ਇਜਰਾਈਲ -ਇਰਾਨ ਅਤੇ ਰੂਸ -ਯੂਕਰੇਨ ਦੇ ਤਣਾਅ ਕਾਰਣ ਵਿਸ਼ਵ ਜੰਗ ਦੇ ਬੱਦਲ ਮੰਡਰਾਉਣ ਲਗੇ

ਇਜਰਾਈਲ -ਇਰਾਨ ਅਤੇ ਰੂਸ -ਯੂਕਰੇਨ ਦੇ ਤਣਾਅ ਕਾਰਣ ਵਿਸ਼ਵ ਜੰਗ ਦੇ ਬੱਦਲ ਮੰਡਰਾਉਣ ਲਗੇ

ਇਜ਼ਰਾਈਲ ਅਤੇ ਇਰਾਨ ਵਿਚਕਾਰ ਜੰਗ ਦੀ ਆਹਟ , ਅਮਰੀਕਾ ਨੇ ਵੀ ਖਿੱਚੀ ਤਿਆਰੀ

 *ਅਮਰੀਕਾ ਮਿਡਲ ਈਸਟ ਵਿੱਚ ਤੇਜ਼ੀ ਨਾਲ ਭੇਜ ਰਿਹਾ ਹੈ ਹਥਿਆਰ

   *ਯੂਕਰੇਨ ਦੇ ਹਮਲਿਆਂ ਤੋਂ ਪਰੇਸ਼ਾਨ ਰੂਸ ਨੇ ਤਿਖੇ ਹਮਲਿਆਂ ਦੀ ਚੇਤਾਵਨੀ ਦਿਤੀ

ਜਰਾਈਲ -ਇਰਾਨ ਅਤੇ ਰੂਸ -ਯੂਕਰੇਨ ਦੇ ਤਣਾਅ ਕਾਰਣ ਵਿਸ਼ਵ ਜੰਗ ਦੇ ਬੱਦਲ ਮੰਡਰਾਉਣ ਲਗੇ ਹਨ। ਅਸਲ ਵਿਚ ਇਹ ਭੇੜ ਅਮਰੀਕਾ ਬਨਾਮ ਰੂਸ- ਚੀਨ ਵਿਚਾਲੇ ਸੰਸਾਰ ਦੀ ਸੁਪਰ ਤਾਕਤ ਬਣਨ ਦਾ ਭੇੜ ਹੈ।ਇਹ ਕਦਮ ਵਿਸ਼ਵ ਜੰਗ ਵਲ ਵਧ ਰਹੇ ਹਨ।

ਇਜ਼ਰਾਈਲ ਅਤੇ ਇਰਾਨ ਵਿਚਕਾਰ ਜੰਗ ਦੀ ਆਹਟ ਦੇ ਵਿਚਾਲੇ ਅਮਰੀਕਾ ਨੇ ਵੀ ਤਿਆਰੀ ਖਿੱਚ ਲਈ ਹੈ। ਅਮਰੀਕਾ ਮਿਡਲ ਈਸਟ ਵਿੱਚ ਤੇਜ਼ੀ ਨਾਲ ਹਥਿਆਰ ਭੇਜ ਰਿਹਾ ਹੈ। ਇਜ਼ਰਾਈਲ ਨੇ ਸੰਕੇਤ ਦਿੱਤਾ ਹੈ ਕਿ ਉਹ ਇਰਾਨ ਨੂੰ ਬਖਸ਼ਣ ਵਾਲਾ ਨਹੀਂ ਹੈ। ਇਜ਼ਰਾਈਲ ਦੇ ਇਰਾਨ ਨੂੰ ਸਬਕ ਸਿਖਾਉਣ ਦੇ ਇਰਾਦੇ ਵਿੱਚ ਅਮਰੀਕਾ ਵੀ ਸਾਥ ਦੇ ਰਿਹਾ ਹੈ। ਅਮਰੀਕਾ ਨੇ ਇੱਕ ਗਾਈਡਿਡ ਮਿਸਾਈਲ ਪਨਡੁਬੀ ਮਿਡਲ ਈਸਟ ਭੇਜੀ ਹੈ ਅਤੇ ਇੱਕ ਇੱਕ ਏਅਰਕ੍ਰਾਫਟ ਕੈਰੀਅਰ ਸਟ੍ਰਾਈਕ ਗਰੁੱਪ ਦੀ ਤੈਨਾਤੀ ਨੂੰ ਤੇਜ਼ ਕਰ ਰਿਹਾ ਹੈ।

