ਚੀਫ਼ ਮਨਿਸਟਰ ਪੰਜਾਬ ਵੱਲੋਂ ਸੈਂਟਰ ਤੋਂ ਜੈੱਡ ਪਲੱਸ ਸਕਿਊਰਟੀ ਪ੍ਰਾਪਤ ਕਰਨ ਨਾਲ, ਪੰਜਾਬ ਪੁਲਿਸ ਦਾ ਡਿੱਗੇਗਾ ਮਨੋਬਲ: ਮਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 26 ਮਈ (ਮਨਪ੍ਰੀਤ ਸਿੰਘ ਖਾਲਸਾ):- “ਅੱਜ ਦੇ ਅਖ਼ਬਾਰਾਂ ਤੇ ਮੀਡੀਏ ਵਿਚ ਇਹ ਖ਼ਬਰ ਪ੍ਰਕਾਸਿ਼ਤ ਹੋਈ ਹੈ ਕਿ ਪੰਜਾਬ ਦੇ ਚੀਫ਼ ਮਨਿਸਟਰ ਸ. ਭਗਵੰਤ ਸਿੰਘ ਮਾਨ ਸੈਂਟਰ ਤੋ ਜੈੱਡ ਪਲੱਸ ਸਕਿਊਰਟੀ ਪ੍ਰਾਪਤ ਕਰ ਰਹੇ ਹਨ । ਅਜਿਹਾ ਅਮਲ ਕਰਨ ਨਾਲ ਚੀਫ਼ ਮਨਿਸਟਰ ਜਾਂ ਪੰਜਾਬ ਸਰਕਾਰ ਨੂੰ ਕਿਸੇ ਤਰ੍ਹਾਂ ਵੀ ਕੋਈ ਫਾਇਦਾ ਨਹੀ ਹੋਵੇਗਾ ਕਿਉਂਕਿ ਪੰਜਾਬੀਆਂ ਉਤੇ ਇਹ ਪ੍ਰਭਾਵ ਜਾਵੇਗਾ ਕਿ ਚੀਫ਼ ਮਨਿਸਟਰ ਸਹਿਮ ਵਿਚ ਹੈ, ਦੂਸਰਾ ਇਸ ਨਾਲ ਪੰਜਾਬ ਤੇ ਪੰਜਾਬੀਆਂ ਦੀ ਇੱਜ਼ਤ ਵੀ ਘੱਟਦੀ ਹੈ । ਜਦੋਕਿ ਆਮ ਆਦਮੀ ਪਾਰਟੀ-ਬੀਜੇਪੀ-ਆਰ.ਐਸ.ਐਸ. ਦਾ ਇੱਟ ਕੁੱਤੇ ਦਾ ਵੈਰ ਹੈ ਅਤੇ ਇਹ ਕਿਸੇ ਸਮੇ ਵਿਚ ਅੰਦਰੂਨੀ ਤੌਰ ਤੇ ਚੀਫ਼ ਮਨਿਸਟਰ ਦਾ ਨੁਕਸਾਨ ਕਰ ਸਕਦੀ ਹੈ । ਪੰਜਾਬ ਦੇ ਚੀਫ਼ ਮਨਿਸਟਰ ਵੱਲੋ ਆਪਣੇ ਭਰੋਸੇਯੋਗ ਅਤੇ ਕਾਬਲ ਫੋਰਸ ਪੰਜਾਬ ਪੁਲਿਸ ਨੂੰ ਨਜ਼ਰ ਅੰਦਾਜ ਕਰਕੇ ਕਿਸੇ ਬਾਹਰੀ ਫੋਰਸ ਤੇ ਭਰੋਸਾ ਕਰਨ ਨਾਲ ਪੰਜਾਬ ਪੁਲਿਸ ਦੇ ਮਨੋਬਲ ਵਿਚ ਵੀ ਕਮੀ ਆਉਦੀ ਹੈ । ਕਿਸੇ ਦੁਸ਼ਮਣ ਦੀ ਸੁਰੱਖਿਆ ਪ੍ਰਾਪਤ ਕਰ ਲਈ ਜਾਵੇ ਇਹ ਤਾਂ ਕੋਈ ਵੀ ਸਿਆਣਪ ਵਾਲੀ ਗੱਲ ਨਹੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਚੀਫ਼ ਮਨਿਸਟਰ ਵੱਲੋ ਬੁਖਲਾਹਟ ਤੇ ਘਬਰਾਹਟ ਵਿਚ ਆ ਕੇ ਪੰਜਾਬ ਦੀਆਂ ਦੁਸ਼ਮਣ ਹੁਕਮਰਾਨ ਜਮਾਤਾਂ ਬੀਜੇਪੀ-ਆਰ.