਿਣ ਦਾ ਸੱਦਾ ਤੇ ਸੱਚ ਹਮੇਸ਼ਾ ਉਸ ਗੱਲ ਤੋਂ ਉਲਟਾ ਹੁੰਦਾ ਹੈ ਜੋ ਸੱਤਾ ’ਤੇ ਬੈਠੇ ਲੋਕ ਕਰ ਰਹੇ ਹੁੰਦੇ ਨੇ।

ਓਰਿਆਨਾ ਫਲਾਚੀ ਦਾ ਜਨਮ 29 ਜੂਨ 1929 ਨੂੰ ਹੋਇਆ ਤੇ 15 ਸਤੰਬਰ 2006 ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ। ਇਟਲੀ ਦੀ ਜੰਮਪਲ ਓਰਿਆਨਾ ਦਾ ਪੱਤਰਕਾਰੀ ਵਿਚ ਨਾਂ ਵਿਸ਼ਵ ਪ੍ਰਸਿੱਧ ਹੈ। ਬੇਬਾਕੀ ਤੇ ਨਿਡਰਤਾ ਨਾਲ ਕੀਤੀਆਂ ਉਹਦੀਆਂ ਇੰਟਰਵਿਊਜ਼ ਲਈ ਲੋਕ ਅੱਜ ਤੱਕ ਉਹਨੂੰ ਯਾਦ ਕਰਦੇ ਹਨ। ਦੁਨੀਆ ਦੀਆਂ ਜਿਨ੍ਹਾਂ ਮਸ਼ਹੂਰ ਹਸਤੀਆਂ ਦੀਆਂ ਉਹਨੇ ਇੰਟਰਵਿਊ ਕੀਤੀਆਂ, ਉਨ੍ਹਾਂ ਵਿਚ ਦਲਾਈ ਲਾਮਾ, ਹੈਨਰੀ ਕਸਿੰਜਰ, ਇਰਾਨ ਦੇ ਸ਼ਾਹ ਆਇਤੁਲਾ ਖੋਮੈਨੀ, ਵਿੱਲੀ ਬ੍ਰੈਂਟ, ਜ਼ੁਲਫਿਕਾਰ ਅਲੀ ਭੁੱਟੋ, ਕਰਨਲ ਗਦਾਫ਼ੀ, ਫੇਦੇਰਿਕੋ ਫੇਲਿਨੀ, ਯਾਸਰ ਅਰਾਫਾਤ, ਆਰਚਬਿਸ਼ਪ ਮਕਾਰੀਓਸ, ਗੋਲਡਾ ਮੇਅਰ, ਇੰਦਰਾ ਗਾਂਧੀ, ਸਿਓਨ ਕੋਨਰੀ ਤੇ ਲੇਖ ਵਾਲੇਸਾ ਮੁੱਖ ਹਨ। ਉਹਨੇ ਨਾਵਲ ਵੀ ਲਿਖੇ ਪਰ ਉਹਨੂੰ ਵਧੇਰੇ ਪ੍ਰਸਿੱਧੀ ਇਸਲਾਮੀ ਰਾਜਨੀਤੀ ਦੀ ਮਾਹਿਰ ਹੋਣ ਵਜੋਂ ਮਿਲੀ। ਵੀਹਵੀਂ ਸਦੀ ਵਿਚ ਓਰਿਆਨਾ ਵਰਗੀਆਂ ਇੰਟਰਵਿਊ ਹੋਰ ਕੋਈ ਨਹੀਂ ਕਰ ਸਕਿਆ। ਦੁਨੀਆ ਦੇ ਸਭ ਤੋਂ ਤਾਕਤਵਰ ਲੋਕ ਵੀ ਉਸ ਤੋਂ ਡਰਦੇ ਸਨ ਪਰ ਮਨੋਂ ਚਾਹੁੰਦੇ ਵੀ ਸਨ ਕਿ ਉਹ ਉਨ੍ਹਾਂ ਦੀ ਇੰਟਰਵਿਊ ਲਵੇ।

1972 ਵਿਚ ਉਹਨੇ ਹੈਨਰੀ ਕਸਿੰਜਰ ਦੀ ਇੰਟਰਵਿਊ ਲਈ ਸੀ। ਇਸ ਇੰਟਰਵਿਊ ਵਿਚ ਕਸਿੰਜਰ ਨੂੰ ਅਖੀਰ ਮੰਨਣਾ ਪਿਆ ਸੀ ਕਿ ਵੀਅਤਨਾਮ ਦਾ ਯੁੱਧ ਗ਼ਲਤ ਸੀ, ਇਹ ਨਹੀਂ ਸੀ ਹੋਣਾ ਚਾਹੀਦਾ। ਕਸਿੰਜਰ ਨੇ ਆਪਣੀ ਤੁਲਨਾ ਅਜਿਹੇ ‘ਕਾਉ ਬੁਆਇ’ ਨਾਲ ਕੀਤੀ ਸੀ ਜੋ ਆਪਣੇ ਘੋੜੇ ’ਤੇ ਸਵਾਰ ਹੋ ਕੇ ਇਕੱਲਾ ਵੈਗਨ ਟ੍ਰੇਨ ਦੀ ਅਗਵਾਈ ਕਰ ਰਿਹਾ ਸੀ। ਇਸ ਇੰਟਰਵਿਊ ਨੂੰ ਯਾਦ ਕਰਦਿਆਂ ਕਸਿੰਜਰ ਨੇ ਲਿਖਿਆ ਸੀ- “ਪ੍ਰੈੱਸ ਦੇ ਕਿਸੇ ਪੱਤਰਕਾਰ ਨਾਲ ਹੋਈ ਮੇਰੀ ਜ਼ਿੰਦਗੀ ਦੀ ਇਹ ਸਭ ਤੋਂ ਭੈੜੀ ਤੇ ਵਿਨਾਸ਼ਕਾਰੀ ਇੰਟਰਵਿਊ ਸੀ।”

