ਬਿ੍ਰਜ ਭੂਸ਼ਣ ਦਾ ਦਬਦਬਾ ਕੁਸ਼ਤੀ ਫੈਡਰੇਸ਼ਨ ਉਪਰ ਬਰਕਰਾਰ

*ਦਫਤਰ ਦਾ ਕਾਰਜ ਬਿ੍ਰਜ ਭੂਸ਼ਣ ਦੀ ਕੋਠੀ ਤੋਂ ਚਲ ਰਿਹਾ,ਖੇਡ ਮੰਤਰਾਲਾ ਚੁਪ
*ਪਰ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਵਾਲੀ ਭਾਜਪਾ ਲਈ ਬਿ੍ਰਜ ਭੂਸ਼ਣ ਅਹਿਮ
ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਵੇਲੇ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਖਿਲਾਫ ਚੱਲੇ ਅੰਦੋਲਨ ਦੌਰਾਨ ਕੇਂਦਰੀ ਖੇਡ ਮੰਤਰਾਲੇ ਨੇ ਜਦੋਂ 2023 ਵਿੱਚ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਸੀ ਤਾਂ ਕੁਝ ਹਫਤਿਆਂ ਬਾਅਦ ਫੈਡਰੇਸ਼ਨ ਦਾ ਦਫਤਰ ਬਿ੍ਰਜ ਭੂਸ਼ਣ ਦੀ 21, ਅਸ਼ੋਕ ਰੋਡ ਵਾਲੀ ਕੋਠੀ ਤੋਂ ਬਦਲ ਕੇ ਹਰੀ ਨਗਰ ਦੇ ਇੱਕ ਕਮਰੇ ਵਿੱਚ ਪੁੱਜ ਗਿਆ ਸੀ। ਅੱਜ ਵੀ ਫੈਡਰੇਸ਼ਨ ਦੀ ਅਧਿਕਾਰਤ ਵੈੱਬਸਾਈਟ ਦੇ ਹੋਮਪੇਜ ’ਤੇ ਪਤਾ 101, ਹਰੀ ਨਗਰ, ਆਸ਼ਰਮ ਚੌਕ, ਨਵੀਂ ਦਿੱਲੀ-110014 ਦਰਜ ਹੈ, ਪਰ ਹਕੀਕਤ ਵਿੱਚ ਇਹ ਚਲਦਾ ਬਿ੍ਰਜ ਭੂਸ਼ਣ ਦੀ ਕੋਠੀ ਤੋਂ ਹੈ। ਹਰੀ ਨਗਰ ਵਾਲੇ ਦਫਤਰ ਵਿੱਚ ਨਵਾਂ ਕਿਰਾਏਦਾਰ ਆ ਚੁੱਕਾ ਹੈ। ਹਾਲਾਂਕਿ ਫੈਡਰੇਸ਼ਨ ਦਾ ਨਵਾਂ ਪ੍ਰਧਾਨ ਸੰਜੇ ਸਿੰਘ ਇਸ ਬਾਰੇ ਗੱਲ ਨਹੀਂ ਕਰਦਾ, ਖਜ਼ਾਨਚੀ ਐੱਸ ਪੀ ਦੇਸਵਾਲ ਨੇ ਮੰਨਿਆ ਹੈ ਕਿ ਦਫਤਰ ਅਜੇ ਵੀ ਹਰੀ ਨਗਰ ਵਿੱਚ ਹੈ, ਪਰ ਫੈਡਰੇਸ਼ਨ ਦਾ ਕੰਮ ਤਾਂ ਉੱਥੋਂ ਹੀ ਹੋ ਸਕਦਾ ਹੈ, ਜਿੱਥੇ ਸਟਾਫ ਬੈਠੇ।
ਕਹਿਣ ਦਾ ਮਤਲਬ ਕੰਮ ਬਿ੍ਰਜ ਭੂਸ਼ਣ ਦੀ ਕੋਠੀ ਤੋਂ ਹੀ ਹੁੰਦਾ ਹੈ। ਹਾਲਾਂਕਿ 21, ਅਸ਼ੋਕ ਰੋਡ ਵਾਲੀ ਕੋਠੀ ਦੇ ਬਾਹਰ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਬੋਰਡ ਤਾਂ ਨਜ਼ਰ ਨਹੀਂ ਆਇਆ, ਪਰ ਸਟਾਫ ਉੱਥੇ ਹੀ ਫਰਵਰੀ ਦੇ ਪਹਿਲੇ ਹਫਤੇ ਹੋਣ ਵਾਲੇ ਕੁਸ਼ਤੀ ਰੈਂਕਿੰਗ ਪ੍ਰੋਗਰਾਮ ਦੇ ਦਸਤਾਵੇਜ਼ ਸਕੈਨ ਕਰ ਰਿਹਾ ਸੀ, ਕੰਪਿਊਟਰ ’ਤੇ ਡੈਟਾ ਅਪਡੇਟ ਕਰ ਰਿਹਾ ਸੀ, ਸਰਟੀਫਿਕੇਟਾਂ ਦੀ ਜਾਂਚ ਕਰ ਰਿਹਾ ਸੀ ਤੇ ਕੁਸ਼ਤੀ ਨਾਲ ਸੰਬੰਧਤ ਦਸਤਾਵੇਜ਼ਾਂ ਦੇ ਪਿ੍ਰੰਟਆਊਟ ਕੱਢ ਰਿਹਾ ਸੀ। ਸਟਾਫ ਨੇ ਮੰਨਿਆ ਕਿ ਕੁਝ ਸਮਾਂ ਹਰੀ ਨਗਰ ਵਿਚ ਕੰਮ ਕੀਤਾ, ਪਰ ਫਿਰ ਇੱਥੇ ਆ ਗਏ।
ਬਿ੍ਰਜ ਭੂਸ਼ਣ, ਜਿਸ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਯੂ ਪੀ ਦੇ ਕੈਸਰਗੰਜ ਤੋਂ ਟਿਕਟ ਨਾ ਦੇ ਕੇ ਉਸ ਦੇ ਬੇਟੇ ਕਰਨ ਭੂਸ਼ਣ ਸਿੰਘ ਨੂੰ ਜਿਤਵਾਇਆ, ਵੀ ਅੰਦਰ ਹੀ ਬੈਠਾ ਸੀ। ਇਹ ਪੁੱਛਣ ’ਤੇ ਕਿ ਉਹ ਫੈਡਰੇਸ਼ਨ ਦਾ ਦਫਤਰ ਆਪਣੀ ਕੋਠੀ ਵਿਚ ਕਿਉ ਲੈ ਆਏ, ਉਸ ਨੇ ਕਿਹਾ ਕਿ ਉਹ ਕੁਸ਼ਤੀ ’ਤੇ ਚਰਚਾ ਨਹੀਂ ਕਰੇਗਾ।
ਫੈਡਰੇਸ਼ਨ ਦੀਆਂ ਚੋਣਾਂ ਦੌਰਾਨ ਭਾਜਪਾ ਨੂੰ ਬਿ੍ਰਜ ਭੂਸ਼ਣ ਨੂੰ ਲਾਂਭੇ ਰੱਖਣਾ ਪਿਆ, ਪਰ ਉਸ ਦੇ ਹੀ ‘ਪੱਠੇ’ ਅਹੁਦੇਦਾਰ ਚੁਣੇ ਗਏ ਸਨ। ਪ੍ਰਧਾਨ ਚੁਣੇ ਜਾਣ ਦੇ ਕੁਝ ਚਿਰ ਬਾਅਦ ਸੰਜੇ ਸਿੰਘ ਨੇ ਬਿ੍ਰਜ ਭੂਸ਼ਣ ਦੀ ਕੋਠੀ ਪੁੱਜ ਕੇ ਉਸ ਨੂੰ ਹਾਰ ਪਾਇਆ ਤੇ ਫੋਟੋ ਖਿਚਵਾਈ। ਹਵਾ ਵਿੱਚ ਨਾਅਰੇ ਗੂੰਜ ਰਹੇ ਸਨ,ਦਬਦਬਾ ਥਾ, ਦਬਦਬਾ ਰਹੇਗਾ। ਬਿ੍ਰਜ ਭੂਸ਼ਣ ਖਿਲਾਫ ਦੋ ਮਹਿਲਾ ਭਲਵਾਨਾਂ ਨਾਲ ਛੇੜਛਾੜ ਦੇ ਮਾਮਲੇ ਵਿੱਚ ਦਿੱਲੀ ਪੁਲਸ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ, ਪਰ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਵਾਲੀ ਭਾਜਪਾ ਲਈ ਅੱਜ ਵੀ ਬਿ੍ਰਜ ਭੂਸ਼ਣ ਅਹਿਮ ਹੈ। ਇਹੀ ਕਾਰਨ ਹੈ ਕਿ ਉਹ ਕੁਸ਼ਤੀ ਫੈਡਰੇਸ਼ਨ ਨੂੰ ਆਪਣੇ ਘਰੋਂ ਚਲਾ ਰਿਹਾ ਹੈ ਤੇ ਕੇਂਦਰੀ ਖੇਡ ਮੰਤਰਾਲਾ ਕੋਈ ਕਾਰਵਾਈ ਨਹੀਂ ਕਰ ਰਿਹਾ।
ਕੌਣ ਹਨ ਬ੍ਰਿਜ ਭੂਸ਼ਣ ਸ਼ਰਣ ਸਿੰਘ?