ਇਰਾਨ ਨੂੰ ਘੇਰਨ ਵਿੱਚ ਲੱਗੇ ਅਮਰੀਕਾ-ਇਜ਼ਰਾਈਲ

ਹਮਾਸ ਅਤੇ ਹਿਜਬੁੱਲਾਹ ਦੇ ਮੈਂਬਰਾਂ ਦੀ ਹੱਤਿਆ ਦੇ ਬਾਅਦ ਇਜ਼ਰਾਈਲ ਨੇ ਇਰਾਨ ਅਤੇ ਉਸਦੇ ਸਮਰਥਕਾਂ ਨੂੰ ਚੁਣੌਤੀ ਦਿੱਤੀ ਹੈ। ਇਸ ਦੌਰਾਨ, ਪੈਂਟਾਗਨ ਨੇ ਪੁਸ਼ਟੀ ਕੀਤੀ ਸੀ ਕਿ ਡਿਫੈਂਸ ਸਕਰੇਟਰੀ ਲੌਇਡ ਆਸਟਿਨ ਨੇ ਯੂਐਸਐੱਸ ਜਾਰਜੀਆ ਗਾਈਡਿਡ ਮਿਸਾਈਲ ਪਨਡੁਬੀ ਨੂੰ ਖੇਤਰ ਵਿੱਚ ਭੇਜਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਨੇ ਯੂਐਸਐੱਸ ਐਬ੍ਰਾਹਮ ਲਿੰਕਨ ਕੈਰੀਅਰ ਸਟ੍ਰਾਈਕ ਗਰੁੱਪ, ਜੋ ਕਿ F-35C ਲੜਾਕੂ ਜੈੱਟ ਨਾਲ ਲੈਸ ਹੈ, ਨੂੰ ਖੇਤਰ ਵਿੱਚ ਤੇਜ਼ੀ ਨਾਲ ਪਹੁੰਚਣ ਦਾ ਹੁਕਮ ਦਿੱਤਾ ਹੈ।

ਅਮਰੀਕਾ-ਇਜ਼ਰਾਈਲ ਦੀ ਗੱਲਬਾਤ

ਇਹ ਹੁਕਮ ਅਤੇ ਪਨਡੁਬੀ ਦੀ ਤੈਨਾਤੀ ਦਾ ਜਨਤਕ ਐਲਾਨ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਪੈਂਟਾਗਨ ਦੀ ਇੱਕ ਰਿਪੋਰਟ ਦੇ ਅਨੁਸਾਰ, ਆਸਟਿਨ ਨੇ ਆਪਣੇ ਇਜ਼ਰਾਈਲੀ ਸਹਿਯੋਗੀ ਯੋਵ ਗੈਲੈਂਟ ਨਾਲ ਇੱਕ ਕਾਲ ਵਿੱਚ ਵਾਸ਼ਿੰਗਟਨ ਦੀ ਆਪਣੇ ਸਹਿਯੋਗੀ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕਣ ਦਾ ਵਾਅਦਾ ਦੋਹਰਾਇਆ। ਇਸ ਗੱਲਬਾਤ ਵਿੱਚ, ਗੈਲੈਂਟ ਨੇ ਇਰਾਨ ਅਤੇ ਉਸਦੇ ਖੇਤਰੀ ਸਮਰਥਕਾਂ ਵੱਲੋਂ ਉਭਰ ਰਹੇ ਖਤਰਿਆਂ ਦੇ ਸਾਹਮਣੇ ਇਜਰਾਈਲ ਡੀਫੈਂਸ ਫੋਰਸਦੀ ਤਿਆਰੀ ਅਤੇ ਸਮਰਥਾਵਾਂ ਦਾ ਵਿਸਤਾਰ ਨਾਲ ਵੇਰਵਾ ਦਿੱਤਾ। ਖੇਤਰ ਵਿੱਚ ਤੈਨਾਤ ਅਮਰੀਕੀ ਫੌਜੀ ਸਮਰਥਾਵਾਂ ਦੀ ਵਿਆਪਕ ਰੇਂਜ ਨਾਲ ਸੰਯੁਕਤ ਸੰਚਾਲਣ ਉੱਤੇ ਗੱਲਬਾਤ ਕੀਤੀ ਗਈ।

