ਕੈਲੀਫੋਰਨੀਆ ਵਿਚ ਟਰੰਪ ਦੀ ਰੈਲੀ ਵਾਲੇ ਸਥਾਨ 'ਤੇ ਪੁਲਿਸ ਵੱਲੋਂ ਇਕ ਸ਼ੱਕੀ ਗ੍ਰਿਫਤਾਰ
ਸ਼ੱਕੀ ਨੇ ਕਿਹਾ ਉਹ ਟਰੰਪ ਦਾ ਕੱਟੜ ਸਮਰਥਕ ਪਰੰਤੂ ਪੁਲਿਸ ਨੇ ਆਪਣੀ ਕਾਰਵਾਈ ਨੂੰ ਜਾਇਜ਼ ਕਰਾਰ ਦਿੱਤਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਲਾਸ ਵੇਗਾਸ ਪੁਲਿਸ ਵੱਲੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਰੈਲੀ ਵਾਲੇ ਸਥਾਨ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਹ ''ਸੌਵਰਨ ਸਿਟੀਜ਼ਨ ਮੂਵਮੈਂਟ'' ਨਾਲ ਸਬੰਧਤ ਹੈ ਤੇ ਉਹ ਟਰੰਪ ਲਈ ਖਤਰਾ ਬਣ ਸਕਦਾ ਹੈ। ਇਸੇ ਦੌਰਾਨ ਗ੍ਰਿਫਤਾਰ ਵਿਅਕਤੀ 49 ਸਾਲਾ ਵੇਮ ਮਿਲਰ ਨੇ ਇਕ ਆਨ ਲਾਈਨ ਵੀਡੀਓ ਬਿਆਨ ਵਿਚ ਪੁਲਿਸ ਦੇ ਦਾਅਵੇ ਨੂੰ ਝੂਠਾ ਤੇ ਅਪਮਾਨਜ਼ਨਕ ਦਸਿਆ ਹੈ ਤੇ ਕਿਹਾ ਹੈ ਕਿ ਉਹ ਰਿਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਟਰੰਪ ਦਾ ਕੱਟੜ ਸਮਰਥਕ ਹੈ। ਮਿਲਰ ਨੇ ਅਧਿਕਾਰੀਆਂ ਵਿਰੁੱਧ ਮੁਕੱਦਮਾ ਦਾਇਰ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਮਿਲਰ ਨੇ ਕਿਹਾ ਹੈ ਕਿ ਮੈ ਆਨ ਲਾਈਨ ਬਿਆਨ ਇਸ ਲਈ ਜਾਰੀ ਕੀਤਾ ਹੈ ਕਿਉਂਕਿ ਮੈਨੂੰ ਆਏ ਫੋਨਾਂ ਤੋਂ ਪਤਾ ਲੱਗਾ ਹੈ ਕਿ ਪੁਲਿਸ ਅਧਿਕਾਰੀਆਂ ਵੱਲੋਂ ਮੇਰੇ ਬਾਰੇ ਝੂਠੇ ਤੇ ਅਪਮਾਨਜ਼ਨਕ ਬਿਆਨ ਜਾਰੀ ਕੀਤੇ ਗਏ ਹਨ। ਦੂਸਰੇ ਪਾਸੇ ਪੁਲਿਸ ਆਪਣੇ ਬਿਆਨ 'ਤੇ ਕਾਇਮ ਹੈ। ਰਿਵਰਸਾਈਡ ਕਾਊਂਟੀ ਸ਼ੈਰਿਫ ਚਾਡ ਬਿਆਨਕੋ ਨੇ ਕਿਹਾ ਹੈ ਕਿ ਉਹ ਆਪਣੇ ਬਿਆਨ ਅਤੇ ਵਿਭਾਗ ਦੁਆਰਾ ਕੀਤੀ ਕਾਰਵਾਈ 'ਤੇ ਕਾਇਮ ਹੈ। ਉਨਾਂ ਕਿਹਾ ਕਿ ਜੇਕਰ ਭਵਿੱਖ ਵਿਚ ਵੀ ਅਜਿਹਾ ਕੁਝ ਵਾਪਰਦਾ ਹੈ ਤਾਂ ਉਹ ਮਾਮਲੇ ਨੂੰ ਇਸੇ ਢੰਗ ਤਰੀਕੇ ਨਾਲ ਨਜਿੱਠਣਗੇ।
ਵੀਡੀਓ ਬਿਆਨ ਵਿਚ ਮਿਲਰ ਨੇ ਕਿਹਾ ਹੈ ਕਿ '' ਉਸ ਨੇ 2022 ਵਿਚ ਇਕ ਰਿਪਬਲੀਕਨ ਵਜੋਂ ਦਫਤਰ ਦਾ ਕੰਮ ਕੀਤਾ ਸੀ। 2000 ਤੋਂ ਉਹ ਨੇਵਾਡਾ ਵਿਚ ਰਿਪਬਲੀਕਨ ਪਾਰਟੀ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਂਦਾ ਆ ਰਿਹਾ ਹੈ। ਮੈ ਟਰੰਪ ਲਈ ਵੋਟਾਂ ਜੁਟਾ ਰਿਹਾ ਹਾਂ ਤੇ ਮੈ ਟਰੰਪ ਟੀਮ ਦਾ ਆਗੂ ਵੀ ਹਾਂ।'' ਉਸ ਨੇ ਹੋਰ ਕਿਹਾ ਹੈ ਕਿ ਨੇਵਾਡਾ ਰਿਪਬਲੀਕਨ ਪਾਰਟੀ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤੇ ਜਾਣ ਉਪਰੰਤ ਉਸ ਨੇ ਰਿਵਰਸਾਈਡ ਕਾਊਂਟੀ ਵਿਚ ਕੈਲਹੌਨ ਰੈਂਚ ਵਿਖੇ ਟਰੰਪ ਦੀ ਰੈਲੀ ਵਿਚ ਸ਼ਾਮਿਲ ਹੋਣ ਦਾ ਨਿਰਨਾ ਲਿਆ ਸੀ। ਨੇਵਾਡਾ ਵਿਚਲੇ ਰਿਪਬਲੀਕਨ ਪਾਰਟੀ ਦੇ ਅਹੁੱਦੇਦਾਰਾਂ ਨੇ ਮਿਲਰ ਦੇ ਬਿਆਨ 'ਤੇ ਆਪਣਾ ਕੋਈ ਪ੍ਰਤੀਕਰਮ ਨਹੀਂ ਦਿੱਤਾ।
Comments (0)