ਯੂਰਪੀ ਸੰਘ ਦੀਆਂ ਚੋਣਾ, ਸੱਜ ਪਿਛਾਖੜ ਦੀ ਜਿੱਤ ਖਤਰੇ ਦੀ ਘੰਟੀ

ਯੂਰਪੀ ਸੰਘ ਦੀਆਂ ਚੋਣਾ, ਸੱਜ ਪਿਛਾਖੜ ਦੀ ਜਿੱਤ  ਖਤਰੇ ਦੀ ਘੰਟੀ

 ਸੰਸਾਰ ਆਰਥਿਕ ਵਾਧਾ ਦਰ ਬੜੀ ਤੇਜ਼ੀ ਨਾਲ ਹੇਠਾਂ ਵਲ ਜਾ ਰਹੀ ਹੈ। ਇਹ ਇਕ ਸਰਵਜਨਕ ਮੰਦੀ ਦਾ ਪ੍ਰਗਟਾਵਾ ਹੈ ਜੋ ਪਿਛਲੇ 80-ਸਾਲਾਂ ਅੰਦਰ ਦੋ ਵਾਰੀ ਇਕ ਦਹਾਕੇ ਅੰਦਰ ਪਨਪ ਰਿਹਾ ਹੈ। ਸੰਸਾਰ ਬੈਂਕ ਦੀ ਰਿਪੋਰਟ ਅਨੁਸਾਰ 2023 ਦੌਰਾਨ ਸੰਸਾਰ ਵਿਕਾਸ ਵਾਧਾ ਦਰ 3.00 ਫੀ ਸਦ ਤੋਂ ਹੇਠਾਂ ਖਿਸਕ ਦੇ 1.7 ਫੀ ਸਦ ਆ ਗਈ ਹੈ !

ਯੂਰਪੀ-ਸੰਘ ਦੀ ਵਾਧਾ ਦਰ ਜ਼ੀਰੋ ਫੀ ਸਦ ਜੋ 2023 ‘ਚ ਸਮਝੀ ਜਾਂਦੀ ਸੀ, ਦੌਬਾਰਾ ਦੁਹਰਾਈ ਬਾਅਦ 1.9 ਫੀ ਸਦ ਅੰਕ ਹੇਠਾਂ ਹੋਰ ਜਾਣ ਦੀ ਕਿਆਸ-ਰਾਈ ਕੀਤੀ ਗਈ ਹੈ ! ਉਪਰੋਕਤ ਸੰਸਾਰ ਆਰਥਿਕ ਰਿਪੋਰਟਾਂ ਅਨੁਸਾਰ ਮੰਦਾ ਹੋਰ ਭਿਆਨਕ ਰੂਪ ਧਾਰਨ ਕਰਕੇ, ‘ਗਰੀਬੀ ਵੱਧੇਗੀ ! ਕੌਮਾਂਤਰੀ ਕਿਰਤ ਸੰਸਥਾ ਦੀ ਸੰਸਾਰ ਰੁਜ਼ਗਾਰ ਤੇ ਸਮਾਜਕ ਆਲਾ-ਦੁਆਲਾ ਰਿਪੋਰਟ ਜਨਵਰੀ, 2023 ਅਨੁਸਾਰ ਕਿਰਤ ਮੰਡੀ ਅੰਦਰ 52-ਮਿਲੀਅਨਜ਼ ਪੂਰੀ ਦਿਹਾੜੀ ਵਾਲੇ ਕੰਮ-ਘੰਟਿਆਂ ਵਿੱਚ ਕਸਾਰਾ ਆਇਆ। ਕਿਰਤ-ਸ਼ਕਤੀ ਹਿਸੇਦਾਰੀ 1.2 ਫੀ ਸਦ ਤੋਂ ਹੇਠਾਂ ਹੀ ਰਹੇਗੀ ? ਸੰਸਾਰ ਮੁਦਰਾ ਸਫੀਤੀ ਖੁਰਾਕੀ ਵਸਤਾਂ ‘ਚ ਪਹਿਲਾ ਨਾਲੋ 14- ਫੀ ਸਦ ਉਪਰ ਜਾਵੇਗੀ। ‘‘ਆਕਸਫਾਮ`` ਨੇ ਇਕ ਰਿਪੋਰਟ ਵਿੱਚ ਕਿਹਾ ਹੈ ਕਿ ਅਮੀਰ ਹੀ ਵੱਧਣ-ਫੁੱਲਣਗੇ ਜੋ ਸੰਸਾਰ ਅੰਦਰ ਇਕ ਫੀ ਸਦ ਹੁੰਦੇ ਹੋਏ ਏਨੀ ਸੰਪਤੀ ਦੇ ਮਾਲਕ ਬਣ ਜਾਣਗੇ ਜਿਨੀ 99- ਫੀ ਸਦ ਬਾਕੀ ਲੋਕਾਂ ਪਾਸ ਹੋਵੇਗੀ ? ਸੰਸਾਰ ਪੂੰਜੀਵਾਦੀ ਸੰਕਟ ਹੋਰ ਗੈਹਰਾ ਹੋਣ ਕਾਰਨ ਬੇਰੁਜ਼ਗਾਰੀ, ਆਰਿਥਕ ਨਾ-ਬਰਾਬਰਤਾ ਅਤੇ ਗਰੀਬੀ ‘ਚ ਵਾਧਾ ਹੋਣਾ ਵੀ ਲਾਜ਼ਮੀ ਹੈ ! ਇਸ ਵਿਰੁੱਧ ਲੋਕ-ਰੋਹ ਵੀ ਪੈਦਾ ਹੋਣਾ ਲਾਜ਼ਮੀ ਹੈ।

