ਅਮਰੀਕਾ ਵਿਚ ਜੱਜ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਮਾਮਲੇ ਵਿਚ 5 ਵਿਰੁੱਧ ਦੋਸ਼ ਆਇਦ

ਅਮਰੀਕਾ ਵਿਚ ਜੱਜ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਮਾਮਲੇ ਵਿਚ 5 ਵਿਰੁੱਧ ਦੋਸ਼ ਆਇਦ
ਕੈਪਸ਼ਨ ਡਾਲਰਾਂ ਨਾਲ ਭਰਿਆ ਥੈਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਬੱਚਿਆਂ ਨੂੰ ਪੌਸ਼ਟਿਕ ਖੁਰਾਕ ਦੇਣ ਦੇ ਸੰਘੀ ਪ੍ਰੋਗਰਾਮ ਤਹਿਤ 25 ਕਰੋੜ ਡਾਲਰ ਤੋਂ ਵਧ ਦਾ ਫਰਾਡ ਕਰਨ ਦੇ ਮਾਮਲੇ ਵਿਚ ਆਪਣਾ ਬਚਾਅ ਕਰਨ ਲਈ ਇਕ ਜੱਜ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਮਾਮਲੇ ਵਿਚ 5 ਵਿਅਕਤੀਆਂ ਵਿਰੁੱਧ ਸੰਘੀ ਦੋਸ਼ ਆਇਦ ਕੀਤੇ ਗਏ ਹਨ। ਇਹ ਜਾਣਕਾਰੀ ਮਿਨੀਸੋਟਾ ਦੇ ਯੂ ਐਸ ਅਟਾਰਨੀ ਨੇ ਇਕ ਪੱਤਰਕਾਰ ਸੰਮੇਲਣ ਦੌਰਾਨ ਜਾਰੀ ਇਕ ਬਿਆਨ ਵਿਚ ਦਿੱਤੀ ਹੈ।  ਐਫ ਬੀ ਆਈ ਦੇ ਵਿਸ਼ੇਸ਼ ਏਜੰਟ ਟਰੈਵਿਸ ਵਿਲਮਰ ਨੇ ਸੰਘੀ ਅਦਾਲਤ ਵਿਚ ਦਾਇਰ ਇਕ ਹਲਫ਼ੀਆ ਬਿਆਨ ਵਿਚ ਕਿਹਾ ਹੈ ਕਿ ਸ਼ੱਕੀ ਦੋਸ਼ੀਆਂ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿਚ ਜੱਜ ਦੀ ਰਿਹਾਇਸ਼ ਦੇ ਮੋਹਰਲੇ ਦਰਵਾਜ਼ੇ ਅੱਗੇ ਡਾਲਰਾਂ ਨਾਲ ਭਰਿਆ ਥੈਲਾ ਰਖਿਆ ਗਿਆ ਜਿਸ ਨੂੰ ਵੇਖ ਕੇ ਜੱਜ ਨੇ ਤੁਰੰਤ 911 ਉਪਰ ਫੋਨ ਕੀਤਾ ।

ਇਸ ਥੈਲੇ ਵਿਚ ਤੋਹਫੇ ਦੇ ਤੌਰ 'ਤੇ  1,20,000 ਡਾਲਰ ਜੱਜ ਨੂੰ ਪੇਸ਼ ਕੀਤੇ ਗਏ ਸਨ। ਜੱਜ ਜਿਸ ਨੇ ਕੁਝ ਵੀ ਗਲਤ ਨਹੀਂ ਕੀਤਾ ਸੀ, ਨੂੰ ਕੇਸ ਵਿਚੋਂ ਕੱਢ ਦਿੱਤਾ ਗਿਆ। ਪੰਜਾਂ ਵਿਚੋਂ ਜਿਨਾਂ 3 ਵਿਰੁੱਧ ਇਸ ਹਫਤੇ ਦੋਸ਼ ਆਇਦ ਕੀਤੇ ਗਏ ਹਨ ਉਨਾਂ ਵਿਚ ਅਬਦੀਮਾਜਿਦ ਨੂਰ, ਅਬਦੀਆਜ਼ੀਜ਼ ਫਰਹਾ  ਤੇ ਸੈਡ ਫਰਹਾ ਸ਼ਾਮਿਲ ਹਨ। ਅਦਾਲਤੀ ਦਸਤਾਵੇਜਾਂ ਅਨੁਸਾਰ ਇਸ ਜੱਜ ਤੱਕ ਇਸ ਕਰਕੇ ਪਹੁੰਚ ਕੀਤੀ ਗਈ ਕਿਉਂਕਿ ਉਹ ਸਭ ਤੋਂ ਛੋਟੀ ਸੀ ਤੇ ਸ਼ੱਕੀ ਦੋਸ਼ੀਆਂ ਦਾ ਵਿਸ਼ਵਾਸ਼ ਸੀ ਕਿ ਉਹ ਹੀ ਇਕੋ ਇਕ ਜੱਜ ਹੈ ਜੋ ਕਾਲੇ ਭਾਈਚਾਰੇ ਨਾਲ ਸਬੰਧ ਰਖਦੀ ਹੈ। ਯੂ ਐਸ ਅਟਾਰਨੀ ਐਂਡਰੀਊ ਲੂਗਰ ਅਨੁਸਾਰ ਤੋਹਫੇ ਵਾਲੇ ਥੈਲੇ ਵਿਚ ਰਖੀ ਇਕ ਪਰਚੀ ਵਿਚ ਜੱਜ ਨੂੰ ਸਪੱਸ਼ਟ ਸੰਦੇਸ਼ ਦਿੰਦਿਆਂ ਲਿਖਿਆ ਗਿਆ ਕਿ ਤੁਸੀਂ ਹੀ ਇਕੋ ਇੱਕ ਜੱਜ ਹੋ ਜੋ ਇਸ ਮਾਮਲੇ ਨੂੰ ਖਤਮ ਕਰ ਸਕਦੇ ਹੋ। ਬਾਕੀ ਦੋ ਸ਼ੱਕੀ ਦੋਸ਼ੀਆਂ ਵਿਚ ਲਡਾਨ ਅਲੀ ਇਕ ਔਰਤ ਤੇ ਅਬਦੁਲਕਰੀਮ ਫਰਹਾ ਸ਼ਾਮਿਲ ਹਨ। ਔਰਤ ਅਲੀ ਨੇ ਜੱਜ ਦੇ ਘਰ ਅਗੇ ਪੈਸਿਆਂ ਵਾਲਾ ਥੈਲਾ ਰਖਿਆ ਜਦ ਕਿ ਅਬਦੁਲਕਰੀਮ ਵੀ ਅਲੀ ਦੇ  ਨਾਲ ਗਿਆ ਤੇ ਉਸ ਵੱਲੋਂ ਰਖੇ ਪੈਸਿਆਂ ਵਾਲੇ ਥੈਲੇ ਦੀ ਵੀਡੀਓ ਬਣਾਈ ਗਈ।  ਲਾਏ ਗਏ ਦੋਸ਼ਾਂ ਵਿਚ  ਜੱਜ ਨੂੰ ਰਿਸ਼ਵਤ ਦੇਣ, ਰਿਸ਼ਵਤ ਦੇਣ ਦੀ ਸਾਜਿਸ਼ ਰਚਣ ਤੇ ਭ੍ਰਿਸ਼ਟ ਢੰਗ ਤਰੀਕੇ ਨਾਲ ਜੱਜ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਸ਼ਾਮਿਲ ਹਨ।