ਕੀ ਬਦਲਿਆ? ਤੇ ਬਦਲਦਾ ਕਿਉਂ ਨਹੀਂ?
ਬੀਤੇ ਦਿਨੀਂ ਸੰਗਰੂਰ ਨੇੜਲੇ ਪਿੰਡ ਲੌਂਗੋਵਾਲ ਵਿਖੇ ਪੁਲਸ ਦੀ ਕਿਸਾਨਾਂ ਨਾਲ ਤਕੜੇ ਹੱਥੀਂ ਝੜਪ ਹੋਈ ਹੈ ਜਿਸ ਵਿਚ ਇੱਕ ਕਿਸਾਨ ਦੀ ਮੌਤ ਅਤੇ ਅਨੇਕਾਂ ਕਿਸਾਨ ਜਖਮੀ ਹੋਏ ਹਨ।
ਇਸ ਦੇ ਨਾਲ ਹੀ ਪੁਲਸ ਦੇ ਕਰਮਚਾਰੀ ਵੀ ਜ਼ਖਮੀ ਹੋਏ ਹਨ। ਬਜ਼ੁਰਗ ਕਿਸਾਨ ਪ੍ਰੀਤਮ ਸਿੰਘ ਦੀ ਸਾਧਨ ਹੇਠ ਆਉਣ ਨਾਲ ਮੌਤ ਹੋਈ ਹੈ। ਕਿਸਾਨਾਂ ਮੁਤਾਬਕ ਕੁਝ ਨੌਜਵਾਨਾਂ ਅਤੇ ਬੀਬੀਆਂ ਨੂੰ ਵੀ ਪੁਲਸ ਨੇ ਫੜਕੇ ਠਾਣੇ ਵਿੱਚ ਰੱਖਿਆ ਹੋਇਆ ਹੈ। ਇੰਡੀਆ ਦੀ ਹਕੂਮਤ ਵਲੋਂ ਸੰਵਿਧਾਨ ਵਿਚ ਲਿਖਤੀ ਤੌਰ ’ਤੇ ਦਿੱਤੀ ਹੋਈ ਧਰਨੇ ਮੁਜ਼ਾਹਰੇ ਕਰਨ ਦੀ ਰਿਆਇਤ ਤਹਿਤ ਆਪਣਾ ਰੋਸ ਜਾਹਰ ਕਰਨ ਲਈ ਜਾ ਰਹੇ ਕਿਸਾਨਾਂ ਨੂੰ ਰੋਕਣਾ ਅਤੇ ਅੱਗੇ ਟਕਰਾਅ ਵਿੱਚ ਲੈ ਕੇ ਜਾਣਾ ਮੰਦਭਾਗਾ ਹੈ। ਪੰਜਾਬ ਸਮੇਤ ਪੂਰੇ ਇੰਡੀਆ ਵਿੱਚ ਸਮੇਂ ਸਮੇਂ ’ਤੇ ਕਿਸਾਨ, ਵਪਾਰੀ, ਆਮ ਲੋਕ ਸਰਕਾਰ ਦੀ ਬੇਇਨਸਾਫ਼ੀ ਵਿਰੁੱਧ ਅਪਣਾ ਰੋਸ ਦਿਖਾਉਂਦੇ ਰਹੇ, ਪਰ ਹੁਣ ਸਰਕਾਰ ਵਿਰੁੱਧ ਬੋਲਣਾ/ਰੋਸ ਦਿਖਾਉਣਾ ਔਖਾ ਬਣਦਾ ਜਾ ਰਿਹਾ ਹੈ, ਅਜਿਹਾ ਕਿਉਂ ਵਾਪਰਣ ਲੱਗਿਆ ਹੈ, ਇਸ ਬਾਰੇ ਲੋਕਾਂ ਨੂੰ ਜ਼ਰੂਰ ਸੋਚ ਵਿਚਾਰ ਕਰਨੀ ਬਣਦੀ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸਮੇਤ ਮੁਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਦਾਅਵੇ ਨਾਲ ਪੰਜਾਬ ਸੂਬੇ ਦੀ ਹਕੂਮਤ ਨੂੰ ਸੰਭਾਲਦੇ ਹਨ ਕਿ ਹੁਣ ਹਕੂਮਤ ਦਾ ਕੰਮਕਾਜੀ ਤਰੀਕਾ ਬਿਲਕੁਲ ਬਦਲ ਜਾਵੇਗਾ। ਹੁਣ ਹਕੂਮਤ ਆਮ ਲੋਕਾਂ ਨਾਲ ਧੱਕਾ ਨਹੀਂ ਕਰੇਗੀ, ਹਕੂਮਤ ਲੋਕਾਂ ਦੇ ਦੁੱਖ ਦਰਦ ਵਿੱਚ ਸਹਾਈ ਹੋਵੇਗੀ, ਪਿਛਲੇ ਸੂਬੇਦਾਰ ਅਤੇ ਉਹਨਾਂ ਦੇ ਵਜ਼ੀਰਾਂ ਦੇ ਚਾਲ ਚਲਣ ਤੋਂ ਬਿਲਕੁਲ ਉਲਟ ਉਹ ਹਕੂਮਤੀ ਠਾਠ ਬਾਠ ਨੂੰ ਤਿਆਗ ਕੇ ਆਮ ਲੋਕਾਂ ਦੀ ਤਰ੍ਹਾਂ ਵਿਚਰਨਗੇ। ਉਹ ਖੁਦ ਅਤੇ ਉਹਨਾਂ ਦੇ ਵਜ਼ੀਰ ਲੋਕਾਂ ਨਾਲ ਸੱਚ ਬੋਲਣਗੇ, ਝੂਠੇ ਵਾਅਦੇ ਅਤੇ ਦਾਅਵੇ ਨਹੀਂ ਕੀਤੇ ਜਾਣਗੇ। ਉਹ ਜਿਸ ਦ੍ਰਿੜਤਾ ਦੇ ਨਾਲ ਲੋਕਾਂ ਨਾਲ ਗੱਲ ਕਰ ਰਹੇ ਸਨ, ਲੱਗਦਾ ਸੀ ਕਿ ਉਹ ਹਕੂਮਤ ਦੀ ਅਸਲੋਂ ਕਾਇਆ ਪਲਟ ਦੇਣਗੇ। ਜਿਸ ਤਰ੍ਹਾਂ ਦਾ ਅੜਬ ਸੁਭਾਅ ਹਕੂਮਤ ਵਲੋਂ ਆਮ ਤੌਰ ’ਤੇ ਦਿਖਾਇਆ ਜਾਂਦਾ ਹੈ। ਸ਼ਾਇਦ ਉਹ ਹੋਰ ਦੇਖਣ ਨੂੰ ਨਾ ਮਿਲੇ।
ਆਮ ਆਦਮੀ ਪਾਰਟੀ ਵਲੋਂ ਸਰਕਾਰ ਬਣਾਏ ਨੂੰ ਹੁਣ ਕਾਫ਼ੀ ਚਿਰ ਹੋ ਗਿਆ ਹੈ। ਨਵੇਂ ਸੂਬੇਦਾਰ ਅਤੇ ਹਕੂਮਤ ਦੇ ਕੰਮ ਕਾਰ ਵਿੱਚ ਆਏ ਬਦਲਾਵਾਂ ਦੀ ਸਚਾਈ ਵੀ ਲੋਕਾਈ ਨੇ ਦੇਖ ਲਈ ਹੈ। ਕੁਝ ਵੀ ਅਜਿਹਾ ਨਹੀਂ ਜੋ ਵੱਖਰਾ ਵਾਪਰਿਆ ਹੋਵੇ? ਆਖਰ ਸੋਚੀਏ ਤਾਂ ਸਹੀ, ਕਿ ਕੀ ਬਦਲਿਆ ਅਤੇ ਸਭ ਤੋਂ ਜ਼ਰੂਰੀ ਕਿ ਬਦਲਦਾ ਕਿਉਂ ਨਹੀਂ? ਕੀ ਉਸ ਵੇਲੇ ਭਗਵੰਤ ਮਾਨ ਸੱਚ ਬੋਲ ਰਹੇ ਸਨ ਜਾਂ ਝੂਠ। ਇਸ ਤੋਂ ਪਹਿਲਾਂ ਜਿੰਨੇ ਵੀ ਆਦਮੀ ਸੂਬੇਦਾਰ ਦੀ ਗੱਦੀ ’ਤੇ ਬੈਠੇ, ਸਾਰਿਆਂ ਨੇ ਗੱਦੀ ਸੰਭਾਲਦਿਆਂ ਇਕਦਮ ਲੋਕਾਂ ਤੋਂ ਉਲਟ ਫੈਸਲੇ ਕੀਤੇ। ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਇੰਡੀਆ ਦੀ ਹਕੂਮਤ ਨੇ ਵੱਡੇ ਦਾਅਵੇ ਦੇ ਕੇ ਲੋਕਾਈ ਨੂੰ ਦੱਸਿਆ ਸੀ ਕਿ ਹੁਣ ਹਕੂਮਤ ਬਦਲ ਗਈ ਹੈ, ਹੁਣ ਧੱਕੇਸ਼ਾਹੀ ਨਹੀਂ ਹੋਵੇਗੀ। ਹਰ ਇੱਕ ਨੂੰ ਸਰਕਾਰ ਅੱਗੇ ਆਪਣੀ ਗੱਲ ਰੱਖਣ ਦਾ ਹੱਕ ਹੈ। ਜਿੰਨੇ ਅਡੰਬਰ ਇੰਡੀਆ ਨੇ ਰਚੇ ਸਨ, ਹਿੰਦੁਸਤਾਨ ਦੀਆਂ ਸਭ ਕੌਮਾਂ ਵਿਚੋਂ ਸਭ ਤੋਂ ਪਹਿਲਾਂ ਸਿੱਖਾਂ ਨੇ ਹਕੂਮਤ ਦੇ ਅਜਿਹੇ ਅਡੰਬਰ ਬੇਪਰਦ ਕਰਕੇ ਲੋਕਾਈ ਦੇ ਸਾਹਮਣੇ ਇੰਡੀਆ ਦਾ ਅਸਲ ਚਿਹਰਾ ਦਿਖਾਇਆ। ਉਹ ਚਿਹਰਾ ਇਹ ਸੀ ਕਿ ਭਾਵੇਂ ਸੂਬੇਦਾਰੀ ਜਾਂ ਵਜ਼ੀਰੀ ਵਿਚ ਕੋਈ ਵੀ ਆਵੇ, ਹਕੂਮਤ ਦਾ ਅਸਲ ਕਰੂਪ ਚਿਹਰਾ ਅੰਗਰੇਜ਼ ਹਕੂਮਤ ਤੋਂ ਕਿਧਰੇ ਵੀ ਘੱਟ ਜ਼ਾਲਮ ਨਹੀਂ ਹੈ। ਹਕੂਮਤੀ ਪ੍ਰਬੰਧ ਵਿਚ ਚੰਗੇ ਬੰਦੇ ਟਿੱਕ ਹੀ ਨਹੀਂ ਸਕਦੇ, ਇਸ ਪ੍ਰਬੰਧ ਵਿਚ ਥਾਂ ਹੀ ਝੂਠ ਅਤੇ ਕਪਟ ਨੂੰ ਮਿਲਦੀ ਹੈ। ਆਮ ਆਦਮੀ ਪਾਰਟੀ ਲੋਕਾਂ ਦੇ ਕਿਆਸ ਅਨੁਸਾਰ ਭਾਵੇਂ ਸਭ ਇਮਾਨਦਾਰ ਲੋਕਾਂ ਨੂੰ ਲੈ ਕੇ ਆਈ ਹੋਵੇ, ਪਰ ਜਦੋਂ ਪ੍ਰਬੰਧ ਵਿੱਚ ਆਉਂਦੇ ਹਨ ਤਾਂ ਉਹਨਾਂ ਨੂੰ ਹਕੂਮਤ ਦੇ ਸੁਭਾਅ ਅਨੁਸਾਰ ਹੀ ਚੱਲਣਾ ਪੈਂਦਾ ਹੈ। ਲੋਕਾਈ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦਿੱਲੀ ਦਰਬਾਰ ਦਾ ਜ਼ਾਲਮ ਸੁਭਾਅ ਕਦੇ ਵੀ ਨਹੀਂ ਬਦਲ ਸਕਦਾ। ਇਸਨੇ ਜ਼ੁਲਮ ਹੀ ਕੀਤਾ ਅਤੇ ਜ਼ੁਲਮ ਹੀ ਕਰਨਾ ਹੈ। ਬੰਦਿਆਂ ਦੇ ਬਦਲਣ ਨਾਲ ਕੁਝ ਵੀ ਨਹੀਂ ਬਦਲਣਾ।