 ਯੂਰਪ ਅੰਦਰ ਵੀ ਜਿਓ ਜਿਓ ਸੰਸਾਰ ਆਰਥਿਕਤਾ ਉਪਰ ਵਿਤੀ ਪੂੰਜੀ ਦੀ ਪਕੜ ਹੋਰ ਮਜ਼ਬੂਤ ਹੁੰਦੀ ਜਾਂਦੀ ਗਈ, ਸੰਸਾਰ ਪੂੰਜੀਵਾਦੀ ਸੰਕਟ ਵੀ ਉਥੇ ਵੱਧ ਰਿਹਾ ਹੈ।ਇਕ ਪਾਸੇ ਪੂੰਜੀਵਾਦੀ ਯੂਰਪੀ ਸਰਕਾਰਾਂ ਨੇ ਜਿਥੇ ਆਰਥਿਕ ਉਦਾਰੀਵਾਦੀ ਨੀਤੀਆਂ ਰਾਹੀਂ ਜਿਨ੍ਹਾਂ ਅਧੀਨ, ਪੂੰਜੀਪਤੀ ਅਤੇ ਘਰਾਣਿਆ ਨੂੰ ਅਥਾਹ ਮੁਨਾਫ਼ੇ ਕਮਾਉਣ ਲਈ ਹੁਣ ਖੁਲ੍ਹੀਆਂ ਛੋਟਾਂ ਹਨ। ਉਂਝ ਸਾਲ 1991 ਤੋਂ ਬਾਦ ਸੋਵੀਅਤ ਰੂਸ ਅਤੇ ਪੂਰਬੀ ਸਮਾਜਵਾਦੀ ਯੂਰਪੀ ਦੇਸ਼ਾਂ ਦੇ ਬਲਾਕ ਦੇ ਖੇਰੂ-ਖੇਰੂ ਹੋਣ ਤੋਂ ਪਹਿਲਾਂ ਜੋ ਕਦੀ ਯੂਰਪ ਦੇ ਦੇਸ਼ਾਂ ਅੰਦਰ ਅੱਧ-ਪਚੱਧੀਆ ਸਮਾਜਕ ਸੁਰੱਖਿਆਅਤੇ  ਹੋਰ ਆਰਥਿਕ ਸਹੂਲਤਾਂ ਦਿੱਤੀਆਂ ਸਨ।ਹੁਣ ਇਕ-ਇਕ ਕਰਕੇ ਉਹ ਖੁਰ ਗਈਆਂ ਹਨ। ਭਾਵੇਂ ਯੂਰਪੀ ਯੂਨੀਅਨ ਦੇ 27-ਦੇਸ਼ਾਂ ਦੀ ਪਾਰਲੀਮੈਂਟ ਨੇ ਵੀ ਪਿਛਲੇ ਸਮੇਂ, ‘1-ਲੱਖ, 80 ਹਜ਼ਾਰ ਕਰੋੜ  ਯੂਰੋ  (22-ਖਰਬ ਡਾਲਰ) ਦੇ ਪੈਕੇਜ ਦਾ ਆਪਣੇ ਬਜਟ ਰਾਹੀਂ ਭੁਗਤਾਨ ਕੀਤਾ ਸੀ। ਪਰ ਇਸ ਪੈਕੇਜ ਨੇ ਕਿਰਤੀ ਲੋਕਾਂ ਅਤੇ ਮੱਧ-ਵਰਗ ਨੂੰ ਕੋਈ ਬਹੁਤਾ ਲਾਭ ਨਹੀਂ ਦਿਤਾ ਸੀ, ਸਗੋਂ ਇਹ ਵੱਡੇ ਕਾਰੋਬਾਰੀਆਂ ਅਤੇ ਵਿਤੀ-ਪੂੰਜੀ ਨੂੰ ਹੀ ਇਕ ਤੋਹਫਾ ਸਾਬਤ ਹੋਇਆ ਸੀ। ਇਹੀ ਕਾਰਨ ਹੈ ਕਿ ਯੂਰਪ ਦੀ ਵੱਡੀ ਗਿਣਤੀ ਵਿੱਚ ਲੋਕ ਉਥੋਂ ਦੀ ਸੱਜ-ਪਿਛਾਖੜ ਸੋਚ ਵਾਲੀਆਂ ਸੱਜੇ ਪੱਖੀ ਰਾਜਨੀਤਕ ਪਾਰਟੀਆ ਨਾਲ ਜੁੜੇ ਹਨ ਕਿਉਂਕਿ ਪ੍ਰਤੀਕਿਰਿਆ ਵਾਦੀ ਤਾਕਤਾਂ ਅਤੇ ਰਾਜਨੀਤੀ ਨੇ ਲੋਕਾਂ ਦੀਆਂ ਭਾਵਨੀਤਕ ਭਾਵਨਾਵਾਂ ਨੂੰ ਛੇਤੀ ਹੀ ਭੜਕਾਅ ਕੇ ਆਪਣੇ ਹਿਤ ਲਈ ਵਰਤਿਆ ਹੈ। ਜਿਸ ਦਾ ਪ੍ਰਗਾਟਾਵਾ 6-9 ਜੂਨ 2024 ਦੇ ਪਹਿਲੇ ਤੇ ਦੂਸਰੇ ਹਫਤੇ ਦੌਰਾਨ ਯੂਰਪੀ-ਸੰਘ ਦੀਆਂ ਚੋਣਾਂ ਅੰਦਰ ਹੋਇਆ ਹੈ। 27-ਦੇਸ਼ਾਂ ਦੀਆਂ ਵਿਭਾਜਨਕਾਰੀ, ਨਸਲਵਾਦੀ, ਅੰਧਰਾਸ਼ਟਰ ਵਾਦੀ, ਧਾਰਮਿਕ, ਕੱਟੜਵਾਦੀ ਤੇ ਸੰਕੀਰਣਵਾਦੀ ਪਾਰਟੀਆਂ ਮਜ਼ਬੂਤ ਹੋ ਕੇ ਅੱਗੇ ਆਈਆਂ। ਲੋਕਾਂ ਦਾ ਇਹ ਪ੍ਰਗਟਾਵਾ ਉਥੋ ਦੀਆਂ  ਹਾਕਮ ਪਾਰਟੀਆਂ ਦੀਆਂ ਲੋਕ ਵਿਰੋਧੀ ਨੀਤੀਆ ਵਿਰੁਧ ਵੀ ਇਕ ਰੋਸ ਹੈ !

