ਦੁਨੀਆਂ ਨੂੰ ਪੰਜਾਬ ਦੀ ਲੋੜ
ਆਦਮੀ ਦੀਆਂ ਤਿੰਨ ਮੁਢਲੀਆਂ ਲੋੜਾਂ ਸਮਾਜ ਵਿਗਿਆਨੀਆਂ ਵਲੋਂ ਰੋਟੀ, ਕੱਪੜਾ ਅਤੇ ਮਕਾਨ ਦੀਆਂ ਮੰਨੀਆਂ ਜਾਂਦੀਆ ਹਨ।
ਇਨ੍ਹਾਂ ਲੋੜਾਂ ਵਿਚੋਂ ਵੀ ਰੋਟੀ ਦੀ ਲੋੜ ਮੁੱਖ ਰੱਖੀ ਹੈ। ਕਰੋਨਾ ਦੌਰਾਨ ਮਨੁੱਖੀ ਖੁਰਾਕ ਦੀ ਅਹਿਮੀਅਤ ਫੇਰ ਸਾਹਮਣੇ ਆਈ, ਔਖੇ ਹਲਾਤਾਂ ਵਿੱਚ ਮਨੁੱਖ ਨੂੰ ਬਾਜ਼ਾਰ ਦੀ ਹਰ ਚੀਜ਼ ਬਿਨਾਂ ਸਰ ਸਕਦਾ ਹੈ, ਪਰ ਖੁਰਾਕ ਬਿਨਾਂ ਨਹੀਂ ਸਰ ਸਕਦਾ। ਇਸਨੂੰ ਦੁਨੀਆਂ ਦੀਆਂ ਵੱਡੀਆਂ ਮੁਨਾਫ਼ੇਖੋਰ ਕੰਪਨੀਆਂ ਨੇ ਵੀ ਮਹਿਸੂਸ ਕੀਤਾ ਅਤੇ ਖੇਤੀ ਵਿੱਚ ਆਉਣ ਅਤੇ ਜ਼ਮੀਨ ਉਪਰ ਦਾਬਾ ਪਾਉਣ ਲਈ ਆਪਣੀਆ ਸਰਗਰਮੀਆਂ ਤੇਜ਼ ਕੀਤੀਆਂ ਹਨ।
ਪਿਛਲੇ ਸਮਿਆਂ ਤੋਂ ਪੰਜਾਬ ਨੂੰ ਇੰਡੀਆ ਵਲੋਂ ਵੀ ਅਨਾਜ ਦੀ ਟੋਕਰੀ ਵਜੋਂ ਸੰਬੋਧਨ ਕੀਤਾ ਜਾਂਦਾ ਹੈ, ਭਾਵੇਂ ਕਿ ਉਨ੍ਹਾਂ ਨੇ ਉਤਰਪ੍ਰਦੇਸ਼ ਅਤੇ ਮੱਧਪ੍ਰਦੇਸ਼ ਵਿੱਚ ਵੀ ਅਨਾਜ ਪੈਦਾ ਕਰਨ ਦੀ ਸਮਰੱਥਾ ਨੂੰ ਵਧਾਇਆ ਹੈ, ਤਾਂਕਿ ਪੰਜਾਬ ਦੀ ਓਨੀ ਲੋੜ ਨਾ ਰਹੇ। ਪਰ ਫਿਰ ਵੀ ਹਲਾਤ ਅਜੇ ਅਜਿਹੇ ਨਹੀਂ ਹਨ ਕਿ ਪੰਜਾਬ ਦੇ ਅੰਨ ਦੀ ਇੰਡੀਆ ਨੂੰ ਲੋੜ ਨਾ ਹੋਵੇ। ਇਸ ਮਹੀਨੇ ਇੰਡੀਆ ਦੇ ਅਨਾਜ ਭੰਡਾਰ ਵਿੱਚ ਸਾਲ 2017 ਤੋਂ ਵੀ ਘੱਟ ਅਨਾਜ ਹੈ ਅਤੇ ਕਿਸੇ ਔਖ ਦੀ ਘੜੀ ਵਿੱਚ ਅਜਿਹਾ ਹੋਣਾ ਇੰਡੀਆ ਲਈ ਚੰਗੀ ਗੱਲ ਨਹੀਂ।
ਅੰਤਰਰਾਸ਼ਟਰੀ ਪੱਧਰ ਉਪਰ ਅਮਰੀਕਾ, ਆਸਟ੍ਰੇਲੀਆ ਦੀ ਅੱਖ ਵੀ ਪੰਜਾਬ ਤੋਂ ਅੰਨ ਖਰੀਦਣ ਦੀ ਹੈ। ਦੁਨੀਆਂ ਪੱਧਰ ’ਤੇ ਬਦਲ ਰਹੇ ਮੌਸਮ ਕਰਕੇ ਪੰਜਾਬ ਦੀ ਇਸ ਸਮਰੱਥਾ ਨੇ ਪੂਰੀ ਦੁਨੀਆਂ ਦਾ ਧਿਆਨ ਖਿੱਚਿਆ ਹੈ। ਦੁਨੀਆਂ ਦੀ ਖੁਰਾਕ ਏਜੰਸੀਆਂ ਦੀ ਅੱਖ ਪੰਜਾਬ ਦੇ ਅੰਨ ਉਪਰ ਹੈ, ਪਰ ਪੰਜਾਬ ਵਿੱਚ ਅਲੱਗ ਅਲੱਗ ਕਾਰਨਾਂ ਕਰਕੇ ਵੀ ਅਤੇ ਲਗਾਤਾਰ ਧੁੰਦ ਦੇ ਕਰਕੇ ਵੀ ਕਣਕ ਦੀ ਉਪਜ ਘੱਟਣ ਦੇ ਖਦਸ਼ੇ ਕਰਕੇ ਇੰਡੀਆ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਅਜਿਹੇ ਵਿੱਚ ਪੰਜਾਬ ਨੂੰ ਆਪਣੀ ਸਮਰੱਥਾ ਪਛਾਨਣ ਦੀ ਲੋੜ ਹੈ।
ਸਿੱਖਾਂ ਦਾ ਕਿਰਦਾਰ ਬਦਲਣ ਦੀ ਕੋਸ਼ਿਸ - ਸੰਗਤ ਨੂੰ ਸੁਚੇਤ ਰਹਿਣ ਦੀ ਲੋੜ
'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਇਹ ਕਹਾਵਤ ਪੰਜਾਬ ਦੇ ਨੌਜਵਾਨਾਂ ਖਾਸ ਕਰ ਸਿੱਖਾਂ ਦੇ ਲਈ ਬੜੇ ਡੂੰਘੇ ਅਰਥ ਰੱਖਦੀ ਹੈ। ਸਿੱਖਾਂ ਨੂੰ ਇਸ ਕਹਾਵਤ ਤੋਂ ਇਹ ਗੱਲ ਵੀ ਸਮਝ ਆਉਂਦੀ ਹੈ ਕਿ ਪੰਜਾਬ ਵਿੱਚ ਰਹਿੰਦਿਆਂ ਉਨ੍ਹਾਂ ਦੇ ਲਈ ਹਰ ਰੋਜ਼ ਦੁਨਿਆਵੀ ਤਰੀਕੇ ਦਾ ਸੰਘਰਸ਼ ਤਾਂ ਹੈ ਹੀ, ਨਾਲ ਹੀ ਉਨ੍ਹਾਂ ਦੀ ਪਰਖ ਦਾ ਅਮਲ ਵੀ ਗੁਰੂ ਸਾਹਿਬ ਵਲੋਂ ਚੱਲਦਾ ਰਹਿਣਾ ਹੈ। ਇਸ ਪਰਖ ਵਿਚੋਂ ਸਿੱਖਾਂ ਨੂੰ ਸਤਿਗੁਰੂ ਜੀ ਲੰਘਾਉਂਦੇ ਰਹਿੰਦੇ ਹਨ, ਤਾਂਕਿ ਸਿੱਖ ਆਪਣੇ ਆਪ ਨੂੰ ਸੁਚੇਤ ਰੱਖਦਿਆਂ ਇਹਨਾਂ ਪਰਖਾਂ ਵਿਚੋਂ ਸੁਧ ਕੁਠਾਲੀ ਦਾ ਸੋਨਾ ਬਣਕੇ ਨਿਕਲਣ। ਬਿਪਰ ਰੀਤ ਤੋਂ ਨਿਆਰਾ ਰਹਿੰਦਿਆਂ ਸਿੱਖੀ ਖੰਨਿਓ ਤਿੱਖੀ ਮਾਰਗ ਉਪਰ ਚੱਲ ਸਕਣ।
