ਸਿੱਖਾਂ ’ਤੇ ਹਮਲੇ : ਦੋਸ਼ੀਆਂ ਵਿਰੁੱਧ ਕਦੋਂ ਹੋਵੇਗੀ ਕਾਰਵਾਈ?

ਸਿੱਖਾਂ ’ਤੇ ਹਮਲੇ : ਦੋਸ਼ੀਆਂ ਵਿਰੁੱਧ ਕਦੋਂ ਹੋਵੇਗੀ ਕਾਰਵਾਈ?

ਲੰਘੇ ਦਿਨਾਂ ਦੌਰਾਨ ਭਾਰਤ ਦੇ ਵੱਖ- ਵੱਖ ਇਲਾਕਿਆਂ ਵਿੱਚ ਸਿੱਖਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਵਾਪਰੀਆਂ ਹਨ।

ਇੱਕ ਘਟਨਾ ਹਰਿਆਣਾ ਦੇ ਕੈਥਲ ਵਿੱਚ ਫਿਰਕੂ ਅਨਸਰਾਂ ਵੱਲੋਂ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਦੀ ਵਾਪਰੀ ਹੈ, ਜਿਸ ਵਿੱਚ ਫਿਰਕੂ ਅਨਸਰਾਂ ਵੱਲੋਂ ਉਸ ਸਿੱਖ ਨੌਜਵਾਨ ਨੂੰ ਖ਼ਾਲਿਸਤਾਨੀ ਕਹਿ ਕੇ ਕੁੱਟਮਾਰ ਕਰਕੇ ਜਖ਼ਮੀ ਕਰ ਦਿੱਤਾ ਗਿਆ ਅਤੇ ਉਸ ਨੂੰ ਸੰਨ ਚੁਰਾਸੀ ਮੁੜ ਦੁਹਰਾਉਣ ਦੀ ਧਮਕੀ ਵੀ ਦਿੱਤੀ ਗਈ। ਇੱਕ  ਹੋਰ ਘਟਨਾ ਉਤਰਾਖੰਡ ਵਿੱਚ ਸਥਿਤ ਗੁਰਦੁਆਰਾ ਰੀਠਾ ਸਾਹਿਬ ਨੇੜੇ ਵਾਪਰੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਗੁਰਦੁਆਰਾ ਰੀਠਾ ਸਾਹਿਬ ਜਾ ਰਹੇ ਸ਼ਰਧਾਲੂਆਂ ’ਤੇ  ਗੁੰਡਾ ਅਨਸਰਾਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਕੁਝ ਸ਼ਰਧਾਲੂ ਜਖ਼ਮੀ ਹੋ ਗਏ। 
ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਇਹਨਾਂ ਖ਼ਬਰਾਂ ਦੀ ਅਜੇ ਸਿਹਾਈ ਵੀ ਨਹੀਂ ਸੀ ਸੁੱਕੀ ਕਿ ਬਿਹਾਰ ਦੇ ਬਕਸਰ ਜ਼ਿਲ੍ਹੇ ਵਿੱਚ ਇੱਕ ਹੋਰ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਸ ਨੂੰ ਜ਼ਖ਼ਮੀ ਕਰਨ ਦੀ ਖ਼ਬਰ ਆ ਗਈ। ਵੱਖ- ਵੱਖ ਸਿੱਖ ਆਗੂਆਂ ਵੱਲੋਂ ਇਹਨਾਂ ਘਟਨਾਂਵਾਂ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸੇ ਦੌਰਾਨ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਐਨ.ਆਰ.ਆਈ. ਪੰਜਾਬੀ ਪਰਿਵਾਰ ਨਾਲ ਵੀ ਕੁੱਟਮਾਰ ਦੀ ਘਟਨਾ ਵਾਪਰੀ ਹੈ। ਇਸ ਪਰਿਵਾਰ ਅਨੁਸਾਰ ਉਹ ਵਿਦੇਸ਼ ਤੋਂ ਪੰਜਾਬ ਵਿੱਚ ਨਵੇਂ ਉਦਯੋਗ ਲਗਾਉਣ ਆਏ ਸਨ ਤਾਂ ਕਿ ਪੰਜਾਬੀਆਂ ਨੂੰ ਰੁਜ਼ਗਾਰ ਮਿਲ ਸਕੇ। ਇਸੇ ਦੌਰਾਨ ਉਹ ਹਿਮਾਚਲ ਪ੍ਰਦੇਸ਼ ਵਿੱਚ ਘੁੰਮਣ ਆ ਗਏ ਪਰ ਇਥੇ ਪਾਰਕਿੰਗ ਦੇ ਠੇਕੇਦਾਰ ਅਤੇ ਉਸਦੇ ਸਾਥੀਆਂ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ। ਹੁਣ ਸਵਾਲ ਇਹ ਉਠਦਾ ਹੈ ਕਿ ਸਿੱਖਾਂ ਅਤੇ ਪੰਜਾਬੀਆਂ ਖ਼ਿਲਾਫ਼ ਅਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ?
