ਕੈਨੇਡਾ ਪਾਰਲੀਮੈਂਟ ਵਿਚ   ਨਿੱਝਰ ਦੀ ਬਰਸੀ ਮਨਾਉਣ ਤੋਂ ਭਾਰਤ ਔਖਾ ,ਕਨਿਸ਼ਕ ਕਾਂਡ ਦਾ ਮਾਮਲਾ ਭੱਖਿਆ

ਕੈਨੇਡਾ ਪਾਰਲੀਮੈਂਟ ਵਿਚ   ਨਿੱਝਰ ਦੀ ਬਰਸੀ ਮਨਾਉਣ ਤੋਂ ਭਾਰਤ ਔਖਾ ,ਕਨਿਸ਼ਕ ਕਾਂਡ ਦਾ ਮਾਮਲਾ ਭੱਖਿਆ

*ਭਾਰਤੀ ਹਾਈ ਕਮਿਸ਼ਨ ਨੇ  ਓਟਾਵਾ ਵਿਚ ਕਨਿਸ਼ਕ ਕਾਂਡ ਬਾਰੇ ਖਾਲਿਸਤਾਨੀਆਂ ਨੂੰ ਭੰਡਿਆ

*ਭਾਰਤੀ ਵਿਦੇਸ਼ ਮੰਤਰੀ  ਨੇ ਕਿਹਾ ਕਿ ਕੈਨੇਡਾ ਸਰਕਾਰ ਰਾਜਨੀਤਕ ਲਾਭ ਹਾਨੀ ਦੇਖ ਕੇ ਖਾੜਕੂਵਾਦ ਬਾਰੇ ਚੁਪ ਨਾ ਧਾਰੇ

* ਸਿਖਾਂ ਨੂੰ ਕੌਮਾਂਤਰੀ ਪੱਧਰ ਉਤੇ ਬਦਨਾਮ ਕਰਨ ਹਿੱਤ ਹੀ ਕਨਿਸ਼ਕਾ ਕਾਂਡ ਕਰਵਾਉਣ ਦੀ ਸਾਜਿ਼ਸ਼ ਰਚੀ-ਮਾਨ

 ਬੀਤੇ ਦਿਨੀਂ  ਕੈਨੇਡਾ ਦੀ ਸੰਸਦ ਵਿਚ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਬਰਸੀ ਮਨਾਉਣ ,ਖਾਲਿਸਤਾਨੀ ਸਮਰਥਕਾਂ ਵਲੋਂ ਭਾਰਤੀ ਕੌਂਸਲੇਟ ਦੇ ਬਾਹਰ ਪ੍ਰਦਰਸ਼ਨ ਕਰਨ ਤੇ ਭਾਰਤ ਦੇ ਪ੍ਰਧਾਨ ਮੰਤਰੀ  ਮੋਦੀ ਦਾ ਪੁਤਲਾ ਫੂਕਣ ਤੋਂ ਭਾਰਤ ਔਖਾ ਹੈ।  ਯਾਦ ਰਹੇ ਕਿ ਪਿਛਲੇ ਸਾਲ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਗੁਰਦੁਆਰੇ ਦੇ ਬਾਹਰ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡਾ ਨੇ ਇਸ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਦੱਸਿਆ ਸੀ।ਖਾਲਿਸਤਾਨੀ ਸਮਰਥਕ ਇਸ ਕਤਲ ਲਈ ਮੋਦੀ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਹਨ।

ਦੱਸ ਦਈਏ ਕਿ ਪਿਛਲੇ ਮਹੀਨੇ ਹੀ ਕੈਨੇਡਾ ਨੇ ਨਿੱਝਰ ਕਤਲ ਕੇਸ ਵਿੱਚ 4 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਕਰਨ (22), ਕਮਲਪ੍ਰੀਤ ਸਿੰਘ (22) ਤੇ ਕਰਨਪ੍ਰੀਤ ਸਿੰਘ (28) ਸਾਰੇ ਐਡਮਿੰਟਨ ਦੇ ਰਹਿਣ ਵਾਲੇ ਹਨ। ਉਨ੍ਹਾਂ ਉੱਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਸਨ। ਇਸ ਤੋਂ ਕੁਝ ਦਿਨਾਂ ਬਾਅਦ ਇੱਕ ਹੋਰ ਭਾਰਤੀ ਅਮਨਦੀਪ ਸਿੰਘ ਨੂੰ ਕੈਨੇਡੀਅਨ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਸੀ। 