ਅੱਜ ਬਿਪਰ ਸੰਸਕਾਰੀ ਦਿੱਲੀ ਦਰਬਾਰ ਵਲੋਂ ਸਿੱਖਾਂ ਨੂੰ ਵੰਗਾਰ ਦਰਪੇਸ਼ ਹੈ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਗੁਰਦੁਆਰਿਆਂ ਨੂੰ ਨੀਵਾਂ ਦਿਖਾਉਣ ਦਾ ਅਮਲ ਲੁਕਵੀਂ ਸਾਜ਼ਿਸ਼ ਤਹਿਤ ਚੱਲ ਰਿਹਾ ਹੈ। ਬੇਅਦਬੀ ਦੀਆਂ ਘਟਨਾਵਾਂ ਦੇ ਵਾਪਰਣ ਤੋਂ ਬਾਅਦ ਵੀ ਅਸਲ ਦੋਸ਼ੀਆਂ ਤੱਕ ਪਹੁੰਚਣ ਦੀ ਸਰਕਾਰ ਵਲੋਂ ਵੀ ਅਤੇ ਪੁਲਸ ਵਲੋਂ ਵੀ ਕਦੇ ਕੋਈ ਗੱਲ/ਸਾਜ਼ਿਸ਼ ਸਾਹਮਣੇ ਨਹੀਂ ਲਿਆਂਦੀ ਗਈ, ਜਦਕਿ ਇਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਕਰਕੇ ਦੁਨੀਆਂ ਭਰ ਦੇ ਸਿੱਖਾਂ ਦਾ ਸਰਕਾਰ ਪ੍ਰਤੀ ਰੋਹ ਹੈ, ਫਿਰ ਵੀ ਸਰਕਾਰ ਨੇ ਇਸ ਮਸਲੇ ਦੇ ਹੱਲ ਪ੍ਰਤੀ ਕੋਈ ਕਦਮ ਨਹੀਂ ਚੁੱਕਿਆ, ਸਵਾਏ ਸਿੱਖਾਂ ਨੂੰ ਹੋਰ ਨਿਰਾਸ਼ਾ, ਬੇਵਸੀ ਦੇ ਆਲਮ ਵਿੱਚ ਸੁੱਟਣ ਦੇ। ਸਰਕਾਰ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਇਨਸਾਫ਼ ਨਾ ਦਿੱਤੇ ਜਾਣ ਦੀ ਸੂਰਤ ਵਿੱਚ ਸਿੱਖਾਂ ਵਿੱਚ ਰੋਹ ਵਧੇਗਾ, ਪਰ ਸਿੱਖਾਂ ਦੇ ਰੋਹ ਤੋਂ ਜਿਆਦਾ ਸਰਕਾਰ ਉਨ੍ਹਾਂ ਨੂੰ ਨਿਰਾਸ਼ਾ ਅਤੇ ਬੇਦਿਲੀ ਦੇ ਹਨੇਰੇ ਵਿੱਚ ਸੁੱਟਣਾ ਚਾਹੁੰਦੀ ਹੈ। ਤਾਂਕਿ ਇਸਤੋਂ ਬਾਅਦ ਸਿੱਖ ਆਪਣਾ ਕਿਰਦਾਰ ਛੱਡ ਕੇ ਬਿਪਰ ਦੇ ਰਾਹ ਤੇ ਚੱਲ ਕੇ ਹਿੰਦਤਵੀ ਭੀੜਾਂ ਦੀ ਤਰ੍ਹਾਂ ਗਲਤੀਆਂ ਕਰਨ।