ਆਇਤੁਲਾ ਖੋਮੈਨੀ ਨੂੰ ਉਹਨੇ ਖੁਲ੍ਹੇਆਮ ਤਾਨਾਸ਼ਾਹ ਕਿਹਾ ਸੀ ਤੇ 1979 ਵਿਚ ਤਹਿਰਾਨ ਵਿਚ ਇੰਟਰਵਿਊ ਲੈਣ ਤੋਂ ਪਹਿਲਾਂ ਖੋਮੈਨੀ ਦੇ ਸਿਪਾਹਸਲਾਰਾਂ ਨੇ ਉਹਨੂੰ ਚਾਦਰ ਨਾਲ ਸਿਰ ਢਕਣ ਦਾ ਹੁਕਮ ਦਿੱਤਾ ਸੀ। ਇੰਟਰਵਿਊ ਦੌਰਾਨ ਹੋਈ ਗੱਲਬਾਤ ਦਾ ਇਕ ਹਿੱਸਾ ਬੜਾ ਮਕਬੂਲ ਹੋਇਆ ਸੀ:

ਓਰਿਆਨਾ ਫ਼ਲਾਚੀ: ਮੈਂ ਤੁਹਾਡੇ ਕੋਲੋਂ ਕਈ ਕੁਝ ਪੁੱਛਣਾ ਚਾਹੁੰਦੀ ਹਾਂ। ਮਿਸਾਲ ਦੇ ਤੌਰ ’ਤੇ ਇਸ ਚਾਦਰ ਬਾਰੇ ਜਿਸ ਨੂੰ ਇੰਟਰਵਿਊ ਤੋਂ ਪਹਿਲਾਂ ਮੈਨੂੰ ਸਿਰ ’ਤੇ ਲੈਣ ਲਈ ਕਿਹਾ ਗਿਆ ਹੈ। ਕੀ ਇਰਾਨੀ ਔਰਤਾਂ ਨੂੰ ਇਸ ਨੂੰ ਸਿਰ ’ਤੇ ਲੈਣਾ ਜ਼ਰੂਰੀ ਹੈ? ਮੈਂ ਸਿਰਫ਼ ਇਸ ਪੁਸ਼ਾਕ ਦੀ ਗੱਲ ਨਹੀਂ ਕਰ ਰਹੀ, ਮੈਂ ਤਾਂ ਉਨ੍ਹਾਂ ਚੀਜ਼ਾਂ ਬਾਰੇ ਪੁੱਛਣਾ ਚਾਹੁੰਦੀ ਹਾਂ ਜਿਨ੍ਹਾਂ ਵੱਲ ਇਹ ਇਸ਼ਾਰਾ ਕਰ ਰਹੀ ਹੈ; ਭਾਵ ਉਸ ਭੇਦਭਾਵ ਵੱਲ ਜਿਸ ਨੂੰ ਇਰਾਨ ਦੀਆਂ ਔਰਤਾਂ ਕ੍ਰਾਂਤੀ ਤੋਂ ਬਾਅਦ ਝੱਲ ਰਹੀਆਂ ਨੇ। ਉਹ ਯੂਨੀਵਰਸਿਟੀਆਂ ਵਿਚ ਪੁਰਸ਼ਾਂ ਨਾਲ ਪੜ੍ਹ ਨਹੀਂ ਸਕਦੀਆਂ, ਨਾ ਉਨ੍ਹਾਂ ਨਾਲ ਕੰਮ ਕਰ ਸਕਦੀਆਂ ਨੇ। ਉਨ੍ਹਾਂ ਨੂੰ ਚਾਦਰ ਪਾ ਕੇ ਇਹ ਸਾਰਾ ਕੁਝ ਵੱਖਰੇ ਤੌਰ ’ਤੇ ਕਰਨਾ ਪੈਂਦਾ ਹੈ। ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਚਾਦਰ ਲੈ ਕੇ ਸਵਿਮਿੰਗ ਪੂਲ ਵਿਚ ਕਿਵੇਂ ਤਰਿਆ ਜਾ ਸਕਦਾ ਹੈ?

