ਭਗਵੰਤ ਮਾਨ ਵੱਲੋਂ ਵਿਧਾਨ ਸਭਾ ਦਾੜੀ ਦਾ ਮਖੌਲ ਉਡਾਉਣਾ ਬਹੁਤ ਘਿਨੌਣੀ ਹਰਕਤ, ਤੁਰੰਤ ਮੰਗਣ ਮੁਆਫੀ: ਦਿੱਲੀ ਗੁਰਦੁਆਰਾ ਕਮੇਟੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 21 ਜੂਨ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਬੀਤੇ ਕੱਲ੍ਹ ਪੰਜਾਬ ਵਿਧਾਨ ਸਭਾ ਵਿਚ ਦਾੜੀ ਦਾ ਮਖੌਲ ਉਡਾਉਣ ਦਾ ਗੰਭੀਰ ਨੋਟਿਸ ਲੈਂਦਿਆਂ ਇਸਨੂੰ ਘਿਨੌਣੀ ਹਰਕਤ ਕਰਾਰ ਦਿੱਤਾ ਹੈ ਤੇ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਉਹ ਤੁਰੰਤ ਸਿੱਖ ਕੌਮ ਤੋਂ ਮੁਆਫੀ ਮੰਗਣ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਨੇ ਕਿਹਾ ਕਿ ਦਾੜੀ ਅਤੇ ਕੇਸ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਬਖਸ਼ੇ ਪੰਜ ਕੱਕਾਰਾਂ ਦਾ ਹਿੱਸਾ ਹਨ। ਉਹਨਾਂ ਕਿਹਾ ਕਿ ਦਾੜੀ ਖੁੱਲ੍ਹੀ ਰੱਖਣਾ ਜਾਂ ਬੰਨ੍ਹ ਕੇ ਰੱਖਣਾ ਹਰ ਵਿਅਕਤੀ ਦੀ ਜ਼ਿੰਦਗੀ ਦਾ ਨਿੱਜੀ ਫੈਸਲਾ ਹੈ ਪਰ ਗੁਰਮਤਿ ਵਿਚ ਦਾੜੀ ਅਤੇ ਕੇਸ ਕਤਲ ਕਰਨ ਜਾਂ ਰੰਗਣ ਦੀ ਸਖ਼ਤ ਮਨਾਹੀ ਹੈ ਤੇ ਅਜਿਹਾ ਕਰਨਾ ਬੱਜਰ ਗੁਨਾਹ ਹੈ। ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਵੱਸਦੇ ਸਿੱਖ ਹਮੇਸ਼ਾ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਪੰਜ ਕੱਕਾਰ ਧਾਰਨ ਕਰਦੇ ਹਨ। ਜਿਹਨਾਂ ਨੇ ਅੰਮ੍ਰਿਤ ਨਹੀਂ ਵੀ ਛਕਿਆ, ਉਹਨਾਂ ਵਿਚੋਂ ਵੀ ਬਹੁ ਗਿਣਤੀ ਨੇ ਕੇਸ ਕਤਲ ਨਹੀਂ ਕਰਵਾਏ ਤੇ ਦਾੜੀ ਨਹੀਂ ਕੱਟਵਾਈ।
ਸਰਦਾਰ ਕਾਲਕਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਆਪ ਸਿਰ ਦੇ ਕੇਸ ਵੀ ਕਤਲ ਕੀਤੇ ਹੋਏ ਹਨ ਤੇ ਦਾੜੀ ਵੀ ਕੱਟੀ ਹੋਈ ਹੈ ਪਰ ਉਹ ਇਕ ਅੰਮ੍ਰਿਤਧਾਰੀ ਗੁਰਸਿੱਖ ਦੀ ਦਾੜੀ ਦਾ ਮਖੌਲ ਉਡਾ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਕਰਨਾ ਬਹੁਤ ਘਟੀਆ ਹਰਕਤ ਹੈ ਤੇ ਉਹਨਾਂ ਦੀ ਬਿਮਾਰ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਉਹਨਾਂ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਆਪਣੀ ਇਸ ਬੱਜਰ ਗਲਤੀ ਲਈ ਤੁਰੰਤ ਸਿੱਖ ਕੌਮ ਤੋਂ ਮੁਆਫੀ ਮੰਗਣ ਅਤੇ ਭੁੱਲ ਬਖਸ਼ਾਉਣ ਕਿਉਂਕਿ ਸਿੱਖ ਸੰਗਤ ਵਿਚ ਉਹਨਾਂ ਦੀ ਹਰਕਤ ਨੂੰ ਲੈ ਕੇ ਕਾਫੀ ਰੋਸ ਹੈ।
Comments (0)