ਫੁੱਟਪਾਊ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ

ਫੁੱਟਪਾਊ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ

ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਸੰਸਦੀ ਹਲਕੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਕਿਸਾਨਾਂ ਤੇ ਸਿੱਖਾਂ ਬਾਰੇ ਦਿੱਤੇ ਗਏ ਵਿਵਾਦਮਈ ਬਿਆਨ ਅਤੇ ਉਸ ਦੀ ਫ਼ਿਲਮ ਐਮਰਜੈਂਸੀ ਕਾਰਨ ਭਾਰਤ ਵਿੱਚ ਸਿਆਸੀ ਉਬਾਲ ਆਇਆ ਹੋਇਆ ਹੈ।

ਕੰਗਨਾ ਦੀ ਫ਼ਿਲਮ ਅਤੇ ਉਸਦੇ ਵਿਵਾਦਮਈ ਬਿਆਨ ਦਾ ਸਿੱਖ ਹਲਕਿਆਂ ਅਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ਵੀ ਕੰਗਨਾ ਦੇ ਕਿਸਾਨਾਂ ਬਾਰੇ ਬਿਆਨ ਕਾਰਨ ਹੰਗਾਮਾ ਹੋਇਆ। ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ਕੰਗਨਾ ਦੀ ਟਿੱਪਣੀ ’ਤੇ ਵਿਰੋਧ ਵਾਲਾ ਮਤਾ ਪੇਸ਼ ਕੀਤਾ ਗਿਆ ਅਤੇ ਇੱਕ ਮੰਤਰੀ ਵੱਲੋਂ ਕੰਗਨਾ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਕੰਗਨਾ ਦੀ ਫ਼ਿਲਮ ‘ਐਮਰਜੈਂਸੀ’ ਵਿੱਚ ਸਿੱਖਾਂ ਬਾਰੇ ਗਲਤ ਤੱਥ ਪੇਸ਼ ਕੀਤੇ ਗਏ ਹਨ ਅਤੇ ਸਿੱਖਾਂ ਨੂੰ ਵੱਖਵਾਦੀ ਵਜੋਂ ਪੇਸ਼ ਕੀਤਾ ਗਿਆ ਹੈ। ਅਨੇਕਾਂ ਸਿੱਖ ਆਗੂ ਕਹਿ ਰਹੇ ਹਨ ਕਿ ਇਸ ਫ਼ਿਲਮ ਵਿੱਚ ਸੰਤ ਭਿੰਡਰਾਂਵਾਲਿਆਂ ਬਾਰੇ ਵੀ ਗਲਤ ਤੱਥ ਪੇਸ਼ ਕੀਤੇ ਗਏ ਹਨ। ਸਿੱਖ ਭਾਈਚਾਰੇ ਦੇ ਰੋਸ ਕਾਰਨ ਇਸ ਫ਼ਿਲਮ ’ਤੇ ਫਿਲਹਾਲ ਸੈਂਸਰ ਬੋਰਡ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਕੰਗਨਾ ਵੱਲੋਂ ਸਿੱਖਾਂ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ ਵੇਲੇ ਵੀ ਉਹ ਕਈ ਵਾਰ ਕਿਸਾਨਾਂ ਨੂੰ ਵੱਖਵਾਦੀ ਅਤੇ ਅਜਿਹਾ ਹੀ ਹੋਰ ਬਹੁਤ ਕੁਝ ਕਹਿ ਚੁੱਕੀ ਹੈ। ਵੱਖ- ਵੱਖ ਸਮੇਂ ਅਕਸਰ ਕੰਗਨਾ ਵੱਲੋਂ ਕਿਸਾਨਾਂ ਖਾਸ ਕਰਕੇ ਸਿੱਖਾਂ ਖ਼ਿਲਾਫ਼ ਬਿਆਨਬਾਜ਼ੀ ਕੀਤੀ ਜਾਂਦੀ ਹੈ। ਉਸ ਦੀ ਅਜਿਹੀ ਬਿਆਨਬਾਜ਼ੀ ਕਾਰਨ ਸਭ ਤੋਂ ਜਿਆਦਾ ਸਵਾਲ ਭਾਜਪਾ ਉੱਪਰ ਉੱਠਦੇ ਹਨ।

