ਡੇਰਾ ਪ੍ਰੇਮੀ ਨੇ ਬੇਅਦਬੀ ਦੇ ਮੁੱਖ ਗਵਾਹ ਨੂੰ ਕੱਢੀਆਂ ਗਾਲਾਂ
*ਪੰਥਕ ਜਥੇਬੰਦੀਆਂ ਸਿੰਘ ਦੇ ਹੱਕ ਵਿਚ ਨਿਤਰੀਆਂ
*ਪਿੰਡ ਪੁਲਿਸ ਛਾਉਣੀ ਵਿਚ ਤਬਦੀਲ
ਅੰਮ੍ਰਿਤਸਰ ਟਾਈਮਜ਼
ਬਾਘਾਪੁਰਾਣਾ : ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਵਿਚ 4 ਨਵੰਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮੁੱਖ ਗਵਾਹ ਗੁਰਸੇਵਕ ਸਿੰਘ ਫੌਜੀ ਨਾਲ ਡੇਰਾ ਪ੍ਰੇਮੀਆਂ ਵੱਲੋਂ ਗਾਲੀ ਗਲੋਚ ਕਰਨ ਦਾ ਮਸਲਾ ਵਿਗਡ਼ ਰਿਹਾ ਹੈ। ਪੀਡ਼ਤ ਨੇ ਸਿੱਖ ਜਥੇਬੰਦੀਆਂ ਨਾਲ ਸੰਪਰਕ ਕੀਤਾ ਹੈ। ਫਿਰ ਪੁਲਿਸ ਨੇ ਪਹੁੰਚ ਕੇ ਪਿੰਡ ਮੱਲਕੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਹੈ।
ਇਸ ਬਾਰੇ ਗੁਰਸੇਵਕ ਸਿੰਘ ਫੌਜੀ ਨੇ ਦੱਸਿਆ ਕਿ ਸ਼ਨਿੱਚਰਵਾਰ ਸਵੇਰੇ ਜਦੋਂ ਆਪਣੇ ਖੇਤ ਜਾ ਰਿਹਾ ਸੀ ਤਾਂ ਅਮਰਦੀਪ ਸਿੰਘ ਦੀਪਾ ਦੇ ਪਿਤਾ ਸੁਖਮੰਦਰ ਸਿੰਘ ਨੇ ਕਿਹਾ, ‘‘ਤੂੰ ਗਵਾਹੀ ਦੇ ਕੇ ਸਾਡਾ ਕੀ ਕਰ ਲਿਆ’’? ਫਿਰ ਉਹ ਗਾਲੀ-ਗਲੋਚ ਮਗਰੋਂ ਭੱਦੀ ਸ਼ਬਦਾਵਲੀ ’ਤੇ ਉਤਰ ਆਇਆ।
ਸੋਸ਼ਲ ਮੀਡੀਆ ਰਾਹੀਂ ਘਟਨਾ ਬਾਰੇ ਪਤਾ ਲੱਗਣ ’ਤੇ ਸਿੱਖ ਜਥੇਬੰਦੀਆਂ ਦੇ ਕਾਰਕੁਨ ਪਿੰਡ ਮੱਲਕੇ ਪਹੁੰਚਣੇ ਸ਼ੁਰੂ ਹੋ ਗਏ। ਓਧਰ ਡੀਐੱਸਪੀ ਬਾਘਾਪੁਰਾਣਾ ਜਸਜੋਤ ਸਿੰਘ, ਡੀਐੱਸਪੀ ਕੋਟਕਪੂਰਾ ਸ਼ਮਸ਼ੇਰ ਸਿੰਘ ਸ਼ੇਰਗਿੱਲ ਤੇ ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਜਤਿੰਦਰ ਸਿੰਘ ਨੇ ਸਾਥੀ ਪੁਲਿਸ ਮੁਲਾਜ਼ਮਾਂ ਦੇ ਨਾਲ ਪਿੰਡ ਮੱਲਕੇ ਦੇ ਹਰ ਰਸਤੇ ਨੂੰ ਸੀਲ ਕੀਤਾ ਹੈ। ਪਿੰਡ ਮੱਲਕੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਗਿਆ ਹੈ। ਇਸ ਸਮੇਂ ਸਮਾਲਸਰ ਪੁਲਿਸ ਨੇ ਡੇਰਾ ਪ੍ਰੇਮੀ ਸੁਖਮੰਦਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਮੱਲਕੇ ਨੂੰ ਕਾਰਜਕਾਰੀ ਮੈਜਿਸਟ੍ਰੇਟ-ਕਮ-ਤਹਿਸੀਲਦਾਰ ਬਾਘਾਪੁਰਾਣਾ ਦੀ ਅਦਾਲਤ ਵਿਚ ਪੇਸ਼ ਕਰ ਕੇ ਮੋਗਾ ਜੇਲ੍ਹ ਭੇਜ ਦਿੱਤਾ ਹੈ।
ਇਹ ਹੈ ਪੁਰਾਣਾ ਮਾਮਲਾ
ਜ਼ਿਕਰਯੋਗ ਹੈ ਕਿ ਨਵੰਬਰ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਦੀ ਜਾਂਚ ਲਈ ਪੰਜਾਬ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਸ਼ਨਾਖ਼ਤ ਕੀਤੇ ਜਾਣ ’ਤੇ ਬੀਤੀ 7 ਜੁਲਾਈ ਨੂੰ ਜ਼ਿਲ੍ਹਾ ਜੁਡੀਸ਼ੀਅਲ ਅਦਾਲਤ ਨੇ ਕਥਿਤ ਡੇਰਾ ਪ੍ਰੇਮੀਆਂ ਨੂੰ ਤਿਨ-ਤਿੰਨ ਸਾਲ ਦੀ ਸਜ਼ਾ ਤੇ ਪੰਜ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ, ਫਿਰ ਜ਼ਮਾਨਤ ਮਿਲ ਗਈ ਸੀ।
ਸਿੱਖ ਜਥੇਬੰਦੀਆਂ ਵੱਲੋਂ ਪੁੱਜੇ ਭਾਈ ਸੁਖਜੀਤ ਸਿੰਘ ਖੋਸਾ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਦਲੇਰ ਸਿੰਘ ਡੋਡ, ਰਾਜਾ ਸਿੰਘ ਖੁਖਰਾਣਾ, ਜਗਸੀਰ ਸਿੰਘ ਰਾਜੇਆਣਾ, ਮੱਖਣ ਸਿੰਘ ਮੁਸਾਫ਼ਰ ਸਮਾਲਸਰ, ਵੀਰਪਾਲ ਸਿੰਘ ਸਮਾਲਸਰ, ਡਾ. ਬਲਵੀਰ ਸਿੰਘ ਸਰਾਵਾਂ, ਭੋਲਾ ਸਿੰਘ ਥਰਾਜ, ਗੁਰਭਾਗ ਸਿੰਘ ਮਰੂਡ਼, ਭਾਈ ਦਵਿੰਦਰ ਸਿੰਘ ਹਰੀਏ ਵਾਲਾ, ਗੁਰਪਰੀਤ ਸਿੰਘ ਜਿਊਣਵਾਲਾ ਆਦਿ ਤੋਂ ਇਲਾਵਾ ਹੋਰ ਕਾਰੁਕੁਨ ਹਾਜ਼ਰ ਸਨ।
Comments (0)