ਨਵੀਨ ਪਟਨਾਇਕ ਵਲੋਂ ਕਲਮ -ਏ -ਕਮਾਲ ਪਾਤਸ਼ਾਹੀ ਦਸਵੀਂ 'ਤੇ ਅਧਾਰਿਤ ਕਿਤਾਬ ਦਾ ਉਦਘਾਟਨ

ਨਵੀਨ ਪਟਨਾਇਕ ਵਲੋਂ ਕਲਮ -ਏ -ਕਮਾਲ ਪਾਤਸ਼ਾਹੀ ਦਸਵੀਂ 'ਤੇ ਅਧਾਰਿਤ ਕਿਤਾਬ ਦਾ ਉਦਘਾਟਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ :(5 ਅਗਸਤ) : ਪੁਸਤਕ “ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ : ਕਲਮ ਏ ਕਮਾਲ ਪਾਤਸ਼ਾਹੀ ਦਸਵੀਂ” ਡਾ. ਅਬਿਨਾਸ਼ ਮਹਾਪਾਤਰਾ ਦੁਆਰਾ ਦਸਵੇਂ ਸਿੱਖ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਅਦੁੱਤੀ ਕਲਮ- ਕ੍ਰਿਤਾਂ ਬਾਰੇ ਇੱਕ ਲਾਸਾਨੀ ਖੋਜ ਹੈ । ਸ਼੍ਰੀ ਨਵੀਨ ਪਟਨਾਇਕ ਜੀ ਦੁਆਰਾ ਬੀਤੇ ਦਿਨੀਂ ਆਪਣੇ ਨਿਵਾਸ ਸਥਾਨ 'ਤੇ ਇਸ ਪੁਸਤਕ ਦਾ ਉਦਘਾਟਨ ਕੀਤਾ ਗਿਆ ਹੈ । ਡਾ. ਮਹਾਪਾਤਰਾ ਅਨੁਸਾਰ ਇਹ ਪੰਥਕ ਸਾਹਿਤ ਆਪਣੀ ਕਿਸਮ ਦਾ ਪਹਿਲਾ ਕੰਮ ਹੈ ਜਿਸਦਾ ਮੁਖਬੰਧ ਪੰਥ ਪਾਤਸ਼ਾਹ : ਜਥੇਦਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (੯੬ ਕਰੋੜੀ ਪੰਜਵਾ ਤਖਤ), ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਦੇ ਨਾਲ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ (ਸ੍ਰੀ ਬਾਬਾ ਬਕਾਲਾ ਸਾਹਿਬ), ਦਲ ਬਾਬਾ ਬਿਧੀ ਚੰਦ ਸਾਹਿਬ ਜੀ (ਸੁਰ ਸਿੰਘ) ਅਤੇ ਡੇਰਾ ਧਰਮ ਧੂਜਾ ਨਿਰਮਲ ਅਖਾੜਾ ਦੇ ਸਨਮਾਨਯੋਗ ਜਥੇਦਾਰ ਸਾਹਿਬਾਨ ਅਤੇ ਪੰਥਕ ਵਿਦਵਾਨਾਂ ਵਲੋਂ ਲਿਖ ਕੇ ਬੇਅੰਤ ਸ਼ਲਾਘਾ ਪ੍ਰਾਪਤ ਹੋਇਆ ਹਨ । ਸ੍ਰੀ ਦਸਮ ਬਾਣੀ ਦੇ ਮਹਾਨ ਵਿਦਵਾਨ : ਡਾ. ਦਿਲਵਰ ਸਿੰਘ ਜੀ : ਮਾਨਯੋਗ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ (ਪੰਜਾਬ ਸਰਕਾਰ) ਨੇ ਵੀ ਇਸ ਕਿਤਾਬ ਲਈ ਆਪਣੇ ਮੁਖਬੰਧ ਵਿਚ ਆਪਣੇ ਬਹੁਮੁੱਲੇ ਵੀਚਾਰ ਦਿੱਤੇ ਹਨ । ਇਸ ਤੋਂ ਇਲਾਵਾ, ਇਸ ਬੇਮਿਸਾਲ ਸਾਹਿਤਕ ਰਚਨਾ ਦੇ ਪ੍ਰਕਾਸ਼ਨ ਨੂੰ ਬਾਲੀਵੁੱਡ ਦੇ ਸ਼ਹਿਨਸ਼ਾਹ : ਸ਼੍ਰੀ ਅਮਿਤਾਭ ਬੱਚਨ ਦੁਆਰਾ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ, ਜਿਨ੍ਹਾਂ ਨੇ ਡਾ. ਅਬਿਨਾਸ਼ ਮਹਾਪਾਤਰਾ ਨੂੰ ਬੇਅੰਤ ਸ਼ੁੱਭਕਾਮਨਾਵਾਂ ਦਿੱਤੀਆਂ ਸਨ ।

ਪੁਸਤਕ ਉਦਘਾਟਨ ਦੇ ਦੌਰਾਨ, ਸ਼੍ਰੀ ਨਵੀਨ ਪਟਨਾਇਕ ਨੇ ਡਾ. ਮਹਾਪਾਤਰਾ ਦੀ ਵਿਆਪਕ ਤਾਰੀਫ ਕਰਦਿਆਂ ਹੋਇਆ ਉਨ੍ਹਾਂ ਦੀ ਵੱਡੀ ਸਫਲਤਾ ਦੀ ਕਾਮਨਾ ਕੀਤੀ ਹੈ । ਉੜੀਸਾ ਦੇ ਬਾਲਾਸੋਰ ਜ਼ਿਲੇ ਦੇ ਰਹਿਣ ਵਾਲੇ ਡਾ. ਅਬਿਨਾਸ਼ ਮਹਾਪਾਤਰਾ ਨੂੰ ਇਸ ਸਮੇਂ ਪੰਜਾਬੀ ਗਲੋਬਲ ਫਾਊਂਡੇਸ਼ਨ (ਓਡੀਸ਼ਾ ਚੈਪਟਰ) ਦੇ ਮਾਨਯੋਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਹੁਣ ਤਕ ਉਨ੍ਹਾਂ ਨੇ ਸਿੱਖ ਧਰਮ ਦੇ ਉਪਰ ੩੮ ਪੁਸਤਕਾਂ ਲਿਖ ਚੁਕੇ ਹਨ ।