ਇੱਕੋ ਸਿੱਕੇ ਦੇ ਪਾਸੇ ਹਨ ਆਵਾਸ ਤੇ  ਪਰਵਾਸ 

ਇੱਕੋ ਸਿੱਕੇ ਦੇ ਪਾਸੇ ਹਨ ਆਵਾਸ ਤੇ  ਪਰਵਾਸ 

ਪੰਜਾਬ ਦੇ ਵਿੱਚ ਜਿੱਥੇ ਹੋਰ ਬਹੁਤ ਸਾਰੇ ਮਸਲੇ ਤੇ ਸਮੱਸਿਆਵਾਂ ਮੂੰਹ ਅੱਡੀ ਖੜੀਆਂ ਨੇ, ਉੱਥੇ ਪੰਜਾਬ ਦਾ ਵੱਡਾ ਮਸਲਾ ‘ਪਰਵਾਸ’ ਵੀ ਰਿਹਾ ਹੈ ਪਰ ਹੁਣ ਮਸਲਾ ਆਵਾਸ ਤੇ ਪਰਵਾਸ ਦਾ ਹੋ ਗਿਆ ਹੈ ਜੋ ਕਿ ਦੋਵੇਂ ਹੀ ਚਿੰਤਾਜਨਕ ਨੇ।

ਸੁਭਾਵਿਕ ਹੈ ਕਿ ਆਬਾਦੀ ਦਾ ਸਮੀਕਰਨ ਵੀ ਬਦਲੇਗਾ। 2011 ਤੋਂ ਬਾਅਦ 2021-22 ਮਰਦਮਸ਼ੁਮਾਰੀ ਨਹੀਂ ਹੋਈ, ਭਾਵੇਂਕਿ  ਬਹੁਤ ਸਾਰੀਆਂ ਸੰਸਥਾਵਾਂ ਨੇ ਪੰਜਾਬ ਤੋਂ ਬਾਹਰ ਜਾਣ ਵਾਲਿਆਂ ਦੀ ਗਿਣਤੀ ਦਾ ਜ਼ਿਕਰ ਕੀਤਾ ਹੈ ਪਰ  ਆਉਣ ਵਾਲਿਆਂ ਦੀ ਗਿਣਤੀ ਦਾ ਜ਼ਿਕਰ ਸਰਕਾਰੀ ਤੌਰ ’ਤੇ ਕਿਤੇ ਵੀ  ਨਹੀਂ ਹੈ ਸਿਰਫ਼ ਅੰਦਾਜ਼ੇ ਹੀ ਨੇ। ਸਥਾਨਕ ਆਬਾਦੀ ਵਿੱਚ ਬਾਹਰੋਂ ਕਿੰਨੇ ਲੋਕ, ਕਿਹੜੇ ਰਾਜਾਂ ਤੋਂ ਕਦੋਂ ਆਏ, ਇਹ ਮਰਦਮ ਸ਼ੁਮਾਰੀ ਜਾਂ ਸਰਕਾਰੀ ਅੰਕੜਿਆਂ ਦੀ ਅਣਹੋਂਦ ਕਾਰਨ ਕਿਆਸ ਅਰਾਈਆਂ ਹੀ ਨੇ। ਸੋ ਸੱਚ ਕੀ ਹੈ? ਇਹ ਡੂੰਘੀ ਵਿਚਾਰ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਸਮੇਂ ਸੋਚ ਦੀ ਧਾਰਨਾ ਨੂੰ ਦੋ ਪੱਖਾਂ ਤੋਂ ਵੇਖਿਆ ਜਾ ਰਿਹਾ ਹੈ। ਇੱਕ ਪ੍ਰਕਿਰਿਆ ਵਿੱਚ ਅਸੀਂ ਬਾਹਰੋਂ ਪੰਜਾਬ ਵਿੱਚ ਆਉਣ ਵਾਲਿਆਂ ਨੂੰ  ਨਕਾਰ ਰਹੇ ਹਾਂ ਤੇ ਪੰਜਾਬ ਵਿਚੋਂ ਬਾਹਰ ਵਿਦੇਸ਼ਾਂ ਦੀ ਧਰਤੀ ’ਤੇ ਜਾ ਕੇ ਉਥੋਂ ਦੇ ਵਸਨੀਕ ਬਣਨ ’ਤੇ, ਉਥੋਂ ਦੀ ਰਾਜਨੀਤੀ ਦੇ ਵਿੱਚ  ਪੈਰ ਪੱਕੇ ਕਰਨ ਵਰਗੀਆਂ ਪ੍ਰਾਪਤੀਆਂ ਦਾ ਸਵਾਗਤ ਕਰ ਰਹੇ ਹਾਂ। ਪੰਜਾਬ ਤੋਂ ਪਰਵਾਸ ਕਰਨ ਦਾ ਰੁਝਾਨ ਕੋਈ ਨਵਾਂ ਨਹੀਂ ਹੈ। ਕੋਈ ਸਮਾਂ ਸੀ ਕਿ ਪੰਜਾਬ ਦੇ ਪੱਗੜੀਧਾਰੀ ਨੌਜਵਾਨ ਜਾਨਾਂ ਬਚਾਉਣ ਦੇ ਲਈ ਜਾਂ ਮਾਪੇ ਆਪਣੇ ਪੁੱਤ ਬਚਾਉਣ ਦੇ ਲਈ ਜਹਾਜ਼ ਚੜ੍ਹਾ ਦਿੰਦੇ ਸੀ ਤੇ ਸੁਰਖ਼ਰੂ ਹੋ ਜਾਂਦੇ ਸੀ ਪਰ ਹੁਣ ਵੀ ਤਾਂ ਮਾਪੇ ਬਿਨਾ ਅੱਗਾ ਪਿੱਛਾ ਦੇਖੇ ਆਪਣੇ ਬੱਚਿਆਂ ਨੂੰ ਜਹਾਜ਼ੇ ਚੜ੍ਹਾ ਕੇ ਸੁੱਖ ਦਾ ਸਾਹ ਲੈ ਰਹੇ ਨੇ। ਕਈਆਂ ਦੀ ਮਜਬੂੁਰੀ ਹੈ ਪਰ ਕਈ ਰਿਜ਼ਕ ਨੂੰ ਠੋਕਰ ਮਾਰ ਕੇ ਸ਼ਿਫ਼ਟਾਂ ਦੀ ਜ਼ਿੰਦਗੀ ਜਿਊਣਾ ਪੰਜਾਬ ਦੀ ਸਰਦਾਰੀ ਨਾਲੋਂ ਬਿਹਤਰ ਮੰਨ ਰਹੇ ਹਨ। ਕੇਰਲ ਤੋਂ ਬਾਅਦ ਪੰਜਾਬ ਦਾ ਹੀ ਨੰਬਰ ਆਉਂਦਾ ਹੈ ਜਿੱਥੋਂ ਸਭ ਤੋਂ ਵਧੇਰੇ ਲੋਕ ਦੂਜੇ ਮੁਲਕਾਂ ਨੂੰ ਗਏ ਨੇ। ਕੁਝ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਲੋਕ ਵਿਦੇਸ਼ ਜਾਂਦੇ ਸਨ ਪਰ ਉਚੇਰੀ ਵਿਦਿਆ ਹਾਸਲ ਕਰਨ ਦੇ ਲਈ। ਫਿਰ ਡਿਗਰੀਆਂ ਲੈਂਦੇ ਸਨ ਤੇ ਵਾਪਸ ਆਪਣੇ ਵਤਨ ਪਰਤ ਨੌਕਰੀਆਂ ਕਰਦੇ ਸਨ ਪਰ ਹੁਣ ਪਿਛਾਂਹ ਮੁੜ ਕੇ ਵੇਖਣਾ ਉਨ੍ਹਾਂ ਲਈ ਘਾਟੇ ਵਾਲਾ ਸੌਦਾ ਲੱਗ ਰਿਹਾ ਹੈ। 


ਦੂਜੇ ਪਾਸੇ ਪਰਵਾਸ ਦੇ ਨਾਲ ਜਦੋਂ ਆਵਾਸ ਦੀ ਗੱਲ ਛੇੜਦੇ ਹਾਂ ਤਾਂ 1970ਵਿਆਂ ਦੇ ਵਿੱਚ ਪੰਜਾਬ ਦੀ ਖੇਤੀਬਾੜੀ ਦਾ ਢੰਗ ਤਰੀਕਾ ਬਦਲਦਾ ਹੈ। ਝੋਨੇ ਦੀ ਲਵਾਈ, ਝੜਾਈ ਵਾਸਤੇ ਤੇ ਖੇਤੀ ਦੇ ਹੋਰ ਕੰਮਾਂ ਵਾਸਤੇ ਯੂ.