ਕੰਟਰੈਕਟ ਵਿਆਹ ਲਈ ਅੰਡਰ ਗ੍ਰੈਜੂਏਟ ਦੀ ਥਾਂ ਗਰੈਜੂਏਟ ਕੁੜੀਆਂ ਦੀ ਮੰਗ ਵਧੀ

 ਕੰਟਰੈਕਟ ਵਿਆਹ ਲਈ ਅੰਡਰ ਗ੍ਰੈਜੂਏਟ ਦੀ ਥਾਂ ਗਰੈਜੂਏਟ ਕੁੜੀਆਂ ਦੀ ਮੰਗ ਵਧੀ

ਮਾਮਲਾ ਵਿਦੇਸ਼ ਸੈਟਲ ਹੋਣ ਦਾ

*ਕੈਨੇਡਾ ਨੇ ਨਿਯਮਾਂ ਵਿਚ ਬਦਲਾਅ ਹੋਣ ਕਾਰਣ ਇਹ ਝੁਕਾਅ ਹੋਇਆ

*ਸਮਝੌਤਾ ਵਿਆਹਾਂ’ ਵਿਚ ਹੋ ਰਹੇ ਨੇ  ਫਰਾਡ ,  ਖਰਚਾ ਲੈ ਕੇ ਵਿਦੇਸ਼ ਜਾਣ ਮਗਰੋਂ ਮੁੱਕਰ ਜਾਂਦੀਆਂ ਨੇ ਨੱਢੀਆਂ

ਪੰਜਾਬ ਵਿਚ ਹੁਣ ‘ਬੈਂਡ ਗਰਲਜ਼’ ਦੀ ਵੁੱਕਤ ਘਟੀ ਹੈ ਜਿਨ੍ਹਾਂ ਦਾ ਲੜ ਫੜ ਕੇ ਨੌਜਵਾਨ ਵਿਦੇਸ਼ ਪੱਕਾ ਹੋਣ ਦਾ ਅਰਮਾਨ ਪਾਲਦੇ ਸਨ। ਵਕਤ ਨੂੰ ਹੁਣ ਮੋੜਾ ਪਿਆ ਹੈ। ਜਿਨ੍ਹਾਂ ਬਾਰ੍ਹਵੀਂ ਪਾਸ ਲੜਕੀਆਂ ਦੇ ਪੱਲੇ ਆਇਲਸ (ਆਇਲੈਟਸ) ਦੇ ਬੈਂਡ ਵੀ ਹਨ, ਪਰ ਉਨ੍ਹਾਂ ਨੂੰ ਵਿਦੇਸ਼ ਪੜ੍ਹਾਈ ਦਾ ਕੋਈ ਖਰਚਾ ਚੁੱਕਣ ਵਾਲਾ ਲੜਕਾ ਨਹੀਂ ਲੱਭ ਰਿਹਾ ਹੈ। ਕੈਨੇਡਾ ਨੇ ਨਿਯਮਾਂ ’ਚ ਸਖ਼ਤੀ ਕਰਕੇ ਵਿਦੇਸ਼ ਉਡਾਰੀ ਦੀਆਂ ਸੱਧਰਾਂ ਨੂੰ ਮਧੋਲਿਆ ਹੈ। ਕੋਈ ਸਮਾਂ ਸੀ ਜਦੋਂ ਬਾਰ੍ਹਵੀਂ ਪਾਸ ਆਇਲਸ ਬੈਂਡ ਪ੍ਰਾਪਤ ਲੜਕੀ ਲਈ ਕਤਾਰ ਲੱਗ ਜਾਂਦੀ ਸੀ।