ਬ੍ਰਿਜ ਭੂਸ਼ਣ ਸਿੰਘ ਦੀ ਗਿਣਤੀ ਦਬਦਬੇ ਵਾਲੇ ਆਗੂਆਂ ਵਿੱਚ ਕੀਤੀ ਜਾਂਦੀ ਹੈ। ਉਹ ਗੋਂਡਾ, ਉੱਤਰ ਪ੍ਰਦੇਸ਼ ਦਾ ਰਹਿਣ ਵਾਲੇ ਹਨ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਹਨ।ਬ੍ਰਿਜ ਭੂਸ਼ਣ ਸ਼ਰਨ ਸਿੰਘ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਸਿਆਸੀ ਤੌਰ 'ਤੇ ਬਹੁਤ ਸਰਗਰਮ ਸਨ। ਉਹ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਉਨ੍ਹਾਂ ਨੇ ਆਪਣੀ ਜਵਾਨੀ ਅਯੁੱਧਿਆ ਦੇ ਅਖਾੜਿਆਂ ਵਿਚ ਬਿਤਾਈ। ਪਹਿਲਵਾਨ ਵਜੋਂ ਉਹ ਆਪਣੇ ਆਪ ਨੂੰ 'ਤਾਕਤਵਰ' ਕਹਿੰਦੇ ਹਨ।
ਬ੍ਰਿਜ ਭੂਸ਼ਣ ਸਿੰਘ, ਜੋ ਪਹਿਲੀ ਵਾਰ 1991 ਵਿੱਚ ਲੋਕ ਸਭਾ ਲਈ ਚੁਣੇ ਗਏ ਸਨ। ਉਹ ਹੁਣ ਤੱਕ ਛੇ ਵਾਰ 1999, 2004, 2009, 2014 ਅਤੇ 2019 ਵਿੱਚ ਵੀ ਲੋਕ ਸਭਾ ਚੋਣਾਂ ਜਿੱਤੇ ਸਨ।
ਹਿੰਦੂਵਾਦੀ ਆਗੂ ’ਤੇ ਪਹਿਲਾਂ ਵੀ ਕਤਲ ਸਮੇਤ ਕਈ ਇਲਜ਼ਾਮਾਂ ਲੱਗੇ
ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਇੱਕ ਹਿੰਦੂਵਾਦੀ ਆਗੂ ਦੇ ਰੂਪ 'ਚ ਉੱਭਰਕੇ ਸਾਹਮਣੇ ਆਏ। ਉਨ੍ਹਾਂ ਖ਼ਿਲਾਫ਼ ਅਯੁੱਧਿਆ 'ਚ ਬਾਬਰੀ ਮਸਜਿਦ ਢਾਹੁਣ ਦੇ ਇਲਜ਼ਾਮ ਵੀ ਹਨ।
1992 ਵਿੱਚ ਅਯੁੱਧਿਆ ਵਿੱਚ ਬਾਬਰੀ ਮਸਜਿਦ ਦੇ ਢਾਂਚਾ ਨੂੰ ਢਾਹੁਣ ਲਈ ਜ਼ਿੰਮੇਵਾਰ ਠਹਿਰਾਏ ਗਏ 40 ਦੋਸ਼ੀਆਂ ਵਿੱਚ ਭਾਜਪਾ ਦੇ ਦਿੱਗਜ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਨਾਲ ਨਾਲ ਹਿੰਦੂਤਵ ਦੀ ਹਾਮੀ ਭਰਨ ਵਾਲੇ ਬ੍ਰਿਜ ਭੂਸ਼ਣ ਸ਼ਰਣ ਸਿੰਘ ਦਾ ਨਾਮ ਵੀ ਸ਼ਾਮਲ ਸੀ।ਹਾਲਾਂਕਿ, ਸਤੰਬਰ 2020 ਵਿੱਚ, ਅਦਾਲਤ ਨੇ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ।
Comments (0)