ਆਇਤੁਲਾ ਖੋਮੈਨੀ: ਇਹਦਾ ਤੁਹਾਡੇ ਨਾਲ ਕੋਈ ਸਬੰਧ ਨਹੀਂ। ਸਾਡੀਆਂ ਪਰੰਪਰਾਵਾਂ ਦਾ ਇਹਦੇ ਨਾਲ ਕੋਈ ਸਰੋਕਾਰ ਨਹੀਂ। ਜੇ ਤੈਨੂੰ ਇਹ ਇਸਲਾਮੀ ਪੁਸ਼ਾਕ ਪਸੰਦ ਨਹੀਂ ਤਾਂ ਤੈਨੂੰ ਇਹ ਪਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਉਨ੍ਹਾਂ ਨੌਜਵਾਨ ਕੁੜੀਆਂ ਤੇ ਸਨਮਾਨ ਯੋਗ ਔਰਤਾਂ ਲਈ ਹੈ।

ਓਰਿਆਨਾ ਫ਼ਲਾਚੀ: ਤੁਹਾਡੀ ਬੜੀ ਮਿਹਰਬਾਨੀ ਇਮਾਮ ਸਾਹਿਬ। ਮੈਂ ਇਸ ਬੇਵਕੂਫੀ ਭਰੇ ਮੱਧਕਾਲੀ ਚੀਥੜੇ ਨੂੰ ਹੁਣੇ ਲਾਹ ਰਹੀ ਹਾਂ।

ਇਸ ਤੋਂ ਬਾਅਦ ਓਰਿਆਨਾ ਨੇ ਉਹ ਚਾਦਰ ਲਾਹ ਕੇ ਇਕ ਪਾਸੇ ਪਈ ਕੁਰਸੀ ’ਤੇ ਰੱਖ ਦਿੱਤੀ।

1991 ਵਿਚ ਜੈੱਕ ਹਿਊਬਰ ਤੇ ਡੀਨ ਡਿਗਿਨਸ ਨੇ ਓਰਿਆਨਾ ਫ਼ਲਾਚੀ ਦੀ ਲੰਮੀ ਇੰਟਰਵਿਊ ਕੀਤੀ ਜਿਸ ਨੂੰ ਉਨ੍ਹਾਂ ਨੇ ਆਪਣੀ ਕਿਤਾਬ ‘ਇੰਟਰਵਿਇੰਗ ਅਮੈਰੀਕਾ’ਜ਼ ਟਾਪ ਇੰਟਰਵਿਊਅਰਜ਼’ ਵਿਚ ਸ਼ਾਮਲ ਕੀਤਾ। ਉਸ ਵਿਚ ਉਹ ਦੱਸਦੀ ਹੈ: ਮੈਂ ਸਿਰਫ਼ ਚੀਨ ਦੇ ਡੇਂਗ ਜਿਆਓ ਪਿੰਗ ਤੋਂ ਪ੍ਰਭਾਵਿਤ ਹੋਈ ਸਾਂ। ਉਹਦੀ ਸਿਰਫ਼ ਇਕ ਅੱਖ ਸੀ- ਸਭਿਆਚਾਰਕ ਇਨਕਲਾਬ ਦੌਰਾਨ ਹੋਏ ਸਰੀਰਕ ਤਸ਼ੱਦਦ ਕਰ ਕੇ ਉਹਦੀ ਇਕ ਅੱਖ ਜਾਂਦੀ ਰਹੀ ਸੀ। ਉਹ ਆਪਣੀ ਕੁਰਸੀ ’ਤੇ ਬੈਠਾ ਸੀ। ਉਹਨੇ ਬੋਲਣਾ ਸ਼ੁਰੂ ਕੀਤਾ-“ਚੋਂਗ ਚੋਂਗ ਚੋਂਗ ਚੋਂਗ ਚੋਂਗ।” ਦੋ-ਭਾਸ਼ੀ ਕੁੜੀ ਜੋ ਬੜੀ ਸ਼ਾਨਦਾਰ ਸੀ, ਕਹਿਣ ਲੱਗੀ, “ਰਾਸ਼ਟਰਪਤੀ ਕਹਿ ਰਹੇ ਨੇ, ਜਿਸ ਕੁਰਸੀ ’ਤੇ ਉਹ ਬੈਠੇ ਹੋਏ ਨੇ, ਉਹਦੇ ’ਤੇ ਕਦੇ ਮਾਓ ਜ਼ੇ-ਤੁੰਗ ਬੈਠੇ ਸਨ ਤੇ ਜਿਸ ’ਤੇ ਤੂੰ ਬੈਠੀ ਹੋਈ ਏਂ, ਉਹਦੇ ’ਤੇ ਨਿਕਸਨ।” ਮੈਂ ਜੁਆਬ ਦਿੱਤਾ, “ਇਨ੍ਹਾਂ ਖੂਨੀ ਕੁਰਸੀਆਂ ਦਾ ਸ਼ੁਧੀਕਰਨ ਕੀਤਾ ਜਾਣਾ ਚਾਹੀਦਾ।” ਤੇ ਡੇਂਗ ਜਿਆਓ ਪਿੰਗ ਨੇ ਹੱਸਣਾ ਸ਼ੁਰੂ ਕਰ ਦਿੱਤਾ। ਮੈਨੂੰ ਉਹਦੇ ਨਾਲ ਮੁਹੱਬਤ ਹੋ ਗਈ। ਇਹ ਕਿਸੇ ਥੀਏਟਰ ਵਿਚ ਹੋਣ ਵਾਲੇ ਸੀਨ ਵਰਗਾ ਸੀ। ਉੱਥੇ ਸੱਠ ਸੱਤਰ ਲੋਕ ਬੈਠੇ ਸਨ ਤੇ ਮੈਂ ਚਾਹੁੰਦੀ ਸਾਂ ਕਿ ਉਹ ਉੱਥੋਂ ਚਲੇ ਜਾਣ। ਮੈਂ ਕਿਹਾ, “ਇਹ ਕੌਣ ਲੋਕ ਹਨ ਮਿਸਟਰ ਡੇਂਗ? ਇਹ ਇੱਥੇ ਬੈਠੇ ਮੈਨੂੰ ਚੰਗੇ ਨਹੀਂ ਲੱਗ ਰਹੇ।”