ਇਰਾਨ ਨੇ ਵੀ ਦਿੱਤੀ ਹੈ ਧਮਕੀ

ਇਹ ਕਦਮ ਉਸ ਵੇਲੇ ਚੁੱਕੇ ਗਏ ਜਦੋਂ ਇਹ ਡਰ ਵਧ ਗਿਆ ਕਿ ਇਰਾਨ ਜਲਦੀ ਹੀ ਹਮਾਸ ਦੇ ਸਿਆਸੀ ਨੇਤਾ ਇਸਮਾਈਲ ਹਨਿਆ ਦੀ ਹੱਤਿਆ ਦਾ ਜਵਾਬ ਦੇ ਸਕਦਾ ਹੈ, ਜਿਸਨੂੰ ਪਿਛਲੇ ਮਹੀਨੇ ਤੇਹਰਾਨ ਵਿੱਚ ਮਾਰ ਦਿੱਤਾ ਗਿਆ ਸੀ। ਹਨਿਆ ਇਰਾਨੀ ਰਾਸ਼ਟਰਪਤੀ ਮਸੂਦ ਮਸੂਦ ਪੇਜ਼ੇਸ਼ਕੀਅਨ ਦੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲੈਣ ਤੋਂ ਬਾਅਦ ਮਾਰਿਆ ਗਿਆ ਸੀ। ਇਰਾਨ ਅਤੇ ਹਮਾਸ ਦੋਹਾਂ ਨੇ ਹੱਤਿਆ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਹਨਿਆ ਦੀ ਹਤਿਆ ਦਾ ਬਦਲਾ ਲੈਣ ਦੀ ਕਸਮ

ਇਰਾਨ ਦੇ ਸਰਵਉੱਚ ਲੀਡਰ ਆਯਤੁੱਲਾਹ ਅਲੀ ਖਾਮਨੇਈ ਨੇ ਹਨਿਆ ਦੀ ਹੱਤਿਆ ਲਈ "ਕਠੋਰ ਸਜ਼ਾ" ਦੇਣ ਦੀ ਕਸਮ ਖਾਧੀ ਹੈ। ਜਿਸ ਦੇ ਬਾਅਦ, ਹਮਾਸ ਦੇ 7 ਅਕਤੂਬਰ ਦੇ ਆਤਮਘਾਤੀ ਹਮਲੇ ਦੇ ਕਥਿਤ ਮਾਸਟਰਮਾਈਂਡ ਯਾਹਿਆ ਸਿਨਵਾਰ ਨੂੰ ਸਮੂਹ ਦਾ ਸਿਆਸੀ ਨੇਤਾ ਨਿਯੁਕਤ ਕੀਤਾ ਗਿਆ। ਪਰ, ਇਹ ਸਪਸ਼ਟ ਨਹੀਂ ਹੈ ਕਿ ਇਰਾਨ ਕਿਸ ਤਰ੍ਹਾਂ ਨਾਲ ਜਵਾਬ ਦੇਵੇਗਾ। ਇਰਾਨ-ਸਮਰਥਿਤ ਲੇਬਨਾਨੀ ਖਾੜਕੂ ਸਮੂਹ ਹਿਜਬੁੱਲਾਹ ਨੇ ਵੀ ਬੇਰੂਤ ਵਿੱਚ ਸੀਨੀਅਰ ਕਮਾਂਡਰ ਫੁਆਦ ਸ਼ੁੱਕਰ ਦੀ ਹਤਿਆ ਦੇ ਬਦਲੇ ਦੀ ਕਸਮ ਖਾਧੀ ਹੈ, ਜੋ ਹਨਿਆ ਦੀ ਹੱਤਿਆ ਤੋਂ ਕੁਝ ਘੰਟੇ ਪਹਿਲਾਂ ਹੋਈ ਸੀ।

ਇਨ੍ਹਾਂ ਪੁਆਇੰਟਾਂ ਵਿੱਚ ਸਮਝੋ ਕੀ ਕੁਝ ਹੋ ਸਕਦਾ

ਹਮਾਸ ਅਤੇ ਹਿਜਬੁੱਲਾਹ ਦੇ ਨੇਤਾਵਾਂ ਦੀਆਂ ਹੱਤਿਆਵਾਂ ਦੇ ਬਾਅਦ, ਇਜ਼ਰਾਈਲ ਇਰਾਨ ਅਤੇ ਉਸਦੇ ਸਮਰਥਕਾਂ ਤੋਂ ਸੰਭਾਵਿਤ ਹਮਲਿਆਂ ਲਈ ਉੱਚ ਚੌਕਸੀ 'ਤੇ ਹੈ।

