ਸਾਨੂੰ ਪਤਾ ਹੈ ਸਾਹਾਂ ਦਾ ਅੰਤ ਸਾਡਾ....

ਸਾਨੂੰ ਪਤਾ ਹੈ ਸਾਹਾਂ ਦਾ ਅੰਤ ਸਾਡਾ....

ਇੱਕ ਪਾਸੇ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਹੈ, ਪਰ ਦੂਜੇ ਪਾਸੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਨੇ ਬਹੁਤ ਸਿਤਮ ਹੰਡਾਏ ਹਨ।

ਇੱਥੋਂ ਦੇ ਫ਼ਰਜ਼ੰਦ ਕਈ ਵਾਰ ਵਸੇ ਤੇ ਕਈ ਵਾਰ ਉਜੜੇ। ਵੰਡ ਦਾ ਦੁਖਾਂਤ, ਸ੍ਰੀ ਦਰਬਾਰ ਸਾਹਿਬ ’ਤੇ ਹਮਲਾ, ਦਿੱਲੀ ਸਿੱਖ ਨਸਲਕੁਸ਼ੀ, ਹਜ਼ਾਰਾਂ ਸਿੱਖਾਂ ਦਾ ਕਤਲੇਆਮ, ਝੂਠੇ ਪੁਲਿਸ ਮੁਕਾਬਲੇ, ਭਾਈ ਜਸਵੰਤ ਸਿੰਘ ਖਾਲੜਾ ਨੂੰ ਖ਼ਤਮ ਕਰਨਾ... ਕੀ- ਕੀ ਬਿਆਨ ਕਰੀਏ? ਸਾਡੀਆਂ ਕਈ ਪੀੜ੍ਹੀਆਂ ਸਹਿਮ ਤੇ ਡਰ ਦੇ ਵਿੱਚ ਜਿਉਂਦੀਆਂ ਆ ਰਹੀਆਂ ਨੇ। ਸਾਡੀ ਇੱਕ ਪੀੜ੍ਹੀ ਲਗਭਗ ਮਿਲੀਟੈਂਸੀ ਨੇ ਖ਼ਤਮ ਕੀਤੀ। ਉਸ ਤੋਂ ਅਗਲੀ ਪੀੜ੍ਹੀ ਸਹਿਮ ਦੇ ਵਿੱਚ ਸਮਾਂ ਬਿਤਾਉਂਦੀ ਰਹੀ। ਫਿਰ ਨਸ਼ਿਆਂ ਦੀ ਹਵਾ ਨੇ ਸਾਨੂੰ ਬੇਬਸ ਕਰ ਦਿੱਤਾ। ਇੱਕ ਸਮਾਂ ਆਇਆ ਗੈਂਗਇਜ਼ਮ ਵਰਗਾ ਕੋਹੜ ਲੱਗਿਆ ਤੇ ਹੁਣ ਵਾਲੇ ਨੌਜਵਾਨ ਭਾਵ ਸਾਡੀ ਪੀੜ੍ਹੀ ਵਿਦੇਸ਼ਾਂ ਵੱਲ ਨੂੰ ਵਹੀਰਾਂ ਘੱਤ ਰਹੀ ਹੈ। ਭਾਵੇਂ ਕਿ ਪੰਜਾਬ  ਲੰਬੇ ਸਮੇਂ ਤੋਂ ਉਜੜਦਾ ਤੇ ਵਸਦਾ ਆਇਆ ਹੈ ਪਰ 1980 ਤੋਂ 1995 ਤੱਕ ਦਾ ਸਮਾਂ ਪੰਜਾਬ ਦੀ ਦੱਬੀ ਹੋਈ ਅੱਗ ਹੈ। ਇਹ ਅਸੀਂ ਤਾਂ ਕਹਿ ਰਹੇ ਹਾਂ ਜਦੋਂ 30 ਸਾਲਾਂ ਬਾਅਦ ਸੁਪਰੀਮ ਕੋਰਟ ਕੁਝ ਪੁਲਿਸ ਅਫ਼ਸਰਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਜ਼ਾ ਦਿੰਦੀ ਹੈ। ਕੀ ਅਸੀਂ ਇਸ ਨੂੰ ਇਨਸਾਫ਼ ਮੰਨੀਏ? ਜਾਂ ਇਹ ਕਹੀਏ ਕਿ ਸਾਡੇ ਜ਼ਖ਼ਮਾਂ ਨੂੰ ਫੇਰ ਕਿਸੇ ਨੇ ਅੱਲੇ੍ਹ ਕਰ ਦਿੱਤਾ ਹੈ।  ਤਿੰਨ ਦਹਾਕੇ ਪਹਿਲਾਂ ਦੀ ਘਟਨਾ ਜਦੋਂ ਯਾਦ ਆਉਂਦੀ ਹੈ ਤਾਂ ਆਮ ਇਨਸਾਨ ਦੇ ਵੀ ਰੌਂਗਟੇ ਖੜੇ ਹੋ ਜਾਂਦੇ ਨੇ ਜਦੋਂ ਪੰਜਾਬ ਦੀ ਜਵਾਨੀ ਅੰਨੇ੍ਹਵਾਹ ਖ਼ਤਮ ਕੀਤੀ ਗਈ ਸੀ।

