ਬੱਦੀ-ਬਰੋਟੀਵਾਲਾ ਉਦਯੋਗਿਕ ਖੇਤਰ ਦੇ ਧਰਤੀ ਹੇਠਲੇ ਪਾਣੀ ਵਿੱਚ ਕੈਂਸਰ ਪੈਦਾ ਕਰਨ ਵਾਲੇ ਤੱਤ ਮੌਜੂਦ

ਬੱਦੀ-ਬਰੋਟੀਵਾਲਾ ਉਦਯੋਗਿਕ ਖੇਤਰ ਦੇ ਧਰਤੀ ਹੇਠਲੇ ਪਾਣੀ ਵਿੱਚ ਕੈਂਸਰ ਪੈਦਾ ਕਰਨ ਵਾਲੇ ਤੱਤ ਮੌਜੂਦ

*ਫੈਕਟਰੀਆਂ ਹੋਣ ਕਾਰਨ ਧਰਤੀ ਹੇਠਲੇ ਪਾਣੀ ਵਿੱਚ ਜ਼ਹਿਰੀਲੇ ਪਦਾਰਥ ਰਲੇ

 ਸਤਲੁਜ ਦਰਿਆ ਵਿਚ ਡਿਗ ਰਿਹਾ ਹਿਮਾਚਲ ਦਾ ਪਾਣੀ ਪੰਜਾਬ ਲਈ ਖਤਰਨਾਕ

ਹਿਮਾਚਲ ਪ੍ਰਦੇਸ਼ ਵਿੱਚ ਆਈਆਈਟੀ ਮੰਡੀ ਅਤੇ ਆਈਆਈਟੀ ਜੰਮੂ ਦੇ ਖੋਜਕਰਤਾਵਾਂ ਨੇ ਉੱਤਰੀ ਭਾਰਤ ਦੇ ਧਰਤੀ ਹੇਠਲੇ ਪਾਣੀ ਵਿੱਚ ਕੈਂਸਰ ਪੈਦਾ ਕਰਨ ਵਾਲੇ ਪ੍ਰਦੂਸ਼ਕਾਂ ਦਾ ਪਤਾ ਲਗਾਇਆ ਹੈ। ਸੂਬੇ ਦੇ ਸੋਲਨ ਜ਼ਿਲ੍ਹੇ ਦੇ ਬੱਦੀ-ਬਰੋਟੀਵਾਲਾ ਉਦਯੋਗਿਕ ਖੇਤਰ ਦੇ ਧਰਤੀ ਹੇਠਲੇ ਪਾਣੀ ਵਿੱਚ ਕੈਂਸਰ ਪੈਦਾ ਕਰਨ ਵਾਲੇ ਤੱਤ ਪਾਏ ਗਏ ਹਨ।ਖੋਜ ਵਿਚ ਪਾਇਆ ਗਿਆ ਹੈ ਕਿ ਭਾਰਤ ਵਿਚ ਜ਼ਿਆਦਾਤਰ ਜ਼ਮੀਨਦੋਜ਼ ਪਾਣੀ (ਭੂਮੀਗਤ ਪਾਣੀ) ਖੇਤੀ ਤੇ ਪੀਣ ਲਈ ਵਰਤਿਆ ਜਾਂਦਾ ਹੈ, ਪਰ ਸ਼ਹਿਰਾਂ ਦੇ ਤੇਜ਼ੀ ਨਾਲ ਵਿਕਾਸ, ਕਾਰਖਾਨਿਆਂ ਦੀ ਉਸਾਰੀ ਅਤੇ ਆਬਾਦੀ ਵਿਚ ਵਾਧੇ ਕਾਰਨ ਧਰਤੀ ਹੇਠਲੇ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਇਸ ਕਾਰਨ ਪਾਣੀ ਦੀ ਗੁਣਵੱਤਾ ਵਿਗੜ ਰਹੀ ਹੈ।

ਰਿਜ਼ੋਰਟ ਟੀਮ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਵਿੱਚ ਪਾਣੀ ਦੀ ਸਥਿਤੀ ਬਹੁਤ ਖਰਾਬ ਹੈ। ਅਜਿਹੀ ਹੀ ਹਾਲਤ ਹਿਮਾਚਲ ਪ੍ਰਦੇਸ਼ ਦੇ ਬੱਦੀ-ਬਰੋਟੀਵਾਲਾ ਇੰਡਸਟਰੀਅਲ ਏਰੀਆ ਦੀ ਹੈ। ਇੱਥੇ ਫੈਕਟਰੀਆਂ ਹੋਣ ਕਾਰਨ ਧਰਤੀ ਹੇਠਲੇ ਪਾਣੀ ਵਿੱਚ ਜ਼ਹਿਰੀਲੇ ਪਦਾਰਥ ਰਲ ਗਏ ਹਨ। ਜੋ ਕਿ ਨਿਰਧਾਰਤ ਸੀਮਾ ਤੋਂ ਵੱਧ ਹਨ।

