ਘਟੀਆ ਪੁਲਿਸ ਪ੍ਰਬੰਧ ਦਾ ਨਤੀਜਾ ਗੈਂਗਸਟਰ 

ਘਟੀਆ ਪੁਲਿਸ ਪ੍ਰਬੰਧ ਦਾ ਨਤੀਜਾ ਗੈਂਗਸਟਰ 

‘ਗੈਂਗਸਟਰ’ ਇਕ ਅਜਿਹਾ ਸ਼ਬਦ ਹੈ ਜਿਸ ਨੇ ਅੱਜ-ਕੱਲ੍ਹ ਪੰਜਾਬੀ ਕੀ..

‘ਗੈਂਗਸਟਰ’ ਇਕ ਅਜਿਹਾ ਸ਼ਬਦ ਹੈ ਜਿਸ ਨੇ ਅੱਜ-ਕੱਲ੍ਹ ਪੰਜਾਬੀ ਕੀ, ਹਰ ਸੁਹਿਰਦ ਦੇਸ਼-ਵਾਸੀ ਨੂੰ ਚਿੰਤਤ ਕੀਤਾ ਹੋਇਆ ਹੈ। ਭਾਵੇਂ ਗੈਂਗਸਟਰਾਂ ਨੇ ਪਹਿਲਾਂ ਵੀ ਬਹੁਤ ਵਾਰਦਾਤਾਂ ਕਰ ਕੇ ਆਪਣਾ ਸਮਾਜ ਪ੍ਰਤੀ ਗੁੱਸਾ ਪ੍ਰਗਟਾਇਆ ਹੈ ਪਰ ਸਿੱਧੂ ਮੂਸੇਵਾਲਾ ਕਤਲ ਕਾਂਡ ਨੇ ਸਭ ਨੂੰ ਦਿਲੋਂ ਹਿਲਾ ਕੇ ਰੱਖ ਦਿੱਤਾ ਹੈ। ਇਹ ਗੱਲ ਤਾਂ ਪੱਕੀ ਹੈ ਕਿ ਕੋਈ ਵੀ ਬੱਚਾ ਮਾਂ ਦੇ ਪੇਟੋਂ ਗੈਂਗਸਟਰ ਬਣ ਕੇ ਨਹੀਂ ਜੰਮਦਾ ਹੈ। ਨਾ ਹੀ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਇਸ ਰਾਹ ’ਤੇ ਪੈ ਜਾਵੇ। ਇਹ ਤਾਂ ਸਾਡੇ ਸਮਾਜ ਅਤੇ ਭ੍ਰਿਸ਼ਟ ਨੇਤਾਵਾਂ ਦੇ ਬਣਾਏ ਹੋਏ ਹਾਲਾਤ ਹੀ ਸਾਡੇ ਬੱਚਿਆਂ ਨੂੰ ਇਸ ਰਾਹ ’ਤੇ ਤੁਰਨ ਲਈ ਮਜਬੂਰ ਕਰੀ ਜਾ ਰਹੇ ਹਨ।ਮੈਂ ਨਿੱਜੀ ਤੌਰ ’ਤੇ ਇਕ ਅਜਿਹੇ ਨੌਜਵਾਨ ਨੂੰ ਜਾਣਦਾ ਹਾਂ ਜਿਸ ਨੂੰ ਸਾਡੇ ਘਟੀਆ ਪੁਲਿਸ ਪ੍ਰਬੰਧ ਨੇ ਇਸ ਰਸਤੇ ’ਤੇ ਤੋਰ ਦਿੱਤਾ ਸੀ। ਮਾਮੂਲੀ ਜਿਹੇ ਝਗੜੇ ਵਿਚ ਉਸ ਦਾ ਨਾਂ ਜਾਣ-ਬੁੱਝ ਕੇ ਲਿਖਵਾਇਆ ਗਿਆ। ਸ਼ਰੀਕਾਂ ਨੂੰ ਪਤਾ ਸੀ ਕਿ ਉਸ ਪਰਿਵਾਰ ਨੇ ਅਮਰੀਕਾ ਵਿਚ ਜਾਣਾ ਹੈ। ਉਨ੍ਹਾਂ ਨੇ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਝਗੜਾ ਸਹੇੜਿਆ ਅਤੇ ਮਗਰੋਂ ਪੁਲਿਸ ਨਾਲ ਮਿਲ ਕੇ ਕਾਲਜ ਪੜ੍ਹਦੇ ਉੁਸ ਬੱਚੇ ਦਾ ਨਾਮ ਉਸ ਮਾਮਲੇ ਵਿਚ ਸ਼ਾਮਲ ਕਰਵਾ ਦਿੱਤਾ। ਸੋਨੇ ਦੇ ਆਂਡੇ ਖਾਣ ਦੇ ਚੱਕਰ ’ਵਿਚ ਪੁਲਿਸ ਉਸ ਦੇ ਪਰਿਵਾਰ ਨੂੰ ਤੰਗ-ਪਰੇਸ਼ਾਨ ਕਰਨ ਲੱਗ ਪਈ। ਜ਼ਿਆਦਾ ਲਾਲਚ ਆਉਣ ਕਾਰਨ ਪੁਲਿਸ ਵਾਲੇ ਉਸ ਨੂੰ ਤੱਤਾ ਹੀ ਲਪਕਣਾ ਚਾਹੁੰਦੇ ਸਨ। ਸੱਚਾ-ਸੁੱਚਾ ਹੁੰਦਾ ਹੋਣ ਕਾਰਨ ਉਹ ਨੌਜਵਾਨ ਇਹ ਧੱਕੇਸ਼ਾਹੀ ਜ਼ਿਆਦਾ ਦੇਰ ਤਕ ਬਰਦਾਸ਼ਤ ਨਾ ਕਰ ਸਕਿਆ। ਵਾਰ-ਵਾਰ ਲਾਲਚੀ ਮੂੰਹ ਭਰਨ ਦੀ ਥਾਂ ਉਸ ਨੇ ਇਹ ਬਥਾੜੇ ਭੰਨਣ ਦਾ ਨਿਰਣਾ ਕਰ ਲਿਆ।

ਔਖੇ ਵੇਲੇ ਸਾਡੇ ਘਰ ਵਿਚ ਪਨਾਹ ਲੈਣ ਵਾਲਾ ਮੇਰਾ ਇਹ ਆੜੀ, ਸੱਚ ਲਈ ਲੜਨ ਦੀ ਸਹੁੰ ਖਾ ਕੇ ਸਦਾ ਲਈ ਇਸ ਸਮਾਜ ਤੋਂ ਬਾਗੀ ਹੋ ਗਿਆ। ਆਪਣੇ ’ਤੇ ਹੋਏ ਜ਼ੁਲਮਾਂ ਦਾ ਬਦਲਾ ਲੈਂਦਾ-ਲੈਂਦਾ ਉਹ ਹੋਰ ਜ਼ਾਲਮਾਂ ਨੂੰ ਵੀ ਸੋਧਣ ਲੱਗ ਪਿਆ। ਫਿਰ ਤਾਂ ਉਸ ਦਾ ਨਾਂ ਹੋਰ ਵਾਰਦਾਤਾਂ ’ਵਿਚ ਬੋਲਣ ਲੱਗ ਪਿਆ। ਇਕ ਦਿਨ ਕਿਸੇ ਹੋਰ ਵਿਰੋਧੀ ਗੈਂਗ ਦੇ ਨਿਸ਼ਾਨੇ ’ਤੇ ਆਉਣ ਕਾਰਨ ਉਹ ਮਾਰਿਆ ਗਿਆ। ਉਸ ਦੇ ਕਤਲ ਦੀ ਖ਼ਬਰ ਸੁਣ ਕੇ ਮੈਂ ਤਾਂ ਸੁੰਨ ਹੋ ਕੇ ਰਹਿ ਗਿਆ ਸਾਂ। ਸਮਾਜ ਦੀਆਂ ਨਜ਼ਰਾਂ ਵਿਚ ਉਹ ਅਪਰਾਧੀ ਹੋਵੇਗਾ।

