ਭਾਰਤੀ ਖੁਫੀਆ ਏਜੰਸੀ ਰਾਅ ਹੈ ਦੁਨੀਆ ਲਈ ਰਹੱਸ,ਪਰ ਅਮਰੀਕਾ ਅਗੇ ਹੋਈ ਫੇਲ
ਸਮਝੋ ਕਿਵੇਂ ਕੰਮ ਕਰਦੀ ਹੈ ਸੀਆਈਏ,ਮੌਸਾਦ ਅਤੇ ਚੀਨ ਦੀ ਐਮ ਐਸ ਐਸ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਾਸ਼ਿੰਗਟਨ : ਬ੍ਰਿਟਿਸ਼ ਅਖਬਾਰ 'ਦਿ ਗਾਰਡੀਅਨ' ਨੇ ਹਾਲ ਹੀ ਵਿਚ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨ ਵਿਚ ਪਿਛਲੇ ਦੋ ਸਾਲਾਂ ਵਿਚ ਘੱਟੋ-ਘੱਟ 20 ਬਦਨਾਮ ਖਾੜਕੂ ਮਾਰੇ ਗਏ ਹਨ। ਇਸ ਪਿੱਛੇ ਭਾਰਤੀ ਖੁਫੀਆ ਏਜੰਸੀ ਰਾਅ ਦਾ ਹੱਥ ਦੱਸਿਆ ਜਾ ਰਿਹਾ ਹੈ। ਇਸ ਖਬਰ ਤੋਂ ਬਾਅਦ ਪੂਰੀ ਦੁਨੀਆ ਵਿਚ ਇੰਡੀਅਨ ਸੀਕ੍ਰੇਟ ਸਰਵਿਸ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੀ ਤਾਕਤ ਦੀ ਚਰਚਾ ਸ਼ੁਰੂ ਹੋ ਗਈ। 1968 ਵਿੱਚ ਆਪਣੀ ਸਥਾਪਨਾ ਤੋਂ ਲੈ ਕੇ, ਭਾਰਤ ਦੀ ਰਾਅ ਵਿਦੇਸ਼ੀ ਦੁਸ਼ਮਣਾਂ ਤੋਂ ਦੇਸ ਹਿੱਤਾਂ ਦੀ ਰੱਖਿਆ ਦਾ ਦਾਅਵਾ ਕਰਦੀ ਰਹੀ ਹੈ। ਇਸ ਦੇ ਲਈ ਰਾਅ ਨੇ ਦੂਜੇ ਦੇਸ਼ਾਂ ਵਿੱਚ ਕਈ ਸਫਲ ਮਿਸ਼ਨ ਕੀਤੇ ਹਨ। ਰਾਅ ਨੇ ਆਪਣੇ ਆਪ ਨੂੰ ਇੱਕ ਅਜਿਹੀ ਏਜੰਸੀ ਵਜੋਂ ਸਥਾਪਿਤ ਕਰ ਲਿਆ ਹੈ ਜੋ ਹਨੇਰੇ ਵਿੱਚ ਕੰਮ ਕਰਦੀ ਹੈ ਪਰ ਹੁਣ ਦੁਨੀਆ ਵਿੱਚ ਇਸ ਦਾ ਡੰਕਾ ਵੱਜਣਾ ਸ਼ੁਰੂ ਹੋ ਗਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੀਕਾ, ਇਜ਼ਰਾਈਲ ਅਤੇ ਚੀਨ ਵਰਗੇ ਦੇਸ਼ਾਂ ਦੀਆਂ ਚੋਟੀ ਦੀਆਂ ਗੁਪਤ ਏਜੰਸੀਆਂ ਕਿਹੜੀਆਂ ਹਨ ਅਤੇ ਉਹ ਕਿਵੇਂ ਕੰਮ ਕਰਦੀਆਂ ਹਨ।