 ਹਰ 5-ਸਾਲਾਂ (2019-2024) ਬਾਦ ਯੂਰਪੀ ਯੂਨੀਅਨ ਦੇ 27 ਦੇਸ਼ਾਂ ਵਲੋਂ 720-ਸੀਟਾਂ ਲਈ ਕੌਮੀ ਸੁਰੱਖਿਆ ਅਤੇ ਕੌਮਾਂਤਰੀ ਨੀਤੀਆਂ ਨੂੰ ਮੁੱਖ ਰੱਖਦੇ ਸੰਗਠਨ ਲਈ ਚੋਣਾਂ ਕਰਾਈਆਂ ਜਾਂਦੀਆਂ ਹਨ। ਇਸ ਵਾਰ ਇਹ ਚੋਣਾਂ 6-9 ਜੂਨ, 2024 ਤਕ ਹੋਈਆ ਅਤੇ ਇਨ੍ਹਾਂ ਚੋਣਾਂ ਅੰਦਰ ਧੁਰ ਸੱਜੇ ਪੱਖੀ ਰਾਜਨੀਤੀ ਨੇ ਸਫਲਤਾ ਪ੍ਰਾਪਤ ਕੀਤੀ ਹੈ। ਕੇਂਦਰੀ ਮੁੱਖ ਬਲਾਕ, ‘ਸੱਜੀ ਯੂਰਪ ਲੋਕ ਪਾਰਟੀ (ਈ.ਪੀ.ਪੀ.) ਨੇ 26-ਫੀ ਸਦ ਅਤੇ 189 ਸੀਟਾਂ ਤੇ ਜਿਤ ਪ੍ਰਾਪਤ ਕੀਤੀ ਜਿਸ ਪਾਸ ਪਹਿਲਾ 182 ਸੀਟਾਂ ਸਨ। ਕੇਂਦਰੀ ਐਸ ਐਂਡ ਡੀ ਨੇ 19- ਫੀ ਸਦ ਵੋਟਾਂ ਅਤੇ 135 ਸੀਟਾਂ ਤੇ ਜਿਤ ਪ੍ਰਾਪਤ ਕੀਤੀ ਹੈ। ਧੁਰ ਸੱਜ-ਪਿਛਾਖੜ ਧੜਾ (ਈ.ਸੀ. ਐਂਡ ਆਰ) ਨੇ 10 ਫੀ ਸਦ ਵੋਟਾਂ ਅਤੇ 76 ਸੀਟਾਂ ਹਥਿਆਈਆਂ। ਪ੍ਰੋ-ਯੂਰਪੀ ਤੇ ਪ੍ਰੋਗਰੈਸਿਵ ਖੱਬੇ-ਸੋਸਾ ਲਿਸਟ (ਆਰ.ਈ.) ਕੋਲੀਸ਼ਨ ਨੇ 11-ਫੀਸਦ ਵੋਟਾ ਅਤੇ 79 ਸੀਟਾ ਪ੍ਰਾਪਤ ਕੀਤੀਆਂ ਹਨ। ਗ੍ਰੀਨ ਪਾਰਟੀ ਫਰੀ ਅਲਾਇਸ (ਜੀ.ਈ.ਐਫ.ਏ.) ਨੂੰ 7-ਫੀ ਸਦ ਵੋਟਾ ਅਤੇ 53 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ। ਇਨ੍ਹਾਂ ਚੋਣਾ ਵਿੱਚ ਯੂਰਪ ਦੀ ਰਾਜਨੀਤੀ ਅੰਦਰ ਸੱਜ ਪਿਛਾਖੜ ਸੋਚ ਅਤੇ ਰਾਜਨੀਤਕ ਪ੍ਰਭਾਵ ਹੋਰ ਮਜ਼ਬੂਤ ਹੋਇਆ ਹੈ। ਇਹ ਸਭ ਕੁਝ ਉਦਾਰਵਾਦੀ ਰੁਝਾਨਾਂ ਦੇ ਉਲਟ ਨਤੀਜੇ ਹਨ।

