ਦੀਪ ਸਿੱਧੂ ਦੀ ਗ੍ਰਿਫਤਾਰੀ 'ਤੇ ਖੁਸ਼ ਹੋਣ ਵਾਲਾ ਰੁਲਦੂ ਸਿੰਘ ਮਾਨਸਾ ਕੌਣ ਹੈ?

ਦੀਪ ਸਿੱਧੂ ਦੀ ਗ੍ਰਿਫਤਾਰੀ 'ਤੇ ਖੁਸ਼ ਹੋਣ ਵਾਲਾ ਰੁਲਦੂ ਸਿੰਘ ਮਾਨਸਾ ਕੌਣ ਹੈ?

ਅੰਮ੍ਰਿਤਸਰ ਟਾਈਮਜ਼ ਬਿਊਰੋ
ਦਿੱਲੀ ਪੁਲਸ ਵੱਲੋਂ ਅੱਜ ਦੀਪ ਸਿੱਧੂ ਨੂੰ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਦੀਪ ਸਿੱਧੂ ਜਿੱਥੇ ਕੁੱਝ ਮਹੀਨਿਆਂ ਵਿਚ ਹੀ ਪੰਜਾਬ ਅੰਦਰ ਇਕ ਨਵੇਂ ਆਗੂ ਵਜੋਂ ਉੱਭਰਿਆ ਹੈ ਤੇ ਉਸਨੇ ਕਿਸਾਨ ਸੰਘਰਸ਼ ਦੀ ਲਾਮਬੰਦੀ ਵਿਚ ਅਹਿਮ ਯੋਗਦਾਨ ਪਾਇਆ ਪਰ ਕਿਸਾਨ ਯੂਨੀਅਨਾਂ ਦੇ ਆਗੂ ਉਸ ਦਾ ਸੰਘਰਸ਼ ਦੇ ਮੁੱਢਲੇ ਦਿਨਾਂ ਤੋਂ ਹੀ ਵਿਰੋਧ ਕਰਦੇ ਰਹੇ। ਅੱਜ ਜਦੋਂ ਦੀਪ ਸਿੱਧੂ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕੀਤਾ ਤਾਂ ਗ੍ਰਿਫਤਾਰੀ 'ਤੇ ਪ੍ਰਤੀਕਰਮ ਦਿੰਦਿਆਂ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਹਨਾਂ ਨੂੰ ਦੀਪ ਸਿੱਧੂ ਦੀ ਗ੍ਰਿਫਤਾਰ 'ਤੇ ਖੁਸ਼ੀ ਹੋਈ ਹੈ। 

ਰੁਲਦੂ ਸਿੰਘ ਮਾਨਸਾ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਹਨ। ਪੰਜਾਬ ਕਿਸਾਨ ਯੂਨੀਅਨ ਕਾਮਰੇਡਾਂ ਦੀ ਸਿਆਸੀ ਪਾਰਟੀ 'ਕਮਿਊਨਿਸਟ ਪਾਰਟੀ ਆਫ ਇੰਡੀਆ (ਲਿਬਰੇਸ਼ਨ)' ਦੀ ਕਿਸਾਨ ਇਕਾਈ ਹੈ। ਮੰਜ਼ਰ ਇਹ ਹੈ ਕਿ ਪੰਜਾਬ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਕੋਲ ਕਮਿਊਨਿਸਟ ਪਾਰਟੀ ਦੀਆਂ ਵੀ ਅਹੁਦੇਦਾਰੀਆਂ ਹਨ। 

ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨ ਯੂਨੀਅਨਾਂ ਇਹ ਦਾਅਵਾ ਕਰਦੀਆਂ ਆ ਰਹੀਆਂ ਹਨ ਕਿ ਇਸ ਮੋਰਚੇ ਵਿਚ ਕੋਈ ਵੀ ਸਿਆਸੀ ਬੰਦਾ ਸ਼ਾਮਲ ਨਹੀਂ ਕੀਤਾ ਜਾਵੇਗਾ। ਜਦਕਿ ਉਹਨਾਂ ਦੇ ਵਿਚ ਇਸ ਪੱਧਰ ਤਕ ਸਿਆਸਤ ਦੀ ਦਖਲ ਅੰਦਾਜ਼ੀ ਹੈ। 

ਰੁਲਦੂ ਸਿੰਘ ਮਾਨਸਾ ਦੀ ਪਾਰਟੀ ਦੇ ਕਿਸਾਨ ਸੰਘਰਸ਼ ਵਿਚ ਵਿਚਰਦੇ ਪ੍ਰਮੁੱਖ ਅਹੁਦੇਦਾਰਾਂ ਵਿਚ ਕੰਵਲਜੀਤ ਸਿੰਘ ਸ਼ਾਮਲ ਹੈ। ਕੰਵਲਜੀਤ ਸਿੰਘ ਕਮਿਊਨਿਸਟ ਪਾਰਟੀ ਸੀਪੀਆਈ (ਐਮ-ਐਲ) ਐਲ ਦੀ ਕੇਂਦਰੀ ਕਮੇਟੀ ਦਾ ਵੀ ਮੈਂਬਰ ਹੈ। ਕੰਵਲਜੀਤ ਸਿੰਘ ਚੰਡੀਗੜ੍ਹ ਤੋਂ ਪਾਰਟੀ ਦੀ ਸੀਟ 'ਤੇ ਚੋਣ ਵੀ ਲੜ੍ਹ ਚੁੱਕਿਆ ਹੈ। 


ਗੂਗਲ ਤੋਂ ਕੰਵਲਜੀਤ ਸਿੰਘ ਬਾਰੇ ਮਿਲੀ ਜਾਣਕਾਰੀ

ਰੁਲਦੂ ਸਿੰਘ ਮਾਨਸਾ ਦੀ ਪੰਜਾਬ ਕਿਸਾਨ ਯੂਨੀਅਨ ਨੂੰ ਪੂਰੀ ਤਰ੍ਹਾਂ ਸੀਪੀਆਈ (ਐਮ-ਐਲ) ਐਲ ਚਲਾ ਰਹੀ ਹੈ ਜਿਸਦਾ ਇਸ ਗੱਲ ਤੋਂ ਵੀ ਪ੍ਰਮਾਣ ਮਿਲਦਾ ਹੈ ਕਿ ਇਸ ਯੂਨੀਅਨ ਵਿਚ ਸਰਗਰਮ ਕਈ ਨੌਜਵਾਨ ਪਾਰਟੀ ਦੀ ਵਿਦਿਆਰਥੀ ਇਕਾਈ 'ਆਈਸਾ' ਦੇ ਅਹੁਦੇਦਾਰ ਹਨ ਤੇ ਕਿਸਾਨ ਯੂਨੀਅਨ ਵਿਚ ਵੀ ਉਹਨਾਂ ਕੋਲ ਅਹੁਦੇਦਾਰੀਆਂ ਹਨ। 


ਕਿਸਾਨ ਏਕਤਾ ਮੋਰਚਾ ਦੇ ਫੇਸਬੁੱਕ ਪੇਜ ਤੋਂ ਪੰਜਾਬ ਕਿਸਾਨ ਯੂਨੀਅਨ ਦੇ ਅਹੁਦੇਦਾਰ ਵਜੋਂ ਗੱਲ ਰੱਖਦੇ ਹੋਏ ਕੰਵਲਜੀਤ ਸਿੰਘ

ਕਮਿਊਨਿਸਟ ਪਾਰਟੀ ਦਾ ਸਿੱਖ ਵਿਚਾਰਾਂ ਵਾਲੀ ਸਿਆਸਤ ਨਾਲ ਮੁੱਢ ਤੋਂ ਹੀ ਵੈਰ ਰਿਹਾ ਹੈ ਅਤੇ ਦੀਪ ਸਿੱਧੂ ਦੀ ਗ੍ਰਿਫਤਾਰੀ 'ਤੇ ਖੁਸ਼ੀ ਦੇ ਪ੍ਰਗਟਾਵੇ ਦਾ ਕਾਰਨ ਇਸ ਨੂੰ ਸਮਝਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਦੀਪ ਸਿੱਧੂ ਕਿਸਾਨੀ ਸੰਘਰਸ਼ ਵਿਚ ਸਿੱਖ ਭਾਵਨਾਵਾਂ ਦੀ ਪਛਾਣ ਬਣ ਗਿਆ ਹੈ।