ਪਹਿਲੀ ਔਰਤ ਰਾਸ਼ਟਰਪਤੀ ਬਣੇ ਇਹ ਸਾਡੇ ਲਈ ਮਾਣ ਵਾਲੀ ਗੱਲ-ਏ ਆਰ ਰਹਿਮਾਨ
ਕਮਲਾ ਹੈਰਿਸ ਦੇ ਸਮਰਥਨ ਵਿੱਚ ਆਸਕਰ ਤੇ ਗੈਮੀ ਪੁਰਸਕਾਰ ਵਿਜੇਤਾ ਦੀ ਵੀਡੀਓ ਰਿਕਾਰਡਿੰਗ ਜਾਰੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਆਸਕਰ ਤੇ ਗੈਮੀ ਪੁਰਸਕਾਰ ਜੇਤੂ ਸੰਗੀਤਕਾਰ ਏ ਆਰ ਰਹਿਮਾਨ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਜਾਰੀ ਇਕ 30 ਮਿੰਟ ਦੀ ਵੀਡੀਓ ਰਿਕਾਰਡਿੰਗ ਵਿਚ ਆਪਣੀ ਆਵਾਜ਼ ਤੇ ਸੰਗੀਤ ਰਾਹੀਂ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ। ਇਸ ਗੀਤ ਰਾਹੀਂ ਰਹਿਮਾਨ ਨੇ ਕਮਲਾ ਹੈਰਿਸ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਰਹਿਮਾਨ ਦੱਖਣੀ ਏਸ਼ੀਆ ਤੋਂ ਪਹਿਲਾ ਕੌਮਾਂਤਰੀ ਕਲਾਕਾਰ ਹੈ ਜਿਸ ਨੇ ਹੈਰਿਸ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ। ਪਿਛਲੇ ਦਿਨ ਜਾਰੀ ਆਪਣੀ ਵੀਡੀਓ ਵਿਚ ਉਸ ਨੇ ' ਜੈ ਹੋ' ਸਮੇਤ ਆਪਣੇ ਸਾਰੇ ਲੋਕਪ੍ਰਿਯ ਗਾਣੇ ਸ਼ਾਮਿਲ ਕੀਤੇ ਹਨ ਜਿਨਾਂ ਰਾਹੀਂ ਉਸ ਨੇ ਭਾਰਤੀ ਅਮਰੀਕੀ ਮੱਤਦਾਤਾਵਾਂ ਨੂੰ ਪ੍ਰੇਰਿਤ ਕੀਤਾ ਹੈ ਤੇ ਹੈਰਿਸ ਦੇ ਵਿਸ਼ਵ ਪ੍ਰਤੀ ਨਜ਼ਰੀਏ ਦਾ ਸਮਰਥਨ ਕੀਤਾ ਹੈ। ਰਹਿਮਾਨ ਨੇ ਵੀਡੀਓ ਰਿਕਾਰਡਿੰਗ ਸਮੇ ਐਮ ਆਰ ਰੰਗਾਸਵਾਮੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ '' ਇਹ ਵੇਖਣਾ ਇਕ ਬਹੁਤ ਪ੍ਰੇਰਿਤ ਕਰਨ ਵਾਲੀ ਗੱਲ ਹੈ ਕਿ ਸਾਡੇ ਵਿਚੋਂ ਇਕ ਅਗਵਾਈ ਕਰਨ ਜਾ ਰਿਹਾ ਹੈ। ਇਹ ਬਹੁਤ ਹੀ ਵਧੀਆ ਹੋਵੇਗਾ ਕਿ ਸਾਡੀ ਪਹਿਲੀ ਔਰਤ ਰਾਸ਼ਟਰਪਤੀ ਹੋਵੇਗੀ ਜੋ ਊਰਜਾ ਨਾਲ ਭਰੀ ਹੋਈ ਹੈ ਤੇ ਉਸ ਨੂੰ ਸਾਡੇ ਸਾਰਿਆਂ ਦਾ ਸਮਰਥਨ ਤੇ ਪਿਆਰ ਮਿਲ ਰਿਹਾ ਹੈ।'' ਵੀਡੀਓ ਵਿਚ ਰਹਿਮਾਨ ਨੇ ਹੈਰਿਸ ਤੇ ਵਿਸ਼ਵ ਭਰ ਦੀਆਂ ਔਰਤਾਂ ਨੂੰ ਸਮਰਪਿਤ ਇਕ ਵਿਸ਼ੇਸ਼ ਗੀਤ ਵੀ ਸ਼ਾਮਿਲ ਕੀਤਾ ਹੈ ਜਿਸ ਦੇ ਬੋਲ ਹਨ ''ਯੇਰੂ ਯੇਰੂ ਯੇਰੂ ਨਿਨਜਿਲ ਪਾਲਮੀ ਕੁੰਡੂ ਯੇਰੂ''।
ਰਹਿਮਾਨ ਨੇ ਕਿਹਾ ਹੈ ਕਿ ਇਹ ਗੀਤ ਵਿਸ਼ਵ ਦੀਆਂ ਸਾਰੀਆਂ ਔਰਤਾਂ ਤੇ ਵਿਸ਼ੇਸ਼ ਕਰਕੇ ਕਮਲਾ ਜੀ ਨੂੰ ਸਮਰਪਿਤ ਹੈ। ਉਨਾਂ ਕਿਹਾ ''ਇਹ ਗੀਤ ਤੁਹਾਡੇ ਲਈ ਹੈ ਜਿਸ ਦੇ ਅਰਥ ਤੁਸੀਂ ਜਾਣਦੇ ਹੋ। ਮੈ ਤੁਹਾਡੀ ਸਫਲਤਾ ਦੀ ਕਾਮਨਾ ਕਰਦਾ ਹਾਂ।'' ਰਹਿਮਾਨ ਦੀ ਇਹ ਵੀਡੀਓ ਆਪੀ ਵਿਕਟਰੀ ਫੰਡ ਦੇ ਯੂ ਟਿਊਬ ਚੈਨਲ ਉਪਰ ਜਾਰੀ ਕੀਤੀ ਗਈ ਹੈ। ਆਪੀ ਵਿਕਟਰੀ ਫੰਡ ਦੇ ਚੇਅਰਮੈਨ ਸ਼ੇਖਰ ਨਰਾਸਿਮਹਾਨ ਨੇ ਕਿਹਾ ਹੈ ਕਿ ਇਹ ਕੇਵਲ ਸੰਗੀਤਕ ਵੀਡੀਓ ਹੀ ਨਹੀਂ ਹੈ ਬਲਕਿ ਸਾਡੇ ਭਾਈਚਾਰੇ ਲਈ ਸੱਦਾ ਹੈ ਕਿ ਉਹ ਉਸ ਭਵਿੱਖ ਲਈ ਵੋਟ ਪਾਉਣ ਜਿਸ ਨੂੰ ਉਹ ਚਹੁੰਦੇ ਹਨ।
Comments (0)