ਅਜਿਹਾ ਹੀ ਫਗਵਾੜਾ ਵਿਚ ਸਾਹਮਣੇ ਆਇਆ, ਜਿਥੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਚੌੜਾ ਖੂਹ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਸਨ, ਓਥੇ ਗੁਸਲਖਾਨੇ ਅੰਦਰ ਇੱਕ ਸ਼ੱਕੀ ਨੌਜਵਾਨ ਨੂੰ ਪ੍ਰਬੰਧਕਾਂ ਵਲੋਂ ਕਾਬੂ ਕਰਕੇ ਦਫਤਰ ਵਿਚ ਬਿਠਾਇਆ ਗਿਆ, ਜਿਸਨੂੰ ਕਿ ਦਫ਼ਤਰ ਵਿਚ ਬੈਠੇ ਨੂੰ ਓਥੇ ਰਾਤ ਰੁਕਣ ਲਈ ਠਹਿਰੇ ਰਮਨਦੀਪ ਸਿੰਘ ਮੰਗੂ ਮੱਠ ਵਲੋਂ ਕਤਲ ਕਰ ਦਿੱਤਾ ਗਿਆ। ਇਹ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਇਸ ਸਬੰਧੀ ਭਾਵੇਂ ਕਿ ਸ੍ਰੋਮਣੀ ਕਮੇਟੀ ਵਲੋਂ ਆਇਆ ਕੋਈ ਬਿਆਨ ਧਿਆਨ ਵਿੱਚ ਨਹੀਂ ਆਇਆ, ਪਰ ਬਾਅਦ ਵਿੱਚ ਉਸ ਨੌਜਵਾਨ ਦੇ ਆਏ ਬਿਆਨਾਂ ਦੇ ਅਧਾਰ ਉੱਪਰ ਇਹ ਗੱਲ ਸਾਹਮਣੇ ਆਈ ਕਿ ਉਸਨੂੰ ਕਿਸੇ ਵਲੋਂ ਭੇਜਿਆ ਗਿਆ ਸੀ, ਪਰ ਉਸਨੇ ਅਜਿਹਾ ਮਾੜਾ ਕੰਮ ਨਹੀਂ ਕੀਤਾ ਅਤੇ ਪ੍ਰਬੰਧਕਾਂ ਕੋਲ ਸਾਰੀ ਗੱਲ ਮੰਨੀ। ਬਾਅਦ ਵਿਚ ਜਦੋਂ ਰਮਨਦੀਪ ਸਿੰਘ ਦੇ ਕਿਰਦਾਰ ਬਾਰੇ ਅਤੇ ਉਸ ਨੌਜਵਾਨ ਦੇ ਬੇਕਸੂਰ ਹੋਣ ਬਾਰੇ ਸਾਰੀ ਸੰਗਤ ਨੂੰ ਪਤਾ ਲੱਗਿਆ ਤਾਂ ਇਸਨੇ ਸਿੱਖਾਂ ਦੇ ਸਮੂਹਿਕ ਕਿਰਦਾਰ ਨੂੰ ਹੇਠਾਂ ਸੁੱਟਿਆ। ਯਕੀਨਨ ਨਿਹੰਗ ਬਾਣੇ ਵਿੱਚ ਰਮਨਦੀਪ ਸਿੰਘ ਨੇ ਸਿੱਖ ਸਿਧਾਂਤਾਂ, ਗੁਰਦੁਆਰਾ ਸਾਹਿਬਾਨ ਦੀ ਰਵਾਇਤ ਤੋਂ ਉਲਟ ਕੰਮ ਕੀਤਾ ਹੈ। ਗੁਰੂਘਰ ਵਿੱਚ ਸ਼ਰਨ ਵਿਚ ਆਉਣ ਵਾਲੇ ਨੂੰ ਅਤੇ ਗਲਤੀ ਮੰਨਣ ਵਾਲੇ ਨੂੰ ਬਖਸ਼ ਦੇਣ ਦੀ ਰਵਾਇਤ ਹੈ, ਸਿੱਖਾਂ ਨੇ ਧਰਮ ਦਾ ਫੈਲਾਅ ਕਰਨਾ ਹੈ ਅਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਧਰਮ ਇਨਸਾਫ਼ ਦੇ ਰਾਹ ਤੇ ਚੱਲ ਕੇ ਹੀ ਫੈਲਾਇਆ ਜਾ ਸਕਦਾ ਹੈ। ਬਿਪਰ ਦੀ ਇਹ ਪੂਰੀ ਕੋਸ਼ਿਸ ਰਹੇਗੀ ਕਿ ਸਿੱਖਾਂ ਨੂੰ ਅਪਣਾ ਕਿਰਦਾਰ ਆਪਣਾ ਨਿਆਰਾਪਣ ਭੁਲਾ ਦੇਣ। ਜਦੋਂ ਸਿੱਖ ਆਪਣਾ ਨਿਆਰਾਪਣ ਭੁਲਾ ਦੇਣਗੇ ਤਾਂ ਉਨ੍ਹਾਂ ਨੂੰ ਹਿੰਦੂ ਬਣਾਉਣਾ ਔਖਾ ਨਹੀਂ ਹੋਵੇਗਾ। ਸਤਿਗੁਰਾਂ ਨੇ ਸਿੱਖ ਨੂੰ ਇਸ ਧਰਤੀ ਉਪਰ ਨਿਆਂ ਕਰਨ ਲਈ ਅਕਾਲ ਪੁਰਖ ਵਲੋਂ ਇੱਕ ਸਿਪਾਹੀ ਵਜੋਂ ਨੀਯਤ ਕੀਤਾ ਹੈ, ਸਿੱਖ ਦੀ ਜਿੰਮੇਵਾਰੀ ਹੈ ਕਿ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਕੇ, ਸਾਰੀਆਂ ਧਿਰਾਂ ਦਾ ਪੱਖ ਸੁਣਕੇ ਫੇਰ ਹੀ ਨਿਆਂ ਕਰੇ, ਉਹ ਨਿਆਂ ਸਿੱਖ ਸਿਧਾਂਤ ਅਤੇ ਸਤਿਗੁਰਾਂ ਦੀ ਨਜ਼ਰ ਵਿੱਚ ਪ੍ਰਵਾਨ ਹੋਣਾ ਚਾਹੀਦਾ ਹੈ, ਅਜਿਹੇ ਸਮੇਂ ਜ਼ਾਲਮ/ਕੁਕਰਮੀ ਨਾਲ ਕੀਤਾ ਗਿਆ ਨਿਆਂ ਹੀ ਧਰਮ ਦੇ ਫੈਲਣ ਦਾ ਸਬੱਬ ਬਣਦਾ ਹੈ। ਕਿਸੇ ਬੇਕਸੂਰੇ ਨਾਲ ਕੀਤਾ ਗਿਆ ਅਨਿਆਂ ਸਿੱਖ ਧਰਮ ਦਾ ਭਲਾ ਨਹੀਂ ਕਰੇਗਾ।
ਸੰਪਾਦਕ
Comments (0)