“ਇਹ ਮੇਰੀ ਸਾਰੀ ਸਰਕਾਰ ਹੈ।” ਡੇਂਗ ਜਿਆਓ ਪਿੰਗ ਨੇ ਕਿਹਾ।

“ਪਰ ਮੈਨੂੰ ਇਹ ਇੱਥੇ ਬੈਠੇ ਨਹੀਂ ਸੁਖਾ ਰਹੇ, ਇਨ੍ਹਾਂ ਨੂੰ ਕਹੋ ਇਥੋਂ ਚਲੇ ਜਾਣ।”

ਤਦ ਮੈਂ ਉੱਥੇ ਦੋ ਪੱਤਰਕਾਰ ਦੇਖੇ। “ਇਹ ਕੌਣ ਨੇ? ਨਹੀਂ, ਨਹੀਂ, ਨਹੀਂ। ਮੈਂ ਨਿਊ ਯਾਰਕ ਤੋਂ ਇੱਥੇ ਉਨ੍ਹਾਂ ਨੂੰ ਇੰਟਰਵਿਊ ਦੇਣ ਨਹੀਂ ਆਈ। ਜਿੰਨੀ ਦੇਰ ਤੱਕ ਇਹ ਬਾਹਰ ਨਹੀਂ ਜਾਂਦੇ, ਮੈਂ ਗੱਲਬਾਤ ਨਹੀਂ ਕਰਾਂਗੀ। ਆਇ ਐਮ ਸੌਰੀ ਡੇਂਗ।”

ਉਹਨੇ ਕਿਹਾ, “ਆਊਟ”, ਤੇ ਸਾਰੇ ਬਾਹਰ ਚਲੇ ਗਏ।

ਉਹਦੀ ਇਸੇ ਅਦਾ ਨੇ ਮੇਰਾ ਮਨ ਮੋਹ ਲਿਆ।

ਮੈਂ ਬਹੁਤੇ ਸਵਾਲ ਨਹੀਂ ਪੁੱਛੇ ਕਿਉਂਕਿ ਉਹ ਬੋਲਣ ਵਿਚ ਮੇਰੇ ਨਾਲੋਂ ਵੀ ਮਾਹਿਰ ਸੀ। ਇਕ ਵਾਰ ਉਹਦਾ ਮੂੰਹ ਖੁੱਲ੍ਹ ਜਾਂਦਾ ਤਾਂ ਕੋਈ ਮਾਈ ਦਾ ਲਾਲ ਉਹਨੂੰ ਚੁੱਪ ਨਹੀਂ ਸੀ ਕਰਵਾ ਸਕਦਾ। ਉਹਨੂੰ ਰੋਕਣ ਲਈ ਐਟਮ ਬੰਬ ਦੀ ਲੋੜ ਪੈਂਦੀ। ਮੈਂ ਉਸ ਬੰਦੇ ਦੀ ਨਿਮਰਤਾ, ਲਿਆਕਤ, ਸਾਦਗੀ ਤੇ ਮਨੁੱਖੀ ਗੁਣਾਂ ਦੀ ਕਾਇਲ ਹੋ ਕੇ ਰਹਿ ਗਈ ਸਾਂ। ਮੇਰੀ ਜ਼ਿੰਦਗੀ ਵਿਚ ਅਜਿਹਾ ਪਹਿਲੀ ਵਾਰ ਹੋਇਆ ਸੀ ਕਿ ਮੈਂ ਸੱਤਾ ਦੀ ਟੀਸੀ ’ਤੇ ਬੈਠੇ ਅਜਿਹੇ ਆਦਮੀ ਨਾਲ ਗੱਲਬਾਤ ਕਰ ਰਹੀ ਸਾਂ ਜਿਸ ਦਾ ਸਲੂਕ ਸਬ-ਵੇਅ ਵਿਚ ਮਿਲਣ ਵਾਲੇ ਬੰਦੇ ਵਰਗਾ ਸੀ। ਅਕਸਰ ਅਜਿਹੇ ਸ਼ਖ਼ਸ ਬੜੇ ਦਿਖਾਵਟੀ ਕਿਸਮ ਦੇ ਹੁੰਦੇ ਨੇ।

ਇਕ ਮੌਕਾ ਅਜਿਹਾ ਵੀ ਆਇਆ ਜਦੋਂ ਉਹਨੇ ਚੀਕਣਾ ਸ਼ੁਰੂ ਕਰ ਦਿੱਤਾ ਕਿਉਂਕਿ ਮੈਂ ਅਜਿਹਾ ਸਵਾਲ ਪੁੱਛ ਬੈਠੀ ਸਾਂ ਜੋ ਉਹਨੂੰ ਚੰਗਾ ਨਹੀਂ ਸੀ ਲੱਗਿਆ। ਉਹ ਕਹਿਣ ਲੱਗਾ ਕਿ “ਤੂੰ ਆਪਣੇ ਪਿਤਾ ਨਾਲ ਵੀ ਅਜਿਹਾ ਕਰੇਂਗੀ?”