 ਸੰਘ ਤੋਂ ਬਾਹਰ ਯੂ.ਕੇ. ਦੀ ਸੰਸਦ ਨੇ ਇਨ੍ਹਾਂ ਚੋਣਾਂ ਦੇ ਨਤੀਜਿਆ ਤੋਂ ਪਹਿਲਾ ਹੀ ਪ੍ਰਧਾਨਮੰਤਰੀ ਰਿਸ਼ੀ ਸੂਨਕ ਭੰਗ ਕਰਕੇ ਜੁਲਾਈ ਵਿੱਚ ਚੋਣਾ ਕਰਾਉਣ ਦਾ ਐਲਾਨ ਕਰ ਦਿੱਤਾ ਹੋਇਆ ਹੈ। ਇਸੇ ਤਰ੍ਹਾਂ ਫਰਾਂਸ ਦੇ ਰਾਸ਼ਟਰਪਤੀ ਇ.ਮੈਕਰੋਨ ਨੇ ਇਨ੍ਹਾਂ ਚੋਣਾ ਬਾਅਦ ਕੁਲੀਸ਼ਨ ਦੀ ਹਾਰ ਬਾਦ ਸੰਸਦ ਭੰਗ ਕਰਕੇ ਚੋਣਾਂ ਦਾ ਐਨਾਲ ਕੀਤਾ ਹੈ। ਜਰਮਨ ਅੰਦਰ ਵੀ ਅਲਟਰਨੇਟਿਵ ਫਾਰ ਜਰਮਨੀ, ਪਾਰਟੀ ਜੋ ਸੱਜੇ ਪੱਖੀ ਪ੍ਰਭਾਵ ਰੱਖਦੀ ਹੈ ਉਹ ਮਜ਼ਬੂਤ ਹੋ ਕੇ ਉਭਰੀ ਹੇ। ਭਾਵੇਂ ਕਿ  ਉਸ ਦੇ ਕਈ ਆਗੂਆਂ ਦੇ ਨਾਂ ਪਿਛਲੇ ਕਈ ਘੁਟਾਲਿਆਂ ‘ਚ ਆਉਂਦੇ ਰਹੇ ਹਨ। ਜਰਮਨੀ ਯੂਰਪ ਅੰਦਰ 27-ਦੇਸ਼ਾਂ ਦੀ ਯੂਨੀਅਨ ਦਾ ਸਭ ਤੋਂ ਵੱਡਾ ਦੇਸ਼ ਹੈ। ਇਸ ਪਾਰਟੀ ਨੇ 2019 ‘ਚ 11-ਫੀ ਸਦ ਮਤ ਪ੍ਰਾਪਤ ਕੀਤਾ ਸੀ, ਪਰ ਇਸ ਵਾਰ 16.5 ਫੀ ਸਦ ਵੋਟਾ ਪ੍ਰਾਪਤ ਕੀਤੀਆਂ ਹਨ।  ਜਦਕਿ ਜਰਮਨ ‘ਚ ਰਾਜ ਕਰ ਰਿਹਾ ਤਿੰਨ ਪਾਰਟੀਆਂ ਦਾ ਗਠਜੋੜ ਮਹਿਜ 30-ਫੀ ਸਦ ਵੋਟਾ ਹੀ ਪ੍ਰਾਪਤ ਕਰਨ ‘ਚ ਕਾਮਯਾਬ ਰਿਹਾ ਹੈ। ਹੁਣ ਜਰਮਨ ਵਿੱਚ ਅਲਟਰਨੇਟਿਵ ਫਾਰ ਜਰਮਨੀ ਦੇਸ਼ ਦੇ ਚਾਂਸਲਰ (ਰਾਸ਼ਟਰਪਤੀ) ਉਲਾਫ ਸੌਲਜ਼ ਦੀ ਸੋਸ਼ਲ ਡੈਮੋਕਰੇਟਿਕ ਪਾਰਟੀ ਨੂੰ ਡਿਗਾਉਣ ਲਈ ਕਾਫੀ ਮਜ਼ਬੂਤ ਹੈ। ਆਏ ! ਇਹ ਰਾਜਨੀਤਕ ਰੁਝਾਂਨ, ਜਰਮਨੀ ਅੰਦਰ 1930 ਤੋਂ ਬਾਅਦ ਮਜ਼ਬੂਤ ਹੋਏ ਹਿਟਲਰ ਦੇ ਨਾਜੀਵਾਦੀ ਉਭਾਰਾਂ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਯੂਰਪੀ ਸੰਸਦਰ ਅੰਦਰ ਇਹ ਪਾਰਟੀ ਸਭ ਤੋਂ ਵੱਡੀ ਸ਼ਕਤੀ ਬਣਕੇ ਉਭਰੀ ਹੈ।

 ਯੂਰਪੀ ਸੰਘ ਜੋ ਯੂਰਪ ਦੇ 27-ਦੇਸ਼ਾਂ ਦਾ ਸੰਗਠਨ ਹੈ, ਜੋ ਆਪਣੇ ਮੈਂਬਰ ਦੇਸ਼ਾਂ ਦੇ ਹਿਤਾਂ ਲਈ ਇਕ ਰਾਜਸੀ ਸੰਗਠਨ ਹੈ, ਜਿਸ ਦੇ ਮੈਂਬਰਾਂ ਦੀ ਗਿਣਤੀ 40-ਕਰੋੜ ਹੈ। ਇਸ ਦਾ ਸਦਰ -ਮੁਕਾਮ ਬਰੱਸਲ ਅਤੇ ਲਕਸਮ-ਬਰਗ ਹੈ। ਯੂਰਪੀ ਸੰਘ ਦੀ ਛੱਤਰੀ ਹੇਠ 100 ਤੋਂ ਵੱਧ ਜੱਥੇਬੰਦੀਆਂ ਜਿਸ ਅਧੀਨ, ਵਿਆਹ, ਟਰਾਂਸ-ਰਾਈਟਸ, ਜਣਨ-ਆਜਾਦੀ, ਐਲ.ਜੀ.ਬੀ.ਟੀ.ਕਿਊ.ਆਈ. ਵਿਰੁਧ ਵਿਤਕਰਾ ਅਤੇ ਹੋਰ ਕਈ ਮੁਦਿਆਂ ‘ਤੇ ਜੋ 2013 ਨੂੰ ਗੁਪਤ ਰੂਪ ਵਿੱਚ ਫੈਸਲੇ ਲਏ ਸਨ, ਲਾਗੂ ਕਰਾਉਂਦਾ ਹੈ। ਅਗਲੇ 5-ਸਾਲਾਂ ਲਈ ਯੂਨੀਅਨ ਗਰੀਨ, ਡਿਜੀਟਲ ਟਰਾਂਜੀਸ਼ਨ ਅਤੇ ਆਰਥਿਕਤਾ, ਸੁਰੱਖਿਆ, ਵਾਧਾ, ਅਤੇ ਪ੍ਰਵਾਸ ਆਦਿ ਮੁਦਿਆ ਤੇ ਕੰਮ ਕਰੇਗੀ। ਜੋ ਕਨਜ਼ਰਟਿਵ ਅਤਿ ਦੇ ਮੁਕਾਬਲੇ ਵਾਲੇ ਹੋਣਗੇ ? ਭਾਵੇਂ ਉਸ ਦੀ ਸੰਸਦ ਸਾਹਮਣੇ ਜਮਹੂਰੀ ਫੈਸਲੇ ਲੈਣਾ, ਜਮਹੂਰੀਅਤ ਦੀ ਬਹਾਲੀ,  ਬੋਲਣ ਦਾ ਅਧਿਕਾਰ, ਨਿਰਪੱਖ ਚੋਣਾਂ ਨੂੰ ਸੰਸਾਰ ਅੰਦਰ ਬੜਾਵਾ ਦੇਣਾ ਵੀ ਹੈ । ਜਲਵਾਯੂ ਸਬੰਧੀ ਅਤੇ ਪ੍ਰਵਾਸ ਸਬੰਧੀ ਯੂਰਪੀ ਸੰਘ ਆਯੋਗ ਦੀ ਚੇਅਰਪਰਸਨ ਉਰਸੁਲਾ ਵਾਨਡੇਰ ਲੇਨ ਦੀ ਪਾਰਟੀ  ਕ੍ਰਿਸ਼ਿਅਨ ਡੈਮੋਕ੍ਰੇਟਿਕ ਨੇ, ‘ਇਨ੍ਹਾਂ ਚੋਣਾਂ ਤੋਂ ਪਹਿਲਾ ਹੀ ਉਪਰੋਕਤ ਮੁਦਿਆ ‘ਤੇ ਸੱਜੇ ਪੱਖੀ ਮੋੜ ਕੱਟਿਆ ਸੀ। ਸੰਸਦ ਆਪਣੇ ਮੈਂਬਰ ਦੇਸ਼ਾਂ ਦੇ ਆਰਥਿਕ ਵਿਕਾਸ, ਵਪਾਰ-ਵਣਜ, ਰਾਜਨੀਤਕ ਮੁਦਿਆ ਆਦਿ ਨਾਲ ਜੁੜੀਆਂ ਨੀਤੀਆ ਤਹਿ ਕਰਦੀ ਹੈ। ਇਸ ਲਈ ਦੁਨੀਆ ਦੇ ਗਰੀਬ ਅਤੇ ਆਜ਼ਾਦ ਹੋਏ ਦੇਸ਼ ਜਿਹੜੇ ਕਦੀ ਯੂਰਪੀ ਸਾਮਰਾਜੀ ਬਸਤੀਵਾਦੀਆ ਦੇ ਜੂਲੇ ਹੇਠ ਰਹੇ ਸਨ, ਜਿਨ੍ਹਾਂ ਦੀ ਰਾਜਨੀਤੀ ‘ਤੇ ਅਜੇ ਵੀ ਉਹਨਾਂ ਦਾ ਪ੍ਰਭਾਵ ਹੈ ਇਸ ਚੋਣ ਨਤੀਜਿਆ ਪ੍ਰਤੀ ਉਤਸਕ ਹਨ।