ਪੁਲਿਸ ਵਾਲਿਆਂ ਨੇ ਹਜ਼ਾਰਾਂ ਲੋਕ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਸਨ। ਇੱਥੋਂ ਤੱਕ ਕਿ ਲਾਸ਼ਾਂ ਦਾ ਖੁਰਾ ਖੋਜ ਨੱਪਣ ਵਾਲੇ ਜਸਵੰਤ ਸਿੰਘ ਖਾਲੜਾ ਕਿੱਥੇ ਖਪ ਗਏ ਪਤਾ ਵੀ ਨਹੀਂ ਲੱਗਿਆ। ਲੰਘੇ ਦਿਨਾਂ ਵਿੱਚ ਪੀਲੀਭੀਤ ਦੇ ਵਿੱਚ ਤਿੰਨ ਨੌਜਵਾਨਾਂ ਦਾ ਐਨਕਾਉਂਟਰ ਕਰ ਦੇਣਾ ਪੰਜਾਬ ਦੀ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਸ ਐਨਕਾਉਂਟਰ ਨੂੰ ਖ਼ਾਲਿਸਤਾਨੀ ਕਹਿ ਕੇ ਸੰਬੋਧਿਤ ਕੀਤਾ ਜਾ ਰਿਹਾ ਹੈ। ਇਸ ਲਫ਼ਜ਼ ਦੇ ਉੱਤੇ ਕਈ ਸਵਾਲ ਖੜੇ ਹੋ ਰਹੇ ਨੇ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਇੱਕ ਮਹੀਨੇ ਦੇ ਅੰਦਰ ਅੱਠ ਥਾਣਿਆਂ ’ਤੇ ਧਮਾਕੇ ਹੁੰਦੇ ਨੇ। ਹਰ ਕੋਈ ਇਹੀ ਜਾਣਨਾ ਚਾਹੁੰਦਾ ਹੈ ਕਿ ਸਾਡੀਆਂ ਏਜੰਸੀਆਂ ਕਿੱਥੇ ਨੇ? ਤੇ ਉਹਨਾਂ ਦੀ ਜ਼ਿੰਮੇਵਾਰੀ ਕਿੱਥੇ ਹੈ? ਤਿੰਨਾਂ ਨੌਜਵਾਨਾਂ ਦੇ ਮਾਪੇ ਦੁਹਾਈਆਂ ਪਾ ਰਹੇ ਨੇ ਪਰ ਸਮਝੋ ਬਾਹਰ ਦੀ ਗੱਲ ਹੈ ਕਿ ਕੋਰੇ ਅਨਪੜ੍ਹ, ਦਿਹਾੜੀ ਦੱਪਾ ਕਰਨ ਵਾਲੇ, ਜਿਹਨਾਂ ਦਾ ਪਿਛੋਕੜ ਅਪਰਾਧਿਕ ਨਹੀਂ ਹੈ, ਨੌਜਵਾਨ ਏਨੇ ਹਥਿਆਰਾਂ ਦੇ ਨਾਲ ਇੱਕ ਸਟੇਟ ਤੋਂ ਦੂਜੀ ਸਟੇਟ ਵੱਲ ਪਹੁੰਚ ਕਿਵੇਂ ਗਏ? ਹੋ ਸਕਦਾ ਹੈ ਕਿ ਇਹ ਕਹਾਣੀ ਸੱਚੀ ਵੀ ਹੋਵੇ, ਫੇਕ ਨਾ ਵੀ ਹੋਵੇ ਜੋ ਕਿ  ਲੋਕ ਕਹਿ ਰਹੇ ਹਨ ਕਿਉਂਕਿ ਪੁਲਿਸ ’ਤੇ ਵੀ ਅੰਤਾਂ ਦੇ ਸਵਾਲ ਸਮੇਂ ਸਮੇਂ ’ਤੇ ਖੜੇ ਹੁੰਦੇ ਰਹਿੰਦੇ ਨੇ। ਭਾਵੇਂਕਿ ਕਈ ਦਹਾਕੇ ਬੀਤ ਗਏ ਨੇ ਪੰਜਾਬ ਪੁਲਿਸ ਦੀ ਵਰਿ੍ਹਆਂ ਪਹਿਲਾਂ ਦੀ ਬੁਰਛਾਗਰਦੀ ਲੋਕਾਂ ਦੇ ਦਿਲਾਂ ਦੇ ਵਿੱਚ ਇਮਾਨਦਾਰੀ ਵਾਲੀ ਛਵੀ ਨਹੀਂ ਬਣਾ ਸਕੀ। ਕਤਲੋਗਾਰਤ ਦੇ ਉੱਤੇ ਵੀ ਬਿਜ਼ਨਸ ਖੜੈ ਕਿਉਂਕਿ ਕੋਈ ਸਮਾਂ ਸੀ ਜਦੋਂ ਏਸ ਬਿਜ਼ਨਸ ’ਚ ਹੌਲਦਾਰ ਤੋਂ ਸਿੱਧੇ ਐਸ.ਐਸ.ਪੀ. ਵੀ ਬਣੇ। ਫੇਕ ਐਨਕਾਉਂਟਰ ਦਾ ਦਾਗ਼ ਪੰਜਾਬ ਵਿੱਚ ਕਾਫ਼ੀ ਪੁਰਾਣਾ ਹੈ। ਪਿਛਾਂਹ ਨੂੰ ਝਾਤੀ ਮਾਰੀਏ ਤਾਂ 1970 ਦੇ ਵਿੱਚ ਬਾਬਾ ਬੂੁਝਾ ਸਿੰਘ ਜੀ, ਜੋ ਕਿ 82 ਸਾਲ ਦੇ ਸੀ, ਉਸ ਆਜ਼ਾਦੀ ਘੁਲਾਟੀਏ ਨੂੰ ਪੁਲਿਸ ਨੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਸੀ। ਉਸ ਤੋਂ ਪਹਿਲਾਂ ਵੀ ਬਹੁਤ ਕੁਝ ਹੋਇਆ ਅਤੇ ਹੁਣ ਤੱਕ ਇਹ ਹੁੰਦਾ ਹੀ ਆ ਰਿਹਾ ਹੈ।  ਨੌਜਵਾਨਾਂ ਨੂੰ ਏਨਾ ਕੁ ਕੋਹ ਕੋਹ ਕੇ ਮਾਰਿਆ ਗਿਆ ਕਿ ਤਿੰਨ ਸ਼ਮਸ਼ਾਨਘਾਟਾਂ ਦਾ ਡਾਟਾ ਅੰਮ੍ਰਿਤਸਰ ਤੇ ਪੱਟੀ ਇਲਾਕੇ ਦਾ ਜਸਵੰਤ ਸਿੰਘ ਖਾਲੜਾ ਨੇ ਦਿੱਤਾ ਸੀ ਤੇ ਸੁਪਰੀਮ ਕੋਰਟ ਨੇ ਦੋ ਤੋਂ ਢਾਈ ਹਜ਼ਾਰ ਦੇ ਵਿਚਕਾਰ ਕੇਸਾਂ ’ਤੇ ਮੋਹਰ ਵੀ ਲਗਾਈ ਸੀ ਕਿ ਇਹ ਲਾਸ਼ਾਂ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ ਹਨ।

ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜਨ ਤੋਂ ਪਹਿਲਾਂ ਬਿਆਸ ਦਰਿਆ ਦੇ ਹਵਾਲੇ ਪਤਾ ਨਹੀਂ ਕਿੰਨੀਆਂ ਕੁ ਦੇਹਾਂ ਦਰਿੰਦਿਆਂ ਨੇ ਕਰ ਦਿੱਤੀਆਂ ਸਨ। ਕਈ ਪੀੜ੍ਹੀਆਂ ਸਹਿਮ ਵਿੱਚ ਜਿਉਂਦੀਆਂ ਰਹੀਆਂ। ਸਿਹਤ,  ਸਿੱਖਿਆ ਤੇ ਤਰੱਕੀ ਸਾਡੇ ਹੱਥਾਂ ਵਿਚੋਂ ਰੇਤ ਵਾਂਗੂ ਖਿਸਕ ਗਏ ਪਰ ਲਾਲਚੀ ਪੁਲਿਸ ਅਫ਼ਸਰਾਂ ਦੇ ਮੋਢਿਆਂ ’ਤੇ ਫੀਤੀਆਂ ਲੱਗੀਆਂ, ਵੱਡੇ ਅਹੁਦੇ ਲਏ ਤੇ ਲੀਡਰਾਂ ਨੇ ਸਿਕਿਓਰਟੀਆਂ ਲੈ ਲਈਆਂ। ਇਨਸਾਨਾਂ ਨੂੰ ਗਾਜਰਾਂ- ਮੂਲੀਆਂ ਵਾਂਗ ਕੋਹ ਕੋਹ ਕੇ ਮਾਰਨ ਵਾਲੇ ਬੰਦੇ ਬੰਦਿਆਂ ਤੋਂ ਹੀ ਡਰਨ ਲੱਗ ਪਏ। ਮੁਕਦੀ ਗੱਲ ਇਹ ਹੈ ਕਿ ਅਸੀਂ ਬੀਤੇ ਤੋਂ ਕੀ ਸਿੱਖਿਐ? ਇਹ ਸਿਆਸਤਦਾਨ ਨਫ਼ਰਤ ਦੀ ਅੱਗ ਹੀ ਸੇਕਣ ਲਈ ਨੌਜਵਾਨ ਪੀੜ੍ਹੀ ਨੂੰ ਮਜਬੂਰ ਕਰ ਰਹੇ ਹਨ। ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਸਟੇਟ ਖੇਡ ਰਹੀ ਹੈ। ਸੋ ਭਾਈਚਾਰਾ ਕਾਇਮ ਰੱਖੋ, ਕਿਉਂਕਿ ਪੰਜਾਬ ਦਾ ਭਵਿੱਖ ਏਕਤਾ ਦੇ ਬਲਬੂਤੇ ’ਤੇ ਹੀ ਜਿਉਂਦਾ ਰਿਹਾ ਹੈ ਤੇ ਜਿਉਂਦਾ ਹੈ। 
 

ਸੰਤ ਰਾਮ ਉਦਾਸੀ ਨੇ ਕਿਹਾ ਹੈ ਕਿ 
‘‘ਸਾਨੂੰ ਪਤਾ ਹੈ ਸਾਹਾਂ ਦਾ ਅੰਤ ਸਾਡਾ
ਹੋਣਾ ਨਹਿਰ ਜਾਂ ਕਿਸੇ ਡਰੇਨ ਦਾ ਪੁਲ
ਮੇਰੇ ਦੋਸਤੋ ਕੈਸਾ ਮੁਕਾਬਲਾ ਹੈ
ਸੌ ਬੋਕ ਤੇ ’ਕੱਲਾ ਸਰੋਂ ਦਾ ਫ਼ੁੱਲ’’

 

ਸੰਪਾਦਕੀ