ਅਸਲ ਵਿੱਚ ਸਾਲ 2014 ਤੋਂ ਜਦੋਂ ਤੋਂ ਭਾਰਤ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਬਣੀ, ਉਦੋਂ ਤੋਂ ਹੀ ਭਾਰਤ ਵਿੱਚ ਘੱਟ ਗਿਣਤੀਆਂ ਖ਼ਿਲਾਫ਼ ਭਾਜਪਾ ਦੇ ਹੀ ਕੁਝ ਆਗੂ ਜ਼ਹਿਰ ਉਗਲਦੇ ਆ ਰਹੇ ਹਨ। ਇਸ ਸਮੇਂ ਭਾਵੇਂ ਭਾਰਤ ਵਿੱਚ ਨਿਰੋਲ ਭਾਜਪਾ ਸਰਕਾਰ ਨਹੀਂ ਬਣ ਸਕੀ ਅਤੇ ਮੋਦੀ ਸਰਕਾਰ ਗਠਜੋੜ ਸਹਾਰੇ ਬਣੀ ਹੈ ਪਰ ਫਿਰ ਵੀ ਭਾਜਪਾ ਆਗੂ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਇਲਾਕੇ ਤੋਂ ਨਵੀਂ ਬਣੀ ਸਾਂਸਦ ਕੰਗਨਾ ਰਣੌਤ ਵੱਲੋਂ ਚੰਡੀਗੜ੍ਹ ਏਅਰਪੋਰਟ ’ਤੇ ਉਸ ਨਾਲ ਵਾਪਰੀ ਇੱਕ ਘਟਨਾ ਤੋਂ ਬਾਅਦ ਵਾਰ ਵਾਰ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਭਾਜਪਾ ਆਗੂ ਵੱਖ- ਵੱਖ ਸਮੇਂ ਸਿੱਖਾਂ ਖ਼ਿਲਾਫ਼ ਭੜਕਾਊ  ਬਿਆਨਬਾਜੀ ਕਰਦੇ ਰਹਿੰਦੇ ਹਨ, ਜਿਸ ਕਾਰਨ ਕਈ ਵਾਰ ਮਾਹੌਲ ਗਰਮ ਹੋ ਜਾਂਦਾ ਹੈ।  
ਸੰਨ ਚੁਰਾਸੀ ਵਿੱਚ ਸਿੱਖਾਂ ਨਾਲ ਜੋ ਦੁਖਾਂਤ ਵਾਪਰਿਆ ਸੀ, ਸਿੱਖ ਉਸ ਨੂੰ ਕਦੇ ਨਹੀਂ ਭੁਲਣਗੇ। ਸਿੱਖਾਂ ਨੂੰ ਅਜੇ ਤੱਕ ਚੁਰਾਸੀ ਸਿੱਖ ਨਸਲਕੁਸ਼ੀ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲਿਆ ਅਤੇ ਅਜੇ ਤੱਕ ਇਸ ਨਸਲਕੁਸ਼ੀ ਦੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ। ਸਿੱਖ ਦੰਗਾ ਪੀੜ੍ਹਤ ਅਜੇ ਵੀ ਇਨਸਾਫ਼ ਲਈ ਭਟਕ ਰਹੇ ਹਨ। ਭਾਰਤ ਦੀਆਂ ਅਦਾਲਤਾਂ ਪੀੜ੍ਹਤ ਸਿੱਖਾਂ ਨੂੰ ਨਿਆਂ ਦੇਣ ਵਿੱਚ ਅਸਫ਼ਲ ਸਾਬਿਤ ਹੋਈਆਂ ਹਨ। ਸੰਨ ਚੁਰਾਸੀ ਦੀ ਸਿੱਖ ਨਸਲਕੁਸ਼ੀ ਲਈ ਸਿੱਖਾਂ ਨੇ ਅਜੇ ਤੱਕ ਕਾਂਗਰਸ ਨੂੰ ਮੁਆਫ਼ ਨਹੀਂ ਕੀਤਾ। ਭਾਵੇਂ ਕਿ ਪਿਛਲੇ ਸਮੇਂ ਦੌਰਾਨ ਕਾਂਗਰਸ ਨੇ ਸਿੱਖਾਂ ਨੂੰ ਕਾਂਗਰਸ ਨਾਲ ਜੋੜਨ ਲਈ ਬਹੁਤ ਯਤਨ ਕੀਤੇ ਪਰ ਉਹ ਕਾਮਯਾਬ ਨਹੀਂ ਹੋਈ। ਹੁਣ ਜਿਸ ਤਰੀਕੇ ਨਾਲ ਦੇਸ਼ ਵਿੱਚ ਸਿੱਖਾਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਸ ਨਾਲ ਦੇਸ਼ ਦੇ ਵੱਖ- ਵੱਖ ਇਲਾਕਿਆਂ ਵਿੱਚ ਰਹਿੰਦੇ ਸਿੱਖਾਂ ਵਿੱਚ ਚਿੰਤਾ ਫੈਲਣੀ ਸੁਭਾਵਿਕ ਹੈ।  ਕਈ ਗਰਮ ਦਲੀ ਆਗੂ ਤਾਂ ਦੋਸ਼ ਲਗਾ ਰਹੇ ਹਨ ਕਿ ਭਾਰਤ ਵਿੱਚ ਸਿੱਖਾਂ ਵਿਰੁੱਧ ਗਿਣੀ ਮਿਥੀ ਸਾਜਿਸ਼ ਤਹਿਤ ਹਮਲੇ ਹੋ ਰਹੇ ਹਨ ਅਤੇ ਭਾਰਤ ਵਿੱਚ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਗਰਮ ਦਲੀ ਆਗੂ ਤਾਂ ਇਹ ਵੀ ਕਹਿੰਦੇ ਹਨ ਕਿ ਭਾਰਤ ਵਿੱਚ ਸਿੱਖਾਂ ਨੂੰ ਕਦੇ ਵੀ ਇਨਸਾਫ਼ ਨਹੀਂ ਮਿਲ ਸਕਦਾ। ਜਦੋਂ ਸਿੱਖਾਂ ਨਾਲ ਕੁੱਟਮਾਰ ਅਤੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਆਮ ਸਿੱਖਾਂ ਨੂੰ ਫਿਰ ਗਰਮ ਦਲੀ ਆਗੂਆਂ ਦੀਆਂ ਗੱਲਾਂ ਸਹੀ ਲੱਗਣ ਲੱਗਦੀਆਂ ਹਨ। 
ਅਨੇਕਾਂ ਪੰਜਾਬੀ ਖਾਸ ਕਰਕੇ ਸਿੱਖ ਦੋਸ਼ ਲਗਾਉਂਦੇ ਹਨ ਕਿ ਜਦੋਂ ਵੀ ਉਹ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ ਵਿੱਚ ਜਾਂਦੇ ਹਨ ਤਾਂ ਉਹਨਾਂ ਦੀਆਂ ਗੱਡੀਆਂ ਦੇ ਨੰਬਰ ਪੰਜਾਬ ਦੇ ਹੋਣ ਕਰਕੇ ਉਹਨਾਂ ਨੂੰ ਜਾਣਬੁੱਝ ਕੇ ਹੈਰਾਨ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਗੱਡੀਆਂ ਦੇ ਚਲਾਨ ਕਰ ਦਿੱਤੇ ਜਾਂਦੇ ਹਨ। ਇਸੇ ਕਾਰਨ ਪੰਜਾਬ ਦੇ ਕਿਰਾਏ ’ਤੇ ਗੱਡੀਆਂ ਚਲਾਉਣ ਵਾਲੇ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ ਖਾਸ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਜਾਣ ਤੋਂ ਡਰਨ ਲੱਗ ਪਏ ਹਨ। ਇਹਨਾਂ ਪੰਜਾਬੀਆਂ ਖਾਸ ਕਰਕੇ ਸਿੱਖਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੰਜਾਬੀ ਅਤੇ ਸਿੱਖ ਹੋਣ ਕਰਕੇ ਜਾਣਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸਿਖਾਂ ਖ਼ਿਲਾਫ਼ ਵਾਪਰ ਰਹੀਆਂ ਘਟਨਾਂਵਾਂ ਦੇ ਘਟਨਾਕ੍ਰਮ ਨੂੰ ਭਾਰਤੀ ਹਕੂਮਤ ਦੀ ਘੱਟ ਗਿਣਤੀਆਂ ਪ੍ਰਤੀ ਮਾੜੀ ਸੋਚ ਦਾ ਪ੍ਰਗਟਾਵਾ ਕਿਹਾ ਜਾਂਦਾ ਹੈ। ਸਬੰਧਿਤ ਪ੍ਰਸ਼ਾਸਨ ਦੀ ਪਤਾ ਨਹੀਂ ਕਿਹੜੀ ਮਜ਼ਬੂਰੀ ਹੁੰਦੀ ਹੈ ਕਿ ਉਹ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੀ ਨਹੀਂ ਕਰਦਾ ਜਾਂ ਬਹੁਤ ਢਿੱਲੀ ਕਾਰਵਾਈ ਕੀਤੀ ਜਾਂਦੀ ਹੈ। ਜਿਸ ਤੋਂ ਇਹ ਅਹਿਸਾਸ ਹੁੰਦਾ ਹੈ ਕਿ ਵੱਖ- ਵੱਖ ਇਲਾਕਿਆਂ ਦਾ ਲੋਕਲ ਪ੍ਰਸ਼ਾਸਨ ਵੀ ਕੇਂਦਰੀ ਹਕੂਮਤ ਦੇ ਨਕਸ਼ੇ ਕਦਮਾਂ ’ਤੇ ਹੀ ਚੱਲਦਾ ਹੈ। 
ਸਿੱਖਾਂ ਖ਼ਿਲਾਫ਼ ਵਾਪਰ ਰਹੀਆਂ ਹਿੰਸਾਂ ਦੀਆਂ ਘਟਨਾਂਵਾਂ ਦੀ ਜਿੰਨੀ ਨਿਖੇਧੀ ਕੀਤੀ ਜਾਵੇ, ਘੱਟ ਹੈ। ਕੇਂਦਰ ਸਰਕਾਰ ਤੇ ਸਬੰਧਿਤ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਦੀ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਤਾਂ ਕਿ ਸਿੱਖਾਂ ਨੂੰ ਇਨਸਾਫ਼ ਮਿਲ ਸਕੇ ਅਤੇ ਸਿੱਖਾਂ ਵਿੱਚ ਬੇਗਾਨਗੀ ਦੀ ਭਾਵਨਾ ਨਾ ਫੈਲੇ।

 

ਸੰਪਾਦਕੀ