 ਹੁਣੇ-ਹੁਣੇ ਯੂਰਪੀ ਸੰਘ ਦੀਆਂ ਹੋਈਆ ਚੋਣਾਂ ਦੇ ਨਤੀਜਿਆ ਦਾ ਪ੍ਰਭਾਲ ਅਤੇ ਦਬਾਅ ਸੰਸਾਰ ਦੇ ਵਣਜ-ਵਾਪਾਰ, ਜਲਵਾਯੂ, ਪ੍ਰਵਾਸ ਅਤੇ ਰਾਜਨੀਤੀ ‘ਤੇ ਪੈਣਾ ਸ਼ੁਰੂ ਹੋ ਗਿਆ ਹੈ।ਇਹ ਪ੍ਰਭਾਵ ਸਭ ਤੋਂ ਪਹਿਲਾਂ ਕਿਰਤੀ ਵਰਗ ਦੇ ਰੁਜ਼ਗਾਰ ਅਤੇ ਪ੍ਰਵਾਸ ਤੇ ਰੋਕ ਲਾਏਗਾ ! ਹੁਣ ਕੰਮ ਕਰਨ ਲਈ ਭਾਵੇਂ ਕਿਸੇ ਵੀ ਕਿਰਤੀ ਨੂੰ ਸੰਘ ਦੇਸ਼ ਅੰਦਰ ਪ੍ਰਮਿਟ ਨਹੀਂ ਮਿਲੇਗਾ ? ਪਰ ਮੈਂਬਰ ਦੇਸ਼ਾਂ ਦੇ ਕਿਰਤੀ ਇਕ ਦੇਸ਼ ਤੋਂ ਦੂਸਰੇ ਦੇਸ਼ ਜਾ ਸਕਣਗੇ। ਭਾਵੇਂ ਕਿਹਾ ਜਾ ਰਿਹਾ ਹੈ ਕਿ ਮੈਂਬਰ ਦੇਸ਼ ਦਾ ਕਿਰਤੀ ਆਪਣੇ ਸਾਰੇ ਹੱਕਾਂ ਸਮੇਤ ਦੂਸਰੇ ਮੈਂਬਰ ਦੇਸ਼ ਅੰਦਰ ਬਿਨਾਂ ਰੋਕ-ਟੋਕ ਜਾ ਸੱਕੇਗਾ ? ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ 27-ਮੈਂਬਰ ਦੇਸ਼ਾਂ ਦੇ ਕਿਰਤੀਆਂ ਦੇ ਸਾਰੇ ਹੱਕ-ਹਕੂਕ ਉਸ ਦੇ ਦੂਸਰੇ ਦੇਸ਼ ਵਿੱਚ ਬਰ-ਕਰਾਰ ਰਹਿਣਗੇ ਜਾਂ ਨਹੀਂ ? ਪਰ ਜਿਥੇ ਵੀ ਸੱਜ ਪਿਛਾਖੜ ਰਾਜਨੀਤਕ ਪ੍ਰਭਾਵ ਮਜ਼ਬੂਤ ਹੋਇਆ ਉਥੋ ਦੀਆਂ ਪਹਿਲੀਆਂ ਜਮਹੂਰੀ, ਧਰਮ ਨਿਰਪੱਖ ਅਤੇ ਲੋਕ ਪੱਖੀ ਸ਼ਕਤੀ ਦੀਆਂ ਸਰਕਾਰਾਂ ਵਲੋਂ ਲਾਗੂ ਕੀਤੀਆਂ ਸਾਕਾਰਾਤਮਕ ਨੀਤੀਆ ਅਤੇ ਲਹਿਰਾਂ ਨੂੰ ਢਾਅ ਹੀ ਲੱਗੀ ਹੈ। ਦੇਖੋ ? ਭਾਰਤ ਅੰਦਰ 2014 ਤੋਂ ਰਾਜਨੀਤੀ ਦੇ ਕਾਬਜ ਹੋਈ ਅਤਿ ਦੀ ਸੱਜੇ ਪੱਖੀ ਤੇ ਏਕਾ ਅਧਿਕਾਰਵਾਦੀ ਬੀ.ਜੇ.ਪੀ. ਦਾ ਕਿਰਦਾਰ ਅਤੇ ਅਮਲ ਨੇ ਦੇਸ਼ ਨੂੰ ਇਕ ਭਿਆਨਕ ਇਕ ਪਾਸੜ ਤਾਨਾਸ਼ਾਹੀ ਵਲ ਤੋਰ ਦਿਤਾ ਸੀ। ਯੂਰਪ ਜਿਥੋਂ ਕਦੇ ਸੰਸਾਰ ਜਾਗਰੂਕਤਾ ਲਹਿਰਾ ਪੈਦਾ ਹੋਈਆਂ, ਧਰਮ ਨਿਰਪੱਖਤਾ ਅਤੇ ਜਮਹੂਰੀਅਤ ਨੂੰ ਜਨਮ ਹੀ ਨਹੀ ਦਿੱਤਾ ਸਗੋਂ ਮਜ਼ਬੂਤ ਕਰਕੇ ਸੰਸਾਰ ਅੰਦਰ ਬੀਅ ਬੀਜੇ ਸਨ, ਉਹਨਾਂ ਲਈ ਪਨਪੀ ਇਹ ਸੱਜ-ਪਿਛਾਖੜ ਰਾਜਨੀਤੀ ਇਕ ਗੰਭੀਰ ਚੁਣੌਤੀ ਹੋਵੇਗੀ ?

