ਭਾਜਪਾ ਨੇ ਹਰਿਆਣੇ ਵਿਚ ਆਪਣੀ ਹਾਰ ਦੀ ਮਿਥ ਕਿਵੇਂ ਤੋੜੀ?

ਭਾਜਪਾ ਨੇ ਹਰਿਆਣੇ ਵਿਚ ਆਪਣੀ ਹਾਰ ਦੀ ਮਿਥ ਕਿਵੇਂ ਤੋੜੀ?

ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਬਾਰੇ ਇਹ ਧਾਰਨਾ ਸੀ ਕਿ ਹੁਣ ਇਸ ਦਾ ਪਤਨ ਸ਼ੁਰੂ ਹੋ ਗਿਆ ਹੈ।

ਪਰ ਹਰਿਆਣਾ ਤੇ ਜੰਮੂ ਦੀਆਂ ਚੋਣਾਂ ਨੇ ਇਹ ਮਿਥ ਤੋੜ ਦਿਤੀ ਹੈ।ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਹੋਈਆਂ ਦੋ ਰਾਜਾਂ ਜੰਮੂ-ਕਸ਼ਮੀਰ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਨੇ ਜਿਸ ਤਰ੍ਹਾਂ ਪ੍ਰਚਾਰ ਕੀਤਾ ਅਤੇ ਵੋਟਿੰਗ ਤੋਂ ਬਾਅਦ ਐਗਜ਼ਿਟ ਪੋਲ ਦੇ ਅੰਕੜਿਆਂ ਨੇ ਭਾਜਪਾ ਦੀ ਹਾਰ ਅਤੇ ਕਾਂਗਰਸ ਗਠਜੋੜ ਦੀ ਸਫਲਤਾ ਦੀ ਭਵਿੱਖਬਾਣੀ ਕੀਤੀ ਹੈ। ਸੰਕੇਤ ਮਿਲ ਰਹੇ ਸਨ ਕਿ ਭਾਜਪਾ ਹੁਣ ਕਮਜ਼ੋਰ ਹੋ ਗਈ ਹੈ।

ਭਾਜਪਾ ਲੀਡਰਸ਼ਿਪ ਦੀ ਕਮਜ਼ੋਰੀ ਨੂੰ ਲੈ ਕੇ ਵੱਖ-ਵੱਖ ਮਿਥਾਂ ਬਣਾਈਆਂ ਜਾ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਹੁਣ ਭਾਜਪਾ 'ਤੇ ਕਾਬਜ਼ ਹੋਣ ਜਾ ਰਿਹਾ ਹੈ ਅਤੇ ਹੁਣ ਨਰਿੰਦਰ ਮੋਦੀ ਸੰਘ ਦੀ ਪਸੰਦ  ਨਹੀਂ, ਸੰਘ ਭਾਜਪਾ ਦਾ ਨਵਾਂ ਪ੍ਰਧਾਨ ਬਣਾਏਗਾ। ਪਰ ਇਹ ਮਿਥਾਂ ਹਰਿਆਣੇ ਵਿਚ ਭਾਜਪਾ ਦੀ ਜਿੱਤ ਨਾਲ ਠੁਸ ਹੋ ਗਈਆਂ । ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਚੋਣ ਨਤੀਜਿਆਂ ਨੇ ਸਭ ਕੁਝ ਬਦਲ ਦਿੱਤਾ ਹੈ। ਭਾਜਪਾ ਲੋਕ ਸਭਾ ਚੋਣਾਂ ਵਿੱਚ ਹਾਰ ਦੇ ਸਦਮੇ ਵਿੱਚੋਂ ਬਾਹਰ ਆ ਗਈ ਹੈ ਅਤੇ ਯਕੀਨੀ ਤੌਰ ’ਤੇ ਇਸ ਦੇ ਆਗੂਆਂ ਤੇ ਵਰਕਰਾਂ ਦਾ ਮਨੋਬਲ ਉੱਚਾ ਹੋਵੇਗਾ।

 ਹਰਿਆਣਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਪਾਰਟੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ ਹੈ। ਇਸ ਤੋਂ ਪਹਿਲਾਂ ਕਦੇ ਵੀ ਕੋਈ ਪਾਰਟੀ ਲਗਾਤਾਰ ਤਿੰਨ ਵਾਰ ਨਹੀਂ ਜਿੱਤੀ ਸੀ।  ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ ਨੇ 48 ’ਤੇ ਜਿੱਤ ਦਰਜ ਕਰਕੇ ਤੀਜੀ ਵਾਰ ਸੂਬੇ ਵਿੱਚ ‘ਕਮਲ’ ਖਿੜਾ ਦਿੱਤਾ ਹੈ ਜਦੋਂਕਿ ਕਾਂਗਰਸ ਨੂੰ 37 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਹੈ।ਇਸ ਦੇ ਨਾਲ ਹੀ ਹਰਿਆਣਾ ਦੀ ਸੱਤਾ ਵਿੱਚੋਂ ‘ਆਪ’ ਤੇ ਜੇਜੇਪੀ-ਏਐੱਸਪੀ ਗੱਠਜੋੜ ਦਾ ਸਫਾਇਆ ਹੋ ਗਿਆ ਹੈ। ਦੋਵਾਂ ਪਾਰਟੀਆਂ ਦੇ ਵੱਡੇ ਸਿਆਸੀ ਆਗੂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ।ਇਸ ਸਿਆਸੀ ਇਤਿਹਾਸ ਦੇ ਨਾਲ-ਨਾਲ ਹੋਰ ਵੀ ਕਈ ਗੱਲਾਂ ਸਨ, ਜਿਨ੍ਹਾਂ ਤੋਂ ਲੱਗਦਾ ਸੀ ਕਿ ਭਾਜਪਾ ਬੈਕਫੁੱਟ 'ਤੇ ਹੈ। ਭਾਜਪਾ ਨੇ ਮਾਰਚ ਵਿੱਚ ਮੁੱਖ ਮੰਤਰੀ ਬਦਲ ਦਿੱਤਾ ਸੀ, ਜਿਸ ਕਾਰਨ ਅਜਿਹਾ ਲੱਗ ਰਿਹਾ ਸੀ ਕਿ ਮਨੋਹਰ ਲਾਲ ਖੱਟਰ ਦੀ ਕਰੀਬ ਸਾਢੇ ਨੌਂ ਸਾਲਾਂ ਦੀ ਸਰਕਾਰ ਦੇ ਖ਼ਿਲਾਫ਼ ਸੱਤਾ ਵਿਰੋਧੀ ਲਹਿਰ ਬਹੁਤ ਜ਼ਿਆਦਾ ਹੈ।

ਇਸ ਤੋਂ ਬਾਅਦ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਭਾਜਪਾ 10 ਵਿਚੋਂ 5 ਸੀਟਾਂ 'ਤੇ ਹਾਰ ਗਈ ਸੀ। ਕਾਂਗਰਸ ਜ਼ੀਰੋ ਤੋਂ ਪੰਜ ਸੀਟਾਂ 'ਤੇ ਪਹੁੰਚ ਗਈ ਸੀ, ਇਸ ਨਾਲ ਇਹ ਸੰਦੇਸ਼ ਵੀ ਗਿਆ ਸੀ ਕਿ ਕਾਂਗਰਸ ਅੱਗੇ ਹੈ ਅਤੇ ਭਾਜਪਾ ਪਛੜ ਰਹੀ ਹੈ। ਚੋਣਾਂ ਦੌਰਾਨ ਭਾਜਪਾ ਜਿੱਤਣ ਲਈ ਲੜ ਰਹੀ ਸੀ, ਜਦਕਿ ਕਾਂਗਰਸੀ ਆਗੂ ਮੁੱਖ ਮੰਤਰੀ ਬਣਨ ਲਈ ਲੜ ਰਹੇ ਸਨ। ਕਾਂਗਰਸ ਦੀ ਜਿੱਤ ਇੰਨੀ ਯਕੀਨੀ ਮੰਨੀ ਜਾ ਰਹੀ ਸੀ ਕਿ ਚੋਣਾਂ ਦੌਰਾਨ ਮੁੱਖ ਮੰਤਰੀ ਕੌਣ ਬਣੇਗਾ ਨੂੰ ਲੈ ਕੇ ਲੜਾਈ ਹੁੰਦੀ ਰਹੀ।

