ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ 'ਚ ਮੁਲਜ਼ਮਾਂ ਨੂੰ ਅਦਾਲਤ ਅੰਦਰ ਪੇਸ਼ ਨਹੀਂ ਕੀਤਾ ਗਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀ ਦਿੱਲੀ 26 ਜੂਨ (ਮਨਪ੍ਰੀਤ ਸਿੰਘ ਖਾਲਸਾ):- ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ 'ਚ ਸੁਣਵਾਈ ਦਾ ਸਮਾਂ ਸੂਬਾਈ ਅਦਾਲਤ ਬ੍ਰਿਟਿਸ਼ ਕੋਲੰਬੀਆ ਸਰੀ ਵਿਖੇ ਸਵੇਰ ਦਾ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਸੁਣਵਾਈ ਦੇਰ ਨਾਲ ਸ਼ੁਰੂ ਕੀਤੀ ਗਈ ਸੀ । ਮਾਮਲੇ ਵਿਚ ਨਾਮਜਦ ਕੀਤੇ ਗਏ ਕਾਤਲਾਂ ਦੀ ਪੇਸ਼ੀ ਦੌਰਾਨ ਸਰੀ ਵੈਨਕੋਵਰ ਦੀਆਂ ਸਿੱਖ ਸੰਗਤਾਂ ਦਾ ਵੱਡਾ ਇਕੱਠ ਅਦਾਲਤ ਦੇ ਅੰਦਰ ਅਤੇ ਬਾਹਰ ਮੌਜੂਦ ਸੀ, ਜਿਨ੍ਹਾਂ ਨੇ ਵੱਡੇ ਵੱਡੇ ਬੈਨਰ ਜਿਨਾਂ ਉੱਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੈਸ਼ੰਕਰ, ਮਨੀਸ਼ ਅਤੇ ਇਹਨਾਂ ਕਾਤਲਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ, ਜੋ ਇਹ ਦਰਸਾਉਂਦੀਆਂ ਸਨ ਕਿ ਭਾਈ ਹਰਦੀਪ ਸਿੰਘ ਨਿੱਝਰ ਦੇ ਅਸਲੀ ਕਾਤਲ ਭਾਰਤ ਦੇ ਸੱਤਾਧਾਰੀ ਰਾਜਨੀਤਿਕ ਲੋਕ ਹਨ । ਜਿਕਰਯੋਗ ਹੈ ਕਿ ਇਸ ਪੇਸ਼ੀ ਮੌਕੇ ਨਾਮਜਦ ਕਾਤਲਾਂ ਨੂੰ ਪੇਸ਼ ਨਹੀਂ ਕੀਤਾ ਗਿਆ ਤੇ ਅਗਲੀਆਂ ਕੁਝ ਪੇਸ਼ੀਆਂ ਵਕੀਲ ਹੀ ਭੁਗਤਾਉਣਗੇ। ਜਦੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਨੇ ਕੇਸ ਤਿਆਰ ਕਰ ਲਏ, ਜਾਣਕਾਰੀਆਂ ਸਾਂਝੀਆਂ ਕਰ ਲਈਆਂ, ਫਿਰ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਅੰਦਰ ਪੇਸ਼ ਹੋਣਾ ਪਵੇਗਾ।
ਇਸ ਮੌਕੇ ਗੁਰਦੁਆਰਾ ਗੁਰੂ ਨਾਨਕ ਸਿੱਖ ਦਰਬਾਰ ਦੇ ਸਕੱਤਰ ਭਾਈ ਭੁਪਿੰਦਰ ਸਿੰਘ ਹੋਠੀ ਨੇ ਵਾਸ਼ਿੰਗਟਨ ਪੋਸਟ ਦੀ ਖਬਰ ਦਾ ਹਵਾਲਾ ਦੇਂਦਿਆਂ ਦਸਿਆ ਕਿ ਵੈਨਕੋਵਰ ਤੋਂ ਭਾਰਤੀ ਕੌਂਸਲੇਟ ਮਨੀਸ਼ ਵਲੋਂ ਕਨੇਡਾ ਛੱਡ ਕੇ ਚਲੇ ਜਾਣ ਦੀ ਗੱਲ ਕਹੀ ਅਤੇ ਕੌਂਸਲੇਟ ਮਨੀਸ਼ ਉਪਰ ਦੋਸ਼ ਲੱਗ ਰਹੇ ਹਨ ਕਿ ਉਸ ਨੇ ਭਾਈ ਨਿਝਰ ਦੇ ਕਾਤਲਾਂ ਨੂੰ ਕਤਲ ਕਰਨ ਲਈ ਹਰ ਕਿਸਮ ਦੀ ਸਹਾਇਤਾ ਕੀਤੀ ਅਤੇ ਉਸ ਨੂੰ ਵਾਪਸ ਕਨੇਡਾ ਵਿੱਚ ਲੈ ਕੇ ਆਉਣ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ।
ਅਦਾਲਤੀ ਪੇਸ਼ੀ ਦੀ ਕਾਰਵਾਈ ਦੇਖਣ ਸੁਣਨ ਲਈ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਦੇ ਸੇਵਾਦਾਰ ਭਾਈ ਗੁਰਮੀਤ ਸਿੰਘ ਤੂਰ, ਭਾਈ ਭੁਪਿੰਦਰ ਸਿੰਘ ਹੋਠੀ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਗੁਰਭੇਜ ਸਿੰਘ ਭਾਈ, ਅਮਰਜੀਤ ਸਿੰਘ, ਬੀਬੀ ਪਰਮਿੰਦਰ ਕੌਰ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਹਾਜਿਰ ਸਨ । ਸਿੱਖ ਸੰਗਤਾਂ ਨੇ ਹੱਥਾਂ ਵਿੱਚ ਖਾਲਸਾਈ ਨਿਸ਼ਾਨ ਸਾਹਿਬ ਫੜੇ ਹੋਏ ਸਨ, ਨੌਜਵਾਨਾਂ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਜਿੰਦਾਬਾਦ, ਨਿੱਝਰ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਪੰਜਾਬ ਦੀ ਆਜ਼ਾਦੀ ਤੇ ਪਹਿਰਾ ਦਿਆਂਗੇ ਠੋਕ ਕੇ, ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।
ਭਾਈ ਹਰਦੀਪ ਸਿੰਘ ਨਿੱਝਰ ਮਾਮਲੇ 'ਚ ਮੁਲਜ਼ਮਾਂ ਦੀ ਅਗ਼ਲੀ ਪੇਸ਼ੀ 7 ਅਗਸਤ ਦਿਨ ਬੁੱਧਵਾਰ ਨੂੰ ਸਵੇਰੇ ਹੋਵੇਗੀ ।
Comments (0)