ਪੀ. ਤੇ ਬਿਹਾਰ ਤੋਂ ਮਜ਼ਦੂਰ ਪੰਜਾਬ ਵਿੱਚ ਆਉਂਦੇ ਸਨ। ਕੰਮ ਖ਼ਤਮ ਹੋਣ ’ਤੇ ਵਾਪਸ ਆਪਣੇ ਵਤਨ ਪਰਤਦੇ ਸਨ। ਬਿਲਕੁਲ ਉਸੇ ਤਰ੍ਹਾਂ, ਜਿਸ ਤਰ੍ਹਾਂ ਸਾਡੇ ਪੰਜਾਬੀ ਆਪਣੀ ਧਰਤੀ ’ਤੇ ਪਰਤ ਆਉਂਦੇ ਸਨ। ਸਮਾਂ ਪਿਆ ਬਿਹਾਰੀ ਮਜ਼ਦੂਰ ਫੈਕਟਰੀਆਂ ਦੇ ਵਿੱਚ ਕੰਮ ਕਰਨ ਲੱਗੇ। ਹੋਲੀ ਹੋਲੀ ਪਰਿਵਾਰ ਬੁਲਾਉਣੇ ਸ਼ੁਰੂ ਕਰਨ ਲੱਗੇ। ਕਈਆਂ ਨੇ ਆਪਣੇ ਘਰ ਬਣਾਏ। ਇੱਥੇ ਜੰਮੇ ਪਲੇ ਬਿਹਾਰੀ ਮਜ਼ਦੂਰਾਂ ਦੇ ਬੱਚੇ ਪੰਜਾਬੀ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲੱਗੇ ਤੇ ਹੁਣ ਉਹ ਪੰਜਾਬੀਆਂ ਨਾਲੋਂ ਵੱਧ ਪੰਜਾਬੀ ਬੋਲਦੇ ਨੇ ਤੇ ਪੰਜਾਬੀ ਹਿੰਦੀ ਬੋਲਣ ਲੱਗ ਪਏ ਨੇ। ਇਹ ਸਾਰਾ ਢੰਗ ਤਰੀਕਾ ਉਹੀ ਹੈ ਜਿਹੜਾ ਸਾਡੇ ਬੱਚੇ ਪੰਜਾਬ ਤੋਂ ਬਾਹਰਲੇ ਮੁਲਕਾਂ ਵਿੱਚ ਜਾ ਕੇ ਕਰਦੇ ਹਨ। ਸਾਡੇ ਬੱਚੇ ਜਦੋਂ ਵਿਦੇਸ਼ ਜਾਂਦੇ ਨੇ ਉਹ ਚਾਹੁੰਦੇ ਨੇ ਕਿ ਜਲਦੀ ਤੋਂ ਜਲਦੀ ਵਰਕ ਪਰਮਿਟ ਮਿਲੇ, ਪੀ.ਆਰ. ਹੋ ਜਾਵੇ,ਗਰੀਨ ਕਾਰਡ ਮਿਲ ਜਾਵੇ, ਬੇਸਮੈਂਟਾਂ ਵਿੱਚ ਰਹਿੰਦੇ ਰਹਿੰਦੇ ਫਿਰ ਉਹ ਘਰ ਲੈ ਲੈਂਦੇ ਨੇ। ਵਿਆਹ ਉਥੋਂ ਦੇ ਵਸਨੀਕ ਨਾਲ ਕਰਵਾਉਣਾ ਚਾਹੁੰਦੇ ਨੇ ਤੇ ਫੇਰ ਕਈ ਰਾਜਨੀਤੀ ਦੇ ਵਿੱਚ ਸ਼ਾਮਲ ਹੋ ਕੇ ਮੰਤਰੀ-ਸੰਤਰੀ ਵੀ ਬਣ ਜਾਂਦੇ ਨੇ। ਪੰਜਾਬੀਆਂ ਦੇ ਲਈ ਵਗਦੀ ਇਹੋ ਜਿਹੀ ਵਾਅ ਦਾ ਅਸੀਂ ਅਕਸਰ ਸਵਾਗਤ ਕਰਦੇ ਹਾਂ। ਇੱਥੋਂ ਤਕ ਕਿ ਅਸੀਂ ਬਾਬੇ ਨਾਨਕ ਦਾ ਹਵਾਲਾ ਵੀ ਦੇ ਦਿੰਦੇ ਹਾਂ। ਉਨ੍ਹਾਂ ਦੀ ਅਸੀਸ ਯਾਦ ਕਰਦੇ ਹਾਂ ਕਿ ਅਸੀਂ ਉੱਜੜ ਕੇ ਪੂਰੀ ਦੁਨੀਆਂ ਦੇ ਵਿੱਚ ਵਸ ਗਏ ਹਾਂ। ਅਸੀਂ ਆਪਣੀ ਬੋਲੀ ਤੇ ਸੱਭਿਆਚਾਰ ਦਾ ਪ੍ਰਸਾਰ ਕਰ ਰਹੇ ਹਾਂ। ਕੀ ਬਾਬੇ ਨਾਨਕ ਨੇ ਇਹ ਹਵਾਲਾ ਸਿਰਫ਼ ਪੰਜਾਬੀਆਂ ਲਈ ਹੀ ਦਿੱਤਾ ਸੀ ਕਿ ‘ਉੱਜੜ ਜਾਓ’। ਸਾਡੀ ਸੋਚ ਕੁਝ ਵੱਖਰੇ ਤਰੀਕੇ ਦੀ ਹੋ ਗਈ ਹੈ। ਅਸੀਂ ਪੰਜਾਬ ਰਹਿਣਾ ਵੀ ਨਹੀਂ, ਸਾਡੀਆਂ ਜ਼ਮੀਨਾਂ ਵੀ ਬਿਹਾਰੀ ਸੰਭਾਲਣ, ਸਾਡੇ ਮਾਂ ਪਿਓ ਲਈ ਦਵਾਈ ਬੂਟੀ ਦਾ ਇੰਤਜ਼ਾਮ ਵੀ ਮਜ਼ਦੂਰ ਹੀ ਕਰਨ, ਅਸੀਂ ਪਿੰਡ ਵੀ ਖਾਲੀ ਕਰਨੇ ਆ ਤੇ ਰਹਿਣ ਵੀ ਕਿਸੇ ਨੂੰ ਦੇਣਾ ਨਹੀਂ। ਇਹ ਕਿੱਥੋਂ ਦਾ ਇਨਸਾਫ਼ ਹੈ। ਜੇ ਕੁਝ ਕੁ ਲੋਕ  ਆਪਣੇ ਮਾਂ ਬਾਪ ਨੂੰ ਕਿਸੇ ਦੇ ਸਹਾਰੇ ਛੱਡ ਸਕਦੇ ਨੇ, ਪਿੰਡ ਤੇ ਘਰ ਨਾਲ ਉਹਨਾਂ ਦਾ ਮੋਹ ਕਿੰਨਾ ਕੁ ਹੋਵੇਗਾ? ਇਹ ਤਾਂ ਐਵੇਂ ਕਹਿਣ ਦੀਆਂ ਗੱਲਾਂ ਨੇ ਜਾਂ ਵਗਦੀ ਵਾਅ ਦੇ ਵਿੱਚ ਟੁੱਲ ਮਾਰਨ ਵਾਲੀ ਗੱਲ ਹੈ। 
 ਮੇਰਾ ਖ਼ਿਆਲ ਹੈ ਕਿ ਅਸੀਂ ਸਾਲਾਂ ਪਹਿਲੀ ਗੱਲ ਨੂੰ ਹੀ ਅੱਜ ਵੀ ਲੜੀ ਦੇ ਨਾਲ ਜੋੜ ਕੇ ਆਪਣੇ ਆਪ ਨੂੰ ਵਿਦਵਾਨ ਸਮਝਣ ਲੱਗ ਜਾਂਦੇ ਹਾਂ। ਪੰਜਾਬ ਦੇ ਵਿਕਾਸ ਦੇ ਵਿੱਚ ਪਿਛਲੇ ਤਿੰਨ ਦਹਾਕਿਆਂ ਦੌਰਾਨ  ਨਿਘਾਰ ਵੀ ਆਇਆ ਹੈ। ਕੁਦਰਤੀ ਵਰਤਾਰਾ ਹੈ ਕਿ ਲੋਕ ਘੱਟ ਵਿਕਸਤ ਥਾਂਵਾਂ ਤੋਂ ਵੱਧ ਵਿਕਸਤ ਥਾਂਵਾਂ ਵੱਲ ਪਰਵਾਸ ਕਰਦੇ ਨੇ। ਆਵਾਸ -ਪਰਵਾਸ ਦੀ ਕਿਰਿਆ ਦੌਰਾਨ ਖ਼ਤਰਾ ਉਦੋਂ ਹੁੰਦਾ ਹੈ ਜਦੋਂ ਸਥਾਨਕ ਲੋਕਾਂ ਦੀ ਗਿਣਤੀ ਘਟਣ ਲੱਗਦੀ ਹੈ ਤੇ ਬਾਹਰਲੇ ਉਸ ਉੱਪਰ ਕਾਬਜ਼ ਹੋਣ ਲੱਗਦੇ ਹਨ। ਕੁਝ ਕੁ ਘਟਨਾਵਾਂ ਨੂੰ ਛੱਡ ਕੇ ਪੰਜਾਬ ਵਿੱਚ ਅਜਿਹੇ ਹਾਲਾਤ ਅਜੇ ਨਹੀਂ ਹਨ। ਭਲੇ ਮਾਨਸੋ, ਪੰਜਾਬ ਦੇ ਵਿਚੋਂ ਉਦਯੋਗ ਰਾਜ ਤੋਂ ਬਾਹਰ ਜਾ ਰਹੇ ਹਨ। ਸੁਭਾਵਿਕ ਹੈ ਕਿ ਮਜ਼ਦੂਰਾਂ ਤੇ ਵਰਕਰਾਂ ਦੀ ਮੰਗ ਘਟੇਗੀ। ਵਿਕਾਸ ਦੇ ਪੱਖੋਂ ਪੰਜਾਬ ਨੱਬੇਵਿਆਂ ਦੇ ਵਿੱਚ ਇੱਕ ਨੰਬਰ ’ਤੇ ਅਤੇ ਹੁਣ ਘੱਟ ਕੇ 16ਵੇਂ -17ਵੇਂ ਸਥਾਨ ’ਤੇ ਹੈ। ਮਜ਼ਦੂਰ ਜਮਾਤ ਦਾ ਪੰਜਾਬ ਦੇ ਵਿੱਚ ਪਰਵਾਸ ਮੁੱਖ ਰੂਪ ਵਿੱਚ ਝੋਨੇ ਦੀ ਲਵਾਈ ਤੇ ਕਣਕ ਦੀ ਕਟਾਈ ਵਾਸਤੇ ਸੀ ਪਰ ਹੁਣ ਖੇਤੀ ਖੇਤਰ ਵਿੱਚ ਵੀ ਤਾਂ ਮਸ਼ੀਨੀਕਰਨ ਹੋ ਰਿਹਾ ਹੈ। ਝੋਨੇ ਦੀ ਸਿੱਧੀ ਲਵਾਈ ’ਤੇ ਜੋਰ ਦਿੱਤਾ ਜਾ ਰਿਹਾ ਹੈ। ਬਿਜਾਈ ਤੇ ਵਾਢੀ ਕੰਬਾਈਨਾਂ ਨਾਲ ਹੋਣ ਲੱਗ ਪਈ ਹੈ। ਫੈਕਟਰੀਆਂ, ਉਦਯੋਗਾਂ ਵਿੱਚ ਮਜ਼ਦੂਰਾਂ ਦੀ ਮੰਗ ਘੱਟ ਗਈ ਹੈ। ਪੰਜਾਬ ਵਿੱਚ ਸਰਕਾਰੀ ਨਿਵੇਸ਼ ਦੇ ਨਾਲ ਨਾਲ ਨਿੱਜੀ ਨਿਵੇਸ਼ ਦੀ ਦਰ ਘੱਟ ਗਈ ਹੈ। ਬੇਰੁਜ਼ਗਾਰੀ ਦੀ ਦਰ ਦੇਸ਼ ਦੇ ਵਿੱਚ 22 ਫ਼ੀਸਦੀ ਹੈ। ਪੰਜਾਬ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਦਰ 27 ਫ਼ੀਸਦੀ ਹੋ ਗਈ ਹੈ। ਸੋ ਇਸ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਪੰਜਾਬ ਵੱਲ ਪਰਵਾਸ ਕਰਨ ਦੀ ਸੰਭਾਵਨਾ ਘਟਦੀ ਨਜ਼ਰ ਆ ਰਹੀ ਹੈ। ਸੋ ਇਹ ਕਹਿਣਾ ਕਿ ਪੰਜਾਬ ਵਿੱਚ ਬਾਹਰੋਂ ਆਏ ਪਰਵਾਸੀ ਮਜ਼ਦੂਰਾਂ ਕਾਰਨ ਪੰਜਾਬ ਦੀ ਆਬਾਦੀ ਦਾ ਸਮੀਕਰਨ ਬਦਲ ਰਿਹਾ ਹੈ, ਠੀਕ ਨਹੀਂ ਲੱਗਦਾ। ਸੋ ਆਵਾਸ ਤੇ ਪਰਵਾਸ ਹਮੇਸ਼ਾ ਚੱਲਦਾ ਰਹੇਗਾ ਪਰ ਸਾਨੂੰ ਸਾਡੀ ਸੋਚ ਨੂੰ ਸਾਵਾਂ ਕਰਨਾ ਪਵੇਗਾ ਤੇ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਪਵੇਗਾ। ਸਵਾਲ ਚੁੱਕਣ ਦੇ ਹੱਕਦਾਰ ਅਸੀਂ ਤਾਂ ਬਣਦੇ ਹਾਂ।

 

ਸੰਪਾਦਕੀ