ਯੂਰਪੀ ਸੰਘ ਦੀਆਂ ਇਨ੍ਹਾਂ ਚੋਣਾਂ ਅੰਦਰ ਸੱਜ-ਪਿਛਾਖੜ ਰਾਜਨੀਤੀ ਵਾਲੀਆਂ ਪਾਰਟੀਆਂ ਦੇ ਮਜ਼ਬੂਤ ਹੋਣ ਨਾਲ ਸਭ ਤੋਂ ਵੱਡੀ ਸਟ ਦੁਨੀਆ ਦੀ ਕਿਰਤੀ ਜਮਾਤ ਦੇ ਹਿਤਾਂ, ਰੁਜ਼ਗਾਰ, ਵੇਜ਼ ਅਤੇ ਕਿਰਤੀ ਏਕਤਾ ਨੂੰ ਵੱਜੇਗੀ। ਭਾਰਤ ਦੇ ਵਿਦੇਸ਼ ਵਿਭਾਗ ਅਨੁਸਾਰ 2017 ਤਕ 2.83 ਮਿਲੀਅਨਜ਼ ਭਾਰਤੀ ਕਾਮੇ ਯੂਰਪੀ ਯੂਨੀਅਨ ਦੇਸ਼ਾਂ ‘ਚ ਕੰਮ ਕਰ ਰਹੇ ਹਨ। ਸਭ ਤੋਂ ਵੱਧ ਯੂ.ਕੇ.64.54 ਫੀ ਸਦ, ਨੀਦਰਲੈਂਡ 8.31 ਫੀ ਸਦ, ਇਟਲੀ 6.98 ਫੀ ਸਦ, ਜਰਮਨੀ 6 ਫੀ ਸਦ, ਫਰਾਂਸ ਵਿੱਚ 3.86 ਫੀ ਸਦ ਆਦਿ ਦੇਸ਼ਾਂ ਅੰਦਰ ਕੰਮ ਕਰਦੇ ਹਨ। ਪਰ ਗੈਰ-ਕਾਨੂੰਨੀ ਦਾਖਲ ਹੋ ਕੇ ਕੰਮ ਕਰਦੇ ਹਜ਼ਾਰਾਂ ਭਾਰਤੀ ਕਾਮੇ ਪੁਰਤਗਾਲ, ਸਪੇਨ, ਗਰੀਸ, ਇਟਲੀ, ਮਾਲਟਾ ਆਦਿ ਦੇਸ਼ਾਂ ਅੰਦਰ ਲੁਕ-ਛਿਪਕੇ ਪੱਕੇ ਹੋਣ ਲਈ ਬੜਾ ਜ਼ੋਖਿਮ ਭਰਿਆ ਜੀਵਨ ਜੀਅ ਰਹੇ ਹਨ। ਮਾਲਟਾ ਹਾਦਸਾ ਅੱਜੇ ਭੁਲਿਆ ਨਹੀਂ ਹੈ, ਜਿਸ ਨੇ ਸੈਂਕੜੇ ਕਿਰਤੀ ਨਿਗਲ ਲਏ ਸਨ। ਕਰੋੜਾਂ ਰੁਪਿਆ ਭਾਰਤੀ ਕਾਮੇ ਕਮਾ ਕੇ ਯੂਰਪ ਵਿਚੋਂ ਭਾਰਤ ਨੂੰ ਭੇਜ ਰਹੇ ਹਨ। ਸਾਲ 2020 ਤਕ 87-ਮਿਲਅਨਜ਼ ਲੋਕ ਪ੍ਰਵਾਸ ਕਰਕੇ ਯੂਰਪ ਗਏ  ਹਨ। ਇਸ ਵੇਲੇ ਸੰਸਾਰ ਪੂਜੀਵਾਦੀ ਅਰਥ-ਵਿਵੱਸਥਾ ਸੰਕਟ ਵਲ ਜਾ ਰਹੀ ਹੈ। ਇਹ ਉਥੋ ਦੇ ਹਾਕਮਾਂ ਦੀਆ ਉਦਾਰੀਵਾਦੀ ਨੀਤੀਆ ਦਾ ਹੀ ਸਿਟਾ ਹੈ। ਵੱਧ ਰਹੀ ਆਰਥਿਕ ਨਾ-ਬਰਾਬਰਤਾ, ਗਰੀਬੀ ਅਤੇ ਬੇਰੁਜ਼ਗਾਰੀ ਲਈ ਪੂੰਜੀਵਾਦੀ ਨੀਤੀਆਂ ਹੀ ਜਿੰਮੇਵਾਰ ਹਨ। ਪਰ ਲੋਕਾਂ ਅੰਦਰ ਉਪਰੋਕਤ ਹਲਾਤਾਂ ਕਾਰਨ ਵੱਧ ਰਹੀ ਬੇਚੈਨੀ ਨੂੰ ਸੱਜ-ਪਿਛਾਖੜ ਰਾਜਨੀਤੀ ਇਸ ਨੂੰ ਪ੍ਰਵਾਸ ਕਰਕੇ ਆਏ ਕਿਰਤੀਆ ਦੀ ਆਮਦ ਸਿਰ ਮੜ੍ਹਦੀ ਹੈ।