ਅਸਲ ’ਵਿਚ ਉਸ ਨੂੰ ਅਪਰਾਧੀ ਬਣਾਉਣ ਲਈ ਸਾਡਾ ਖ਼ਸਤਾ ਢਾਂਚਾ ਜ਼ਿੰਮੇਵਾਰ ਸੀ। ਅਮਰੀਕਾ ਵਰਗੇ ਮੁਲਕ ਵਿਚ ਆਪਣਾ ਜੀਵਨ ਸ਼ੁਰੂ ਕਰਨ ਦੇ ਸੁਪਨੇ ਲੈਣ ਵਾਲੇ ਗੱਭਰੂ ਨੂੰ ਸਾਡੇ ਕੁਸ਼ਾਸਨ ਨੇ ਅਪਰਾਧ ਦੀ ਦੁਨੀਆ ਵਿਚ ਧੱਕ ਦਿੱਤਾ ਸੀ। ਜਿਊਂਦੇ ਜੀਅ ਜਦ ਉਹ ਆਪਣੇ ਸੁਪਨਿਆਂ ਅਤੇ ਵਰਤਮਾਨ ਦੀ ਜ਼ਿੰਦਗੀ ਦੀ ਤੁਲਨਾ ਕਰਦਾ ਹੀ ਹੋਵੇਗਾ ਤਾਂ ਉਸ ਵਕਤ ਉਸ ਨੂੰ ਸਾਡੇ ਸਮਾਜ, ਪੁਲਿਸ ਅਤੇ ਸਰਕਾਰ ’ਤੇ ਕਿੰਨਾ ਗੁੱਸਾ ਆਉਂਦਾ ਹੋਵੇਗਾ? ਉਸ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਦੀ ਮਾਨਸਿਕ ਸਥਿਤੀ ਕਿੰਨੀ ਤਰਸਯੋਗ ਹੋਵੇਗੀ? ਅਸੀਂ ਇਸ ਗੱਲ ਦਾ ਅੰਦਾਜ਼ਾ ਲਾ ਹੀ ਨਹੀਂ ਸਕਦੇ ਹਾਂ। ਕਿਉਂਕਿ ਸਾਡੀਆਂ ਨਜ਼ਰਾਂ ਵਿਚ ਤਾਂ ਉਹ ਇਕ ਅਪਰਾਧੀ ਸੀ। ਅਸੀਂ ਉਸ ਦੇ ਇਸ ਰਸਤੇ ’ਤੇ ਪੈਣ ਦੇ ਕਾਰਨ ਨਹੀਂ ਜਾਣਦੇ ਹਾਂ। ਮੈਂ ਦਾਅਵੇ ਨਾਲ ਆਖਦਾ ਹਾਂ ਕਿ ਲਗਪਗ ਇਹੋ ਜਿਹੀ ਹੀ ਕਹਾਣੀ ਉਸ ਹਰ ਭਟਕੇ ਹੋਏ ਨੌਜਵਾਨ ਦੀ ਹੋਵੇਗੀ ਜਿਸ ਨੂੰ ਅਸੀਂ ਗੈਂਗਸਟਰ ਸਮਝ ਕੇ ਨਫ਼ਰਤ ਕਰਦੇ ਹਾਂ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਬਾਹਰ ਕਿਵੇਂ ਕੱਢਿਆ ਜਾਵੇ? ਇਸ ਦੇ ਲਈ ਸਰਕਾਰ ਅਤੇ ਸਮਾਜ ਰਲ ਕੇ ਅਜਿਹੇ ਕਿਹੜੇ ਕਦਮ ਚੁੱਕਣ ਕਿ ਕੋਈ ਬੱਚਾ ਇਸ ਰਾਹ ਨੂੰ ਨਾ ਚੁਣੇ। ਗੈਂਗਸਟਰ ਦੀ ਫੀਤੀ ਲਵਾਉਣ ਵਾਲੇ ਇਹ ਆਪਣੇ ਹੀ ਸਮਾਜ ਦੇ ਭਟਕੇ ਹੋਏ ਬੱਚੇ ਹਨ। ਸਾਨੂੰ ਇਨ੍ਹਾਂ ਪ੍ਰਤੀ ਹਮਦਰਦੀ ਭਰਿਆ ਵਤੀਰਾ ਰੱਖਣਾ ਪਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਨੌਜਵਾਨਾਂ ਲਈ ਇਕ ਖ਼ਾਸ ਕਮਿਸ਼ਨ ਬਣਾਵੇ। ਇਹ ਕਮਿਸ਼ਨ ਇਨ੍ਹਾਂ ਸਾਰੇ ਨੌਜਵਾਨਾਂ ਬਾਰੇ ਜਾਣਕਾਰੀ ਹਾਸਲ ਕਰ ਕੇ ਉਨ੍ਹਾਂ ਨੂੰ ਸੁਧਾਰਨ ਅਤੇ ਸਿੱਖਿਅਤ ਕਰਨ ਦਾ ਪ੍ਰਬੰਧ ਕਰੇ। ਜੇਲ੍ਹਾਂ ਵਿਚ ਬੰਦ ਨੌਜਵਾਨਾਂ ਦੀ ਮਾਨਸਿਕਤਾ ਬਦਲਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ ਤੇ ਸੈਮੀਨਾਰ ਕਰਵਾਏ ਜਾਣ ਜਿਨ੍ਹਾਂ ’ਚ ਇਨ੍ਹਾਂ ਨੂੰ ਇਹ ਜਾਨਲੇਵਾ ਰਾਹ ਛੱਡ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਜਿਹੜੇ ਨੌਜਵਾਨਾਂ ਨੇ ਬਹੁਤ ਗੰਭੀਰ ਅਪਰਾਧ ਨਹੀਂ ਕੀਤੇ ਹਨ, ਉਨ੍ਹਾਂ ਦੇ ਕੇਸ ਜਲਦ ਤੋਂ ਜਲਦ ਹਮਦਰਦੀ ਪੂਰਵਕ ਨਿਬੇੜ ਕੇ ਉਨ੍ਹਾਂ ਨਾਲ ਛੇਤੀ ਨਿਆਂ ਕੀਤਾ ਜਾਵੇ। ਜੇ ਕੋਈ ਨੌਜਵਾਨ ਆਮ ਜ਼ਿੰਦਗੀ ਸ਼ੁਰੂ ਕਰਨ ਲਈ ਰਾਜ਼ੀ ਹੁੰਦਾ ਹੈ ਤਾਂ ਉਸ ਦੀ ਸਜ਼ਾ ਘੱਟ ਜਾਂ ਮਾਫ਼ ਕਰਨ ਦਾ ਕਾਨੂੰਨ ਵੀ ਬਣਾਇਆ ਜਾਵੇ। ਇਸ ਦੇ ਨਾਲ ਹੀ ਇਹ ਮਦ ਵੀ ਰੱਖੀ ਜਾਵੇ ਕਿ ਜੇ ਉਹ ਝੂਠ ਦਾ ਸਹਾਰਾ ਲੈ ਕੇ ਸਜ਼ਾ ਮਾਫ਼ੀ ਦਾ ਲਾਭ ਉਠਾਵੇਗਾ ਤਾਂ ਭਵਿੱਖ ਵਿਚ ਉਹ ਵੱਧ ਸਜ਼ਾ ਦਾ ਹੱਕਦਾਰ ਹੋਵੇਗਾ। ਵਿਸ਼ੇਸ਼ ਨਿਗਰਾਨੀ ਅਧੀਨ ਉਨ੍ਹਾਂ ਨੂੰ ਸੁਧਰਨ ਲਈ ਕੁਝ ਸਮਾਂ ਦਿੱਤਾ ਜਾਵੇ। ਜੇ ਕਿਸੇ ਇਲਾਕੇ ਵਿਚ ਕੋਈ ਘਟਨਾ ਵਾਪਰ ਜਾਵੇ ਤਾਂ ਬਿਨਾਂ ਪੁਖਤਾ ਸਬੂੂਤਾਂ ਦੇ ਰਿਹਾਅ ਹੋਏ ਨੌਜਵਾਨਾਂ ਨੂੰ ਥਾਣੇ ਨਾ ਸੱਦਿਆ ਜਾਵੇ। ਜੇ ਕੋਈ ਵਿਅਕਤੀ ਇਸ ਦਲਦਲ ਵਿਚੋਂ ਨਿਕਲ ਕੇ ਕਿਸੇ ਖ਼ਾਸ ਖੇਤਰ ਵਿਚ ਆਪਣੇ ਕਿਸੇ ਅਧੂਰੇ ਪਏ ਸੁਪਨੇ ਨੂੰ ਪੂਰਾ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਸਹਾਇਤਾ ਕੀਤੀ ਜਾਵੇ।

