ਚੰਗਾ ਹੁੰਦਾ ਜੇਕਰ ਪ੍ਰਧਾਨ ਮੰਤਰੀ ਅਜ਼ਾਦੀ ਦਿਵਸ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਦੇ- ਭਾਈ ਗਰੇਵਾਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 16 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਦੇਸ਼ ਨੂੰ ਅਜ਼ਾਦ ਹੋਇਆ 77 ਵਰ੍ਹੇ ਬੀਤਣ ਤੋਂ ਬਾਅਦ ਵੀ ਦੇਸ਼ ਦੀ ਅਜ਼ਾਦੀ ’ਚ ਅਹਿਮ ਰੋਲ ਅਦਾ ਕਰਨ ਵਾਲੀ ਸਿੱਖ ਕੌਮ ਆਪਣੇ ਹੱਕਾਂ ਤੇ ਮਸਲਿਆਂ ਬਾਰੇ ਸੰਘਰਸ਼ ਕਰ ਰਹੀ ਹੈ। ਅੱਜ ਚੰਗਾ ਹੁੰਦਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਕੀਤੇ ਵਾਅਦੇ ਨੂੰ ਵਫ਼ਾ ਕਰਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਲਾਲ ਕਿਲ੍ਹੇ ਦੀ ਫਸੀਲ ਤੋਂ ਦੇਸ਼ ਲਈ ਆਪਣੇ ਸੰਬੋਧਨ ’ਚ ਕਰਦੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਮੋਦੀ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੇ 10ਵੇਂ ਵਰ੍ਹੇ ਦੇ ਸੰਬੋਧਨ ਤੇ ਟਿੱਪਣੀ ਕਰਦਿਆਂ ਕੀਤਾ।
ਭਾਈ ਗਰੇਵਾਲ ਨੇ ਕਿਹਾ ਕਿ ਦੇਸ਼ ਦੀ ਗੁਲਾਮ ਮਾਨਸਿਕਤਾ ਨੂੰ ਮਜ਼ਬੂਤ ਕਰਨ ਅਤੇ ਉਠਾਉਣ ਲਈ ਮੁਗਲਾਂ ਅਤੇ ਅੰਗਰੇਜ਼ਾਂ ਦੇ ਜ਼ੁਲਮ ਦੇ ਖਿਲਾਫ਼ ਸਿੱਖਾਂ ਨੇ ਆਪਣੇ ਛੋਟੇ ਵਜੂਦ ਹੋਣ ’ਤੇ ਵੀ ਵੱਡੀ ਟੱਕਰ ਦਿੱਤੀ। ਸਿੱਖਾਂ ਦੀਆਂ 90 ਫੀਸਦੀ ਕੁਰਬਾਨੀਆਂ ਨਾਲ 77 ਸਾਲਾ ਪਹਿਲਾਂ ਦੇਸ਼ ਦੇ ਲੋਕਾਂ ਨੇ ਅਜ਼ਾਦੀ ਦਾ ਸੁਖ ਪ੍ਰਾਪਤ ਕੀਤਾ। ਪਰ ਅੱਜ ਅਸੀਂ ਮਹਿਸੂਸ ਕਰਦੇ ਹਾਂ ਕਿ ਕਾਂਗਰਸ ਵੱਲੋਂ ਸਿੱਖਾਂ ਖਿਲਾਫ਼ ਕੀਤੀ ਧੱਕੇਸ਼ਾਹੀ ਤੇ ਜ਼ੁਲਮਾਂ ਦਾ ਦੌਰ ਅੱਜ ਵੀ ਜਿਉਂ ਦਾ ਤਿਉਂ ਜਾਰੀ ਹੈ।
ਭਾਈ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਦੇਸ਼ ਦੀ ਅਜ਼ਾਦੀ ਦੇ ਸੰਗਰਾਮ ਦਾ ਮੁੱਢ ਬੱਝਾ, ਪਰ ਸਰਕਾਰਾਂ ਨੇ ਹਮੇਸ਼ਾਂ ਸਿੱਖਾਂ ਨੂੰ ਅਣਗੌਲਿਆ ਕੀਤਾ। ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਸਿੱਖਾਂ ਦੀਆਂ ਸੰਸਥਾਵਾਂ ’ਤੇ ਹਮਲੇ, ਸਿੱਖੀ ਦੀ ਹੋਂਦ ਨੂੰ ਚੁਣੌਤੀ ਸਮੇਤ ਅਨੇਕਾਂ ਮਾਮਲਿਆਂ ’ਤੇ ਮੌਜੂਦਾ ਮੋਦੀ ਸਰਕਾਰ ਕੋਈ ਗੌਰ ਨਹੀਂ ਕਰ ਰਹੀ। ਸਿੱਖ ਮਾਨਸਿਕਤਾ ਇਹ ਸਮਝ ਰਹੀ ਹੈ ਕਿ ਦੇਸ਼ ਦੀ ਅਜ਼ਾਦੀ ਦੇ 77 ਸਾਲ ਬੀਤਣ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਵੱਲੋਂ ਬੰਦੀ ਸਿੰਘਾਂ ਲਈ ਕੀਤੇ ਐਲਾਨ ਜਿਉਂ ਦੇ ਤਿਉਂ ਹਨ ਤੇ ਉਨ੍ਹਾਂ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ ਜਾ ਰਿਹਾ। ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਦੇਸ਼ ਦੀ ਏਕਤਾ ਅਖੰਡਤਾ ’ਤੇ ਜ਼ੋਰ ਦੇ ਰਿਹਾ ਹੈ, ਜਦਕਿ ਦੇਸ਼ ਅੰਦਰ ਅਹਿਮ ਅੰਗ ਸਿੱਖ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ
Comments (0)