ਸਿੱਖਾਂ ਨੇ ਜਦੋਂ ਆਪਣੇ ਹੱਕਾਂ ਲਈ ਅਵਾਜ਼ ਉਠਾਈ ਤਾਂ ਸਭ ਤੋਂ ਪਹਿਲਾਂ ਉਹਨਾਂ ਤੋਂ ਵਿਰੋਧ ਪ੍ਰਗਟ ਕਰਨ ਦਾ ਹੱਕ ਖੋਹਿਆ ਗਿਆ। ਇਸੇ ਤਰ੍ਹਾਂ ਹੀ ਸਭ ਧਿਰਾਂ ਨਾਲ ਵਾਪਰ ਰਿਹਾ ਹੈ, ਸਰਕਾਰ ਨੇ ਹੁਣ ਕਿਸਾਨਾਂ ਦੇ ਵਿਰੋਧ ਨੂੰ ਵੀ ਦਬਾਉਣਾ ਸ਼ੁਰੂ ਕਰ ਦਿੱਤਾ ਹੈ। ਸਿੱਖਾਂ ਨੇ ਜਦੋਂ ਕਿਸੇ ਇਕੱਠ ਲਈ ਐਲਾਨ ਕੀਤਾ, ਤਾਂ ਪਹਿਲਾਂ ਹੀ ਸਾਰੇ ਆਗੂਆਂ ਨੂੰ ਘਰੋਂ ਚੁੱਕ ਕੇ ਨਜ਼ਰਬੰਦ ਕੀਤਾ ਜਾਂਦਾ ਰਿਹਾ। ਹੁਣ ਕਿਸਾਨ ਆਗੂਆਂ ਨੂੰ ਵੀ ਇਕੱਠ ਕਰਨ ਤੋਂ ਰੋਕਣ ਲਈ ਸਰਕਾਰ ਨੇ ਘਰੋਂ ਚੁੱਕ ਲਿਆ। ਲੌਂਗੋਵਾਲ ਵਿੱਚ ਜਦੋਂ ਕਿਸਾਨਾਂ ਨੇ ਇਸਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਹੁਣ ਇਹ ਗੱਲ ਸਾਫ ਹੋ ਰਹੀ ਹੈ ਕਿ ਹਕੂਮਤ ਕਿਸੇ ਵੀ ਕਿਸਮ ਦੇ ਵਿਰੋਧ ਨੂੰ ਸਹਿਣ ਨਹੀਂ ਕਰ ਰਹੀ। ਜਿਸਦੇ ਵਿੱਚ ਸੂਬੇਦਾਰ ਦੀ ਹਾਮੀ ਤੋਂ ਬਿਨਾਂ ਹੀ ਫ਼ੈਸਲੇ ਅਫਸਰਸ਼ਾਹੀ ਤੋਂ ਸਿੱਧੇ ਆ ਰਹੇ ਹਨ। ਜਿਨ੍ਹਾਂ ਨੂੰ ਮੰਨਣਾ ਸੂਬੇਦਾਰਾਂ ਦੀ ਵੀ ਮਜ਼ਬੂਰੀ ਹੈ। ਅਫਸਰਸ਼ਾਹੀ ਅਤੇ ਦਿੱਲੀ ਦੀ ਹੁਕਮਅਦੂਲੀ ਕਰਕੇ ਉਹਨਾਂ ਦੀ ਸੂਬੇਦਾਰੀ ਵੀ ਖੁੱਸ ਸਕਦੀ ਹੈ।
ਸੋ ਹੁਣ ਮਸਲਾ ਇਕੱਲਾ ਚਿਹਰੇ ਬਦਲਣ ਜਾਂ ਪਾਰਟੀਆਂ ਬਦਲਣ ਦਾ ਨਹੀਂ ਹੈ ਮਹਿਜ। ਨੁਕਸ਼ ਇਸ ਢਾਂਚੇ ਵੀ ਹੈ। ਲੋਕਾਂ ਨੂੰ ਇਸ ਢਾਂਚੇ ਵਿਚਲੇ ਨੁਕਸ਼ ਨੂੰ ਸੋਧਣ ਵੱਲ ਉਦੱਮ ਕਰਨੇ ਚਾਹੀਦੇ ਹਨ ਤੇ ਇਹ ਪੱਛਮੀ ਤੌਰ ਤਰੀਕੇ ਤੋਂ ਬਦਲਵਾਂ ਤਰੀਕਾ ਅਪਣਾਉਣਾ ਚਾਹੀਦਾ ਹੈ। ਸਾਡਾ ਤੌਰ ਤਰੀਕੇ ਸਾਡੇ ਇਤਿਹਾਸ ‘ਚ ਸਾਡੀ ਰਵਾਇਤ ‘ਚ ਸਾਡੇ ਕੋਲ ਪਿਆ ਹੈ।
ਸੰਪਾਦਕ
Comments (0)