 ਇਹ ਇਤਿਹਾਸਕ ਸੱਚ ਹੈ ਕਿ ਸੱਜ-ਪਿਛਾਖੜ ਰਾਜਨੀਤੀ ਆਪਣੇ ਰਾਜਸੀ ਅਤੇ ਮੰਤਵ ਲਈ ਵੰਡਵਾਦੀ ਨਾਹਰਿਆ, ਨਸਲਵਾਦ, ਅੰਧ-ਰਾਸ਼ਟਰਵਾਦ ਤੇ ਕੱਟੜਵਾਦ ਰਾਹੀਂ ਮਨਸੂਬਿਆਂ ਦੀ ਪੂਰਤੀ ਲਈ ਕਿਰਤੀ ਜਾਮਤ ਵਿੱਚ ਫੁੱਟ ਪਾਉਂਦੀ ਹੈ। ਇਸ ਲਈ ਕੌਮਾਂਤਰੀ ਕਿਰਤੀ ਏਕਤਾ ਰਾਹੀ ਇਨ੍ਹਾਂ ਵਿਭਾਜਨਵਾਦੀ ਤੇ ਫੁਟ ਪਾਊ ਸ਼ਕਤੀਆ ਵਿਰੁਧ ਵਿਸ਼ਾਲ ਕਿਰਤੀ ਏਕਤਾ ਉਸਾਰਕੇ ਲੜਨਾ ਪਏਗਾ ? ਕਿਰਤੀ ਜਮਾਤ ਦੇ ਸ਼ੋਸ਼ਣ ਲਈ ਮੁਖ ਜਿੰਮੇਵਾਰ ਪੂੰਜੀਵਾਦੀ ਰਾਜਨੀਤਕ ਪਾਰਟੀਆਂ ਦੀਆ ਉਦਾਰੀਵਾਦੀ ਆਰਥਿਕ ਨੀਤੀਆ ਨੂੰ ਨੰਗਾ ਕਰਨਾ ਸਮੇਂ ਦੀ ਲੋੜ ਹੈ। ਜਦੋਂ ਯੂਰਪ ਅੰਦਰ 1930 ਬਾਦ ਆਰਥਿਕ ਮੰਦਾ ਪਨਪਿਆ ਸੀ ਤਾਂ ਜਰਮਨ, ਇਟਲੀ, ਸਪੇਲ ਆਦਿ ਅੰਦਰ ਹਾਕਮ ਪਾਰਟੀਆਂ ਨੇ ਜਨਤਾ ਦੀਆਂ ਭਾਵਨਾਤਮਕ ਭਾਵਨਾਵਾਂ ਨੂੰ ਭੜਕਾਅ ਕੇ ਵੰਡਵਾਦੀ ਨਾਹਰਿਆ ਨਸਲਵਾਦ, ਅੰਧ-ਰਾਸ਼ਟਰਵਾਦ, ਸੰਕੀਰਨਵਾਦ ਰਾਹੀ ਨਾਜ਼ੀਵਾਦ ਅਤੇ ਫ਼ਾਸ਼ੀਵਾਦ ਨੂੰ ਜਨਮ ਦਿਤਾ ਸੀ। ਇਸ ਤੋਂ ਬਾਅਦ ਜੋ ਨੀਤਜੇ ਆਵਾਮ ਨੂੰ ਭੁਗਤਣੇ ਪਏ ਸਨ ਉਹਨਾਂ ਦੇ ਖੂਨੀ ਦਾਗ਼ ਅੱਜੇ ਵੀ ਮਿਟੇ ਨਹੀਂ ਹਨ ! ਭਾਰਤ ਅੰਦਰ ਵੀ ਅੰਧ-ਰਾਸ਼ਟਰਵਾਦ ਅਜੇ ਵੀ ਸੁਲਗ ਰਿਹਾ ਹੈ, ਭਾਰਤ ਦੀ ਕਿਰਤੀ ਜਮਾਤ ਅਤੇ ਜਮਹੂਰੀ ਲੋਕਾਂ ਨੂੰ ਹੁਣ ਹੋਰ ਵੀ ਸੁਚੇਤ ਹੋਣਾ ਪਏਗਾ। ਯੂਰਪੀ ਸੰਘ ਦੀਆਂ ਚੋਣਾਂ ਅੰਦਰ ਸੱਜ ਪਿਛਾਖੜ ਰਾਜਨੀਤੀ ਦਾ ਮਜ਼ਬੂਤ ਹੋਣਾ ਸਾਡੇ ਲਈ ਇਹ ਖਤਰੇ ਦੀ ਘੰਟੀ ਹੈ।

 

 

ਜਗਦੀਸ਼ ਸਿੰਘ ਚੋਹਕਾ

    ਹੁਸ਼ਿਆਰਪੁਰ

91-9217997445                                                                 

001-403-285-4208                                                           

Email-jagdishchohka@gmail.com