ਮੈਂ ਕਿਹਾ- “ਬਿਲਕੁਲ।”

“ਕੀ ਤੂੰ ਕਦੇ ਆਪਣੇ ਪਿਤਾ ਨਾਲ ਇੰਝ ਪੇਸ਼ ਆਈ ਏਂ?”

“ਹਾਂ।”

“ਉਨ੍ਹਾਂ ਤੈਨੂੰ ਥੱਪੜ ਨਹੀਂ ਮਾਰਿਆ? ਤੇਰੇ ਪਿਤਾ ਨੂੰ ਤੈਨੂੰ ਥੱਪੜ ਮਾਰਨਾ ਚਾਹੀਦਾ ਸੀ...।”

“ਤੁਸੀਂ ਮੈਨੂੰ ਥੱਪੜ ਮਾਰਨਾ ਚਾਹੁੰਦੇ ਹੋ? ਮੈਂ ਇਹ ਗੱਲ ਇੱਥੇ ਲਿਖ ਦਿਆਂਗੀ।”

ਤੇ ਉਹ ਉਚੀ ਉਚੀ “ਹਾਹਾਅ” ਕਰਨ ਲੱਗਾ।

ਡੇਂਗ ਨੇ ਕਿਹਾ ਸੀ, ਉਹ ਮੈਨੂੰ ਦੋ ਘੰਟੇ ਦਾ ਸਮਾਂ ਦਏਗਾ। ਢਾਈ ਘੰਟੇ ਬੀਤਣ ਬਾਅਦ ਮੈਨੂੰ ਲੱਗਿਆ ਕਿ ਮੈਨੂੰ ਹੋਰ ਸਮਾਂ ਚਾਹੀਦਾ। ਇੰਟਰਵਿਊ ਅਜੇ ਪੂਰੀ ਨਹੀਂ ਸੀ ਹੋਈ। ਮੈਂ ਸੋਚ ਰਹੀ ਸਾਂ ਕਿ ਇਹ ਗੱਲ ਉਹਨੂੰ ਕਿਵੇਂ ਕਹਾਂ। ਮੈਂ ਬਣਦੇ-ਸਰਦੇ ਸ਼ਬਦ ਤਲਾਸ਼ ਰਹੀ ਸਾਂ ਜਦੋਂ ਉਹ ਬੋਲਿਆ- “ਚੋਂਗ ਚੋਂਗ ਚੋਂਗ ਚੋਂਗ ਚੋਂਗ।” ਦੋ-ਭਾਸ਼ੀ ਕੁੜੀ ਨੇ ਦੱਸਿਆ ਕਿ “ਡੇਂਗ ਪੁੱਛ ਰਿਹਾ, ਕੀ ਤੂੰ ਉਹਦੀ ਇਕ ਹੋਰ ਇੰਟਰਵਿਊ ਲੈਣੀ ਚਾਹੁੰਨੀ ਏਂ? ਕਿਰਪਾ ਕਰ ਕੇ ਮਨ੍ਹਾ ਨਾ ਕਰੀਂ।”

ਮੇਰਾ ਸਿਰ ਚਕਰਾ ਗਿਆ। ਮੈਂ ਉੱਛਲ ਕੇ ਖੜ੍ਹੀ ਹੋ ਗਈ ਤੇ ਕੋਲ ਜਾ ਕੇ ਉਹਦਾ ਮੂੰਹ ਚੁੰਮ ਲਿਆ। ਸਿਕਿਓਰਟੀ ਵਾਲੇ ਮੇਰੇ ਉਪਰ ਕੁੱਦ ਪਏ ਕਿਉਂਕਿ ਉਨ੍ਹਾਂ ਨੂੰ ਲੱਗਿਆ, ਸ਼ਾਇਦ ਮੈਂ ਡੇਂਗ ਨੂੰ ਮਾਰਨ ਲਈ ਗਈ ਹਾਂ।

ਇਕ ਵਾਰ ਮੈਂ ਛੇ ਘੰਟਿਆਂ ਤੱਕ ਇੰਦਰਾ ਗਾਂਧੀ ਨਾਲ ਰਹੀ। ਅਖ਼ੀਰ ਵਿਚ ਉਹ ਕਹਿਣ ਲੱਗੀ- “ਇੱਧਰ ਦੇਖ, ਉਹ ਮੇਰੀ ਸਰਕਾਰ ਬੈਠੀ ਏ। ਮੇਰੇ ਮੰਤਰੀ ਦੋ ਘੰਟਿਆਂ ਤੋਂ ਮੇਰਾ ਇੰਤਜ਼ਾਰ ਕਰ ਰਹੇ ਨੇ। ਮੈਨੂੰ ਅਫ਼ਸੋਸ ਹੈ, ਹੁਣ ਤੇਰੇ ਕੋਲੋਂ ਵਿਦਾਇਗੀ ਲੈਣੀ ਪੈਣੀ ਏ। ਮੈਂ ਤੇਰੇ ਲਈ ਟੈਕਸੀ ਦਾ ਪ੍ਰਬੰਧ ਕਰਵਾ ਦਿੰਦੀ ਆਂ।”

