ਪੰਜਾਬ ਦੀ ਭਲਾਈ ਲਈ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਜ਼ਰੂਰੀ
ਪੰਜਾਬ ਵਿੱਚ ਇਸ ਸਮੇਂ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਹੋਰ ਕਈ ਸਿਆਸੀ ਪਾਰਟੀਆਂ ਸਰਗਰਮ ਹਨ..
ਜਿਨ੍ਹਾਂ ਵਿਚੋਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਖੇਤਰੀ ਪਾਰਟੀ ਹੈ, ਜਦੋਂ ਕਿ ਦੂਜੀਆਂ ਸਾਰੀਆਂ ਸਿਆਸੀ ਪਾਰਟੀਆਂ ਰਾਸ਼ਟਰੀ ਸਿਆਸੀ ਪਾਰਟੀਆਂ ਹਨ, ਜੋ ਕਿ ਹਮੇਸ਼ਾ ਰਾਸ਼ਟਰੀ ਸਿਆਸਤ ਨੂੰ ਮੁੱਖ ਰੱਖ ਕੇ ਹੀ ਆਪਣੀਆਂ ਨੀਤੀਆਂ ਅਤੇ ਯੋਜਨਾਵਾਂ ਬਣਾਉਂਦੀਆਂ ਹਨ ਅਤੇ ਉਹਨਾਂ ਦਾ ਵੱਡਾ ਨਿਸ਼ਾਨਾ ਦੇਸ਼ ਦੀ ਸੱਤਾ ਪ੍ਰਾਪਤ ਕਰਨਾ ਹੁੰਦਾ ਹੈ।
ਸਿਰਫ਼ ਅਕਾਲੀ ਦਲ ਹੀ ਹੈ, ਜੋ ਕਿ ਖੇਤਰੀ ਪਾਰਟੀ ਹੋਣ ਕਰਕੇ ਪੰਜਾਬ ਨੂੰ ਹਰ ਪੱਖੋਂ ਮੁੱਖ ਰੱਖਦਾ ਆਇਆ ਹੈ ਪਰ ਇਸ ਸਮੇਂ ਅਕਾਲੀ ਦਲ ਦੀ ਜੋ ਹਾਲਤ ਹੈ, ਉਹ ਸਭ ਦੇ ਸਾਹਮਣੇ ਹੈ। ਇਸੇ ਕਾਰਨ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਵਿੱਚ ਆਇਆ ਨਿਘਾਰ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਕਿਉਂਕਿ ਪੰਜਾਬ ਦੀ ਮੁੱਖ ਖੇਤਰੀ ਪਾਰਟੀ ਹੋਣ ਕਾਰਨ ਪੰਜਾਬ ਦੇ ਲੋਕਾਂ ਨੂੰ ਅਕਾਲੀ ਦਲ ਤੋਂ ਬਹੁਤ ਆਸਾਂ ਤੇ ਉਮੀਦਾਂ ਹਨ।
ਪੰਜਾਬ ਇਸ ਸਮੇਂ ਅਨੇਕਾਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਵਿਚੋਂ ਕਈ ਸਮੱਸਿਆਵਾਂ ਦਾ ਸਬੰਧ ਪੰਜਾਬ ਦੇ ਗੁਆਂਢੀ ਸੂਬਿਆਂ ਨਾਲ ਵੀ ਹੈ। ਪੰਜਾਬ ਦੇ ਦਰਿਆਈ ਪਾਣੀਆਂ ਦਾ ਰੇੜਕਾ, ਨਹਿਰੀ ਪਾਣੀ ਦੀ ਵਰਤੋ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਤੇ ਪੰਜਾਬ ਦਾ ਹੱਕ ਅਤੇ ਕੁਝ ਹੋਰ ਅਜਿਹੇ ਮਸਲੇ ਹਨ, ਜੋ ਕਿ ਲੰਬੇ ਸਮੇਂ ਤੋਂ ਪੰਜਾਬ ਦੇ ਆਪਣੇ ਗੁਆਂਢੀ ਸੂਬਿਆਂ ਨਾਲ ਚੱਲ ਰਹੇ ਹਨ। ਪੰਜਾਬ ਦੇ ਇਹਨਾਂ ਮੁੱਖ ਮਸਲਿਆਂ ਵਿੱਚ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਪੰਜਾਬ ਦੀ ਖੇਤਰੀ ਪਾਰਟੀ ਹੀ ਰੱਖ ਸਕਦੀ ਹੈ, ਕਿਉਂਕਿ ਉਹ ਸਿਰਫ਼ ਪੰਜਾਬ ਤੱਕ ਸੀਮਿਤ ਹੁੰਦੀ ਹੈ ਅਤੇ ਪੰਜਾਬ ਦੇ ਲੋਕਾਂ ਦੀ ਮੁੱਖ ਆਵਾਜ਼ ਹੁੰਦੀ ਹੈ। ਜਦੋਂ ਕਿ ਰਾਸ਼ਟਰੀ ਪਾਰਟੀਆਂ ਦਾ ਪੰਜਾਬ ਦੇ ਨਾਲ-ਨਾਲ ਪੰਜਾਬ ਦੇ ਗੁਆਂਢੀ ਸੂਬਿਆਂ ਵਿੱਚ ਵੀ ਆਧਾਰ ਹੁੰਦਾ ਹੈ ਅਤੇ ਉਹਨਾਂ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਵੋਟਰਾਂ ਤੋਂ ਵੀ ਵੋਟਾਂ ਲੈਣੀਆਂ ਹੁੰਦੀਆਂ ਹਨ, ਇਸੇ ਕਾਰਨ ਇਹ ਰਾਸ਼ਟਰੀ ਸਿਆਸੀ ਪਾਰਟੀਆਂ ਜਾਂ ਤਾਂ ਪੰਜਾਬ ਦੇ ਮਸਲਿਆਂ ਨੂੰ ਉਠਾਉਂਦੀਆਂ ਹੀ ਨਹੀਂ ਅਤੇ ਪੰਜਾਬ ਵਿੱਚ ਆਪਣੀ ਸਰਕਾਰ ਹੋਣ ਦੇ ਬਾਵਜੂਦ ਇਹਨਾਂ ਮਸਲਿਆਂ ਨੂੰ ਠੰਡੇ ਬਸਤੇ ਵਿੱਚ ਪਾਈ ਰਖਦੀਆਂ ਹਨ ।
ਪੰਜਾਬ ਵਿੱਚ ਭਾਵੇਂ ਵੱਖ- ਵੱਖ ਸਮੇਂ ਅਨੇਕਾਂ ਹੀ ਖੇਤਰੀ ਸਿਆਸੀ ਪਾਰਟੀਆਂ ਹੋਂਦ ਵਿੱਚ ਆਈਆਂ ਪਰ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ। ਸ਼੍ਰੋਮਣੀ ਅਕਾਲੀ ਦਲ ਲੰਬਾ ਸਮਾਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਤਰਜਮਾਨੀ ਕਰਦਾ ਆਇਆ ਹੈ ਅਤੇ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ’ਤੇ ਭਰੋਸਾ ਕਾਇਮ ਕਰਦਿਆਂ ਅਨੇਕਾਂ ਵਾਰ ਅਕਾਲੀ ਦਲ ਨੂੰ ਪੰਜਾਬ ਦੀ ਸੱਤਾ ਸੌਂਪੀ ਹੈ ਪਰ ਦੁੱਖ ਦੀ ਗੱਲ ਹੈ ਕਿ ਅਕਾਲੀ ਦਲ ਸੱਤਾ ਵਿੱਚ ਰਹਿੰਦਿਆਂ ਵੀ ਪੰਜਾਬ ਦੇ ਮੁੱਖ ਮਸਲੇ ਹਲ਼ ਨਹੀਂ ਕਰ ਸਕਿਆ ਜਾਂ ਅਕਾਲੀ ਆਗੂਆਂ ਨੇ ਪੰਜਾਬ ਦੇ ਹਿੱਤਾਂ ਦੀ ਥਾਂ ਨਿੱਜੀ ਹਿੱਤ ਅੱਗੇ ਰੱਖੇ, ਜਿਸ ਕਾਰਨ ਹੋਲੀ ਹੋਲੀ ਪੰਜਾਬ ਦੇ ਲੋਕ ਅਕਾਲੀ ਦਲ ਤੋਂ ਦੂੁਰ ਹੁੰਦੇ ਗਏ ਤੇ ਅਕਾਲੀ ਦਲ ਹਾਸ਼ੀਏ ’ਤੇ ਪਹੁੰਚ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਹਾਸ਼ੀਏ ’ਤੇ ਚਲੇ ਜਾਣ ਦਾ ਨੁਕਸਾਨ ਪੰਜਾਬ ਨੂੰ ਵੀ ਹੋ ਰਿਹਾ ਹੈ ਕਿਉਂਕਿ ਹੁਣ ਪੰਜਾਬ ਵਿੱਚ ਅਜਿਹੀ ਕੋਈ ਵੀ ਖੇਤਰੀ ਸਿਆਸੀ ਪਾਰਟੀ ਨਹੀਂ ਰਹੀ ਜੋ ਕਿ ਪੰਜਾਬੀਆਂ ਦੀ ਆਵਾਜ਼ ਬਣ ਸਕੇ ਅਤੇ ਪੰਜਾਬ ਦੇ ਮੁੱਖ ਮਸਲੇ ਪਹਿਲ਼ ਦੇ ਆਧਾਰ ’ਤੇ ਹਲ਼ ਕਰਵਾਏ। ਭਾਵੇਂ ਕਿ ਆਮ ਆਦਮੀ ਪਾਰਟੀ ਨੇ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਆਪਣੇ ਆਪ ਨੂੰ ਪੰਜਾਬ ਦੇ ਤੀਜੇ ਸਿਆਸੀ ਬਦਲ ਵਜੋਂ ਪੇਸ਼ ਕੀਤਾ ਸੀ ਅਤੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਇੱਕ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਪੰਜਾਬ ਅਤੇ ਪੰਜਾਬੀਆਂ ਦੇ ਸਾਰੇ ਮਸਲੇ ਹੱਲ ਕਰ ਦੇਵੇਗੀ। ਜਿਸ ਕਰਕੇ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਗੱਲਾਂ ’ਤੇ ਭਰੋਸਾ ਕਰਦਿਆਂ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀ ਸੱਤਾ ਆਮ ਆਦਮੀ ਪਾਰਟੀ ਨੂੰ ਸੌਂਪ ਦਿੱਤੀ ਪਰ ਹੁਣ ਕਰੀਬ ਤਿੰਨ ਸਾਲ ਹੋ ਗਏ ਹਨ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਰਾਜ ਕਰਦਿਆਂ ਪਰ ਆਮ ਆਦਮੀ ਪਾਰਟੀ ਵੀ ਅਜੇ ਤੱਕ ਪੰਜਾਬ ਅਤੇ ਪੰਜਾਬੀਆਂ ਦੇ ਮੁੱਖ ਮਸਲੇ ਹੱਲ ਨਹੀਂਂ ਕਰ ਸਕੀ।
ਅਸਲ ਵਿੱਚ ਇਹ ਪਾਰਟੀ ਵੀ ਹੋਰਨਾਂ ਰਾਸ਼ਟਰੀ ਸਿਆਸੀ ਪਾਰਟੀਆਂ ਦੇ ਰਾਹ ’ਤੇ ਤੁਰ ਪਈ ਹੈ, ਜਿਸ ਕਰਕੇ ਇਸ ਪਾਰਟੀ ਵੱਲੋਂ ਹੋਰਨਾਂ ਸੂਬਿਆਂ ਵਿੱਚ ਆਪਣਾ ਆਧਾਰ ਕਾਇਮ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਕਾਰਨ ਇਹ ਪਾਰਟੀ ਪੰਜਾਬ ਦੇ ਗੁਆਂਢੀ ਸੂਬਿਆਂ ਨਾਲ ਲਮਕ ਰਹੇ ਮਸਲਿਆਂ ਨੂੰ ਛੇੜਨ ਵਿੱਚ ਅਵੇਸਲੀ ਹੋ ਰਹੀ ਹੈ ਕਿਉਂਕਿ ਇਸ ਪਾਰਟੀ ਨੂੰ ਵੀ ਇਹ ਮਹਿਸੂਸ ਹੋ ਰਿਹਾ ਹੈ ਕਿ ਜੇ ਇਸ ਨੇ ਇਹਨਾਂ ਮਸਲਿਆਂ ਨੂੰ ਪੰਜਾਬ ਦੇ ਹੱਕ ਵਿੱਚ ਹੱਲ ਕਰ ਲਿਆ ਤਾਂ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਵੋਟਰ ਉਸ ਨਾਲ ਨਾਰਾਜ਼ ਹੋ ਜਾਣਗੇ। ਰਾਸ਼ਟਰੀ ਸਿਆਸੀ ਪਾਰਟੀਆਂ ਦੀ ਅਜਿਹੀ ਸੋਚ ਕਾਰਨ ਹੀ ਪੰਜਾਬ ਦੇ ਗੁਆਂਢੀ ਸੂਬਿਆਂ ਨਾਲ ਲਮਕਦੇੇ ਆ ਰਹੇ ਮਸਲੇ ਪਿਛਲੇ ਕਈ ਸਾਲਾਂ ਤੋਂ ਲਮਕਦੇ ਹੀ ਆ ਰਹੇ ਹਨ ਅਤੇ ਦਿਨੋਂ ਦਿਨ ਹੋਰ ਉਲਝਦੇ ਜਾ ਰਹੇ ਹਨ।
ਉਪਰੋਕਤ ਤਬਸਰੇ ਤੋਂ ਸਪਸ਼ਟ ਹੈ ਕਿ ਇਸ ਸਮੇਂ ਵੀ ਪੰਜਾਬ ਨੂੰ ਇੱਕ ਮਜ਼ਬੂੁਤ ਖੇਤਰੀ ਪਾਰਟੀ ਦੀ ਵੱਡੀ ਲੋੜ ਹੈ, ਜੋ ਕਿ ਸਾਰੇ ਪੰਜਾਬੀਆਂ ਦੀ ਆਵਾਜ਼ ਬਣ ਕੇ ਪੰਜਾਬ ਦੇ ਮੁੱਖ ਮਸਲੇ ਹੱਲ ਕਰਨ ਲਈ ਯਤਨ ਕਰੇ। ਪੰਜਾਬ ਵਿੱਚ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਹੀ ਮੁੱਖ ਖੇਤਰੀ ਸਿਆਸੀ ਪਾਰਟੀ ਹੈ, ਜਿਸ ਕਰਕੇ ਪੰਜਾਬ ਦੀ ਭਲਾਈ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ।
ਸੰਪਾਦਕੀ
Comments (0)