ਜਿਹੜੇ ਨੌਜਵਾਨ ਪੁਲਿਸ ਕੇਸਾਂ ਦੇ ਡਰ ਕਾਰਨ ਭਗੌੜੇ ਹੋਏ ਹਨ ਉਨ੍ਹਾਂ ਨੂੰ ਪੂਰਨ ਇਨਸਾਫ਼ ਦੇਣ ਦਾ ਵਾਅਦਾ ਕਰ ਕੇ ਉਨ੍ਹਾਂ ਨੂੰ ਘਰ ਵਾਪਸੀ ਦਾ ਇਕ ਖ਼ਾਸ ਮੌਕਾ ਦਿੱਤਾ ਜਾਵੇ। ਉਨ੍ਹਾਂ ਦੇ ਕੇਸਾਂ ਦੀ ਛੇਤੀ ਤੋਂ ਛੇਤੀ ਨਿਰਪੱਖ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇ। ਕਿਸੇ ਵੀ ਵਿਅਕਤੀ ਨੂੰ ਨਾਜਾਇਜ਼ ਕੇਸ ਵਿਚ ਫਸਾਉਣ ਵਾਲੇ ਜਾਂਚ ਅਧਿਕਾਰੀ ’ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦਾ ਕਾਨੂੰਨ ਬਣਾਇਆ ਜਾਵੇ। ਸਰਕਾਰ ਵੱਲੋਂ ਪੁਲਿਸ ਨੂੰ ਦਿੱਤੀਆਂ ਗਈਆਂ ਅਸੀਮ ਸ਼ਕਤੀਆਂ ਘਟਾਉਣੀਆਂ ਪੈਣਗੀਆਂ। ਅਜਿਹਾ ਇਸ ਲਈ ਕਿਉਂਕਿ ਜ਼ਿਆਦਾਤਰ ਕੇਸਾਂ ’ਵਿਚ ਪੁਲਿਸ-ਪ੍ਰਬੰਧ ਇਸ ਸਭ ਲਈ ਜ਼ਿੰਮੇਵਾਰ ਬਣਦਾ ਹੈ। ਜੇ ਕਿਸੇ ਕੇਸ ਵਿਚ ਕਿਸੇ ਵਿਅਕਤੀ ਨੂੰ ਨਾਜਾਇਜ਼ ਫਸਾਇਆ ਪਾਇਆ ਜਾਂਦਾ ਹੈ ਤਾਂ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਦੇਣ ਦਾ ਸਖ਼ਤ ਕਾਨੂੰਨ ਹੋਣਾ ਅਤਿ-ਲਾਜ਼ਮੀ ਹੈ।

