ਕਰਤਾਰਪੁਰ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਦੀ ਬੈਠਕ ਖਤਮ; ਗੱਲਬਾਤ ਮੁੜ ਲੀਹੇ ਪਈ
![ਕਰਤਾਰਪੁਰ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਦੀ ਬੈਠਕ ਖਤਮ; ਗੱਲਬਾਤ ਮੁੜ ਲੀਹੇ ਪਈ](https://amritsartimes.com/uploads/images/image_750x_5d2af2e585a51.webp)
ਅਟਾਰੀ: ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਅੱਜ ਭਾਰਤ ਅਤੇ ਪਾਕਿਸਤਾਨ ਦੇ ਅਫਸਰਾਂ ਦੀ ਉੱਚ ਪੱਧਰੀ ਬੈਠਕ ਅਟਾਰੀ-ਬਾਘਾ ਸਰਹੱਦ 'ਤੇ ਹੋਈ। ਇਸ ਬੈਠਕ ਵਿੱਚ ਲਾਂਘੇ ਨਾਲ ਜੁੜੇ ਕਈ ਅਹਿਮ ਮਸਲਿਆਂ 'ਤੇ ਗੱਲਬਾਤ ਹੋਈ ਤੇ ਦੋਵਾਂ ਧਿਰਾਂ ਨੇ ਆਪਸੀ ਸਹਿਮਤੀ ਬਣਾ ਕੇ ਲਾਂਘੇ ਦਾ ਕੰਮ ਜਲਦ ਮੁਕੰਮਲ ਕਰਨ ਦੀ ਗੱਲ 'ਤੇ ਮੋਹਰ ਲਾਈ।
ਅੱਜ ਦੀ ਬੈਠਕ ਵਿੱਚ ਪਾਕਿਸਤਾਨ ਤੋਂ ਵਿਦੇਸ਼ ਮਾਮਲਿਆਂ ਦੇ ਬੁਲਾਰੇ ਡਾ. ਮੋਹੱਮਦ ਫੈਸਲ ਦੀ ਅਗਵਾਈ ਵਿੱਚ 20 ਉੱਚ ਅਫਸਰਾਂ ਦਾ ਵਫਦ ਸਵੇਰੇ ਤਕਰੀਬਨ 09:15 ਵਜੇ ਸਰਹੱਦ 'ਤੇ ਪਹੁੰਚਿਆ। ਭਾਰਤੀ ਵਫਦ ਵਿੱਚ ਅੰਦਰੂਨੀ ਸੁਰੱਖਿਆ ਦੇ ਜੋਇੰਟ ਸਕੱਤਰ ਐਸਸੀਐਲ ਦਾਸ, ਵਿਦੇਸ਼ ਮੰਤਰਾਲੇ ਵਿੱਚ ਪਾਕਿਸਤਾਨ, ਅਫਗਾਨਿਸਤਾਨ, ਇਰਾਨ ਸਬੰਧੀ ਮਾਮਲਿਆਂ ਦੇ ਜੋਇੰਟ ਸਕੱਤਰ ਦੀਪਕ ਮਿੱਤਲ ਸ਼ਾਮਿਲ ਸਨ।
ਬੈਠਕ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਦਰਸ਼ਨਾਂ ਲਈ ਜਾਣ ਵਾਲੀ ਸੰਗਤਾਂ ਦੀ ਪ੍ਰਤੀ ਦਿਨ ਗਿਣਤੀ ਅਤੇ ਲਾਂਘੇ ਨੂੰ ਜੋੜਨ ਵਾਲੇ ਰਾਵੀ ਦਰਿਆ ਦੇ ਪੁਲ ਸਬੰਧੀ ਆਪਸੀ ਸਹਿਮਤੀ ਬਣੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਭਾਰਤ ਨੇ ਪ੍ਰਤੀ ਦਿਨ 5000 ਸੰਗਤਾਂ ਨੂੰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਦੀ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਵੀਜ਼ਾ ਮੁਕਤ ਲਾਂਘੇ ਦੀ ਗੱਲ 'ਤੇ ਵੀ ਵਿਚਾਰ ਕੀਤੀ ਗਈ ਹੈ।
ਭਾਰਤ ਵੱਲੋਂ ਇਸ ਬੈਠਕ ਵਿੱਚ ਪਾਕਿਸਤਾਨ ਦੇ ਨੁਮਾਂਇੰਦਿਆਂ ਨੂੰ ਸੁਰੱਖਿਆ ਸਬੰਧੀ ਇੱਕ "ਡੋਜ਼ੀਅਰ" ਵੀ ਦਿੱਤਾ ਗਿਆ ਹੈ, ਜਿਸ ਵਿੱਚ ਸਿੱਖ ਅਜ਼ਾਦ ਦੇਸ਼ ਦੀ ਕਾਇਮੀ ਲਈ ਕਾਰਜਸ਼ੀਲ ਜਥੇਬੰਦੀਆਂ ਸਬੰਧੀ ਖਦਸ਼ੇ ਪ੍ਰਗਟ ਕੀਤੇ ਗਏ ਹਨ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)