ਉਧਰ, ਭਾਰਤ ਨੇ ਵੀ ਨਿਝਰ ਕਤਲ ਕਾਂਡ ਨੂੰ ਉਲਝਾਉਣ ਲਈ ਏਅਰ ਇੰਡੀਆ ਦੇ ਜਹਾਜ਼ ਕਨਿਸ਼ਕ ਨੂੰ ਬੰਬ ਧਮਾਕੇ ਨਾਲ ਉਡਾਉਣ ਨੂੰ ਲੈ ਕੇ ਖਾੜਕੂਵਾਦ ਦਾ ਮੁੱਦਾ ਉਠਾਇਆ ਹੈ। ਭਾਰਤ ਨੇ 1985 ਦੇ ਏਅਰ ਇੰਡੀਆ ਦੇ 'ਕਨਿਸ਼ਕ' ਜਹਾਜ਼ ਵਿਚ ਹੋਏ ਬੰਬ ਧਮਾਕੇ ਅਤੇ ਖਾੜਕੂਆਂ ਦੀ ਕੈਨੇਡਾ ਵਿਚ ਵਡਿਆਈ ਕੀਤੇ ਜਾਣ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਦੀ ਨਿੰਦਾ ਵਿਚ ਰਾਜਨੀਤੀ ਹਾਨੀ-ਲਾਭ ਦਾ ਵਿਚਾਰ ਕਰਨਾ ਠੀਕ ਨਹੀਂ ਹੈ। ਓਟਾਵਾ ਵਿਚ ਭਾਰਤੀ ਹਾਈ ਕਮਿਸ਼ਨ ਨੇ  ਕਿਹਾ ਸੀ ਕਿ 1985 ਵਿਚ ਏਆਈ-182 ਵਿਚ ਬੰਬ ਧਮਾਕੇ ਸਮੇਤ ਖਾੜਕੂਵਾਦ ਦੀ ਵਡਿਆਈ ਕਰਨ ਵਾਲੀ ਕੋਈ ਕਾਰਵਾਈ ਨਿੰਦਾਯੋਗ ਹੈ ਅਤੇ ਸਾਰੇ ਸ਼ਾਂਤੀ ਪਸੰਦ ਦੇਸ਼ਾਂ ਅਤੇ ਵਿਅਕਤੀਆਂ ਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ। ਹਾਈ ਕਮਿਸ਼ਨ ਨੇ ਕਿਹਾ ਹੈ ਕਿ ਇਹ ਮੰਦਭਾਗੀ ਹੈ ਕਿ ਕੈਨੇਡਾ ਵਿਚ ਕਈ ਮੌਕਿਆਂ 'ਤੇ ਅਜਿਹੀਆਂ ਗਤੀਵਿਧੀਆਂ ਨੂੰ ਆਮ ਤੌਰ 'ਤੇ ਛੋਟ ਦਿੱਤੀ ਜਾਂਦੀ ਰਹੀ ਹੈ।'' ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਹਵਾਲੇ ਤੋਂ ਕਿਹਾ ਗਿਆ ਹੈ,''ਕੈਨੇਡਾ ਸਰਕਾਰ ਨੂੰ ਰਾਜਨੀਤਕ ਲਾਭ ਹਾਨੀ ਦੇਖ ਕੇ ਖਾੜਕੂਵਾਦ ਅਤੇ ਹਿੰਸਾ ਖ਼ਿਲਾਫ਼ ਆਪਣਾ ਰੁਖ ਤੈਅ ਨਹੀਂ ਕਰਨਾ ਚਾਹੀਦਾ।''