ਕਲਪਨਾ ਤੋਂ ਪਰੇ ਦੀ ਉਸ ਬਿਲਡਿੰਗ ਵਿਚ ਅਗਲੇ ਦਸ ਪੰਦਰਾਂ ਮਿੰਟ ਅਸੀਂ ਇਕੱਠੀਆਂ ਘੁੰਮਦੀਆਂ ਰਹੀਆਂ। ਉਹਨੇ ਦੋਸਤਾਨਾ ਅੰਦਾਜ਼ ਵਿਚ ਮੇਰੀ ਬਾਂਹ ਫੜੀ ਹੋਈ ਸੀ ਤੇ ਮੈਨੂੰ ਹੌਲੀ ਜਿਹੀ ਕਹਿਣ ਲੱਗੀ- “ਮੇਰੇ ਆਲੇ ਦੁਆਲੇ ਇਕ ਤੋਂ ਵੱਧ ਕੇ ਇਕ ਮੂਰਖ ਲੋਕ ਹਨ। ਮੈਂ ਸਰਕਾਰ ਚਲਾਵਾਂ ਤਾਂ ਕਿਵੇਂ?” ਇਹ ਗੱਲ ਮੈਂ ਕਦੇ ਨਹੀਂ ਲਿਖੀ। ਹਾਂ, ਤੁਸੀਂ ਚਾਹੋ ਤਾਂ ਲਿਖ ਸਕਦੇ ਹੋ। ਇਹ ਦੇਖਣਾ ਵੀ ਦਿਲਚਸਪ ਸੀ ਕਿ ਕਿਵੇਂ ਉਹਨੇ ਆਪਣੇ ਸਿਕਿਓਰਟੀ ਵਾਲਿਆਂ ਨੂੰ ਟੈਕਸੀ ਮੰਗਵਾਉਣ ਲਈ ਕਿਹਾ। ਅਸੀਂ ਖੜ੍ਹੇ ਸਾਂ ਜਦੋਂ ਉਹਨੇ ਮੇਰੇ ਕੰਨ ਵਿਚ ਕਿਹਾ- “ਦੇਖਿਆ ਸਾਰੇ ਕਿੰਨੇ ਮੂਰਖਾਂ ਦੇ ਮੂਰਖ ਨੇ।” ਸਾਡੇ ਦੋਹਾਂ ਵਿਚਕਾਰ ਚੰਗੀ ਸਮਝ ਤੇ ਸਾਥ ਬਣਿਆ ਰਿਹਾ।

ਇੰਦਰਾ ਗਾਂਧੀ ਤੋਂ ਲੈ ਕੇ ਡੇਂਗ ਜਿਆਓ ਪਿੰਗ, ਆਰਚਬਿਸ਼ਪ ਮਕਾਰੀਓਸ ਨਾਲ ਮੇਰੀ ਚੰਗੀ ਦੋਸਤੀ ਰਹੀ। ਜਦੋਂ ਮਕਾਰੀਓਸ ਨਿਊ ਯਾਰਕ ਦੇ ਪਲਾਜ਼ਾ ਹੋਟਲ ਦੇ ਗੇਟ ਤੱਕ ਮੈਨੂੰ ਛੱਡਣ ਆਇਆ ਤਾਂ ਉਹਨੇ ਹੌਲੀ ਜਿਹੀ ਕਿਹਾ- “ਕਿੰਨੇ ਅਫਸੋਸ ਦੀ ਗੱਲ ਐ ਕਿ ਤੂੰ ਔਰਤ ਏਂ।” ਮੈਂ ਕਿਹਾ- “ਕਿੰਨੇ ਅਫਸੋਸ ਦੀ ਗੱਲ ਏ ਕਿ ਤੁਸੀਂ ਪਾਦਰੀ ਓ।”

ਮੈਂ ਜਦੋਂ ਵੀ ਕਿਸੇ ਦੀ ਇੰਟਰਵਿਊ ਲੈਂਦੀ ਹਾਂ, ਉਹਦੇ ਕੋਲੋਂ ਦੋ ਗੱਲਾਂ ਦੀ ਤਵੱਕੋ ਕਰਦੀ ਹਾਂ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਵਿਚੋਂ ਕਿਹੜੀ ਜ਼ਿਆਦਾ ਜ਼ਰੂਰੀ ਹੈ। ਮੈਂ ਇਤਿਹਾਸ ਦਾ ਕੋਈ ਸੱਚ ਛੱਡ ਕੇ ਜਾਣਾ ਚਾਹੁੰਦੀ ਹਾਂ, ਇਸ ਲਈ ਚਾਹੁੰਦੀ ਹਾਂ ਕਿ ਚੰਗਾ ਤੇ ਪਾਰਦਰਸ਼ੀ ਲਿਖਾਂ। ਆਪਣੀ ਲਿਖਤ ਬਾਰੇ ਮੈਂ ਬਹੁਤ ਫਿ਼ਕਰਮੰਦ ਰਹਿੰਦੀ ਹਾਂ। ਇਹਦੇ ਲਈ ਮੈਂ ਡਾਕਟਰ ਫਾਸਟਸ ਵਾਂਗ ਆਪਣੀ ਆਤਮਾ ਤੱਕ ਵੇਚ ਸਕਦੀ ਹਾਂ ਪਰ ਮੈਂ ਕੋਈ ਸੱਚ ਜ਼ਰੂਰ ਛੱਡ ਕੇ ਜਾਣਾ ਚਾਹੁੰਦੀ ਹਾਂ।