ਸਮੁੱਚੇ ਪੰਜਾਬ ਵਿਚ ਇਹ ਰੁਝਾਨ ਰਿਹਾ ਹੈ ਕਿ ਆਇਲਸ ਬੈਂਡ ਵਾਲੀਆਂ ਲੜਕੀਆਂ ਦੇ ਮਾਪੇ ਓਦਾਂ ਦਾ ਵਰ ਤਲਾਸ਼ਦੇ ਸਨ ਜਿਹੜੇ ਲੜਕੀ ਦੀ ਵਿਦੇਸ਼ ਪੜ੍ਹਾਈ ਦਾ ਖਰਚਾ ਚੁੱਕਣ ਨੂੰ ਤਿਆਰ ਹੁੰਦੇ ਸਨ। ਕੈਨੇਡਾ ਨੇ ਹੁਣ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਵਿਦੇਸ਼ ਪੜ੍ਹਾਈ ਕਰਨ ਵਾਲੀ ਗਰੈਜੂਏਟ ਲੜਕੀ ਹੀ ਆਪਣੇ ਜੀਵਨ ਸਾਥੀ ਨੂੰ ਵਿਦੇਸ਼ ਬੁਲਾ ਸਕੇਗੀ। ਨਤੀਜਾ ਇਹ ਨਿਕਲਿਆ ਹੈ ਕਿ ਬੈਂਡਾਂ ਵਾਲੀਆਂ ਬਾਰ੍ਹਵੀਂ ਪਾਸ ਲੜਕੀਆਂ ਨੂੰ ਅਜਿਹੇ ਵਰ ਨਹੀਂ ਮਿਲ ਰਹੇ ਹਨ। ਹੁਣ ਗਰੈਜੂਏਟ ਲੜਕੀਆਂ ਦੀ ਪੁੱਛ ਵਧੀ ਹੈ। ਕਿਉਂਕਿ ਗ੍ਰੈਜੂਏਟ ਲੜਕੀ ਆਪ  ਤੇ ਪਰਿਵਾਰ ਸਹਿਤ ਕੈਨੇਡਾ  ਪੀਆਰ ਲੈ ਸਕਦੀ ਹੈ।ਨਵੇਂ ਨਿਯਮ ਅੰਡਰ-ਗਰੈਜੂਏਟ ਕੋਰਸਜ਼ ਲਈ ਜਾ ਰਹੀਆਂ ਨਵੀਆਂ ਕੁੜੀਆਂ ਆਪਣੇ ਪਤੀ ਨੂੰ ਨਾਲ ਜਾਂ ਪੜ੍ਹਾਈ ਦੇ ਦੌਰਾਨ ਕੈਨਡਾ ਨਹੀਂ ਸੱਦ ਸਕਣਗੀਆਂ।

ਮੋਗਾ ਦੇ ਪਿੰਡ ਸੈਦੋਕੇ ਦਾ ਮੈਰਿਜ ਬਿਊਰੋ ਚਾਲਕ ਮਨਦੀਪ ਕੁਮਾਰ ਦੱਸਦਾ ਹੈ ਕਿ ਹੁਣ ਉਹ ਬੈਂਡ ਵਾਲੀਆਂ ਬਾਰ੍ਹਵੀਂ ਪਾਸ ਲੜਕੀਆਂ ਦੇ ਕੇਸ ਲੈਣੋਂ ਹਟ ਗਏ ਹਨ ਕਿਉਂਕਿ ਲੜਕਿਆਂ ਦੀ ਦਿਲਚਸਪੀ ਹੁਣ ਗਰੈਜੂਏਟ ਲੜਕੀਆਂ ਵੱਲ ਹੋ ਗਈ ਹੈ। ਜਿਆਦਾਤਰ ਕੰਟਰੈਕਟ ਵਿਆਹ ਦਾ ਰਿਵਾਜ ਹੈ।

ਆਸਟਰੇਲੀਆ ਦੀਆਂ ਫਾਈਲਾਂ ਬੰਦ ਹਨ ਜਦੋਂ ਕਿ ਕੈਨੇਡਾ ਵਿਚ ਸਪਾਊਸ ਵੀਜ਼ੇ ਲਈ ਲੜਕੀ ਦੀ ਗਰੈਜੂਏਸ਼ਨ ਹੋਣੀ ਲਾਜ਼ਮੀ ਹੈ। ਉਹ ਹੁਣ ਜ਼ਿਆਦਾ ਪੀਆਰ ਰਿਸ਼ਤੇ ਹੀ ਕਰਾਉਂਦੇ ਹਨ। ਚੇਤੇ ਰਹੇ ਕਿ ਮਾਲਵੇ ਵਿਚ ਇਹ ਰੁਝਾਨ ਸਭ ਤੋਂ ਵੱਧ ਰਿਹਾ ਹੈ। ਲੜਕੇ ਵਾਲਿਆਂ ਨੇ ਜ਼ਮੀਨਾਂ ਵੇਚ ਕੇ ਬੈਂਡਾਂ ਵਾਲੀਆਂ ਕੁੜੀਆਂ ਨੂੰ ਸਟੱਡੀ ਲਈ ਵਿਦੇਸ਼ ਭੇਜਿਆ ਸੀ।

