ਸਿਧਾਂਤਕ ਕੁਰਾਹਾ
ਪਿਛਲੇ ਸਮੇਂ ਤੋਂ ਜਿਉਂ ਹੀ ਫਿਲਮਾਂ ਰਾਹੀਂ ਇਤਿਹਾਸ ਦੱਸਣ ਦਾ ਰੁਝਾਨ ਸ਼ੁਰੂ ਹੋਇਆ ਤਾਂ ਸੁਹਿਰਦ ਸੱਜਣਾ ਨੇ ਪਹਿਲਾਂ ਹੀ ਇਸਦੇ ਨਿਕਲਣ ਵਾਲੇ ਪ੍ਰਭਾਵਾਂ ਤੋਂ ਅਗਾਹ ਕੀਤਾ ਸੀ।
ਫਿਲਮਾਂ, ਸਿਨੇਮਾ ਅਤੇ ਮਨੋਰੰਜਨ ਨੂੰ ਰਾਜ ਕਰ ਰਹੀ ਧਿਰ ਆਪਣੀ ਮਰਜ਼ੀ ਨਾਲ ਚਲਾਉਂਦੀ ਹੈ। ਅਜਿਹਾ ਅਨੇਕਾਂ ਵਾਰ ਵਾਪਰਿਆ ਹੈ ਕਿ ਫ਼ਿਲਮਾਂ ਇਤਿਹਾਸ ਦੇ ਪੱਖ ਤੋਂ ਅਨੇਕਾਂ ਖਾਮੀਆਂ ਨਾਲ ਭਰੀਆਂ ਹੁੰਦੀਆਂ ਹਨ। ਇਤਿਹਾਸਿਕ ਘਟਨਾਵਾਂ ਅਤੇ ਇਤਿਹਾਸਿਕ ਨਾਇਕਾਂ ਨੂੰ ਵਿਖਾਉਣ ਤੋਂ ਬਾਅਦ ਹੁਣ ਫਿਲਮਾਂ ਬਣਾਉਣ ਵਾਲਿਆਂ ਵਲੋਂ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ, ਗੁਰੂ ਸਾਹਿਬਾਨ ਨਾਲ ਸਬੰਧਿਤ ਗੁਰਸਿੱਖਾਂ ਅਤੇ ਸ਼ਹੀਦਾਂ ਨੂੰ ਵੀ ਫਿਲਮਾਂ ਦੇ ਜਰੀਏ ਪਰਦੇ ਉਪਰ ਵਿਖਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ।
ਫਿਲਮ ਦਾ ਬੁਨਿਆਦੀ ਨੁਕਤਾ ਹੀ ਨਕਲ ਕਰਨ ਦਾ ਹੈ, ਚਾਹੇ ਪਾਤਰ ਕਾਲਪਨਿਕ ਹੋਵੇ ਜਾਂ ਅਸਲੀਅਤ। ਸਿੱਖ ਸਿਧਾਂਤ ਵਿਚ ਨਕਲ ਪ੍ਰਵਾਨ ਨਹੀਂ। ਇਸਦੇ ਬਾਵਜੂਦ ਫਿਲਮ ਬਣਾਉਣ ਵਾਲਿਆਂ ਵਲੋਂ ਪਿਛਲੀਆਂ ਪੈ ਗਈਆਂ ਗਲਤ ਪੈੜਾਂ ਨੂੰ ਪੱਕਿਆਂ ਕਰਨ ਦਾ ਯਤਨ ਜਾਰੀ ਰਹਿੰਦਾ ਹੈ। ਐਨੀਮੇਸ਼ਨ ਤਕਨੀਕ ਦੇ ਬਹਾਨੇ ‘ਚਾਰ ਸਾਹਿਬਜ਼ਾਦੇ’ ਫਿਲਮ ਸਿੱਖ ਸੰਗਤ ਵਿਚ ਥਾਂ ਬਣਾਉਣ ਵਿਚ ਕਾਮਯਾਬ ਹੋ ਗਈ। ਇਸੇ ਤਕਨੀਕ ਦੇ ਆਸਰੇ ਹੁਣ ਅਗਲੀਆਂ ਫਿਲਮਾਂ ਵਿੱਚ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਮਹਿਲ, ਸਾਹਿਬਜਾਦੇ ਅਤੇ ਸਹੀਦ ਸਿੰਘਾਂ ਦੀ ਨਕਲ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਨੀਮੇਸ਼ਨ ਤਕਨੀਕ ਦੀਆਂ ਲੀਹਾਂ ਪੱਕ ਜਾਣ ਤੋਂ ਬਾਅਦ ਸਾਹਿਬਜਾਦਿਆਂ ਦੀ ਨਕਲ ਬੱਚਿਆਂ ਵਲੋਂ ਕਰਵਾਉਣ ਦੇ ਰਾਹ ਖੋਲ੍ਹੇ ਜਾਣ ਦਾ ਯਤਨ ਪਿਛਲੇ ਸਾਲ ਵਿਵਾਦਤ ਫਿਲਮ ‘ਦਾਸਤਾਨ-ਏ-ਸਰਹਿੰਦ’ ਰਾਹੀਂ ਕੀਤਾ ਗਿਆ ਸੀ। ਅਜਿਹਾ ਰਾਹ ਖੋਲ੍ਹਣਾ ਸਿੱਖ ਸਿਧਾਂਤ ਦੇ ਵਿਰੁੱਧ ਹੈ। ਜਿਸ ਦਾ ਹਰ ਹਾਲ ਵਿਰੋਧ ਕੀਤਾ ਜਾਵੇਗਾ, ਜਦ ਤੱਕ ਕਿ ਇਹ ਦਸਤੂਰ ਬੰਦ ਨਹੀਂ ਹੁੰਦਾ।
ਪਿਛਲੇ ਸਾਲ ਨਵੰਬਰ ਦੇ ਅੱਧ ਵਿੱਚ ਜਦੋਂ ਫਿਲਮ 'ਦਾਸਤਾਨ-ਏ-ਸਰਹੰਦ' ਦੀ ਝਲਕ ਤੇ ਇਸ ਦਾ ਇਸ਼ਤਿਹਾਰ ਬਿਜਲ ਸੱਥ (ਸੋਸ਼ਲ ਮੀਡੀਆ) ਰਾਹੀਂ ਸਿੱਖ ਸੰਗਤ ਦੇ ਧਿਆਨ 'ਚ ਆਇਆ ਤਾਂ ਸੰਗਤਾਂ ਨੇ ਵੱਖ-ਵੱਖ ਤਰੀਕੇ ਇਸ ਫਿਲਮ ਦਾ ਵਿਰੋਧ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਫਿਲਮ ਨੂੰ ਤੁਰੰਤ ਰੋਕਣ ਲਈ ਕਿਹਾ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਰੁਝਾਨ ਨੂੰ ਪੱਕੀ ਠੱਲ੍ਹ ਪਾਉਣ ਲਈ ਹੁਕਮਨਾਮਾ ਜਾਰੀ ਕਰਨ ਲਈ ਕਿਹਾ ਗਿਆ। ਲਗਾਤਾਰ ਵਿਰੋਧ ਕਾਰਨ ਸ਼੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਬਿਆਨ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਫਿਲਮ ਦੇ ਰਿਲੀਜ਼ 'ਤੇ ਤੁਰੰਤ ਰੋਕ ਲਗਾਉਣ ਲਈ ਬਿਆਨ ਜਾਰੀ ਕੀਤਾ। ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧੀ ਮਤਾ ਵੀ ਪਾਇਆ ਗਿਆ ਕਿ ਸੰਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਗੁਰੂ ਸਾਹਿਬਾਨ ਅਤੇ ਓਹਨਾ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀਆਂ ਫ਼ਿਲਮਾਂ ਬਣਾਉਣ ’ਤੇ ਮੁਕੰਮਲ ਰੋਕ ਲਗਾਈ ਜਾਂਦੀ ਹੈ।
ਪਿਛਲੇ ਮਹੀਨਿਆਂ ਵਿਚ ਜਾਰੀ ਹੋਈ ਫਿਲਮ ‘ਮਸਤਾਨੇ’ ਤੋਂ ਬਾਅਦ ਅਤੇ ਲੋਕਾਂ ਵਲੋਂ ਇਸਨੂੰ ਪ੍ਰਵਾਨ ਕਰ ਲੈਣ ਤੋਂ ਬਾਅਦ ‘ਦਾਸਤਾਨ-ਏ-ਸਰਹਿੰਦ’ ਫਿਲਮ ਨੂੰ ਮੁੜ ਤੋਂ ਜਾਰੀ ਕਰਨ ਦਾ ਫਿਲਮ ਬਣਾਉਣ ਵਾਲਿਆਂ ਵਲੋਂ ਐਲਾਨ ਹੋਇਆ ਹੈ। ਇਸ ਸਬੰਧੀ ਫਿਲਮ ਦੇ ਕਲਾਕਾਰਾਂ ਤੇ ਫਿਲਮ 'ਤੇ ਪੈਸਾ ਲਾਉਣ ਵਾਲੇ ਬੰਦਿਆਂ ਵੱਲੋਂ ਪੱਤਰਕਾਰ ਮਿਲਣੀ (ਪ੍ਰੈਸ ਕਾਨਫਰੰਸ) ਵੀ ਕੀਤੀ ਗਈ। ਜਦੋਂ ਪੱਤਰਕਾਰਾਂ ਵਲੋਂ ਪਿਛਲੀ ਵਾਰ ਫਿਲਮ ਦਾ ਵਿਰੋਧ ਹੋਣ ਦੇ ਬਾਰੇ ਪੁੱਛਿਆ ਗਿਆ ਅਤੇ ਪੁੱਛਿਆ ਗਿਆ ਕੀ ਇਤਰਾਜ਼ਯੋਗ ਹਿੱਸੇ ਕੱਟ ਦਿੱਤੇ ਗਏ ਤਾਂ ਕਲਾਕਾਰ ਗੁਰਪ੍ਰੀਤ ਘੁੱਗੀ ਫਿਲਮ ਵਿਚ ਹੋਈਆਂ ਤਬਦੀਲੀਆਂ ਤੋਂ ਪੂਰੀ ਤਰ੍ਹਾਂ ਅਣਜਾਣ ਸੀ। ਫਿਲਮ ਪ੍ਰੋਡਿਊਸਰ ਨੇ ਕਿਹਾ ਕਿ ਕੁਝ ਇਤਰਾਜ਼ਯੋਗ ਹੈ ਹੀ ਨਹੀਂ ਸੀ, ਤਾਂ ਫੇਰ ਫਿਲਮ ਵਿਚੋਂ ਕੁਝ ਕੱਟਣ/ਬਦਲਣ ਦੀ ਲੋੜ ਹੀ ਨਹੀਂ ਸੀ। ਉਹਨਾਂ ਕਿਹਾ ਕਿ ਸਿਰਫ ਦੱਸਣ/ਸਮਝਾਉਣ ਵਿਚ (ਕਮਿਉਨੀਕੇਸ਼ਨ ਗੈਪ) ਘਾਟ ਸੀ। ਅੱਗੇ ਕਿਹਾ ਕਿ ਇਤਰਾਜ਼ ਕਰਨ ਵਾਲੇ ਹਿੱਸਿਆਂ ਅਤੇ ਸ਼੍ਰੋਮਣੀ ਕਮੇਟੀ ਨੂੰ ਗੱਲਬਾਤ ਸਾਫ ਕਰ ਦਿੱਤੀ ਗਈ ਹੈ। ਪੱਤਰਕਾਰ ਮਿਲਣੀ ਤੋਂ ਜਾਪਦਾ ਹੈ ਕਿ ਉਹ ਖੁਦ ਸੰਗਤ ਦੇ ਇਤਰਾਜਾਂ ਤੋਂ ਅਣਜਾਣ ਹਨ ਜਾਂ ਅਣਜਾਣ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਸੰਗਤ ਨੂੰ ਫਿਲਮ ਦੇ ਕੁਝ ਹਿੱਸਿਆਂ ਦੇ ਉਤੇ ਹੀ ਇਤਰਾਜ਼ ਨਹੀਂ, ਬਲਕਿ ਇਸ ਤਰ੍ਹਾਂ ਦੇ ਫ਼ਿਲਮਾਂ ਬਣਾਉਣ ਦੀ ਪੂਰੀ ਕਵਾਇਦ ਉਤੇ ਹੀ ਇਤਰਾਜ਼ ਹੈ, ਜਿਸ ਵਿਚ ਗੁਰੂ ਸਾਹਿਬਾਨ, ਗੁਰਸਿੱਖਾਂ ਅਤੇ ਸ਼ਹੀਦਾਂ ਦੀ ਨਕਲ ਉਤਾਰੀ ਗਈ ਹੋਵੇ।
ਪ੍ਰੋਡਿਊਸਰ ਦੇ ਦਾਅਵੇ ਮੁਤਾਬਿਕ ਸ਼੍ਰੋਮਣੀ ਕਮੇਟੀ ਨੇ ਮਨਜੂਰੀ ਦੇ ਦਿੱਤੀ ਹੈ ਪਰ ਸੰਗਤ ਵੱਲੋਂ ਫੋਨ ਕਰਨ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਹਿ ਰਹੇ ਹਨ ਕਿ ਅਸੀਂ ਕੋਈ ਮਨਜ਼ੂਰੀ ਨਹੀਂ ਦਿੱਤੀ ਅਤੇ ਨਾ ਹੀ ਦੇਈਏ। ਫਿਲਮ ਵਾਲੇ ਨਾਲ ਇਹ ਵੀ ਕਹਿ ਰਹੇ ਹਨ ਕਿ ਇਤਰਾਜ ਕਰਨ ਵਾਲਿਆਂ ਨੇ ਵੀ ਸਹਿਮਤੀ ਦੇ ਦਿੱਤੀ ਹੈ। ਜਦੋਂਕਿ ਸਿੱਖ ਸੰਗਤ ਵਲੋਂ ਤਾਂ ਹੁਣ ਵੀ ਵਿਰੋਧ ਹੋ ਰਿਹਾ ਹੈ। ਬੀਤੇ ਦਿਨੀਂ ਸੰਗਰੂਰ ਦੇ ਸਿਨੇਮੇ ਘਰਾਂ ਨੂੰ ਸੰਗਤ ਨੇ ਫਿਲਮ ਨਾ ਚਲਾਉਣ ਲਈ ਹੁਕਮ ਕੀਤਾ ਹੈ ਅਤੇ ਸਿਨੇਮਾ ਵਾਲਿਆਂ ਵੱਲੋਂ ਫਿਲਮ ਦੇ ਬੋਰਡ ਵੀ ਹਟਵਾਏ ਗਏ ਹਨ। ਸੋ ਜਦੋਂ ਕੋਈ ਮਨਜ਼ੂਰੀ ਅਤੇ ਸਹਿਮਤੀ ਨਹੀਂ ਦਿੱਤੀ ਗਈ ਤਾਂ ਸੰਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਿਉਂ ਹੋ ਰਹੀ ਹੈ? ਪੱਤਰਕਾਰ ਮਿਲਣੀ ਵਿਚ ਗੁਰਪ੍ਰੀਤ ਘੁੱਗੀ ਅਤੇ ਫਿਲਮ ਪ੍ਰੋਡਿਊਸਰ ਵਲੋਂ ਗੋਲਮੋਲ ਤਰੀਕੇ ਨਾਲ ਗੱਲ ਕਰਦਿਆਂ ਭਾਵੁਕ ਕਰਕੇ ਗੁਰੂ ਸਾਹਿਬਾਨਾਂ ਦਾ ਸਵਾਂਗ ਮਨਜੂਰ ਕਰਵਾਉਣ ਦੇ ਰਾਹ ਖੋਲਣ ਦੇ ਯਤਨ ਕੀਤੇ ਜਾ ਰਹੇ ਹਨ।
