ਕੇਜਰੀਵਾਲ ਜੇਲ ਵਿਚ ,ਪਤਨੀ ਨੇ ਸੰਭਾਲੀ ਜ਼ਿੰਮੇਵਾਰੀ ਤੇ ਆਪ ਪਾਰਟੀ ਵਿਚ ਖਿੱਚੋ-ਤਾਣ ਜਾਰੀ

ਕੇਜਰੀਵਾਲ ਜੇਲ ਵਿਚ ,ਪਤਨੀ ਨੇ ਸੰਭਾਲੀ ਜ਼ਿੰਮੇਵਾਰੀ ਤੇ ਆਪ ਪਾਰਟੀ ਵਿਚ ਖਿੱਚੋ-ਤਾਣ ਜਾਰੀ

10 ਰਾਜ ਸਭਾ ਮੈਂਬਰਾਂ ਵਿਚੋਂ ਕੋਈ ਵੀ ਕੇਜਰੀਵਾਲ ਦੇ ਸਮਰਥਨ ਵਿਚ ਸਾਹਮਣੇ ਨਹੀਂ ਆਇਆ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਂਦਿਆਂ ਹੀ ਉਨ੍ਹਾਂ ਦੀ ਪਾਰਟੀ ਅੰਦਰ ਨੇਤਾਵਾਂ ਵਿਚਕਾਰ ਖਿੱਚੋਤਾਣ ਸ਼ੁਰੂ ਹੋ ਗਈ ਹੈ। ਹਾਲਾਂਕਿ ਰਾਜ ਸਭਾ ਮੈਂਬਰ ਸੰਜੈ ਸਿੰਘ ਦੇ ਜੇਲ੍ਹ ਤੋਂ ਛੁੱਟ ਜਾਣ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਕੁਝ ਅਨੁਸ਼ਾਸਨ ਬਹਾਲ ਕਰਵਾਉਣਗੇ ਪਰ ਜੇਕਰ ਕੇਜਰੀਵਾਲ ਵਧੇਰੇ ਸਮੇਂ ਤਕ ਅੰਦਰ ਰਹੇ ਤਾਂ ਉਨ੍ਹਾਂ ਦੀ ਪਾਰਟੀ ਵਿਚ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ। ਆਤਿਸ਼ੀ ਦੀ ਸਰਗਰਮੀ ਕਈ ਨੇਤਾਵਾਂ ਨੂੰ ਰੜਕ ਰਹੀ ਹੈ। ਉਹ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਹਰ ਜਗ੍ਹਾ ਨਜ਼ਰ ਆ ਰਹੀ ਹੈ ਅਤੇ ਇੰਝ ਲੱਗ ਰਿਹਾ ਹੈ ਜਿਵੇਂ ਸੁਨੀਤਾ ਕੇਜਰੀਵਾਲ ਉਨ੍ਹਾਂ ਦੀ ਸਲਾਹ ਨਾਲ ਕੰਮ ਕਰ ਰਹੀ ਹੈ। ਇਕ ਹੋਰ ਮੰਤਰੀ ਸੌਰਭ ਭਾਰਦਵਾਜ ਸਾਹਮਣੇ ਨਾ ਆ ਕੇ ਅਰਵਿੰਦ ਕੇਜਰੀਵਾਲ ਦੇ ਫ਼ੈਸਲਿਆਂ 'ਤੇ ਸੁਆਲ ਉਠਾ ਰਹੇ ਹਨ। 

ਪਿਛਲੇ ਦਿਨੀਂ ਉਨ੍ਹਾਂ ਨੇ ਇਕ ਯੂ-ਟਿਊਬ ਚੈਨਲ 'ਤੇ ਇੰਟਰਵਿਊ ਦੌਰਾਨ ਪੰਜਾਬ ਦੇ ਰਾਜ ਸਭਾ ਸੰਸਦ ਮੈਂਬਰ ਹਰਭਜਨ ਸਿੰਘ ਨੂੰ ਲੈ ਕੇ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿਉਂ ਹਰਭਜਨ ਸਿੰਘ ਸਾਡੇ ਲਈ ਸਪਿਨ ਨਹੀਂ ਕਰਾ ਰਹੇ ਹਨ। ਅਸਲ ਵਿਚ ਪਾਰਟੀ ਦੇ ਇਸ ਸੰਕਟ ਦੇ ਸਮੇਂ ਪੰਜਾਬ ਤੋਂ ਰਾਜ ਸਭਾ ਭੇਜੇ ਗਏ ਸਾਰੇ ਸੱਤ ਸੰਸਦ ਮੈਂਬਰ ਲਾਪਤਾ ਹਨ। ਰਾਘਵ ਚੱਢਾ ਅੱਖ ਦੀ ਸਰਜਰੀ ਦੇ ਕਾਰਨ ਲੰਦਨ ਵਿਚ ਬੈਠੇ ਹਨ। ਦਿੱਲੀ ਤੋਂ ਰਾਜ ਸਭਾ ਵਿਚ ਗਈ ਸਵਾਤੀ ਮਾਲੀਵਾਲ ਆਪਣੀ ਭੈਣ ਦੇ ਇਲਾਜ ਲਈ ਅਮਰੀਕਾ ਵਿਚ ਹੈ। ਕੁਲ ਮਿਲਾ ਕੇ ਪਾਰਟੀ ਦੇ 10 ਰਾਜ ਸਭਾ ਮੈਂਬਰਾਂ ਵਿਚੋਂ ਕੋਈ ਵੀ ਕੇਜਰੀਵਾਲ ਦੇ ਸਮਰਥਨ ਵਿਚ ਸਾਹਮਣੇ ਨਹੀਂ ਆਇਆ। ਇਨ੍ਹਾਂ ਵਿਚੋਂ ਸੰਜੇ ਸਿੰਘ ਹੁਣ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਏ ਹਨ, ਉਹ ਤਾਂ ਕੁਝ ਕਰਨਗੇ ਪਰ ਬਾਕੀ ਕਿਸੇ ਦਾ ਕੁਝ ਪਤਾ ਨਹੀਂ ਹੈ। ਰਾਜਸਭਾ ਦੇ ਸਾਰੇ ਮੈਂਬਰਾਂ ਨੂੰ ਸਿੱਧੇ ਅਰਵਿੰਦ ਕੇਜਰੀਵਾਲ ਨੇ ਚੁਣਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਵਿਚੋਂ ਕੋਈ ਰਾਜਨੀਤਕ ਲੜਾਈ ਲੜਨ ਲਈ ਬਾਹਰ ਨਹੀਂ ਨਿਕਲਿਆ ਹੈ।