ਅਸਲ ਵਿਚ ਇਹ ‘ਸਮਝੌਤਾ ਵਿਆਹ’ ਸਨ ਤੇ ਜਿਨ੍ਹਾਂ ਲੋੜਵੰਦ ਘਰਾਂ ਦੀਆਂ ਕੁੜੀਆਂ ਦੇ ਆਇਲਸ ’ਚੋਂ ਚੰਗੇ ਬੈਂਡ ਆ ਜਾਂਦੇ ਸਨ, ਉਨ੍ਹਾਂ ਨਾਲ ਸਮਝੌਤੇ ਤਹਿਤ ਮੁੰਡੇ ਵਾਲਾ ਪਰਿਵਾਰ ਕੁੜੀ ਦੀ ਪੜ੍ਹਾਈ ਦਾ ਸਮੁੱਚਾ ਖਰਚਾ ਚੁੱਕਦਾ ਅਤੇ ਬਦਲੇ ਵਿਚ ਲੜਕੀ ਵਿਆਹ ਕਰਾ ਕੇ ਲੜਕੇ ਨੂੰ ਵਿਦੇਸ਼ ਵਿਚ ਪੱਕਾ ਕਰਾਉਂਦੀ ਸੀ।

 ਬਠਿੰਡਾ ਦੇ ਪਿੰਡ ਮੰਡੀ ਕਲਾਂ ਦਾ ਹਰਦੀਪ ਸਿੰਘ ਦੀਪਾ, ਜੋ ਵਿਚੋਲੇ ਦਾ ਕੰਮ ਕਰਦਾ ਹੈ, ਦਾ ਕਹਿਣਾ ਹੈ ਕਿ ਉਸ ਕੋਲ ਬਾਰ੍ਹਵੀਂ ਪਾਸ ਆਇਲਸ ’ਚੋਂ ਪੂਰੇ ਬੈਂਡ ਲੈਣ ਵਾਲੀਆਂ ਕੁੜੀਆਂ ਦੇ ਰਿਸ਼ਤੇ ਹਨ ਜਿਨ੍ਹਾਂ ਲਈ ਸੱਤ ਮਹੀਨੇ ਤੋਂ ਕੋਈ ਖਰਚਾ ਚੁੱਕਣ ਵਾਲਾ ਰਿਸ਼ਤਾ ਨਹੀਂ ਮਿਲਿਆ। ਉਹ ਦੱਸਦਾ ਹੈ ਕਿ ਹੁਣ ਪੀਆਰ ਵਾਲੀਆਂ ਕੁੜੀਆਂ ਤੇ ਮੁੰਡਿਆਂ ਦੀ ਜ਼ਿਆਦਾ ਮੰਗ ਵਧੀ ਹੈ। ਇਸੇ ਤਰ੍ਹਾਂ ਬਰਨਾਲਾ ਦੇ ਪਿੰਡ ਪੱਖੋ ਕਲਾਂ ਦਾ ਮੈਰਿਜ ਬਿਊਰੋ ਇੰਚਾਰਜ ਬੇਅੰਤ ਸਿੰਘ ਸਿੱਧੂ ਦੋ ਵਰ੍ਹਿਆਂ ਵਿਚ ਬੈਂਡਾਂ ਵਾਲੇ 33 ਰਿਸ਼ਤੇ ਕਰਾ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਹੁਣ ਆਇਲਸ ਬੈਂਡ ਲੈਣ ਵਾਲੀਆਂ ਗਰੈਜੂਏਟ ਕੁੜੀਆਂ ਦੀ ਮੰਗ ਹੈ ਕਿਉਂਕਿ ਸਪਾਊਸ ਵੀਜ਼ੇ ਲਈ ਕੈਨੇਡਾ ਨੇ ਗਰੈਜੂਏਸ਼ਨ ਲਾਜ਼ਮੀ ਕਰ ਦਿੱਤੀ ਹੈ। ਉਹ ਦੱਸਦਾ ਹੈ ਕਿ ਉਸ ਕੋਲ ਦੋ ਤਿੰਨ ਅਜਿਹੇ ਰਿਸ਼ਤੇ ਆਏ ਹਨ ਜਿਨ੍ਹਾਂ ਲਈ ਕੋਈ ਲੜਕਾ ਮਿਲ ਨਹੀਂ ਰਿਹਾ ਹੈ। 