ਫਿਲਮ ਬਣਾਉਣ ਵਾਲੇ ਇਹ ਗੱਲ ਮੰਨਣ ਤੋਂ ਇਨਕਾਰੀ ਹਨ ਕਿ ਫਿਲਮ ਗ਼ਲਤ ਬਣੀ ਹੈ। ਬਲਕਿ ਸਮੇਂ-ਸਮੇਂ 'ਤੇ ਇਸ ਵੱਡੀ ਗਲਤੀ/ਕੁਤਾਹੀ ਨੂੰ ਸਿੱਖ ਕੌਮ ਦੇ ਮੱਥੇ 'ਤੇ ਮੜਨ ਦੀ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਸਿੱਖ ਸੰਗਤ ਸਪਸ਼ਟ ਹੈ ਕਿ ਕੀ ਪ੍ਰਵਾਨ ਨਹੀਂ ਅਤੇ ਕਿਸ ਗੱਲ ਦੀ ਸਹਿਮਤੀ ਨਹੀਂ। ਤਾਂ ਵੀ ਫਿਲਮਸਾਜਾਂ ਦੁਆਰਾ ਸੰਗਤ ਦੇ ਫੈਸਲੇ ਦੇ ਵਿਰੁੱਧ ਫਿਲਮ ਬਣਾ ਲਈ ਜਾਂਦੀ ਹੈ ਅਤੇ ਫੇਰ ਆਪਣੀ ਅੜੀ ਨੂੰ ਪੁਗਾਉਣ ਲਈ ਝੂਠ ਦੇ ਸਹਾਰੇ ਫਿਲਮ ਚਲਾਉਣ ਲਈ ਜ਼ੋਰ ਲਗਾਇਆ ਜਾਂਦਾ ਹੈ। ਸਿੱਖ ਸੰਗਤ ਅਤੇ ਸਿੱਖ ਸੰਸਥਾਵਾਂ ਨੂੰ ਇਸ ਕਵਾਇਦ ਨੂੰ ਰੋਕਣ ਲਈ ਪੱਕਾ ਬਾਨਣੂ ਮਾਰਨ ਦੀ ਲੋੜ ਹੈ। ਫਿਲਮਾਂ ਵਾਲਿਆਂ ਵਲੋਂ ਜਾਰੀ ਕੀਤੇ ਇਸਤਿਹਾਰ ਮੁਤਾਬਕ ਭਾਈ ਜੈਤਾ ਜੀ ਦੇ ਜੀਵਨ 'ਤੇ ਗਿੱਪੀ ਗਰੇਵਾਲ ਵਲੋਂ ਅਤੇ ਬੀਬੀ ਰਜਨੀ ਉਪਰ ਸੁਨੰਦਾ ਸ਼ਰਮਾ ਵਲੋਂ, ਮਹਾਰਾਣੀ ਜਿੰਦ ਕੌਰ 'ਤੇ ਨਿਮਰਤ ਖਹਿਰਾ ਵਲੋਂ ਫਿਲਮ ਬਣਾਉਣ ਦੀ ਤਿਆਰੀ ਹੈ। ਜੇਕਰ ਇਹਨਾਂ ਮਸਲਿਆਂ ਦਾ ਕੋਈ ਪੱਕਾ ਹੱਲ ਨਾ ਕੀਤਾ ਗਿਆ ਤਾਂ ਸਿੱਖ ਸੰਗਤ ਨੂੰ ਇਸ ਕੁਰਾਹੇ ਨੂੰ ਰੋਕਣ ਲਈ ਵੱਡੀਆਂ ਮੁਸ਼ਕਤਾਂ ਕਰਨੀਆਂ ਪੈ ਸਕਦੀਆਂ ਹਨ। ਜੇਕਰ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਇਹ ਇਤਿਹਾਸ ਦਾ ਸਭ ਤੋਂ ਭਿਆਨਕ ਸਮਾਂ ਸਿੱਧ ਹੋਵੇਗਾ ਜਿਸ ਦੌਰਾਨ ਸਾਡੇ ਵੱਲੋਂ ਅਤੇ ਸਾਡੀਆਂ ਸੰਸਥਾਵਾਂ ਵੱਲੋਂ ਵੱਟੀ ਚੁੱਪ ਦੇ ਘਾਤਕ ਨਤੀਜੇ ਸਾਡੀਆਂ ਆਉਂਦੀਆਂ ਪੀੜੀਆਂ ਭੁਗਤਣਗੀਆਂ।
ਸੰਪਾਦਕ
Comments (0)