ਸਰਕਾਰ ਨੂੰ ਆਪਣੀ ਸੱਭਿਆਚਾਰਕ ਨੀਤੀ ਵਿਚ ਵੀ ਵੱਡੀ ਤਬਦੀਲੀ ਕਰਨ ਦੀ ਲੋੜ ਹੈ। ਹਥਿਆਰਾਂ ਅਤੇ ਗੁੰਡਾਗਰਦੀ ਨੂੰ ਹੱਲਾਸ਼ੇਰੀ ਦੇਣ ਵਾਲੇ ਗੀਤਾਂ ਅਤੇ ਫਿਲਮਾਂ ’ਤੇ ਪਾਬੰਦੀ ਲਾਈ ਜਾਵੇ। ਇਸ ਕੰਮ ਲਈ ਮਜ਼ਬੂਤ ਸੈਂਸਰ ਬੋਰਡ ਬਣਾਇਆ ਜਾਵੇ। ਕੋਈ ਵੀ ਗੀਤ ਜਾਂ ਫਿਲਮ ਉਸ ਦੀ ਮਨਜ਼ੂਰੀ ਤੋਂ ਬਿਨਾਂ ਚਲਾਉਣ ਦੀ ਆਗਿਆ ਨਾ ਹੋਵੇ। ਅਪਰਾਧ ਦੀ ਦੁਨੀਆ ਵਿਚ ਦਾਖ਼ਲ ਹੋਣ ਤੋਂ ਬਾਅਦ ਦੇ ਕਰੂਰ ਜੀਵਨ ਬਾਰੇ ਵਿਸ਼ੇਸ਼ ਨਾਟਕ ਅਤੇ ਫਿਲਮਾਂ ਦਾ ਨਿਰਮਾਣ ਕਰਵਾਇਆ ਜਾਵੇ। ਇਸ ਵਰਤਾਰੇ ਦੇ ਵਾਧੇ ਵਿਚ ਬੇਲਗਾਮ ਸੋਸ਼ਲ ਮੀਡੀਆ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸੋਸ਼ਲ ਮੀਡੀਆ ਦੇ ਹਰੇਕ ਅਕਾਊਂਟ ਨੂੰ ਆਧਾਰ ਕਾਰਡ ਨਾਲ ਜੋੜਿਆ ਜਾਵੇ ਤਾਂ ਜੋ ਗ਼ਲਤ ਅਨਸਰ ਇਸ ਦਾ ਦੁੁਰ-ਉਪਯੋਗ ਨਾ ਕਰ ਸਕਣ। ਭਾਵੇਂ ਦਹਾਕਿਆਂ ਵਿਚ ਪੈਦਾ ਹੋਈ ਇਹ ਸਮੱਸਿਆ ਇਕ ਦਿਨ ਵਿਚ ਹੀ ਹੱਲ ਨਹੀਂ ਹੋ ਸਕਦੀ ਪਰ ਜੇ ਇਸ ਨੂੰ ਹੱਲ ਕਰਨ ਲਈ ਸਾਰਥਕ ਅਤੇ ਇਮਾਨਦਾਰਨਾ ਕਦਮ ਚੁੱਕੇ ਜਾਣ ਤਾਂ ਇਸ ਦਾ ਸਥਾਈ ਹੱਲ ਕੀਤਾ ਜਾ ਸਕਦਾ ਹੈ। ਦੁਨੀਆ ’ਵਿਚ ਕੋਈ ਵੀ ਸਮੱਸਿਆ ਅਜਿਹੀ ਨਹੀਂ ਹੈ ਜਿਸ ਦਾ ਕੋਈ ਹੱਲ ਨਹੀਂ ਹੈ। ਜੇਕਰ ਸਰਕਾਰ ਵਾਕਿਆ ਹੀ ਲੋਕਾਂ ਨੂੰ ਵਧੀਆ ਤੇ ਸੁਰੱਖਿਅਤ ਮਾਹੌਲ ਦੇਣਾ ਚਾਹੁੰਦੀ ਹੈ ਤਾਂ ਉਸ ਨੂੰ ਇਹ ਜ਼ਿੰਮੇਵਾਰੀ ਚੁੱਕਣੀ ਹੀ ਪਵੇਗੀ। ਹੋ ਸਕਦਾ ਹੈ ਕਿ ਸ਼ੁਰੂਆਤ ਵਿਚ ਕੁਝ ਤਕਲੀਫ਼ਾਂ ਅਤੇ ਮੁਸ਼ਕਲਾਂ ਆਉਣ ਪਰ ਜੇ ਦ੍ਰਿੜ੍ਹਤਾ ਨਾਲ ਇਸ ਰਾਹ ਉੇੱਤੇ ਚੱਲਿਆ ਜਾਵੇ ਤਾਂ ਸਫਲਤਾ ਮਿਲਣੀ ਯਕੀਨੀ ਹੈ।

 

ਕ੍ਰਿਸ਼ਨ ਪ੍ਰਤਾਪ