ਇਤਿਹਾਸ ਸਿਰਫ਼ ਜੇਤੂਆਂ ਦਾ ਹੀ ਲਿਖਿਆ ਜਾਂਦਾ ਹੈ। ਦੂਸਰਿਆਂ ਨੂੰ ਉਹ ਕਿਹੋ ਜਿਹਾ ਲੱਗਿਆ, ਇਹਦੇ ਬਾਰੇ ਕੋਈ ਨਹੀਂ ਲਿਖਦਾ; ਮਸਲਨ, ਨੀਰੋ ਬਾਦਸ਼ਾਹ ਮਹਾਨ ਸ਼ਖ਼ਸ ਸੀ, ਬੜਾ ਹੁਸ਼ਿਆਰ ਤੇ ਅਕਲਮੰਦ। ਇਤਿਹਾਸ ਹਮੇਸ਼ਾ ਜੇਤੂਆਂ ਨੇ ਲਿਖਿਆ ਹੈ। ਉਨ੍ਹਾਂ ਖੌਫ਼ਨਾਕ ਈਸਾਈਆਂ ਤੇ ਉਨ੍ਹਾਂ ਨੇ ਨੀਰੋ ਨੂੰ ਭੰਡਿਆ ਹੈ। ਮੈਂ ਨੀਰੋ ਤੋਂ ਆਬਸੈਸਡ ਹਾਂ ਤੇ ਇਹ ਗੱਲ ਮੇਰੀ ਬਰਦਾਸ਼ਤ ਤੋਂ ਬਾਹਰ ਹੈ ਕਿ ਉਹ ਮੂਰਖ ਤੇ ਪਾਗਲ ਸੀ। ਜੇ ਮੈਂ ਨੀਰੋ ਦੀ ਇੰਟਰਵਿਊ ਕੀਤੀ ਹੁੰਦੀ ਤਾਂ ਮੇਰਾ ਤੁਹਾਡੇ ਨਾਲ ਵਾਅਦਾ ਕਿ ਤੁਸੀਂ ਜਾਣ ਸਕਦੇ ਕਿ ਨੀਰੋ ਕੌਣ ਸੀ, ਕਿਹੋ ਜਿਹਾ ਸੀ, ਦਾਨਿਸ਼ਮੰਦ, ਸੱਚਾ ਤੇ ਸੁੱਚਾ।”

ਆਪਣੀ ਲਿਖਣ ਸ਼ੈਲੀ ਬਾਰੇ ਉਹ ਅਕਸਰ ਕਹਿੰਦੀ ਹੁੰਦੀ ਸੀ- “ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ- ਓਰਿਆਨਾ, ਜੋ ਵੀ ਲਿਖੇਂ, ਉਹ ਸਭ ਦੀ ਸਮਝ ਵਿਚ ਆਉਣਾ ਚਾਹੀਦਾ। ਚੀਜ਼ਾਂ ਨੂੰ ਗੁੰਝਲਦਾਰ ਬਣਾਉਣ ਦੀ ਕਦੇ ਕੋਸ਼ਿਸ਼ ਨਾ ਕਰੀਂ; ਤੇ ਮੈਂ ਹਮੇਸ਼ਾ ਆਪਣੀ ਮਾਂ ਦੀ ਸਿੱਖਿਆ ’ਤੇ ਅਮਲ ਕਰਦੀ ਰਹੀ ਹਾਂ। ਮੈਂ ਭਾਵੇਂ ਕਿਸੇ ਦੇਸ਼ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰ ਰਹੀ ਹੋਵਾਂ ਜਾਂ ਕਿਸੇ ਪ੍ਰਧਾਨ ਮੰਤਰੀ ਨਾਲ, ਮੈਂ ਕਿਸੇ ਨੂੰ ਵੀ ਆਪਣੇ ਨਾਲ ਰਾਜਨੀਤੀ ਜਾਂ ਸਮਾਜ ਸ਼ਾਸਤਰ ਦੀ ਕੋਈ ਖੇਡ ਨਹੀਂ ਖੇਡਣ ਦਿੰਦੀ।”

ਓਰਿਆਨਾ ਫ਼ਲਾਚੀ ਨੇ ਇਕ ਥਾਂ ਲਿਖਿਆ ਹੈ- “ਬਸ਼ਰਤੇ ਪ੍ਰਭੂ ਹੁੰਦਾ ਤੇ ਜੇ ਮੈਂ ਉਹਦੀ ਇੰਟਰਵਿਊ ਕਰ ਸਕਦੀ ਤਾਂ ਮੈਂ ਉਹਦੇ ਕੋਲੋਂ ਜ਼ਰਾ ਵੀ ਨਾ ਡਰਦੀ, ਨਾ ਘਬਰਾਉਂਦੀ। ਮੇਰੇ ਕੋਲ ਉਹਨੂੰ ਪੁੱਛਣ ਲਈ ਬਹੁਤ ਸਾਰੇ ਸਵਾਲ ਨੇ- ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਕਿ ਉਹ ਆਪ ਨਾਜਾਇਜ਼ ਔਲਾਦ ਹੈ, ਤੇ ਕਿਉਂਕਿ ਉਹਨੇ ਅਜਿਹੀ ਜ਼ਿੰਦਗੀ ਦੀ ਕਾਢ ਕੱਢੀ ਜੋ ਮਰ ਜਾਂਦੀ ਹੈ, ਤੁਸੀਂ ਸਾਨੂੰ ਮੌਤ ਕਿਉਂ ਦਿੱਤੀ? ਕਿਉਂਕਿ ਅਸੀਂ ਜਨਮ ਲੈ ਚੁੱਕੇ ਹਾਂ, ਤੇ ਫਿਰ ਮਰੀਏ ਕਿਉਂ? ਤੇ ਇੱਥੋਂ ਹੀ ਸ਼ੁਰੂ ਕਰਦੀ ਕਿ ਤੁਸਾਂ ਅਜਿਹਾ ਕਿਉਂ ਕੀਤਾ? ਇਹ ਪੁੱਛਣ ਲਈ ਮੈਂ ਪ੍ਰਭੂ ਕੋਲੋਂ ਜ਼ਰਾ ਵੀ ਖੌਫ਼ ਨਾ ਖਾਂਦੀ।”

ਓਰਿਆਨਾ ਫ਼ਲਾਚੀ ਆਪਣੀ ਪ੍ਰਸਿੱਧ ਕਿਤਾਬ ‘ਇੰਟਰਵਿਊ ਵਿਦ ਹਿਸਟਰੀ’ ਵਿਚ ਸਾਡੇ ਲਈ ਕਈ ਕੰਮ ਦੀਆਂ ਗੱਲਾਂ ਲਿਖ ਗਈ ਹੈ: ਉਹ ਭਾਵੇਂ ਕਿਸੇ ਤਾਨਾਸ਼ਾਹ ਕੋਲ ਹੋਵੇ ਜਾਂ ਕਿਸੇ ਚੁਣੇ ਗਏ ਰਾਸ਼ਟਰਪਤੀ ਕੋਲ, ਭਾਵੇਂ ਕਿਸੇ ਹਤਿਆਰੇ ਜਨਰੈਲ ਕੋਲ ਹੋਵੇ ਜਾਂ ਕਿਸੇ ਹਰਮਨ ਪਿਆਰੇ ਨੇਤਾ ਕੋਲ, ਸੱਤਾ ਨੂੰ ਮੈਂ ਹਮੇਸ਼ਾ ਅਮਾਨਵੀ ਅਤੇ ਘ੍ਰਿਣਾਭਰੀ ਪ੍ਰਕਿਰਿਆ ਦੇ ਰੂਪ ਵਿਚ ਹੀ ਦੇਖਿਆ ਹੈ। ਦਮਨ ਦਾ ਵਿਰੋਧ ਕਰਨ ਨੂੰ ਮੈਂ ਹਮੇਸ਼ਾ ਜਾਦੂ ਦਾ ਇਸਤੇਮਾਲ ਕਰਨ ਵਾਲੇ ਸਭ ਤੋਂ ਚੰਗੇ ਤਰੀਕੇ ਦੇ ਤੌਰ ’ਤੇ ਦੇਖਿਆ ਹੈ ਜਿਸ ਨੂੰ ਜਨਮ ਲੈਣਾ ਕਿਹਾ ਜਾਂਦਾ ਹੈ।”

ਅੱਗੇ ਜਾ ਕੇ ਉਹ ਲਿਖਦੀ ਹੈ: “ਮੇਰੇ ਸਵਾਲ ਬੜੀ ਕਰੂਰ ਕਿਸਮ ਦੇ ਹੁੰਦੇ ਨੇ ਕਿਉਂਕਿ ਸੱਚ ਦੀ ਖੋਜ ਕਰਨੀ ਸਰਜਰੀ ਕਰਨ ਵਰਗਾ ਕੰਮ ਹੁੰਦਾ ਹੈ ਤੇ ਇਹਦੇ ਨਾਲ ਪੀੜ ਵੀ ਹੁੰਦੀ ਏ। ਉਹਦੇ ਲਈ ਵੱਡੇ ਹੌਸਲੇ ਦੀ ਲੋੜ ਵੀ ਹੁੰਦੀ ਏ।”

ਓਰਿਆਨਾ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ ਜਦੋਂ ਉਹਨੇ ਵੀਅਤਨਾਮ ਦੇ ਸਭ ਤੋਂ ਵੱਡੇ ਭ੍ਰਿਸ਼ਟ ਤਾਨਾਸ਼ਾਹ ਨਿਗੂਐਨ ਵਾਨ ਥਿਊ ਦੀ ਇੰਟਰਵਿਊ ਲੈਣ ਵੇਲੇ ਪਹਿਲਾ ਸਵਾਲ ਇਹ ਪੁੱਛਿਆ ਸੀ- “ਇਹ ਦੱਸੋ, ਤੁਸੀਂ ਕਿੰਨੇ ਕੁ ਭ੍ਰਿਸ਼ਟ ਹੋ?”

 

ਪਰਮਜੀਤ ਢੀਂਗਰਾ