ਅਮਰੀਕਾ ਇੱਕ ਗਾਈਡਿਡ ਮਿਸਾਈਲ ਪਨਡੁਬੀ ਨੂੰ ਤੈਨਾਤ ਕਰ ਰਿਹਾ ਹੈ ਅਤੇ ਇਜ਼ਰਾਈਲ ਦੇ ਸਹਿਯੋਗ ਵਿੱਚ ਇੱਕ ਵਿਦੇਸ਼ੀ ਪੋਤ ਸਟ੍ਰਾਈਕ ਗਰੁੱਪ ਦੀ ਤੈਨਾਤੀ ਨੂੰ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ। 

ਇਰਾਨ ਨੇ ਹਮਾਸ ਦੇ ਨੇਤਾ ਦੀ ਹਤਿਆ ਲਈ "ਸਖ਼ਤ ਸਜ਼ਾ" ਦੇਣ ਦੀ ਕਸਮ ਖਾਧੀ ਹੈ ਅਤੇ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਖੇਤਰੀ ਸੰਘਰਸ਼ ਦੀ ਸੰਭਾਵਨਾ ਬਾਰੇ ਚਿੰਤਾ ਵਧ ਗਈ ਹੈ।

ਵਧਦੇ ਤਣਾਅ ਵਿਚਾਲੇ ਅਮਰੀਕਾ ਵੀ ਇਜ਼ਰਾਈਲ ਅਤੇ ਹਮਾਸ ਦੇ ਵਿਚਕਾਰ ਜੰਗ ਰੁਕਣ ਤੱਕ ਪਹੁੰਚਣ ਅਤੇ ਬੰਧਕਾਂ ਦੀ ਰਿਹਾਈ ਯਕੀਨੀ ਬਣਾਉਣ ਦੀ ਅਪੀਲ ਕਰ ਰਿਹਾ ਹੈ। ਗਾਜਾ ਵਿੱਚ ਇੱਕ ਸਕੂਲ 'ਤੇ ਹਾਲ ਹੀ ਵਿੱਚ ਹੋਏ ਇਜ਼ਰਾਈਲੀ ਹਮਲੇ ਵਿੱਚ ਨਾਗਰਿਕਾਂ ਦੇ ਮਾਰੇ ਜਾਣ 'ਤੇ ਡੂੰਘੀ ਚਿੰਤਾ ਵੀ ਪ੍ਰਗਟ ਕੀਤੀ।

ਯੂਕ੍ਰੇਨ ਦੇ ਹਮਲਿਆਂ ਤੋਂ ਪਰੇਸ਼ਾਨ ਪੁਤਿਨ

ਰੂਸ ਦੁਆਰਾ ਯੂਕਰੇਨ ਦੇ ਕੁਰਸਕ ਖੇਤਰ 'ਤੇ ਕਬਜ਼ੇ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਗੁੱਸੇ ਵਿਚ ਹਨ। ਇਹ ਖਦਸ਼ਾ ਹੈ ਕਿ ਉਹ ਯੂਕਰੇਨ 'ਤੇ ਵੱਡੇ ਜਵਾਬੀ ਹਮਲੇ ਕਰ ਸਕਦੇ ਹਨ। ਯੂਕਰੇਨ ਨੇ ਕੁਰਸਕ ਨਾਮਕ ਰੂਸ ਦੇ ਇੱਕ ਮਹੱਤਵਪੂਰਨ ਖੇਤਰ 'ਤੇ ਹਮਲਾ ਕੀਤਾ ਅਤੇ ਲਗਭਗ 95 ਵਰਗ ਮੀਲ ਦੇ ਖੇਤਰ 'ਤੇ ਕਬਜ਼ਾ ਕਰ ਲਿਆ। ਇਸ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ।