ਯਾਦ ਰਹੇ ਕਿ ਏਅਰ ਇੰਡੀਆ ਦੀ ਫਲਾਈਟ ਨੰਬਰ 182 ਨੇ 23 ਜੂਨ 1985 ਨੂੰ ਕੈਨੇਡਾ ਤੋਂ ਉਡਾਣ ਭਰੀ ਸੀ। ਇਸ ਜਹਾਜ਼ ਦਾ ਨਾਂ ਸਮਰਾਟ ਕਨਿਸ਼ਕ ਦੇ ਨਾਂ 'ਤੇ ਰੱਖਿਆ ਗਿਆ ਸੀ। ਫਲਾਈਟ ਨੇ ਲੰਡਨ ਤੇ ਫਿਰ ਦਿੱਲੀ ਦੇ ਰਸਤੇ ਮੁੰਬਈ ਪਹੁੰਚਣਾ ਸੀ। ਜਹਾਜ਼ ਨੂੰ ਉਸ ਸਮੇਂ ਬੰਬ ਨਾਲ ਉਡਾ ਦਿੱਤਾ ਗਿਆ ਜਦੋਂ ਇਹ ਆਇਰਿਸ਼ ਹਵਾਈ ਖੇਤਰ ਤੋਂ ਲੰਘ ਰਿਹਾ ਸੀ। ਇਸ ਤੋਂ ਬਾਅਦ ਜਹਾਜ਼ ਅਟਲਾਂਟਿਕ ਮਹਾਸਾਗਰ ਵਿੱਚ ਡਿੱਗ ਗਿਆ। ਇਸ ਹਮਲੇ ਵਿਚ 329 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚੋਂ 86 ਬੱਚੇ ਸਨ। ਜਹਾਜ਼ ਵਿੱਚ ਸਵਾਰ ਜ਼ਿਆਦਾਤਰ ਲੋਕ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਸਨ।ਭਾਰਤ ਸਰਕਾਰ ਵਲੋਂ ਦੋਸ਼ ਹੈ ਕਿ  ਖਾਲਿਸਤਾਨੀਆਂ ਨੇ 1984 ਦੇ ਸਾਕਾ ਨੀਲਾ ਤਾਰਾ ਦਾ ਬਦਲਾ ਲੈਣ ਲਈ ਇਹ ਹਮਲਾ ਕੀਤਾ ਸੀ।  ਇਸ ਦੀ ਪੂਰੀ ਵਿਉਂਤਬੰਦੀ ਕੈਨੇਡਾ ਵਿੱਚ ਕੀਤੀ ਗਈ ਸੀ।

 ਭਾਰਤੀ ਹਾਈ ਕਮਿਸ਼ਨ ਨੇ 'ਐਕਸ' 'ਤੇ ਇਕ ਪੋਸਟ ਵਿਚ ਓਟਾਵਾ ਦੇ ਡਾਵ ਝੀਲ ਦੇ ਕਮਿਸ਼ਨਰ ਪਾਰਕ 'ਵਿਚ ਏਅਰ ਇੰਡੀਆ ਫਲਾਈਟ 182 ਸਮਾਰਕ 'ਤੇ ਫੁੱਲ ਭੇਟ ਕੀਤੇ ਜਾਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਮੌਕੇ ਸੰਜੇ ਵਰਮਾ ਨੇ ਸ਼ਰਧਾਂਜਲੀ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਦੁਨੀਆ ਦੀ ਕਿਸੇ ਵੀ ਸਰਕਾਰ ਨੂੰ ਰਾਜਨੀਤਕ ਲਾਭ ਲਈ ਆਪਣੇ ਖੇਤਰਾਂ ਤੋਂ ਪੈਦਾ ਹੋਣ ਵਾਲੇ ਅੱਤਵਾਦ ਦੇ ਖ਼ਤਰੇ ਨੂੰ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ।  ਸਰਕਾਰਾਂ, ਸੁਰੱਖਿਆ ਏਜੰਸੀਆਂ ਅਤੇ ਕੌਮਾਂਤਰੀ ਸੰਗਠਨਾਂ ਨੂੰ ਖਾੜਕੂ ਨੈੱਟਵਰਕ ਨੂੰ ਨਸ਼ਟ ਕਰਨ, ਉਨ੍ਹਾਂ ਦੇ ਵਿੱਤ ਪੋਸ਼ਣ ਨੂੰ ਰੋਕਣ ਅਤੇ ਉਨ੍ਹਾਂ ਦੀ ਵਿਕ੍ਰਿਤ ਵਿਚਾਰਧਾਰਾਵਾਂ ਦਾ ਮੁਕਾਬਲਾ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ।''  