ਅਜਿਹਾ ਗੰਦਾ ਪਾਣੀ ਪੀਣ ਨਾਲ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਕਾਰਨ 2013 ਤੋਂ 2018 ਦਰਮਿਆਨ ਕੈਂਸਰ ਤੇ ਕਿਡਨੀ ਦੀ ਬੀਮਾਰੀ ਦੇ ਕਈ ਮਾਮਲੇ ਵੀ ਸਾਹਮਣੇ ਆਏ ਹਨ। ਡਾ. ਦੀਪਕ ਸਵਾਮੀ, ਐਸੋਸੀਏਟ ਪ੍ਰੋਫੈਸਰ ਸਕੂਲ ਆਫ ਸਿਵਲ ਐਂਡ ਐਨਵਾਇਰਮੈਂਟਲ ਇੰਜਨੀਅਰਿੰਗ, ਆਈ.ਆਈ.ਟੀ. ਮੰਡੀ ਅਤੇ ਉਨ੍ਹਾਂ ਦੇ ਖੋਜ ਵਿਦਿਆਰਥੀ ਉਤਸਵ ਰਾਜਪੂਤ ਨੇ ਸਿਵਲ ਅਤੇ ਵਾਤਾਵਰਣ ਇੰਜਨੀਅਰਿੰਗ ਤੋਂ ਡਾ. ਆਈਆਈਟੀ ਜੰਮੂ ਦੇ ਵਿਭਾਗ, ਇੰਜਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ: ਨਿਤਿਨ ਜੋਸ਼ੀ ਦੇ ਸਹਿਯੋਗ ਨਾਲ ਖੋਜ ਕੀਤੀ ਗਈ। ਇਹ ਖੋਜ ਪੱਤਰ ਵੱਕਾਰੀ ਜਰਨਲ ਸਾਇੰਸ ਆਫ਼ ਦੀ ਟੋਟਲ ਐਨਵਾਇਰਮੈਂਟ ਵਿੱਚ ਪ੍ਰਕਾਸ਼ਿਤ ਹੋਇਆ ਹੈ।

ਟੀਮ ਨੇ ਸਨਅਤੀ ਖੇਤਰ ਬੱਦੀ-ਬਰੋਟਵਾਲਾ ਵਿੱਚ ਪ੍ਰਦੂਸ਼ਣ ਦੀ ਸਥਿਤੀ ਦਾ ਪਤਾ ਲਗਾਉਣ ਲਈ ਫੀਲਡ ਸਟੱਡੀ ਕੀਤੀ। ਅਧਿਐਨ ਦਾ ਮੁੱਖ ਉਦੇਸ਼ ਧਰਤੀ ਹੇਠਲੇ ਪਾਣੀ ਵਿੱਚ ਪਾਏ ਜਾਣ ਵਾਲੇ ਰਸਾਇਣਕ ਤੱਤਾਂ ਦਾ ਵਿਸ਼ਲੇਸ਼ਣ ਕਰਨਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਹਿਮਾਲਿਆ ਦਾ ਹੇਠਲਾ ਖੇਤਰ ਕੁਝ ਸਮੇਂ ਵਿਚ ਨਾਜ਼ੁਕ ਸਥਿਤੀ ਵਿਚ ਪਹੁੰਚ ਸਕਦਾ ਹੈ। 

ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਹੱਬ ਬੀਬੀਐੱਨ ਵਿੱਚ ਸੈਂਕੜਿਆਂ ਦੀ ਗਿਣਤੀ ਵਿਚ ਲੱਗੀਆਂ ਫੈਕਟਰੀਆਂ ਦਾ ਪ੍ਰਦੂਸ਼ਿਤ ਤੇ ਜ਼ਹਿਰੀਲਾ ਪਾਣੀ ਸਤਲੁਜ ਦਰਿਆ ਵਿੱਚ ਜ਼ਹਿਰ ਘੋਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਕਸਬਾ ਬੱਦੀ, ਬਰੋਟੀਵਾਲਾ ਤੇ ਨਾਲਾਗੜ੍ਹ ਦੇ ਆਸ-ਪਾਸ ਲੱਗੀਆਂ ਫੈਕਟਰੀਆਂ ਦਾ ਕੈਮੀਕਲ ਯੁਕਤ ਪਾਣੀ ਪਿਛਲੇ ਲੰਬੇ ਸਮੇਂ ਤੋਂ ਸਰਸਾ ਨਦੀ ਰਾਹੀਂ ਪੰਜਾਬ ਦੇ ਪਿੰਡ ਆਸਪੁਰ ਨੇੜੇ ਸਤਲੁਜ ਦਰਿਆ ਵਿੱਚ ਆ ਮਿਲਦਾ ਹੈ।