ਭਾਰਤ ਦੀ ਚੋਟੀ ਦੀ ਖੁਫੀਆ ਏਜੰਸੀ ਰਾਅ ਦਾ ਕੰਮ ਕਰਨ ਦਾ ਤਰੀਕਾ ਬੇਨਾਮ ਹੋ ਸਕਦਾ ਹੈ, ਪਰ ਅਮਰੀਕਾ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀ.ਆਈ.ਏ.), ਇਜ਼ਰਾਈਲ ਦੀ ਮੋਸਾਦ, ਬ੍ਰਿਟੇਨ ਦੀ ਐੱਮ.ਆਈ.-5 ਅਤੇ ਕੈਨੇਡਾ ਦੀ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀ. ਐੱਸ. ਆਈ. ਐੱਸ.) ਸਮੇਤ ਕਈ ਸੀਕਰੇਟ ਸਰਵਿਸ ਆਪਣੀ ਵੈੱਬਸਾਈਟ ਉਪਰ ਚਲਾ ਰਹੀ ਹੈ।ਅਤੇ ਦੁਨੀਆ ਨਾਲ ਆਪਣੇ ਕੰਮ ਬਾਰੇ ਦਸ ਰਹੀ ਹੈ। ਇੰਨਾ ਹੀ ਨਹੀਂ ਉਹ ਲੋਕਾਂ ਤੋਂ ਜਾਣਕਾਰੀ ਵੀ ਲੈਂਦੀ ਹੈ। ਭਾਰਤੀ ਖੁਫੀਆ ਏਜੰਸੀ ਰਾਅ ਨੇ ਆਪਣਾ ਪਹਿਲਾ ਨਿਰਦੇਸ਼ਕ ਆਰ. ਐਨ ਕਾਓ ਦੁਆਰਾ ਬਣਾਈ ਗਈ ਨੀਤੀ ਦਾ ਪਾਲਣ ਕਰ ਰਹੀ ਹੈ। ਆਰ. ਐਨ ਕਾਓ ਨੇ ਰਾਅ ਨੂੰ ਇੱਕ ਬਹੁਤ ਹੀ ਗੁਪਤ ਏਜੰਸੀ ਰੱਖਿਆ। ਡਾਇਰੈਕਟਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਕ ਵੀ ਮੀਡੀਆ ਇੰਟਰਵਿਊ ਨਹੀਂ ਦਿੱਤੀ। ਉਦੋਂ ਤੋਂ, 23 ਜਾਸੂਸੀ ਮਾਸਟਰਾਂ ਨੇ ਰਾਅ ਦੀ ਅਗਵਾਈ ਕੀਤੀ ਹੈ ਅਤੇ ਉਨ੍ਹਾਂ ਸਾਰਿਆਂ ਨੇ ਏਜੰਸੀ ਬਾਰੇ ਕਾਓ ਦੀ ਨੀਤੀ ਦਾ ਪਾਲਣ ਕੀਤਾ ਹੈ।
ਅਮਰੀਕਾ ਦੀ ਸੀ.ਆਈ.ਏ
ਅਮਰੀਕੀ ਖੁਫੀਆ ਏਜੰਸੀ ਸੀਆਈਏ, ਜੋ ਕਿ ਦੁਨੀਆ ਭਰ ਵਿੱਚ ਆਪਣੇ ਏਜੰਟ ਭੇਜ ਕੇ ਅਮਰੀਕਾ ਦੇ ਦੁਸ਼ਮਣਾਂ ਨੂੰ ਖਤਮ ਕਰਨ ਲਈ ਮਸ਼ਹੂਰ ਹੈ।ਇਹ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਦੇ ਦਫਤਰ ਅਧੀਨ ਕੰਮ ਕਰਦੀ ਹੈ। ਸਨ ਤੇ ਗਾਰਡੀਅਨ ਦੀ ਰਿਪੋਰਟ ਦੇ ਅਨੁਸਾਰ, ਸੀਆਈਏ ਦਾ ਸਾਲਾਨਾ ਬਜਟ 71 ਬਿਲੀਅਨ ਡਾਲਰ ਹੈ, ਜੋ ਕਿ ਦੁਨੀਆ ਦੀ ਕਿਸੇ ਵੀ ਖੁਫੀਆ ਏਜੰਸੀ ਲਈ ਸਭ ਤੋਂ ਵੱਧ ਹੈ। ਸੀਆਈਏ ਨੇ ਆਪਣੀ ਵੈੱਬਸਾਈਟ 'ਤੇ ਦੱਸਿਆ ਹੈ ਕਿ ਉਹ ਲੋਕਾਂ ਤੋਂ ਜਾਣਕਾਰੀ ਕਿਵੇਂ ਮੰਗਦੀ ਹੈ ? ਇਸ ਦੀ ਵੈੱਬਸਾਈਟ ਉਪਰ ਲਿਖਿਆ ਹੈ, “ਦੁਨੀਆ ਭਰ ਦੇ ਲੋਕ ਹਰ ਰੋਜ਼ ਸੀਆਈਏ ਨਾਲ ਜਾਣਕਾਰੀ ਸਾਂਝੀ ਕਰਦੇ ਹਨ। ਜੇਕਰ ਤੁਹਾਡੇ ਕੋਲ ਅਜਿਹੀ ਜਾਣਕਾਰੀ ਹੈ ਜੋ ਤੁਸੀਂ ਮਹਿਸੂਸ ਕਰਦੇ ਹੋ ਕਿ ਸਾਡੀ ਅਤੇ ਸਾਡੇ ਵਿਦੇਸ਼ੀ ਖੁਫੀਆ ਮਿਸ਼ਨਾਂ ਦੀ ਮਦਦ ਕਰ ਸਕਦੀ ਹੈ, ਤਾਂ ਸਾਡੇ ਤੱਕ ਪਹੁੰਚਣ ਦੇ ਕਈ ਤਰੀਕੇ ਹਨ।" ਇਸ ਦੇ ਨਾਲ, ਉਪਭੋਗਤਾ ਨੂੰ ਈਮੇਲ ਸਮੇਤ ਜਾਣਕਾਰੀ ਪ੍ਰਦਾਨ ਕਰਨ ਲਈ ਕਈ ਬਦਲ ਦਿੱਤੇ ਗਏ ਹਨ।
ਚੀਨ ਦੀ ਐਮਐਸਐਸ ਵੀ ਲੰਬੇ ਸਮੇਂ ਤੱਕ ਗੁਪਤ ਰਹੀ
ਹਾਲਾਂਕਿ, ਜੇਕਰ ਕੋਈ ਭਾਰਤੀ ਜਾਂ ਵਿਦੇਸ਼ੀ ਨਾਗਰਿਕ ਕੋਈ ਜਾਣਕਾਰੀ ਸਾਂਝੀ ਕਰਨ ਲਈ ਰਾਅ ਨਾਲ ਸੰਪਰਕ ਕਰਨਾ ਚਾਹੁੰਦਾ ਹੈ, ਤਾਂ ਅਜਿਹਾ ਕਰਨ ਦਾ ਕੋਈ ਤਰੀਕਾ ਨਹੀਂ ਹੈ। ਪਰ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਸਿਰਫ ਭਾਰਤੀ ਏਜੰਸੀ ਰਾਅ ਹੀ ਗੁਪਤ ਤਰੀਕੇ ਨਾਲ ਕੰਮ ਕਰਦੀ ਹੈ, ਤਾਂ ਤੁਸੀਂ ਗਲਤ ਹੋ। ਭਾਰਤ ਵਾਂਗ ਚੀਨ ਵੀ ਆਪਣੀ ਖੁਫੀਆ ਏਜੰਸੀ ਨੂੰ ਗੁਪਤ ਰੱਖ ਰਿਹਾ ਹੈ। ਚੀਨ ਦੀ ਗੁਪਤ ਸੇਵਾ, ਮਨਿਸਟਰ ਆਫ ਸਟੇਟ ਸਿਕਊਰਟੀ (ਐਮਐਸਐਸ), ਆਪਣੀ ਸਥਾਪਨਾ ਤੋਂ ਬਾਅਦ 40 ਸਾਲਾਂ ਤੱਕ ਬੇਹਦ ਗੁਪਤ ਰਹੀ। ਹਾਲਾਂਕਿ, ਚੀਨ ਦੀ ਕਮਾਨ ਸੰਭਾਲਣ ਤੋਂ ਬਾਅਦ, ਸ਼ੀ ਜਿਨਪਿੰਗ ਨੇ ਵਾਸ਼ਿੰਗਟਨ ਅਤੇ ਉਸਦੇ ਪੱਛਮੀ ਵਿਰੋਧੀਆਂ ਤੋਂ ਪ੍ਰੇਰਨਾ ਲੈਂਦੇ ਹੋਏ, ਐਮਐਸਐਸ ਦਾ ਪਰਦਾ ਹਟਾਉਣ ਦਾ ਫੈਸਲਾ ਕੀਤਾ। 2015 ਵਿੱਚ, ਐਮਐਸਐਸ ਨੇ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਆਪਣੀ ਵੈੱਬਸਾਈਟ ਅਤੇ ਹੌਟਲਾਈਨ ਲਾਂਚ ਕੀਤੀ।
ਬਹੁਤ ਖਤਰਨਾਕ ਹੈ ਇਜ਼ਰਾਈਲ ਦੀ ਮੋਸਾਦ
ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੁਨੀਆ ਦੀਆਂ ਸਭ ਤੋਂ ਤੇਜ਼ ਗੁਪਤ ਸੇਵਾਵਾਂ ਵਿੱਚ ਗਿਣੀ ਜਾਂਦੀ ਹੈ। ਇਸ ਦੇ ਏਜੰਟਾਂ ਨੇ ਦੁਨੀਆ ਵਿਚ ਅਜਿਹੇ ਕਾਰਨਾਮੇ ਕੀਤੇ ਹਨ, ਜਿਨ੍ਹਾਂ ਬਾਰੇ ਸੁਣ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਇੱਕ ਮੋਸਾਦ ਏਜੰਟ ਗੁਆਂਢੀ ਦੇਸ਼ ਸੀਰੀਆ ਵਿੱਚ ਰੱਖਿਆ ਵਿਭਾਗ ਵਿੱਚ ਇੱਕ ਉੱਚ ਅਹੁਦੇ ਤੱਕ ਪਹੁੰਚ ਗਿਆ ਹਸੀ। ਇਜ਼ਰਾਈਲ ਦੇ ਗੁਆਂਢੀ ਦੇਸ਼ ਹਮੇਸ਼ਾ ਇਸ ਡਰ ਵਿੱਚ ਰਹਿੰਦੇ ਹਨ ਕਿ ਉਨ੍ਹਾਂ ਦੇ ਦੇਸ਼ ਵਿੱਚ ਕੋਈ ਇਜ਼ਰਾਈਲੀ ਏਜੰਟ ਹੋ ਸਕਦਾ ਹੈ। ਮੋਸਾਦ ਦੇ ਸਭ ਤੋਂ ਖ਼ਤਰਨਾਕ ਮਿਸ਼ਨਾਂ ਵਿੱਚੋਂ ਇੱਕ ਮਿਸ਼ਨ ਸੀ ਮਿਊਨਿਖ ਓਲੰਪਿਕ ਵਿੱਚ ਇਜ਼ਰਾਈਲੀ ਐਥਲੀਟਾਂ ਦੀ ਹੱਤਿਆ ਵਿੱਚ ਸ਼ਾਮਲ ਅੱਤਵਾਦੀਆਂ ਦਾ ਖਾਤਮਾ ਕਰਨਾ ਇਸ ਦੇ ਲਈ ਮੋਸਾਦ ਨੇ ਪੂਰੀ ਦੁਨੀਆ ਵਿਚ ਆਪਣੇ ਏਜੰਟ ਭੇਜ ਕੇ ਅੱਤਵਾਦੀਆਂ ਨੂੰ ਮਾਰਿਆ ਸੀ।
ਅਜੋਕੇ ਸਮੇਂ ਵਿੱਚ, ਬਹੁਤ ਸਾਰੇ ਸੁਰੱਖਿਆ ਮਾਹਿਰ ਰਾਅ ਨੂੰ ਆਪਣਾ ਇੱਕ ਜਨਤਕ ਚਿਹਰਾ ਰੱਖਣ ਦੀ ਸਲਾਹ ਦੇ ਰਹੇ ਹਨ। ਇਸ ਦਾ ਕਾਰਨ ਪਿਛਲੇ ਸਮੇਂ ਵਿਚ ਰਾਅ ਬਾਰੇ ਫੈਲਾਈ ਗਈ ਜਾਣਕਾਰੀ ਹੈ, ਜਿਸ ਵਿਚ ਮੁੱਖ ਤੌਰ 'ਤੇ ਅਮਰੀਕਾ ਵਿਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਤੇ ਕੈਨੇਡਾ ਵਿਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿਝਰ ਦਾ ਕਤਲ ਸ਼ਾਮਲ ਹੈ। ਇਸ ਕਾਰਣ ਭਾਰਤ ਦੀ ਬਦਨਾਮੀ ਹੋ ਰਹੀ ਹੈ।ਕੈਨੇਡਾ ਤੇ ਅਮਰੀਕਾ ਨੇ ਇਨ੍ਹਾਂ ਘਟਨਾਵਾਂ ਲਈ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਦਕਿ ਭਾਰਤ ਨੇ ਇਸ ਤੋਂ ਸਾਫ਼ ਇਨਕਾਰ ਕੀਤਾ ਹੈ। ਰਾਅ ਅਜੇ ਤਕ ਇਸ ਸੰਬੰਧ ਵਿਚ ਭੇਦ ਨਹੀਂ ਖੋਲ ਸਕੀ।ਅਮਰੀਕਾ ਵਲੋਂ ਇਨ੍ਹਾਂ ਘਟਨਾਵਾਂ ਬਾਰੇ ਲਗਾਏ ਦੋਸ਼ਾਂ ਵਿਚ ਫੇਲ ਹੋਈ ਹੈ।
Comments (0)