‘ਸਮਝੌਤਾ ਵਿਆਹਾਂ’ ਵਿਚ ਲੰਘੇ ਵਰ੍ਹਿਆਂ ਵਿਚ ਫਰਾਡ ਕੇਸ ਵੀ ਕਾਫ਼ੀ ਹੋਏ ਹਨ। ਕੁੜੀਆਂ ਖਰਚਾ ਲੈ ਕੇ ਵਿਦੇਸ਼ ਜਾਣ ਮਗਰੋਂ ਮੁੱਕਰ ਜਾਂਦੀਆਂ ਸਨ। ਪੰਜਾਬ ਵਿਚ ਲੰਘੇ ਅੱਠ ਵਰ੍ਹਿਆਂ ਵਿਚ ਅਜਿਹੇ ਕਰੀਬ 300 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚ ਲੜਕੇ ਵਾਲਿਆਂ ਨੇ ਐੱਨਆਰਆਈ ਥਾਣਿਆਂ ਵਿਚ ਲੜਕੀਆਂ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਾਈਆਂ ਹਨ। ਇਨ੍ਹਾਂ ਚੱਕਰਾਂ ’ਚ ਕਈ ਲੜਕੇ ਇੱਥੇ ਖ਼ੁਦਕੁਸ਼ੀ ਵੀ ਕਰ ਚੁੱਕੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦਾ ਸੰਧੂ ਮੈਰਿਜ ਬਿਊਰੋ ਵਾਲਾ ਰਾਜਵਿੰਦਰ ਸਿੰਘ ਦੱਸਦਾ ਹੈ ਕਿ ਪਹਿਲਾਂ ਤਾਂ ਬੈਂਡਾਂ ਵਾਲੀ ਇੱਕ ਇੱਕ ਕੁੜੀ ਵਾਸਤੇ ਕਈ ਕਈ ਰਿਸ਼ਤੇ ਤਿਆਰ ਹੁੰਦੇ ਸਨ। ਪਿੰਡ ਚੱਕ ਬਖਤੂ ਦਾ ਗੁਰਪ੍ਰੀਤ ਸਿੰਘ ਦੱਸਦਾ ਹੈ ਕਿ ਹੁਣ ਤਾਂ ਬਾਰ੍ਹਵੀਂ ਪਾਸ ਆਇਲਸ ਬੈਂਡ ਲੈਣ ਵਾਲੀ ਕੁੜੀ ਦੇ ਮਾਪੇ ਇਹ ਪੇਸ਼ਕਸ਼ ਵੀ ਕਰ ਰਹੇ ਹਨ ਕਿ ਉਹ ਅੱਧਾ ਖਰਚਾ ਪੱਲਿਓਂ ਚੁੱਕ ਲੈਣਗੇ ਤੇ ਬਾਕੀ ਲੜਕੇ ਵਾਲੇ ਖਰਚਾ ਕਰ ਦੇਣ। 

ਆਇਲਸ ਕੋਚਿੰਗ ਸੈਂਟਰ ਵਾਲੇ ਇੱਕ ਮਾਲਕ ਦਾ ਪ੍ਰਤੀਕਰਮ ਸੀ ਕਿ ਪਹਿਲਾਂ ਬਾਰ੍ਹਵੀਂ ਪਾਸ ਆਇਲਸ ਪਾਸ ਲੜਕੀਆਂ ਦੀ ਪੁੱਛ ਪੜਤਾਲ ਲਈ ਬਹੁਤ ਮਾਪੇ ਕੇਂਦਰਾਂ ਵਿਚ ਆਉਂਦੇ ਸਨ ਪਰ ਹੁਣ ਬਦਲੇ ਨਿਯਮਾਂ ਨੇ ਸਮਾਜਿਕ ਤਾਣਾ ਬਾਣਾ ਵੀ ਬਦਲ ਦਿੱਤਾ ਹੈ। ਅਖ਼ਬਾਰਾਂ ਵਿਚ ਵੀ ਮਾਪਿਆਂ ਨੂੰ ਬੈਂਡ ਵਾਲੀਆਂ ਕੁੜੀਆਂ ਦੇ ਇਸ਼ਤਿਹਾਰ ਹੁਣ ਵਾਰ ਵਾਰ ਦੇਣੇ ਪੈ ਰਹੇ ਹਨ। ਇਹ ਸਾਰਾ ਵਰਤਾਰਾ ਮਜਬੂਰੀ ਅਤੇ ਵਿਦੇਸ਼ ਜਾਣ ਦੀ ਲਾਲਸਾ ਦਾ ਪ੍ਰਗਟਾਵਾ ਕਰਦਾ ਹੈ।

ਕੀ ਕਹਿੰਦੇ ਹਨ ਚਿੰਤਕ

ਸਰੀ ਤੋਂ ਪੱਤਰਕਾਰ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ  ਕਹਿੰਦੇ ਹਨ ਕਿ ਜਿੰਨ੍ਹੀਆਂ ਧੱਜੀਆਂ ਵਿਆਹ ਨਿਯਮਾਂ ਦੀਆਂ ਪੰਜਾਬੀਆਂ ਨੇ ਉਡਾਈਆਂ ਹਨ, ਉਹ ਦੁਨੀਆਂ ਵਿੱਚ ਸ਼ਾਇਦ ਹੀ ਕਿਸੇ ਨੇ ਉਡਾਈਆਂ ਹੋਣ।ਉਹ ਕਹਿੰਦੇ ਹਨ, ''ਅਸੀਂ ਤਾਂ ਕਈ ਖ਼ਬਰਾਂਂ ਸੁਣ ਕੇ ਹੀ ਹੈਰਾਨ ਹੋ ਜਾਂਦੇ ਹਨ, ਜਦੋਂ ਪਤਾ ਲੱਗਦਾ ਕਿ ਪੰਜਾਬ ਵਿੱਚ ਮਾਂ-ਬਾਪ ਤੋਂ ਲੈ ਕੇ ਬਰਾਤ ਵੀ ਕਿਰਾਏ ਤੇ ਮਿਲ ਜਾਂਦੀ ਹੈ, ਲੋਕ ਤਾਂ ਵਿਦੇਸ਼ ਜਾਣ ਲਈ ਭੈਣਾਂ ਤੱਕ ਨਾਲ ਵਿਆਹ ਕਰਵਾ ਲੈਂਦੇ ਹਨ, ਕੰਟਰੈਕਟ ਮੈਰਿਜ ਤੇ ਵੱਟੇ ਦੇ ਵਿਆਹਾਂ ਦੀ ਵਿਦੇਸ਼ੀ ਕਾਨੂੰਨ ਘਾੜਿਆਂ ਨੂੰ ਵੀ ਬਾਅਦ ਵਿਚ ਹੀ ਭਿਣਕ ਪੈਂਦੀ ਹੈ।''ਪਹਿਲਾਂ ਵਿਦੇਸ਼ ਤੋਂ ਆਏ ਪੱਕੇ ਮੁੰਡੇ ਜਾਂ ਕੁੜੀ ਨੂੰ ਲੱਖਾਂ ਰੁਪਏ ਦੇਣ ਅਤੇ ਵਿਆਹ ਉੱਤੇ ਪੱਲਿਓਂ ਖਰਚ ਕਰਕੇ ਬਾਕੀ ਟੱਬਰ ਜਹਾਜ਼ ਚੜ੍ਹਨ ਦਾ 'ਜੁਗਾੜ' ਕਰਦਾ ਸੀ ਪਰ ਵਿਦੇਸ਼ਾਂ ਵਿੱਚ ਇਮੀਗਰੇਸ਼ਨ ਨਿਯਮਾਂ ਦੇ ਬਦਲਣ ਨਾਲ ਪੰਜਾਬੀਆਂ ਨੇ ਵੀ 'ਨਿਯਮ' ਬਦਲ ਲਏ ਹਨ''।ਹੁਣ ਆਈਲੈਟਸ ਵਿੱਚ ਲਏ ਚੰਗੇ ਬੈਂਡ ਵਿਦੇਸ਼ੀ ਧਰਤੀ ਉੱਤੇ ਉਤਰਨ ਦਾ ਸਾਧਨ ਬਣ ਗਏ ਹਨ। ਇਸ ਤਰ੍ਹਾਂ ਦੇ ਜੁਗਾੜ ਵਿਆਹ ਵਿਦੇਸ਼ਾਂ ਵਿੱਚ ਸਪਾਊਸ ਵੀਜ਼ੇ ਜਾਂ ਪਰਿਵਾਰਕ ਵੀਜ਼ੇ ਦੀ ਦੁਰਵਰਤੋਂ ਦੀ ਸਟੀਕ ਮਿਸਾਲ ਹੈ।ਇਹ ਜੁਗਾੜੂ ਵਿਆਹ ਵਿਚੋਲਿਆਂ ਰਾਹੀ ਨਹੀਂ ਸਗੋਂ ਪੰਜਾਬੀ ਅਖ਼ਬਾਰਾਂ ਵਿੱਚ ਵਿਆਹਾਂ ਸਬੰਧੀ ਇਸ਼ਤਿਹਾਰਾਂ ਰਾਹੀ ਵੀ ਹੁੰਦੇ ਹਨ।ਹੁਣ ਬੈਂਡਾਂ ਵਾਲੀ ਗ੍ਰੈਜੂਏਟ ਲੜਕੀ ਦੀ ਡਿਮਾਂਡ ਵਧ ਗਈ ਹੈ।

ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਗਿਆਨ ਸਿੰਘ ਦਾ ਕਹਿਣਾ ਹੈ ਕਿ ਆਈਲੈਟਸ ਵਾਲੇ ਵਿਆਹ ਦਾ ਰੁਝਾਨ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ।ਉਹ ਆਖਦੇ ਹਨ, "ਇਸ ਦਾ ਕਾਰਨ ਪੰਜਾਬ ਵਿੱਚ ਰੋਜ਼ਗਾਰ ਦੀ ਘਾਟ ਅਤੇ ਕੈਨੇਡਾ ਦੀ ਚਕਾਚੌਂਧ। ਕੁੜੀ ਜਦੋਂ ਕੈਨੇਡਾ ਪਹੁੰਚ ਜਾਂਦੀ ਹੈ ਤਾਂ ਮੁੰਡਾ ਅਤੇ ਕੁੜੀ ਦੇ ਵਿਚਾਰਾਂ ਵਿੱਚ ਫਰਕ ਆਉਣ ਕਾਰਨ ਮਾਮਲੇ ਉਲਝ ਜਾਂਦੇ ਹਨ।ਆਈਲੈਟਸ ਵਾਲੇ ਜ਼ਿਆਦਾ ਵਿਆਹ ਪੰਜਾਬ ਵਿੱਚ ਜਨਰਲ ਵਰਗ ਵਿੱਚ ਹੋ ਰਹੇ ਹਨ।ਮੁੰਡਿਆਂ ਦੀ ਘੱਟ ਪੜਾਈ ਅਤੇ ਆਈਲੈਟਸ ਵਿੱਚ ਬੈਂਡ (ਸਕੌਰ) ਨਾ ਆਉਣ ਕਾਰਨ ਅਕਸਰ ਉਹ ਕੁੜੀਆਂ ਦੇ ਨਾਲ ਵਿਆਹ ਦੇ ਸਹਾਰੇ ਕੈਨੇਡਾ ਜਾਣ ਬਾਰੇ ਸੋਚਦੇ ਹਨ।

 ਕੰਟਰੈਕਟ ਮੈਰਿਜ ਕੀ ਹੈ?

