ਮੇਰੀ ਬਹਿਸ ਇਕ ਝੂਠੇ ਵਿਅਕਤੀ ਨਾਲ ਸੀ -ਜੋ ਬਾਈਡਨ 

ਮੇਰੀ ਬਹਿਸ ਇਕ ਝੂਠੇ ਵਿਅਕਤੀ ਨਾਲ ਸੀ -ਜੋ ਬਾਈਡਨ 
ਕੈਪਸ਼ਨ ਰਾਸ਼ਟਰਪਤੀ ਜੋ ਬਾਈਡਨ ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ

* ਮੁਕਾਬਲੇ ਵਿਚੋਂ ਹਟਣ ਦੀ ਸੰਭਾਵਨਾ ਨੂੰ ਕੀਤਾ ਰੱਦ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਉਸ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਬਹਿਸ ਦੌਰਾਨ ਵਧੀਆ ਕੰਮ ਕੀਤਾ ਹੈ ਤੇ ਉਨਾਂ ਨੇ ਕੁਝ ਡੈਮੋਕਰੈਟਿਕ ਸਮਰਥਕਾਂ ਵੱਲੋਂ ਮੁਕਾਬਲੇ  ਵਿਚੋਂ ਹਟਣ ਦੀ ਕੀਤੀ ਜਾ ਰਹੀ ਮੰਗ ਨੂੰ ਰੱਦ ਕਰ ਦਿੱਤਾ ਹੈ। ਬਾਈਡਨ ਨੇ ਸਮਰਥਕਾਂ ਨੂੰ ਕਿਹਾ ਹੈ ਕਿ ਆਓ ਅੱਗੇ ਵਧੀਏ। ਬਾਈਡਨ ਨੂੰ ਇਕ ਪੱਤਰਕਾਰ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਕੀ ਉਹ ਮੈਦਾਨ ਛੱਡ ਰਹੇ ਹਨ ਤੇ ਕੀ ਉਨਾਂ ਨੂੰ ਕੋਈ ਸ਼ੱਕ ਹੈ ਤਾਂ ਬਾਈਡਨ ਨੇ ਕਿਹਾ '' ਨਹੀਂ, ਇਕ ਝੂਠੇ ਵਿਅਕਤੀ ਨਾਲ ਬਹਿਸ ਕਰਨਾ ਬਹੁਤ ਕਠਿਨ ਹੁੰਦਾ ਹੈ। ਦ ਨਿਊਯਾਰਕ ਟਾਈਮਜ਼ ਨੇ ਸਪੱਸ਼ਟ ਕੀਤਾ ਹੈ ਕਿ  ਉਸ (ਟਰੰਪ) ਨੇ 26 ਵਾਰ ਝੂਠ ਬੋਲਿਆ। ਬਾਈਡਨ ਨੇ ਮੰਨਿਆ ਕਿ ਉਹ ਠੀਕ ਨਹੀਂ ਸੀ ਤੇ ਉਸ ਦਾ ਗਲਾ ਪੱਕਿਆ ਹੋਇਆ ਸੀ।