ਆਮ ਧਾਰਨਾ ਇਹ ਸੀ ਕਿ ਭਾਜਪਾ ਹਾਰ ਜਾਵੇਗੀ ਅਤੇ ਸੂਬਾਈ ਭਾਜਪਾ ਦੇ ਆਗੂ ਵੀ ਬਹੁਤੇ ਭਰੋਸੇਮੰਦ ਨਹੀਂ ਜਾਪਦੇ ਸਨ। ਇਸ ਦੇ ਬਾਵਜੂਦ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਪੂਰਾ ਜ਼ੋਰ ਲਾ ਦਿੱਤਾ। ਮੋਦੀ ਸ਼ਾਹ ਵਲੋਂ ਸੂਖਮ ਪ੍ਰਬੰਧਨ  ਕੀਤੇ ਗਏ ਅਤੇ ਸਮਾਜਿਕ ਸਮੀਕਰਨਾਂ ਨੂੰ ਬਣਾਉਣ ਲਈ ਬਹੁਤ ਸਾਰੇ ਯਤਨ ਕੀਤੇ ਗਏ। ਗੈਰ ਜੱਟ ਤੇ ਓਬੀਸੀ ਵਾਲਾ ਨੈਰਟਿਵ ਭਾਜਪਾ ਦੀ ਜਿੱਤ ਦਾ ਕਾਰਣ ਬਣਿਆ।  ਭਾਜਪਾ ਦੀ ਇਸ ਜਿੱਤ ਨੇ ਮਹਾਰਾਸ਼ਟਰ ਅਤੇ ਝਾਰਖੰਡ ਚੋਣਾਂ ਲਈ ਆਪਣੇ ਵਰਕਰਾਂ ਵਿੱਚ ਨਵਾਂ ਜੋਸ਼ ਭਰਿਆ ਹੈ ਅਤੇ ਆਪਣੇ ਸਮਰਥਕਾਂ ਦਾ ਮਨੋਬਲ ਵੀ ਉੱਚਾ ਕੀਤਾ ਹੈ। ਇਸ ਨਤੀਜੇ ਦਾ ਅਸਰ ਦਿੱਲੀ ਵਿੱਚ ਚਾਰ ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਦੇਖਣ ਨੂੰ ਮਿਲੇਗਾ।

ਹਰਿਆਣਾ ਤੋਂ ਇਲਾਵਾ ਜੰਮੂ-ਕਸ਼ਮੀਰ ਦਾ ਨਤੀਜਾ ਵੀ ਭਾਜਪਾ ਨੂੰ ਜ਼ਿਆਦਾ ਨਿਰਾਸ਼ ਕਰਨ ਵਾਲਾ ਨਹੀਂ ਹੈ। ਇਸ ਨੇ 29 ਸੀਟਾਂ ਜਿੱਤੀਆਂ ਹਨ। ਪਿਛਲੀ ਵਾਰ ਇਸ ਨੂੰ 25 ਸੀਟਾਂ ਮਿਲੀਆਂ ਸਨ। ਇਹ ਉਹ ਸਮਾਂ ਸੀ ਜਦੋਂ ਨਰਿੰਦਰ ਮੋਦੀ ਦਾ ਜਾਦੂ ਸਿਖਰਾਂ 'ਤੇ ਸੀ। ਮਈ 2014 ਵਿਚ ਉਨ੍ਹਾਂ ਨੇ ਕੇਂਦਰ ਵਿਚ ਸਰਕਾਰ ਬਣਾਈ ਅਤੇ ਉਸ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਹੋਈਆਂ, ਜਿਸ ਵਿਚ ਭਾਜਪਾ 25 ਸੀਟਾਂ ਨਾਲ ਦੂਜੇ ਨੰਬਰ ਦੀ ਪਾਰਟੀ ਬਣੀ ਸੀ।

ਇਸ ਵਾਰ ਭਾਜਪਾ ਨੇ 29 ਸੀਟਾਂ ਜਿੱਤੀਆਂ ਹਨ। ਭਾਵੇਂ ਇਹ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਨਹੀਂ ਆ ਸਕੀ, ਪਰ ਇਸ ਨੇ ਇਸ ਚੋਣ ਤੱਕ ਜੰਮੂ ਖੇਤਰ ਵਿੱਚ ਮਜ਼ਬੂਤ ​​ਮੰਨੀ ਜਾਂਦੀ ਕਾਂਗਰਸ ਨੂੰ ਬਹੁਤ ਕਮਜ਼ੋਰ ਕਰ ਦਿੱਤਾ। ਜੰਮੂ-ਕਸ਼ਮੀਰ ਵਿੱਚ ਕਾਂਗਰਸ ਨੇ ਕੁੱਲ ਛੇ ਸੀਟਾਂ ਜਿੱਤੀਆਂ ਹਨ। ਫਾਰੂਕ ਅਤੇ ਉਮਰ ਅਬਦੁੱਲਾ ਦੀ ਪਾਰਟੀ ਨੈਸ਼ਨਲ ਕਾਨਫਰੰਸ ਆਪਣੇ ਦਮ 'ਤੇ 41 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ ਹੈ। ਧਿਆਨ ਰਹੇ ਕਿ ਪਿਛਲੀ ਵਾਰ ਇੱਕ ਹੋਰ ਖੇਤਰੀ ਪਾਰਟੀ ਪੀਡੀਪੀ 28 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਸੀ। ਇਸ ਵਾਰ ਨੈਸ਼ਨਲ ਕਾਨਫਰੰਸ ਸਭ ਤੋਂ ਵੱਡੀ ਪਾਰਟੀ ਹੈ। ਭਾਜਪਾ ਨੇ ਆਪਣੀ ਸਥਿਤੀ ਬਰਕਰਾਰ ਰੱਖੀ ਹੈ।