ਬੀਤੇ ਦਿਨੀਂ ਯੂਕਰੇਨੀ ਫੌਜ ਨੇ ਇੱਕ ਵੀਡੀਓ ਜਾਰੀ ਕੀਤਾ ਸੀ ਜਿਸਵਿ'ਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਰੂਸ 'ਚ ਕੁਰਸਕ ਨਾਮਕ ਇੱਕ ਮਹੱਤਵਪੂਰਨ ਖੇਤਰ ਤੇ ਯੂਰਪ ਨੂੰ ਸਪਲਾਈ ਕਰਨ ਵਾਲੇ ਇੱਕ ਗੈਸ ਪਲਾਂਟ 'ਤੇ ਕਬਜ਼ਾ ਕਰ ਲਿਆ ਹੈ। ਯੂਕਰੇਨ ਦੇ ਇਸ ਹਮਲੇ ਦੇ ਜਵਾਬ ਵਿੱਚ ਪੁਤਿਨ ਦੀ ਪ੍ਰਤੀਕਿਰਿਆ ਆਈ ਹੈ, ਪੁਤਿਨ ਨੇ ਇਸ ਹਮਲੇ ਦਾ ਜਵਾਬ ਦੇਣ ਲਈ 'ਸਖਤ ਕਦਮ' ਚੁੱਕਣ ਦੀ ਗੱਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਯੂਕਰੇਨ ਨੇ ਰੂਸ ਦੀਆਂ ਸਰਹੱਦਾਂ ਪਾਰ ਕਰ ਲਈਆਂ ਹਨ ਅਤੇ ਸਖ਼ਤ ਜਵਾਬੀ ਕਾਰਵਾਈ ਕੀਤੀ ਜਾਵੇਗੀ।

ਯੂਕਰੇਨ ਦੇ ਇੱਕ ਸੀਨੀਅਰ ਰੱਖਿਆ ਅਧਿਕਾਰੀ ਨੇ ਕਿਹਾ ਕਿ ਰੂਸ ਬਹੁਤ ਵੱਡਾ ਤੇ ਸਖ਼ਤ ਜਵਾਬ ਦੇ ਸਕਦਾ ਹੈ। ਉਸ ਦਾ ਮੰਨਣਾ ਹੈ ਕਿ ਅਜਿਹਾ ਕਰ ਕੇ ਰੂਸ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਉਹ ਤਾਕਤਵਰ ਹੈ ਤੇ ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਪੁਤਿਨ ਦੀ ਧਮਕੀ ਅਤੇ ਰੂਸ ਦੀ ਸੰਭਾਵਿਤ ਜਵਾਬੀ ਕਾਰਵਾਈ ਨੇ ਕੌਮਾਂਤਰੀ ਭਾਈਚਾਰੇ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਸਾਰੀਆਂ ਨਜ਼ਰਾਂ ਇਸ ਗੱਲ 'ਤੇ ਹਨ ਕਿ ਰੂਸ ਕੀ ਪ੍ਰਤੀਕਿਰਿਆ ਕਰੇਗਾ ਅਤੇ ਸਥਿਤੀ ਕਿੰਨੀ ਗੰਭੀਰ ਹੋ ਸਕਦੀ ਹੈ।

ਰਿਪੋਰਟਾਂ ਦੇ ਅਨੁਸਾਰ, ਸੁਦਜ਼ਾ ਕਸਬੇ ਨੂੰ 7 ਅਗਸਤ ਤੱਕ ਯੂਕਰੇਨੀ ਫੌਜਾਂ ਦੁਆਰਾ ਘੇਰ ਲਿਆ ਗਿਆ ਸੀ ਤੇ ਇਸ ਤੋਂ ਬਾਅਦ ਰੂਸੀ ਸੈਨਿਕਾਂ ਨੇ ਆਤਮ ਸਮਰਪਣ ਕੀਤਾ ਸੀ। ਇਸ ਹਮਲੇ ਨੂੰ ਰੂਸੀ ਫੌਜ ਨੂੰ ਹੋਰ ਖੇਤਰਾਂ 'ਚ ਕਮਜ਼ੋਰ ਕਰਨ ਦੀ ਰਣਨੀਤਕ ਕੋਸ਼ਿਸ਼ ਮੰਨਿਆ ਜਾ ਰਿਹਾ ਹੈ, ਇਸ ਘਟਨਾ ਤੋਂ ਬਾਅਦ ਰੂਸ ਨੇ ਇਸ ਖੇਤਰ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ 3000 ਤੋਂ ਵੱਧ ਨਾਗਰਿਕਾਂ ਨੂੰ ਬਾਹਰ ਕੱਢਿਆ ਗਿਆ ਹੈ। ਰੂਸੀ ਫੌਜ ਹੁਣ ਯੂਕਰੇਨ ਦੇ ਸੈਨਿਕਾਂ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਜੇ ਤੱਕ ਉਹ ਸਫਲ ਨਹੀਂ ਹੋ ਸਕੀ ਹੈ।