ਅਮਰੀਕਾ ਵਿਚ ਗੰਨ ਹਿੰਸਾ ਜਨਤਿਕ ਸਿਹਤ ਸੰਕਟ ਬਣ ਚੁੱਕੀ ਹੈ- ਵਿਵੇਕ ਮੂਰਤੀ 

ਅਮਰੀਕਾ ਵਿਚ ਗੰਨ ਹਿੰਸਾ ਜਨਤਿਕ ਸਿਹਤ ਸੰਕਟ ਬਣ ਚੁੱਕੀ ਹੈ- ਵਿਵੇਕ ਮੂਰਤੀ 
ਕੈਪਸ਼ਨ ਵਿਵੇਕ ਮੂਰਤੀ

* ਗੰਨ ਹਿੰਸਾ ਰੋਕਣ ਲਈ ਅਮਰੀਕੀਆਂ ਨੂੰ ਅੱਗੇ ਆਉਣ ਦਾ ਸੱਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਯੂ ਐਸ ਸਰਜਨ ਜਨਰਲ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿਚ ਗੰਨ ਹਿੰਸਾ ਇਕ ਜਨਤਿਕ ਸਿਹਤ ਸੰਕਟ ਬਣ ਚੁੱਕੀ ਹੈ। ਉਨਾਂ ਨੇ ਅਮਰੀਕੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਗੰਨ ਹਿੰਸਾ ਨਾਲ ਵਧ ਰਹੀਆਂ ਮੌਤਾਂ ਤੇ ਇਸ ਦੇ ਖਾਸ ਕਰਕੇ ਕਾਲੇ ਅਮਰੀਕੀਆਂ, ਅਮਰੀਕੀ ਨੌਜਵਾਨਾਂ ਤੇ ਹੋਰ ਵੱਸੋਂ ਉਪਰ ਪੈ ਰਹੇ ਬੁਰੇ ਪ੍ਰਭਾਵਾਂ ਨੂੰ ਰੋਕਣ ਲਈ ਅਗੇ ਆਉਣ। ਗੰਨ ਹਿੰਸਾ ਬਾਰੇ ਆਪਣੀ ਪਹਿਲੀ ਜਨਤਿਕ ਸਿਹਤ ਸਲਾਹ ਵਿਚ ਦੇਸ਼ ਦੇ ਚੋਟੀ ਦੇ ਜਨਤਿਕ ਸਿਹਤ ਅਧਿਕਾਰੀ ਵਿਵੇਕ ਮੂਰਤੀ ਨੇ ਕਿਹਾ ਹੈ ਕਿ ਜੋ ਕੁਝ ਹੋ ਰਿਹਾ ਹੈ ਇਸ ਬਹੁਤ ਭਿਆਨਕ ਹੈ। ਇਸ ਨੂੰ ਰੋਕਣ ਲਈ ਹੋਰ ਖੋਜ਼ ਫੰਡਾਂ, ਵਧੀਆ ਮਾਨਸਿਕ ਸਿਹਤ ਮੁਲਾਂਕਣ ਤੇ ਨੁਕਸਾਨ ਨੂੰ ਘਟਾਉਣ ਲਈ ਹੋਰ ਕਦਮ ਚੁੱਕਣ ਦੀ ਲੋੜ ਹੈ। ਉਨਾਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਗਨ ਸ਼ੱਸ਼ਤਰ ਹਿੰਸਾ ਇਕ ਜਨਤਿਕ ਸਿਹਤ ਸੰਕਟ ਬਣ ਚੁੱਕੀ ਹੈ ਜਿਸ ਨੇ ਅਨੇਕਾਂ ਜਾਨਾਂ ਲਈਆਂ ਹਨ ਤੇ ਬਹੁਤ ਸਾਰੇ ਅਮਰੀਕੀਆਂ ਨੂੰ ਅਥਾਹ ਦੁੱਖ ਤੇ ਤਕਲੀਫ਼ਾਂ ਦਿੱਤੀਆਂ ਹਨ। ਉਨਾਂ ਕਿਹਾ ਕਿ ਗੰਨ ਹਿੰਸਾ ਦਾ ਪ੍ਰਭਾਵ ਬਹੁਤ ਵਿਆਪਕ ਹੈ ਤੇ ਇਸ ਨੇ ਲੱਖਾਂ-ਕਰੋੜਾਂ ਲੋਕਾਂ ਉਪਰ ਅਸਰ ਪਾਇਆ ਹੈ। ਇਸ ਨੇੇ ਗੰਨ ਹਿੰਸਾ ਵਿਚ ਮਾਰ ਗਏ ਲੋਕਾਂ ਦੇ ਪਰਿਵਾਰਾਂ , ਬਚ ਗਏ ਲੋਕਾਂ ਦੇ ਪਰਿਵਾਰਾਂ ਤੇ ਇਸ ਦੇ ਨਾਲ ਹੀ ਜਿਨਾਂ ਲੋਕਾਂ ਨੇ ਇਨਾਂ ਘਟਨਾਵਾਂ ਨੂੰ ਅੱਖੀਂ ਵੇਖਿਆ ਜਾਂ ਖਬਰਾਂ ਰਾਹੀਂ ਪੜਿਆ ਜਾਂ ਸੁਣਿਆ, ਉਪਰ ਬਹੁਤ ਬੁਰਾ ਅਸਰ ਪਾਇਆ ਹੈ। ਉਨਾਂ ਕਿਹਾ ਕਿ ਗੰਨ ਹਿੰਸਾ ਨੂੰ ਰੋਕਣਾ ਸਾਡੀ ਫੌਰੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।