ਐਸ.ਐਸ. ਤੋਂ ਆਪਣੀ ਸੁਰੱਖਿਆ ਲਈ ਜੈੱਡ ਪਲੱਸ ਸਕਿਊਰਟੀ ਪ੍ਰਾਪਤ ਕਰਨ ਦੀਆਂ ਆਈਆ ਮੀਡੀਏ ਤੇ ਖ਼ਬਰਾਂ ਉਤੇ ਵੱਡੀ ਹੈਰਾਨੀ ਤੇ ਦੁੱਖ ਜਾਹਰ ਕਰਦੇ ਹੋਏ ਅਤੇ ਆਪਣੀ ਪੰਜਾਬ ਪੁਲਿਸ ਵਿਚ ਬੇਭਰੋਸਗੀ ਜਾਹਰ ਕਰਨ ਦੇ ਅਮਲਾਂ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸੈਟਰ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਅਤੇ ਇਥੋ ਦੀ ਆਰਥਿਕਤਾ ਨਾਲ ਵੱਡੇ ਵਿਤਕਰੇ, ਜ਼ਬਰ ਜੁਲਮ ਕਰਦੀਆ ਆ ਰਹੀਆ ਹਨ ਅਤੇ ਪੰਜਾਬੀਆਂ ਨੂੰ ਘਸਿਆਰਾ ਬਣਾਕੇ ਜ਼ਬਰੀ ਗੁਲਾਮ ਬਣਾਉਣ ਦੀਆਂ ਸਾਜਿਸਾਂ ਉਤੇ ਅਮਲ ਕਰਦੀਆ ਆ ਰਹੀਆ ਹਨ ਅਤੇ ਜਿਨ੍ਹਾਂ ਨੂੰ ਪੰਜਾਬੀਆਂ ਤੇ ਸਿੱਖ ਕੌਮ ਨੇ ਆਪਣੇ ਦੁਸਮਣ ਐਲਾਨਿਆ ਹੋਇਆ ਹੈ, ਜਿਨ੍ਹਾਂ ਤੋਂ ਪੰਜਾਬ ਅਤੇ ਪੰਜਾਬੀਆਂ ਦੀ ਕਿਸੇ ਤਰ੍ਹਾਂ ਦੀ ਬਿਹਤਰੀ ਦੀ ਉਮੀਦ ਹੀ ਨਹੀ ਹੈ, ਉਨ੍ਹਾਂ ਪੰਜਾਬ ਵਿਰੋਧੀ ਤਾਕਤਾਂ ਤੋ ਪੰਜਾਬ ਦੇ ਚੀਫ਼ ਮਨਿਸਟਰ ਜੈੱਡ ਪਲੱਸ ਸੁਰੱਖਿਆ ਪ੍ਰਾਪਤ ਕਰਨ, ਇਹ ਤਾਂ ਕੋਈ ਦਲੀਲ ਵਾਲੀ ਗੱਲ ਹੀ ਨਹੀ । ਇਸ ਅਮਲ ਉਤੇ ਤਾਂ ਇਹ ਪੰਜਾਬੀ ਕਹਾਵਤ ਪੂਰੀ ਢੁੱਕਦੀ ਹੈ ਕਿ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ ।
Comments (0)