ਇਸ ਬਹਿਸ ਵਿਚੋਂ ਜੋ ਤੱਥ ਸਾਹਮਣੇ ਆਏ ਹਨ, ਉਨਾਂ ਤੋਂ ਸਪੱਸ਼ਟ ਹੈ ਕਿ ਬਹਿਸ ਨੂੰ ਵੇਖਣ ਤੇ ਸੁਣਨ ਵਾਲਿਆਂ ਨੂੰ ਇਸ ਤੱਥ ਬਾਰੇ ਬਹੁਤ ਘੱਟ ਪਤਾ ਲੱਗਾ ਹੈ ਕਿ ਦੋਵੇਂ ਉਮੀਦਵਾਰਾਂ ਦੀ ਮੁੱਖ ਮੁੱਦਿਆਂ ਪ੍ਰਤੀ ਪਹੁੰਚ ਕੀ ਹੈ? ਦੋਵੇਂ ਉਮੀਦਵਾਰਾਂ ਦੀ ਉਮਰ, ਜਿਨਾਂ ਨੂੰ ਰਾਸ਼ਟਰਪਤੀ ਦਾ ਅਹੁੱਦਾ ਸੰਭਾਲਣ ਨੂੰ ਲੈ ਕੇ ਸਰੀਰਕ ਯੋਗਤਾ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬਹਿਸ ਦਾ ਮੁੱਖ ਸਵਾਲ ਸੀ ਜਿਸ ਦਾ ਜਵਾਬ ਅਮਰੀਕੀ ਲੋਕਾਂ ਨੂੰ ਨਹੀਂ ਮਿਲਿਆ। ਬਹਿਸ ਦੌਰਾਨ ਸ਼ੁਰੂ ਵਿਚ 78 ਸਾਲਾ ਟਰੰਪ ਬਾਈਡਨ (81) ਦੀ ਤੁਲਨਾ ਵਿਚ ਵਧੇਰੇ ਤਾਕਤਵਾਰ ਤੇ ਉਤਸ਼ਾਹਿਤ ਨਜਰ ਆਏ ਤੇ ਉਨਾਂ ਨੇ ਹਮਲਾਵਰ ਅੰਦਾਜ ਅਪਣਾਇਆ ਪਰੰਤੂ ਬਾਅਦ ਵਿਚ ਜਦੋਂ ਬਾਈਡਨ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦੀ ਪੈਰਵਾਈ ਕਰਨੀ ਸ਼ੁਰੂ ਕੀਤੀ ਤੇ ਟਰੰਪ ਦੇ ਚਰਿਤਰ ਬਾਰੇ ਗੱਲਾਂ ਕੀਤੀਆਂ ਤਾਂ ਉਹ ਵਧੀਆ ਨਜਰ  ਆਏ। ਬਹਿਸ ਵਿਸ਼ੇਸ਼ ਤੌਰ 'ਤੇ ਬਹਿਸ ਦੇ ਸ਼ੁਰੂਆਤੀ ਮਿੰਟਾਂ ਦੌਰਾਨ ਲੱਖਾਂ ਦਰਸ਼ਕਾਂ ਦੇ ਜੋ ਪ੍ਰਤੀਕਰਮ ਸਾਹਮਣੇ ਆਏ ਹਨ , ਉਨਾਂ ਤੋਂ ਪਤਾ ਲੱਗਦਾ ਹੈ ਕਿ ਰੀਪਬਲੀਕਨ ਸਮਰਥਕਾਂ ਵੱਲੋਂ ਭਵਿੱਖ ਵਿਚ ਬਾਈਡਨ ਦੀ ਉਮਰ ਤੇ ਉਨਾਂ ਵੱਲੋਂ ਅਹੁੱਦਾ ਸੰਭਾਲਣ ਦੀ ਯੋਗਤਾ ਨੂੰ ਲੈ ਕੇ ਵੱਡੀ ਪੱਧਰ ਉਪਰ ਸਵਾਲ ਖੜੇ ਕੀਤੇ ਜਾਣਗੇ ਪਰੰਤੂ ਡੈਮੋਕਰੈਟਿਕਾਂ ਵੱਲੋਂ ਬਾਈਡਨ ਦੀ ਜਗਾ ਹੋਰ ਕਿਸੇ ਨੂੰ ਉਮੀਦਵਾਰ ਬਣਾਉਣਾ ਜੇਕਰ ਸੰਭਵ ਨਹੀਂ ਹੈ ਤਾਂ ਮੁਸ਼ਕਿਲ ਜਰੂਰ ਹੈ। ਹਾਲਾਂ ਕਿ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਸਪੱਸ਼ਟ ਕਰ ਚੁੱਕੇ ਹਨ ਕਿ ਜੇਕਰ ਹਾਲਾਤ ਬਣਦੇ ਹਨ ਤਾਂ ਉਹ ਰਾਸ਼ਟਰਪਤੀ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਫਿਲਹਾਲ ਬਾਈਡਨ ਇਕ ਮਜ਼ਬੂਤ ਉਮੀਦਵਾਰ ਵਜੋਂ ਡਟੇ ਹੋਏ ਹਨ।