ਭਾਰਤ ਵਿੱਚ ਭਾਜਪਾ ਨੂੰ ਅਕਸਰ ਸਭ ਤੋਂ ਵੱਧ ਅਨੁਸ਼ਾਸਨ ਵਾਲੀ ਸਿਆਸੀ ਪਾਰਟੀ ਕਿਹਾ ਜਾਂਦਾ ਹੈ, ਪਰ ਉਸ ਦੀ ਹੀ ਆਗੂ ਵੱਲੋਂ ਜਿਸ ਤਰ੍ਹਾਂ ਦੇ ਵਿਵਾਦਮਈ ਬਿਆਨ ਅਕਸਰ ਦਿੱਤੇ ਜਾਂਦੇ ਹਨ, ਉਸ ਤੋਂ ਭਾਜਪਾ ਦੇ ਅੰਦਰੂਨੀ ਅਨੁਸ਼ਾਸਨ ’ਤੇ ਹੀ ਵੱਡੇ ਸਵਾਲ ਖੜੇ ਹੋ ਜਾਂਦੇ ਹਨ। ਭਾਵੇਂ ਕਿ ਭਾਜਪਾ ਵੱਲੋਂ ਹੁਣ ਕੰਗਨਾ ਦੇ ਬਿਆਨ ਤੋਂ ਪੱਲਾ ਝਾੜ ਲਿਆ ਗਿਆ ਹੈ, ਪਰ ਸਭ ਨੂੰ ਪਤਾ ਹੈ ਕਿ ਭਾਜਪਾ ਵੱਲੋਂ ਅਜਿਹਾ ਹਰਿਆਣਾ ਵਿਧਾਨ ਸਭਾ ਚੋਣਾਂ ਕਾਰਨ ਕੀਤਾ ਗਿਆ ਹੈ ਕਿਉਂਕਿ ਜਿਸ ਸਮੇਂ ਕੰਗਨਾ ਦਾ ਇਹ ਬਿਆਨ ਆਇਆ ਹੈ, ਉਸ ਸਮੇਂ ਦੌਰਾਨ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਕੰਗਨਾ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਵਿਵਾਦਮਈ ਅਤੇ ਭੜਕਾਊ ਬਿਆਨ ਦਿੱਤੇ ਜਾ ਰਹੇ ਹਨ ਪਰ ਉਸ ਵਿਰੁੱਧ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਸਦਾ ਹੌਂਸਲਾ ਵਧ ਗਿਆ ਹੈ। 

ਸਿਰਫ਼ ਕੰਗਨਾ ਹੀ ਨਹੀਂ ਸਗੋਂ ਭਾਜਪਾ ਦੇ ਅਨੇਕਾਂ ਹੋਰ ਆਗੂੁ ਵੀ ਅਕਸਰ ਭੜਕਾਊ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਅਜਿਹੇ ਨੇਤਾਵਾਂ ਦਾ ਇੱਕੋ ਇੱਕ ਮਕਸਦ ਆਪਣੀ ਰਾਜਨੀਤੀ ਚਮਕਾਉਣਾ ਹੁੰਦੀ ਹੈ। ਇਹ ਆਗੂ ਅਕਸਰ ਸੁਰਖ਼ੀਆਂ ਵਿੱਚ ਆਉਣ ਲਈ ਭੜਕਾਊ ਬਿਆਨਬਾਜ਼ੀ ਕਰਕੇ ਭਾਈਚਾਰਕ ਸਾਂਝ ਨੂੰ ਖੋਰਾ ਲਗਾ ਦਿੰਦੇ ਹਨ, ਜਿਸ ਦਾ ਇਹਨਾਂ ਨੂੰ ਭੋਰਾ ਵੀ ਅਹਿਸਾਸ ਨਹੀਂ ਹੁੰਦਾ। ਅਜਿਹੇ ਆਗੂਆਂ ਦੇ ਭੜਕਾਊ ਬਿਆਨਾਂ ਕਾਰਨ ਕਈ ਵਾਰ ਦੋ ਧਰਮਾਂ ਦੇ ਪੈਰੋਕਾਰਾਂ ਵਿਚਾਲੇ ਦੰਗੇ ਵੀ ਭੜਕ ਜਾਂਦੇ ਹਨ ਅਤੇ ਅਮਨ ਕਾਨੂੰਨ ਦੀ ਸਥਿਤੀ ਗੰਭੀਰ ਹੋ ਜਾਂਦੀ ਹੈ। ਅਨੇਕਾਂ ਸਿਆਸੀ ਆਗੂ ਅਤੇ ਸ਼ਰਾਰਤੀ ਅਨਸਰ ਅਜਿਹੇ ਵੀ ਹਨ, ਜੋ ਕਿ ਪੰਜਾਬ ਵਿਰੋਧੀ ਤਾਕਤਾਂ ਨਾਲ ਤਾਲਮੇਲ ਕਰਕੇ ਅਕਸਰ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੀ ਬਿਆਨਬਾਜ਼ੀ ਕਰਦੇ ਹਨ ਅਤੇ ਲਗਾਤਾਰ ਅਜਿਹੀਆਂ ਹਰਕਤਾਂ ਕਰਦੇ ਹਨ, ਜਿਸ ਕਾਰਨ ਸਿੱਖ ਭੜਕ ਜਾਣ। ਇਸ ਸਮੇਂ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਵਿੱਚ ਨਹੀਂ ਆਉਣਾ ਚਾਹੀਦਾ। ਕੰਗਨਾ ਅਤੇ ਉਸਦੀ ਫ਼ਿਲਮ ਖ਼ਿਲਾਫ਼ ਕਾਨੂੰਨੀ ਲੜਾਈ ਪੂਰੀ ਤਿਆਰੀ ਨਾਲ ਸੁਚੇਤ ਹੋ ਕੇ ਲੜਨੀ ਚਾਹੀਦੀ ਹੈ। ਅਜਿਹੀਆਂ ਪੰਜਾਬ ਦੋਖੀ ਤਾਕਤਾਂ ਦਾ ਮੁਕਾਬਲਾ ਕਰਨ ਹੀ ਸਾਰੀਆਂ ਪੰਥਕ ਤੇ ਕਿਸਾਨ ਧਿਰਾਂ ਨੂੰ ਆਪਸੀ ਏਕੇ ਦੀ ਲੋੜ ਹੈ ਤਾਂ ਕਿ ਫੁਟਪਾਊ ਤਾਕਤਾਂ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ। ਪੱਛਮੀ ਬੰਗਾਲ ਦੀ ਸੰਸਦ ’ਚ ਜਬਰ ਜਨਾਹ ਵਿਰੋਧੀ ਬਿੱਲ ਪਾਸ