ਦੂਜੇ ਪਾਸੇ ਕੈਨੇਡਾ ਦੀਆਂ ਪੰਥਕ ਧਿਰਾਂ ਦਾ ਮੰਨਣਾ ਹੈ ਕਿ ਭਾਰਤੀ ਇੰਟੈਲੀਜੈਂਸ ਕੈਨੇਡਾ ਦੀ ਰਾਜਨੀਤੀ ਵਿਚ ਸਥਾਪਤ ਹੋ ਚੁੱਕੀ ਸਿੱਖ ਲਾਬੀ ਨੂੰ ਤੋੜਨਾ ਚਾਹੁੰਦੀ ਹੈ। ਇਹ ਸਿੱਖ ਲਾਬੀ ਭਾਰਤ ਵਿਚ ਸਿੱਖਾਂ ਦੇ ਹੋਏ ਕਤਲੇਆਮ ਖਿਲਾਫ ਅਤੇ ਸਿੱਖ ਹੱਕਾਂ ਲਈ ਲਗਾਤਾਰ ਅਵਾਜ਼ ਚੁੱਕਦੀ ਆ ਰਹੀ ਹੈ ਜਿਸ ਨਾਲ ਭਾਰਤ ਸਰਕਾਰ ਦੇ ਹਿੱਤਾਂ ਨੂੰ ਸੱਟ ਵੱਜਦੀ ਹੈ ਅਤੇ ਦੁਨੀਆ ਵਿਚ ਉਸਦੇ ਅਕਸ ਬਾਰੇ ਨਕਾਰਤਾਮਕਤਾ ਫੈਲਦੀ ਹੈ। ਉਸ ਲਈ ਇਹ ਸਿੱਖ ਲਾਬੀ ਇਕ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਇਸੇ ਕਰਕੇ ਖਾਲਿਸਤਾਨੀ ਭਾਰਤ ਦੇ ਨਿਸ਼ਾਨੇ ਉਪਰ ਹਨ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਮੰਨਣਾ ਹੈ ਕਿ ਜਦੋਂ ਕੈਨੇਡਾ ਵਿਚ 23 ਜੂਨ 1985 ਨੂੰ ਕਨਿਸ਼ਕਾ ਹਵਾਈ ਜਹਾਜ ਕਾਂਡ ਵਾਪਰਿਆ ਸੀ, ਉਸ ਸਮੇਂ ਸਿੱਖ ਕੌਮ ਦਾ ਸਿੱਖ ਰਾਜ ਖ਼ਾਲਿਸਤਾਨ ਦੀ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਚੱਲ ਰਿਹਾ ਸੰਘਰਸ਼ ਵੀ ਪੂਰਨ ਸਿੱਖਰਾਂ ਤੇ ਸੀ । ਇੰਡੀਆ ਦੀਆਂ ਖੁਫੀਆ ਏਜੰਸੀਆ ਆਈ.ਬੀ ਅਤੇ ਰਾਅ ਵੱਲੋਂ ਸਿੱਖ ਕੌਮ ਦੇ ਚੱਲ ਰਹੇ ਸੰਘਰਸ਼ ਨੂੰ ਕੌਮਾਂਤਰੀ ਪੱਧਰ ਉਤੇ ਬਦਨਾਮ ਕਰਨ ਹਿੱਤ ਹੀ ਕਨਿਸ਼ਕਾ ਹਵਾਈ ਕਾਂਡ ਕਰਵਾਉਣ ਦੀ ਸਾਜਿ਼ਸ਼ ਰਚੀ ਗਈ ਸੀ , ਤਾਂ ਕਿ ਇਸ ਵੱਡੀ ਦੁੱਖਦਾਇਕ ਘਟਨਾ ਨੂੰ ਸਿੱਖ ਕੌਮ ਉਪਰ ਥੋਪ ਕੇ ਖ਼ਾਲਿਸਤਾਨ ਦੇ ਚੱਲ ਰਹੇ ਸੰਘਰਸ਼ ਨੂੰ ਸੱਟ ਮਾਰੀ ਜਾ ਸਕੇ ਅਤੇ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਸਕੇ

ਸ. ਮਾਨ ਨੇ ਇਸ ਸਾਜਿ਼ਸ਼ ਦੀ ਸਾਰੇ ਪਹਿਲੂਆਂ ਤੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ. ਤਲਵਿੰਦਰ ਸਿੰਘ ਪਰਮਾਰ ਉਤੇ ਇੰਡੀਆਂ ਦੀਆਂ ਖੁਫੀਆ ਏਜੰਸੀਆ ਨੇ ਕਨਿਸ਼ਕ ਕਾਂਡ ਕਰਨ ਦਾ ਦੋਸ਼ ਇਸ ਕਰਕੇ ਲਗਾਇਆ ਸੀ ਕਿ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਨੂੰ ਬਦਨਾਮ ਕਰਕੇ ਖ਼ਾਲਿਸਤਾਨੀ ਲਹਿਰ ਨੂੰ ਸੱਟ ਮਾਰੀ ਜਾ ਸਕੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬਾਅਦ ਵਿਚ ਸ. ਪਰਮਾਰ ਨੂੰ ਪੰਜਾਬ ਦੇ ਉਸ ਸਮੇਂ ਦੇ ਡੀਜੀਪੀ ਕੇ.ਪੀ.ਐਸ. ਗਿੱਲ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂਕਿ ਉਸ ਵਕਤ ਹੀ ਕਨਿਸ਼ਕ ਕਾਂਡ ਦੀ ਜਾਂਚ ਕੈਨੇਡਾ ਦੇ ਮੇਜਰ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਸੀ । ਜਦੋਂ ਸ. ਪਰਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤਾਂ ਕਨਿਸ਼ਕ ਕਾਂਡ ਦੇ ਸੱਚ ਨੂੰ ਸਾਹਮਣੇ ਲਿਆਉਣ ਹਿੱਤ ਅਤੇ ਉਪਰੋਕਤ ਜਾਂਚ ਨੂੰ ਸਹੀ ਦਿਸ਼ਾ ਵੱਲ ਲਿਜਾਣ ਹਿੱਤ ਇੰਡੀਆ ਹਕੂਮਤ ਦਾ ਇਹ ਫਰਜ਼ ਬਣਦਾ ਸੀ ਕਿ ਸ. ਪਰਮਾਰ ਨੂੰ ਹਵਾਲਗੀ ਸੰਧੀ ਰਾਹੀ ਕੈਨੇਡਾ ਦੇ ਹਵਾਲੇ ਕੀਤਾ ਜਾਂਦਾ ਅਤੇ ਮੇਜਰ ਜਾਂਚ ਕਮਿਸ਼ਨ ਉਸ ਨੂੰ ਜਾਂਚ ਵਿਚ ਸ਼ਾਮਿਲ ਕਰਦਾ ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇੰਡੀਆ ਦੇ ਸਾਜਿ਼ਸ਼ਕਾਰੀਆ ਨੇ ਸ. ਪਰਮਾਰ ਨੂੰ ਇਸ ਲਈ ਕਤਲ ਕਰ ਦਿੱਤਾ ਕਿ ਕਨਿਸ਼ਕ ਕਾਂਡ ਦੀ ਇੰਡੀਆ ਦੀ ਖੁਫੀਆ ਏਜੰਸੀਆ ਦੀ ਸਾਜਿ਼ਸ਼ ਤੋਂ ਪਰਦਾ ਨਾ ਉੱਠ ਸਕੇ।

ਯਾਦ ਰਹੇ ਕਿ ਸਵਰਗਵਾਸੀ ਪੱਤਰਕਾਰ ਤੇ ਲੇਖਕ ਜ਼ੁਹੈਰ ਕਸ਼ਮੀਰੀ ਨੇ ਆਪਣੀਆਂ ਖਬਰਾਂ ਤੇ ਲੇਖਾਂ ਰਾਹੀਂ ਇਹ ਗੱਲ ਸਾਹਮਣੇ ਲਿਆਂਦੀ ਕਿ ਭਾਰਤ ਸਰਕਾਰ ਕਨੇਡਾ ਵਿਚ ਇਕ ਖੂਫੀਆ ਮੁਹਿੰਮ ਚਲਾ ਕੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਚਾਲਾਂ ਚਲ ਰਹੀ ਸੀ।