ਪੰਜਾਬ ਵਿੱਚ ਨੌਜਵਾਨ ਖਾਸ ਕਰਕੇ ਮੁੰਡੇ, ਕੈਨੇਡਾ ਜਾਣ ਲਈ ਆਈਲੈਟਸ ਪਾਸ ਕਰਨ ਵਾਲੀ ਲੜਕੀ ਨਾਲ ਕੰਟ੍ਰੈਕਟ ਵਿਆਹ ਕਰਵਾਉਂਦੇ ਹਨ।ਦੋਵੇਂ ਜਣੇ ਉਦੋਂ ਤੱਕ ਇਕੱਠੇ ਰਹਿੰਦੇ ਹਨ ਜਦੋਂ ਤੱਕ ਉਹਨਾਂ ਨੂੰ ਕੈਨੇਡਾ ਦੀ ਪੀ ਆਰ ਨਹੀਂ ਮਿਲ ਜਾਂਦੀ ਫਿਰ ਉਹ ਅਲੱਗ ਹੋ ਜਾਂਦੇ ਹਨ।ਕੰਟ੍ਰੈਕਟ ਦੇ ਵਿਆਹ ਵਿਚ ਮੁੰਡੇ ਵਿਆਹ ਸਮਾਗਮ ਦਾ ਖਰਚਾ, ਲੜਕੀ ਦੀ ਕੈਨਡਾ ਵਿੱਚ ਪੜ੍ਹਾਈ ਦੀ ਫੀਸ ਅਤੇ ਹੋਰ ਖਰਚੇ ਚੱਕਦੇ ਹਨ।ਆਮ ਤੌਰ 'ਤੇ, ਲੜਕੀ ਕੈਨੇਡਾ ਚਲੀ ਜਾਂਦੀ ਹੈ, ਅਤੇ ਕੁਝ ਮਹੀਨਿਆਂ ਬਾਅਦ, ਉਹ ਆਪਣੇ ਪਤੀ ਦਾ ਓਪਨ ਵਰਕ ਪਰਮਿਟ ਅਪਲਾਈ ਕਰ ਦਿੰਦੀ ਹੈ ਜਾਂ ਫਿਰ ਮੁਡਾ ਤੇ ਕੁੜੀ ਵਿਆਹ ਤੋਂ ਬਾਅਦ ਭਾਰਤ ਤੋਂ ਕੈਨੇਡਾ ਦਾ ਵੀਜ਼ਾ ਜਾਂਦੇ ਹਨ।

ਪੰਜਾਬ ਦੀਆਂ ਖੇਤਰੀ ਭਾਸ਼ਾਵਾਂ ਦੇ ਅਖਬਾਰਾਂ ਵਿੱਚ ਵਿਆਹ ਸੰਬੰਧੀ ਕਾਲਮ ਇਸ਼ਤਿਹਾਰਾਂ ਨਾਲ ਭਰੇ ਹੋਏ ਹਨ, ਜਿੱਥੇ ਲੜਕੇ ਕੈਨੇਡਾ ਜਾਣ ਦੇ ਉਦੇਸ਼ ਨਾਲ ਵਿਆਹ ਅਤੇ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦੀ ਪੇਸ਼ਕਸ਼ ਕਰਦੇ ਹੋਏ ਕੰਟ੍ਰੈਕਟ ਜਾਂ ਅਸਲੀ ਵਿਆਹ ਲਈ ਆਈਲੈਟਸ ਪਾਸ ਲੜਕੀ ਦੀ ਲੋੜ ਦੱਸੀ ਜਾਂਦੀ ਹੈ।ਨਿਯਮ ਬਦਲਣ ਨਾਲ ਗ੍ਰੈਜੂਏਟ ਲੜਕੀਆਂ ਦੀ ਡਿਮਾਂਡ ਵਧੀ ਹੈ ਜਿਹਨਾਂ ਦੇ 7 ਤੋਂ ਅੱਠ ਬੈਂਡ ਹਨ।