ਪੱਛਮੀ ਬੰਗਾਲ ਦੇ ਵਿੱਚ ਮੰਗਲਵਾਰ ਵਾਲੇ ਦਿਨ ਵਿਧਾਨ ਸਭਾ ਵਿੱਚ ਐਂਟੀ ਰੇਪ ਬਿੱਲ ਪਾਸ ਹੋ ਗਿਆ। ਬਿੱਲ ਦੇ ਮੁਤਾਬਿਕ ਪਹਿਲੀ ਰਿਪੋਰਟ ਦਰਜ ਹੋਣ ਦੇ 21 ਦਿਨ ਦੇ ਅੰਦਰ ਟਰੈਲ ਪੂਰਾ ਹੋਣਾ ਚਾਹੀਦਾ ਹੈ। ਇਸ ਬਿੱਲ ਨੂੰ ਪੱਛਮੀ ਬੰਗਾਲ ਦੇ ਕਾਨੂੰਨ ਮੰਤਰੀ ਮੈਲੋ ਘਟਕ ਨੇ ਸੰਸਦ ਵਿੱਚ ਰੱਖਿਆ। ਬੰਗਾਲ ਸਰਕਾਰ ਨੇ ਕਿਹਾ ਹੈ ਕਿ ਕਾਨੂੰਨ ਵਿਵਸਥਾ ਰਾਜ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਇਸ ਲਈ ਸਰਕਾਰ ਮੌਜੂਦਾ ਕਾਨੂੰਨ ’ਚ ਸੋਧ ਕਰ ਸਕਦੀ ਹੈ ਤਾਂ ਜੋ ਪੀੜਤਾ ਨੂੰ ਜਲਦੀ ਇਨਸਾਫ਼ ਮਿਲ ਸਕੇ। ਬਿੱਲ ਪੇਸ਼ ਕਰਨ ਤੋਂ ਬਾਅਦ ਇਸ ’ਤੇ ਚਰਚਾ ਵੀ ਹੋਈ ਤੇ ਬਹਿਸਬਾਜ਼ੀ ਵੀ ਹੋਈ। ਹਾਲਾਂਕਿ ਬਿੱਲ ਦੇ ਹੱਕ ਦੇ ਵਿੱਚ ਵਿਰੋਧੀ ਧਿਰ ਨੇ ਸਮਰਥਨ ਦਿੱਤਾ ਹੈ ਪਰ ਨਾਲ ਹੀ ਮਮਤਾ ਬੈਨਰਜੀ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ। ਜਵਾਬ ਦੇ ਵਿੱਚ ਮਮਤਾ ਬੈਨਰਜੀ ਨੇ ਕਿਹਾ ਮੇਰੇ ਤੋਂ ਪਹਿਲਾ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਹੈ। ਇਸ ਬਿੱਲ ਤਹਿਤ ਦੋਸ਼ੀ ਨੂੰ ਮੌਤ ਦੀ ਸਜ਼ਾ ਅਤੇ ਜੁਰਮਾਨਾ ਦੋਵੇਂ ਹੀ ਨਿਸ਼ਚਿਤ ਕੀਤੇ ਗਏ ਹਨ। ਕੋਈ ਵੀ ਪੀੜਤ ਹੋਵੇ ਉਸ ਦੀ ਤਸਵੀਰ ਜਨਤਕ ਕਰਨ ਉੱਤੇ ਰੋਕ ਲਗਾ ਦਿੱਤੀ ਗਈ ਹੈ। ਫਿਰ ਵੀ ਜੇ ਕੋਈ ਕਰਦਾ ਹੈ ਤਾਂ ਉਸ ਲਈ ਸਜ਼ਾ ਨਿਸ਼ਚਿਤ ਕੀਤੀ ਗਈ ਹੈ। ਜੇਕਰ ਰੇਪ ਪੀੜਤਾ ਕੋਮਾ ਵਿੱਚ ਜਾਂਦੀ ਹੈ ਜਾਂ ਮੌਤ ਹੋ ਜਾਂਦੀ ਹੈ ਤਾਂ 10 ਦਿਨਾਂ ਦੇ ਅੰਦਰ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ। ਇਹ ਬਿੱਲ ਉਸ ਸਮੇਂ ਆਇਆ ਹੈ ਜਦੋਂ ਕੱਲਕਾਤਾ ’ਚ ਟ੍ਰੇਨੀ ਡਾਕਟਰ ਦੇ ਰੇਪ ਅਤੇ ਹੱਤਿਆ ਤੋਂ ਬਾਅਦ ਲਗਾਤਾਰ ਦੇਸ਼ ਭਰ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਲੋਕਾਂ ਵਿੱਚ ਕਾਫ਼ੀ ਨਾਰਾਜ਼ਗੀ ਹੈ, ਇਸ ਲਈ ਵਿਧਾਨ ਸਭਾ ਦੇ ਅੰਦਰ ਇੱਕ ਸੈਪਸ਼ਲ ਸੈਸ਼ਨ ਵੀ ਬੁਲਾਇਆ ਗਿਆ ਸੀ। ਇਸ ਬਿੱਲ ਨੂੰ ਰਾਜਪਾਲ ਅਤੇ ਰਾਸ਼ਟਰਪਤੀ ਕੋਲ ਮਨਜ਼ੂਰੀ ਲਈ ਭੇਜਿਆ ਜਾਵੇਗਾ। ਹਾਲ ਦੀ ਘੜੀ ਇਹ ਮਾਮਲਾ ਸੀ.ਬੀ.ਆਈ. ਕੋਲ ਹੈ। ਟ੍ਰੇਨੀ ਡਾਕਟਰ ਦੇ ਰੇਪ ਅਤੇ ਹੱਤਿਆ ਮਾਮਲੇ ’ਚ ਇਕ ਦੋਸ਼ੀ ਸੰਜੇ ਰਾਏ ਦੀ ਗ੍ਰਿਫ਼ਤਾਰੀ ਵੀ ਹੋਈ ਹੈੇ। ਜਾਂਚ ਅਜੇ ਵੀ ਜਾਰੀ ਹੈ। ਇਸ ਕੇਸ ਨੂੰ ਲੈ ਕੇ ਵਿਰੋਧੀ ਧਿਰ ਸ਼ੁਰੂ ਤੋਂ ਹੀ ਮਮਤਾ ਸਰਕਾਰ ’ਤੇ ਹਾਵੀ ਰਹੀ ਹੈ। ਸਰਕਾਰ ਨੂੰ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਲਗਾਤਾਰ ਕਰਨਾ ਪੈ ਰਿਹਾ ਹੈ। ਤਿੰਨ ਹਫ਼ਤਿਆਂ ਤੋਂ ਵੱਧ ਦਾ ਸਮਾਂ ਨਿਕਲ ਗਿਆ ਹੈ ਪਰ ਇਸ ਮਾਮਲੇ ਵਿੱਚ ਕਈ ਸਵਾਲ ਅਜਿਹੇ ਨੇ ਜੋ ਅਜੇ ਅਣਸੁਲਝੇ ਹਨ।

 

ਸੰਪਾਦਕੀ