ਧਮਾਕੇ ਤੋਂ ਚਾਰ ਸਾਲ ਬਾਅਦ ਪੱਤਰਕਾਰ ਕਸ਼ਮੀਰੀ ਨੇ ਆਪਣੇ ਸਾਥੀ ਪੱਤਕਾਰ ਬਰਾਇਨ ਮੈਕਐਂਡਰਿਊ ਨਾਲ ਇਸ ਵਿਵਾਦਤ ਮਾਮਲੇ ਦੀ ਨਿੱਠ ਕੇ ਘੋਖ ਪੜਤਾਲ ਕਰਕੇ “ਸੋਫਟ ਟਾਰਗਟ: ਹਓ ਦਾ ਇੰਡੀਅਨ ਇੰਟੈਲੀਜੈਂਸ ਸਰਵਸਿਸ ਪੈਨੀਟਰੇਟਿਡ ਕਨੇਡਾ” (ਸੁਖਾਲਾ ਨਿਸ਼ਾਨਾ: ਭਾਰਤੀ ਖੂਫੀਆ ਏਜੰਸੀਆਂ ਦੀ ਕਨੇਡਾ ਵਿਚ ਦਖਲ ਅੰਦਾਜ਼ੀ) ਨਾਂ ਦੀ ਕਿਤਾਬ ਲਿਖੀ ਜਿਸ ਵਿਚ ਇਹ ਗੱਲ ਸਾਹਮਣੇ ਲਿਆਂਦੀ ਗਈ ਕਿ ਕਿਵੇਂ ਕਨੇਡਾ ਵਿਚ ਭਾਰਤੀ ਜਸੂਸ ਸਾਲਾਂ ਤੋਂ ਸ਼ੱਕੀ ਤੇ ਖਤਰਨਾਕ ਕਾਰਵਾਈਆਂ ਕਰਕੇ ਕਨੇਡਾ ਦੇ ਸਿੱਖਾਂ ਵਿਚ ਦਖਲਅੰਦਾਜ਼ੀ ਕਰ ਰਹੇ ਸਨ ਤੇ ਉਹਨ੍ਹਾਂ ਨੂੰ ਪੈਰੋਂ ਉਖੇੜਨ ਦੀਆਂ ਕਾਰਵਾਈਆਂ ਕਰ ਰਹੇ ਸਨ।

ਇਸ ਕਿਤਾਬ ਦੀ ਦੂਜੀ ਵਾਰ 2005 ਵਿਚ ਛਪੀ ਤੇ ਇਸ ਕਿਤਾਬ ਦਾ ਉੱਪ-ਸਿਰਲੇਖ “ਦਾ ਰੀਅਲ ਸਟੋਰੀ ਬਿਹਾਈਂਡ ਦਾ ਏਅਰ ਇੰਡੀਆ ਡਿਜ਼ਾਸਟਰ” (ਏਅਰ ਇੰਡੀਆ ਧਮਾਕੇ ਦੀ ਅਸਲ ਕਹਾਣੀ) ਰੱਖਿਆ ਗਿਆ।

ਕਨਿਸ਼ਕ’ ਕਾਂਡ ਦੀ ਜਾਂਚ ਅਜੇ ਵੀ ਜਾਰੀ: ਕੈਨੇਡਾ ਪੁਲੀਸ

ਕੈਨੇਡੀਅਨ ਪੁਲੀਸ ਨੇ ਦਾਅਵਾ ਕੀਤਾ ਹੈੈ ਕਿ 39 ਸਾਲ ਪਹਿਲਾਂ ਏਅਰ ਇੰਡੀਆ ਦੀ ਉਡਾਣ 182 ਵਿਚ ਕੀਤੇ ਬੰਬ ਧਮਾਕੇ (ਕਨਿਸ਼ਕ ਕਾਂਡ) ਦੀ ਜਾਂਚ ਹੁਣ ਵੀ ਜਾਰੀ ਹੈ। ਪੁਲੀਸ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਲੰਮਾ ਦੇ ਪੇਚੀਦਾ ਮਾਮਲਾ ਦੱਸਿਆ ਹੈ।  ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੇ ਸਹਾਇਕ ਕਮਿਸ਼ਨਰ ਡੇਵਿਡ ਟੈਬੌਲ ਨੇ ਇਕ ਬਿਆਨ ਵਿਚ ਕਿਹਾ ਕਿ ਬੰਬ ਧਮਾਕੇ ਦੀ ਇਹ ਵਾਰਦਾਤ ਦੇਸ਼ ਦੇ ਇਤਿਹਾਸ ਵਿਚ ਕੈਨੇਡੀਅਨ ਨਾਗਰਿਕਾਂ ਦੀ ਜਾਨ ਲੈਣ ਵਾਲੀ ਤੇ ਉਨ੍ਹਾਂ ਨੂੰ ਅਸਰਅੰਦਾਜ਼ ਕਰਨ ਵਾਲੀ ਦਹਿਸ਼ਤਗਰਦੀ ਨਾਲ ਸਬੰਧਤ ਸਭ ਤੋਂ ਭਿਆਨਕ ਘਟਨਾ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ।