ਕੈਨੇਡਾ ਵਿਚ ਇਸ ਸਾਲ ਦੌਰਾਨ 485000 ਨਵੇਂ ਪੱਕੇ ਵੀਜੇ ਜਾਰੀ ਕਰਨ ਦਾ ਟੀਚਾ
*ਕਲੋਜ਼ਡ ਵਰਕ ਪਰਮਿਟ ਦੀ ਸ਼ਰਤ ਹਟਾਈ ਜਾਵੇਗੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਟੋਰਾਂਟੋ-ਕੈਨੇਡਾ ਵਿਚ ਪੱਕੇ ਹੋਣ ਦੀ ਆਸ 'ਵਿਚ ਰਹਿ ਰਹੇ ਵਿਦੇਸ਼ੀ ਲੋਕਾਂ ਨੂੰ ਇਸ ਨਵੇਂ ਵਰ੍ਹੇ ਵਿਚ ਆਪਣੀ ਪੱਕੀ ਇਮੀਗ੍ਰੇਸ਼ਨ ਦਾ ਰਾਹ ਖੁੱਲਣ ਦੀ ਆਸ ਹੈ । ਇਮੀਗ੍ਰੇਸ਼ਨ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ 2024 ਵਿਚ ਸਟੱਡੀ ਅਤੇ ਵਰਕ ਪਰਮਿਟਾਂ ਦੀ ਗਿਣਤੀ ਘੱਟ ਸਕਦੀ ਹੈ ਜਦ ਕਿ ਇਸ ਸਾਲ ਦੌਰਾਨ 485000 ਨਵੇਂ ਪੱਕੇ ਵੀਜੇ ਜਾਰੀ ਕਰਨ ਦਾ ਟੀਚਾ ਹੈ । ਵਰਕ ਪਰਮਿਟ ਧਾਰਕਾਂ ਵਾਸਤੇ ਇਕ ਖੁਸ਼ੀ ਦੀ ਖ਼ਬਰ ਇਹ ਵੀ ਆਉਣ ਦੀ ਸੰਭਾਵਨਾ ਹੈ ਕਿ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਵਿਦੇਸ਼ੀ ਕਾਮਿਆਂ ਦਾ ਸ਼ੋਸ਼ਣ ਰੋਕਣ ਲਈ ਕਲੋਜ਼ਡ ਵਰਕ ਪਰਮਿਟ ਦੀ ਸ਼ਰਤ ਹਟਾ ਦਿੱਤੀ ਜਾਵੇਗੀ ਅਤੇ ਵਿਦੇਸ਼ੀ ਵਰਕਰ ਇਕ ਕੰਪਨੀ ਵਿਚ ਕੰਮ ਕਰਨ ਲਈ ਪਾਬੰਦ ਨਹੀਂ ਹੋਣਗੇ । ਕੈਨੇਡਾ ਵਿੱਚ ਲੱਖਾਂ ਦੀ ਤਦਾਦ (ਸਰਕਾਰ ਦੇ ਅੰਦਾਜ਼ੇ ਅਨੁਸਾਰ 3 ਤੋਂ 6 ਲੱਖ ਦੇ ਕਰੀਬ) ਵਿਚ ਰਹਿ ਰਹੇ ਕੱਚੇ ਵਿਦੇਸ਼ੀ ਨਾਗਰਿਕਾਂ ਨੂੰ ਪੱਕੇ ਕਰਨ ਦਾ ਐਲਾਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਵਲੋਂ 2024 ਵਿਚ ਕੀਤੇ ਜਾਣ ਦੀ ਸੰਭਾਵਨਾ ਹੈ ।ਇਸੇ ਦੌਰਾਨ ਸਿਆਸੀ ਮਾਹਿਰ 2024 ਵਿਚ ਕੈਨੇਡਾ ਵਿਚ ਸੰਸਦੀ ਚੋਣਾਂ ਹੋਣ ਦੀ ਸੰਭਾਵਨਾ ਵੀ ਪ੍ਰਗਟਾ ਰਹੇ ਹਨ। ਹਾਲ ਦੀ ਘੜੀ ਟਰੂਡੋ ਦੀ ਘੱਟ-ਗਿਣਤੀ ਲਿਬਰਲ ਸਰਕਾਰ, ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਨਾਲ ਸਮਝੌਤੇ ਤਹਿਤ ਚੱਲ ਰਹੀ ਹੈ ਅਤੇ ਚੋਣਾਂ ਦਾ 2025 ਵਿਚ ਹੋਣਾ ਤੈਅ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਪਾਰਟੀਆਂ ਦਾ ਸਮਝੌਤਾ ਸੰਸਦ ਦੀ ਮਿਆਦ ਪੂਰੀ ਹੋਣ ਤੱਕ ਨਹੀਂ ਨਿਭੇਗਾ ਅਤੇ ਚੋਣਾਂ ਦਾ ਐਲਾਨ ਸਮੇਂ ਤੋਂ ਪਹਿਲਾਂ ਇਸੇ ਸਾਲ 2024 ਵਿਚ ਹੋ ਜਾਵੇਗਾ।
Comments (0)