ਵਿਧਾਨ ਸਭਾ ਦੇ ਇਨ੍ਹਾਂ ਦੋਨਾਂ ਨਤੀਜਿਆਂ ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅਸਰ ਭਾਜਪਾ ਦੀ ਅੰਦਰੂਨੀ ਰਾਜਨੀਤੀ ਦੇ ਨਾਲ-ਨਾਲ ਸੰਘ ਅਤੇ ਭਾਜਪਾ ਦੇ ਸਬੰਧਾਂ 'ਤੇ ਵੀ ਪਵੇਗਾ। ਲੋਕ ਸਭਾ ਚੋਣਾਂ ਤੋਂ ਬਾਅਦ ਆਰਐਸਐਸ ਮੁਖੀ ਤੋਂ ਲੈ ਕੇ ਭਾਜਪਾ ਦੇ ਵਿਚਾਰਧਾਰਕਾਂ ਤੱਕ ਹਰ ਕਿਸੇ ਵੱਲੋਂ ਮੋਦੀ ਬਾਰੇ ਕੀਤੇ ਜਾ ਰਹੇ ਤਾਅਨੇ ਜ਼ਰੂਰ ਘੱਟ ਜਾਣਗੇ। ਅਗਲੇ ਮਹੀਨੇ ਦੋ ਹੋਰ ਰਾਜਾਂ ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਇਨ੍ਹਾਂ ਨਤੀਜਿਆਂ ਦਾ ਅਸਰ ਉਨ੍ਹਾਂ ਰਾਜਾਂ ਵਿੱਚ ਵੀ ਦੇਖਣ ਨੂੰ ਮਿਲੇਗਾ।

ਹਰਿਆਣਾ ਦੇ ਚੋਣ ਨਤੀਜੇ ਕਾਂਗਰਸ ਲਈ ਚਿੰਤਾ ਦਾ ਵਿਸ਼ਾ ਹੋਣੇ ਚਾਹੀਦੇ ਹਨ ਕਿਉਂਕਿ ਕਾਂਗਰਸ ਲਈ ਜਿਸ ਤਰ੍ਹਾਂ ਦੇ ਸਕਾਰਾਤਮਕ ਹਾਲਾਤ ਹਰਿਆਣਾ ਵਿਚ ਸਨ, ਉਹ ਹੋਰ ਕਿਤੇ ਨਹੀਂ ਮਿਲ ਸਕਦੇ। ਹਰਿਆਣੇ ਵਿੱਚ ਉਸ ਲਈ ਵਧੀਆ ਪਿੱਚ ਸੀ। ਉੱਥੇ ਦੀ ਰਾਜਨੀਤੀ ਦਾ ਫੈਸਲਾ ਕਰਨ ਵਾਲੇ ਤਿੰਨ ਗਰੁੱਪ ਹਨ। ਜਵਾਨ, ਕਿਸਾਨ ਅਤੇ ਪਹਿਲਵਾਨ ਇਹ ਤਿੰਨੇ ਗਰੁੱਪ ਹਰਿਆਣਾ ਦੀ ਰਾਜਨੀਤੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੇ ਹਨ ਅਤੇ ਇਨ੍ਹਾਂ ਤਿੰਨਾਂ ਗਰੁੱਪਾਂ ਵਿੱਚੋਂ ਭਾਜਪਾ ਬਦਨਾਮ ਸੀ। ਇਹ ਤਿੰਨੇ ਧੜੇ ਕਾਂਗਰਸ ਦੀ ਮਦਦ ਕਰਦੇ ਨਜ਼ਰ ਆ ਰਹੇ ਸਨ। ਇਸ ਦੇ ਬਾਵਜੂਦ ਕਾਂਗਰਸ ਚੋਣਾਂ ਨਹੀਂ ਜਿੱਤ ਸਕੀ। ਇਹ ਸਮਾਂ ਕਾਂਗਰਸ ਲਈ ਆਤਮ ਚਿੰਤਨ ਦਾ ਹੈ। ਭਵਿੱਖ ਦੀਆਂ ਚੋਣਾਂ ਇਸ ਤੋਂ ਵੀ ਔਖੀਆਂ ਹੋਣਗੀਆਂ। ਜਦੋਂ ਉਹ ਇੰਨੀ ਸੌਖੀ ਲੜਾਈ ਨਹੀਂ ਜਿੱਤ ਸਕਦੀ ਸੀ, ਤਾਂ ਭਵਿੱਖ ਦੀਆਂ ਲੜਾਈਆਂ ਵਿੱਚ ਕੀ ਹੋਵੇਗਾ?

 

ਰਜਿੰਦਰ ਸਿੰਘ ਪੁਰੇਵਾਲ