ਇਸ ਜ਼ਹਿਰੀਲੇ ਪਾਣੀ ਕਾਰਨ ਸਤਲੁਜ ਦਰਿਆ ਦੇ ਪੱਤਣ ‘ਤੇ ਬਰਸਾਤ ਦੇ ਦਿਨਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿਚ ਮੱਛੀਆਂ ਮਰ ਜਾਂਦੀਆਂ ਹਨ ਤੇ ਇਨ੍ਹਾਂ ਮਰੀਆਂ ਮੱਛੀਆਂ ਨੂੰ ਪ੍ਰਵਾਸੀ ਮਜ਼ਦੂਰ ਚੁੱਕ ਕੇ ਆਪੋ ਆਪਣੇ ਟਿਕਾਣਿਆਂ ‘ਤੇ ਲੈ ਜਾਂਦੇ ਹਨ। ਭਾਵੇਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਰ ਸਾਲ ਸਿਰਸਾ ਨਦੀ ਵਿੱਚੋਂ ਪਾਣੀ ਦੇ ਸੈਂਪਲ ਲੈ ਕੇ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਤੇ ਇੱਕ ਦੋ ਵਾਰੀ ਪੰਜਾਬ ਤੇ ਹਿਮਾਚਲ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਾਣੀ ਦੇ ਸਾਂਝੇ ਤੌਰ ‘ਤੇ ਵੀ ਸੈਂਪਲ ਭਰੇ ਜਾ ਚੁੱਕੇ ਹਨ, ਪਰ ਹਾਲੇ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਹੁਣ ਤਾਂ ਸਿਰਸਾ ਨਦੀ ਦੇ ਪਾਣੀ ਦਾ ਰੰਗ ਵੀ ਗੂੜ੍ਹਾ ਹੁੰਦਾ ਜਾ ਰਿਹਾ ਹੈ।  

ਪੰਜਾਬ ਦੇ ਵਾਤਾਵਰਣ ਵਿਭਾਗ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਦੋਵੇਂ ਦਰਿਆ ਹਿਮਾਚਲ ’ਵਿਚੋਂ ਨਿਕਲਦੇ ਹਨ। ਸਰਸਾ ਦਰਿਆ ਬੱਦੀ ਸਨਅਤੀ ਖ਼ੇਤਰ ਵਿਚੋਂ ਹੁੰਦਿਆਂ ਆਉਂਦਾ ਹੈ, ਜਦਕਿ ਸਵਾਂ ਦਰਿਆ ਹਿਮਾਚਲ ਦੇ ਪਿੰਡ ਸੰਤੋਸ਼ਗੜ੍ਹ ਤੋਂ ਹੁੰਦਿਆਂ ਪੰਜਾਬ ਵਿਚ ਦਾਖ਼ਲ ਹੁੰਦਾ ਹੈ। ਇਸ ਲਈ ਦੋਵਾਂ ਦਰਿਆਵਾਂ ਵਿਚ ਵੱਧ ਰਹੇ ਪ੍ਰਦੂਸ਼ਣ ਲਈ ਹਿਮਾਚਲ ਜ਼ਿੰਮੇਵਾਰ ਹੈ। ਦੂਜੇ ਪਾਸੇ ਹਿਮਾਚਲ ਦੇ ਵਾਤਾਵਰਣ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਦਰਿਆਵਾਂ ਵਿਚ ਪ੍ਰਦੂਸ਼ਣ ਪੰਜਾਬ ਵਿਚ ਹੀ ਵਧਦਾ ਹੈ।ਪਰ ਤਾਜ਼ਾ ਰਿਪੋਟ ਨੇ ਪਰਦਾਫਾਸ਼ ਕਰ ਦਿਤਾ ਹੈ ਕਿ ਹਿਮਾਚਲ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਮਾਲੀਨ ਕਰਨ ਦੀ ਜ਼ਿੰਮੇਵਾਰ ਹੈ।ਪਰ ਪੰਜਾਬ ਸਰਕਾਰ ਇਸ ਮਸਲੇ ਬਾਰੇ ਚੁਪ ਧਾਰਨ ਕਰੀ ਬੈਠੀ ਹੈ।